“ਉਹ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ...”
(15 ਅਗਸਤ 2025)
“ਬੇਈਮਾਨਾਂ, ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ... ਇਨ੍ਹਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ... ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ।” ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੋਰ ਹੌਲੀ ਹੋ ਗਈ। ਉਸਨੇ ਹੱਥ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਦੇ ਹੱਥੋਂ ਵਾਪਸ ਫੜ ਲਿਆ ਅਤੇ ਅੰਦਰ ਰੱਖਣ ਚਲਿਆ ਗਿਆ। ਏ. ਸੀ. ਚਲਾ ਕੇ ਉੱਥੇ ਹੀ ਅਰਾਮ ਕੁਰਸੀ ’ਤੇ ਸਿਰ ਪਿਛਾਂਹ ਨੂੰ ਸੁੱਟ ਕੇ ਬੈਠ ਗਿਆ। ਸੋਚ ਲੱਗਾ, ਵੋਟਾਂ ਪੈਣ ਵਿੱਚ ਅਜੇ ਸਮਾਂ ਪਿਆ ਐ, ਨੇਤਾ ਜੀ ਨੇ ਪਹਿਲਾਂ ਈ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ... ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਐ...।
ਲਲਿਤ ਨੂੰ ਫਿਰ ਇੱਕ ਸਖ਼ਤ ਜਿਹੀ ਆਵਾਜ਼ ਸੁਣਾਈ ਦਿੱਤੀ, “ਅਟੈਂਪਟ ਟੂ ਮਰਡਰ।” ਉਸਨੇ ਪਤਨੀ ਨੂੰ ਆਵਾਜ਼ ਮਾਰੀ। ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, “ਇਹਨੂੰ ਕੀ ਹੋਇਆ ਤੇਰੀ ਔਲਾਦ ਨੂੰ, ਕੀਹਦੀਆਂ ਜੜ੍ਹਾਂ ਪੁੱਟਣ ਲੱਗਿਆ? ... ਕੀਹਦਾ ਮਰਡਰ? ਚੁੱਪ ਕਰਾ ਇਹਨੂੰ।”
“ਸਕੂਲ ਵਿੱਚ ਸਮਾਗਮ ਐ। ਉਸਦੇ ਦੋ ਦੋਸਤ ਵੀ ਆਏ ਹੋਏ ਨੇ... ਤਿਆਰੀ ਕਰ ਰਹੇ ਨੇ ਸਟੇਜ ’ਤੇ ਨਾਟਕ ਖੇਡਣ ਲਈ।” ਪਤਨੀ ਆਖ ਕੇ ਚਲੀ ਗਈ। ਫਿਰ ਛੇਤੀ ਹੀ ਪਰਤ ਆਈ ਤੇ ਬੋਲੀ, “ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ’ਚ...।”
ਲਲਿਤ ਨੇ ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਉਸਦੇ ਕੰਨੀਂ ਪੈ ਰਹੀਆਂ ਸਨ। ਉਸਦਾ ਧਿਆਨ ਪਿੰਡ ਵਿੱਚੋਂ ਸੁਣੀਆਂ ਗੱਲਾਂ ਵੱਲ ਚਲਿਆ ਗਿਆ। ਪਿੰਡ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸ ਨੂੰ ਤਾਂ ਅੱਜ ਪਤਾ ਲੱਗਿਆ। ਕਹਿੰਦੇ ਨੇ ਕਿ ਉਹਨਾਂ ਨੂੰ ਆਇਆਂ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਲਲਿਤ ਦੇ ਦਿਮਾਗ਼ ਵਿੱਚ ਘੁੰਮਣ ਲੱਗੀਆਂ।
ਸਾਰਾ ਪਿੰਡ ਸੋਚੀਂ ਪਿਆ ਹੋਇਆ ਸੀ। ਇਹ ਦੋ ਜਣੇ ਹੈ ਕੌਣ ਸਨ ਅਤੇ ਕਿੱਥੋਂ ਆਏ ਸਨ। ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ’ਤੇ ਮਾੜਾ ਹੋਣ ਦੀ ਤਖ਼ਤੀ ਲਾ ਦਿੱਤੀ ਸੀ। ਲੋਕਾਂ ਨੂੰ ਫਿਕਰ ਸੀ, ਇਹ ਪਤਾ ਨਹੀਂ ਕਿਹੋ ਜਿਹੇ ਹਨ। ਕਿਤੇ ਇਹ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਨਾ ਆਏ ਹੋਣ। ਕਿਸੇ ਨੇ ਆਖਿਆ, “ਨਾਲ ਇੱਕ ਔਰਤ ਹੈ, ਇਸ ਲਈ ਕੁਝ ਵੀ ਮਾੜਾ ਨਹੀਂ ਕਰਨਗੇ।”
ਕੋਈ ਹੋਰ ਬੋਲਿਆ, “ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ... ਨਾ ਸਾਰੀਆਂ ਔਰਤਾਂ ਭਲੀਆਂ। ਅੱਜ ਕੱਲ੍ਹ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ।”
ਲਲਿਤ ਦੇ ਦਿਮਾਗ਼ ਵਿੱਚ ਸੋਚ ਉੱਭਰੀ, “ਕਿਤੇ ਉਹ ਪਿੰਡ ਦੇ ਜਾਇਜ਼ ਨਾਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ?”
ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ। ਜਿਹੜਾ ਵੀ ਕੋਈ ਇਨ੍ਹਾਂ ਨੂੰ ਮਿਲਣ ਜਾਂਦਾ ਜਾਂ ਭੇਤ ਸੇਤ ਲੈਣ ਜਾਂਦਾ, ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ ਦੇ ਸਕਦਾ। ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ। ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ। ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨ੍ਹਾ ਕੀਤਾ ਹੋਇਆ ਸੀ ਫਿਰ ਵੀ ਦਾਅ ਲੱਗਦਿਆਂ ਬੱਚੇ ਉੱਧਰ ਚਲੇ ਜਾਂਦੇ। ਪਿੰਡ ਵਾਲੇ ਸੋਚਦੇ ਕਿ ਜਿੰਨਾ ਚਿਰ ਉਹਨਾਂ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲ ਜਾਂਦਾ, ਉੰਨਾ ਚਿਰ ਉਹਨਾਂ ’ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਉਂ ਦੇਖਣ ਦੀ ਕੋਸ਼ਿਸ਼ ਕੀਤੀ, ਇਹੀ ਆਖਦਾ ਕਿ ਕੋਈ ਜ਼ਖ਼ਮੀ ਹਾਲਤ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਵਿੱਚ ਰਹਿ ਰਿਹਾ ਹੈ। ਉਸਦੇ ਨਾਲ ਇੱਕ ਔਰਤ ਹੈ।
ਕਿਸੇ ਨੇ ਆਖਿਆ, “ਔਰਤ ਉਸਦੀ ਮਾਂ ਜਾਪਦੀ ਹੈ, ਜ਼ਖ਼ਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਨਾਲ ਕਰਦੀ ਹੈ।”
ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ। ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਨੇ। ਇਸ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ। ਕਈ ਵਾਰ ਤਾਂ ਦੇਖਣ ਨੂੰ ਲਗਦਾ ਕਿ ਉਹ ਇੱਥੋਂ ਕਿੰਨੀ-ਕਿੰਨੀ ਦੇਰ ਗਾਇਬ ਰਹਿੰਦੇ ਹਨ। ਜੰਗਲ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ, “ਮੈਂ ਉਹਨਾਂ ਨੂੰ ਪੁੱਛਿਆ... ਥੋਨੂੰ ਜੰਗਲ ਵਾਲੇ ਪਾਸਿਉਂ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਡਰ ਨੀ ਲਗਦਾ? ਉਹ ਕਹਿੰਦੇ, ਜਾਨਵਰਾਂ ਤੋਂ ਕਾਹਦਾ ਡਰ? ਡਰ ਤਾਂ ਮਾੜੇ ਬੰਦਿਆਂ ਤੋਂ ਲਗਦਾ ਹੈ।”
ਕੁਝ ਸਮੇਂ ਬਾਅਦ ਲੋਕ ਉਹਨਾਂ ਬਾਰੇ ਪੁੱਛ ਪੜਤਾਲ ਕਰਨੋ ਹਟ ਗਏ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਉਹ ਮਨ੍ਹਾ ਕਰ ਦਿੰਦੇ ਅਤੇ ਕਦੇ-ਕਦੇ ਫੜ ਕੇ ਰੱਖ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖ਼ਮ ਭਰਨ ਦਾ ਨਾਂ ਨਹੀਂ ਸਨ ਲੈ ਰਹੇ। ਕਈ ਵਾਰ ਤਾਂ ਇਉਂ ਲਗਦਾ ਜਿਵੇਂ ਉਸਦੇ ਜ਼ਖ਼ਮ ਹੋਰ ਵਧ ਗਏ ਹੋਣ।
ਪਿੰਡ ਵਿੱਚੋਂ ਦੋ ਚਾਰ ਬੰਦੇ ਉਹਨਾਂ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ। ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ, ਬੱਸ ਐਨਾ ਕੁ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖ਼ਮੀ ਹਾਲਤ ਵਿੱਚ ਹੈ, ਫਿਰ ਵੀ ਕਮਜ਼ੋਰ ਨਹੀਂ। ਕਿਸੇ ਬਹਾਦਰ ਖ਼ਾਨਦਾਨ ਦਾ ਖ਼ੂਨ ਐ। ਸਰੀਰ ’ਤੇ ਐਨੇ ਜ਼ਖ਼ਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ। ਉਸ ਨੂੰ ਜ਼ਖ਼ਮੀ ਕੌਣ ਕਰਦਾ ਹੈ, ਇਹ ਇੱਕ ਰਹੱਸਮਈ ਗੱਲ ਸੀ। ਕਈਆਂ ਨੇ ਤਾਂ ਉਸਦੇ ਸਰੀਰ ਵਿੱਚੋਂ ਰੱਤ ਸਿੰਮਦੀ ਵੀ ਦੇਖੀ ਸੀ। ਲੋਕ ਬਹੁਤਾ ਉਹਨਾਂ ਦੇ ਨੇੜੇ ਨਹੀਂ ਸਨ ਜਾਂਦੇ। ਜੇਕਰ ਕੋਈ ਉਹਨਾਂ ਨੂੰ ਸਿੰਮਦੀ ਰੱਤ ਬਾਰੇ ਪੁੱਛਦਾ ਤਾਂ ਉਹ ਅਗਲੇ ਨੂੰ ਆਖਦੇ, “ਇਹ ਜ਼ਖ਼ਮ ਸਾਡੇ ਆਪਣਿਆਂ ਨੇ ਹੀ ਦਿੱਤੇ ਹੋਏ ਨੇ।”
ਪਰ ਉਹਨਾਂ ਦੇ ਘਰ ਪਰਿਵਾਰ ਬਾਰੇ ਕੋਈ ਨਹੀਂ ਸੀ ਜਾਣਦਾ, ਕੋਈ ਆਖਦਾ, “ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਏ ਨੇ।” ਕੋਈ ਆਖਦਾ, “ਕਿਸੇ ਪਿੰਡ ਦੇ ਹਨ।” ਕੋਈ ਆਖਦਾ, ਪਿੰਡਾਂ ਵਾਲਿਆਂ ਵਰਗੇ ਲਗਦੇ ਨੇ, ਕੋਈ ਆਖਦਾ ਸ਼ਹਿਰੀਆਂ ਵਰਗੇ।”
ਮੁੰਡੇ ਨੂੰ ਲੱਗੀ ਲਾ-ਇਲਾਜ ਬਿਮਾਰੀ ਤੋਂ ਡਰਦਾ ਕੋਈ ਉਹਨਾਂ ਕੋਲ ਬਹੁਤੀ ਦੇਰ ਰੁਕਦਾ ਨਹੀਂ ਸੀ। ਉਹਨਾਂ ਬਾਰੇ ਜਿਉਂ-ਜਿਉਂ ਲੋਕਾਂ ਨੂੰ ਪਤਾ ਲਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਅਤੇ ਅਮੀਰ ਲੋਕ ਉਸਦੇ ਜ਼ਖ਼ਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ। ਥੋੜ੍ਹੇ ਸਮੇਂ ਬਾਅਦ ਇਨ੍ਹਾਂ ਰੇਸ਼ਮੀ ਮੁਲਾਇਮ ਕੱਪੜਿਆਂ ਵਿੱਚ ਵੀ ਸਿੰਮਦਾ ਲਹੂ ਦਿਸਣ ਲੱਗ ਪੈਂਦਾ।
ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਕੋਈ ਦੇਸੀ, ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਸਨ। ਇਸ ਬਹਾਨੇ ਸਮਾਗਮ ’ਤੇ ਪਹੁੰਚਣ ਲਈ ਵੀ ਸੱਦਾ ਦੇ ਆਉਣਗੇ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਵਿੱਚ ਅਜ਼ਾਦੀ ਦਿਵਸ ਮਨਾਇਆ ਜਾਣਾ ਸੀ ਅਤੇ ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਲਈ ਮਦਦ ਮੰਗ ਲੈਣਗੇ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਅਤੇ ਫੌਜੀ ਮਿਲ ਪਏ। ਉਹਨਾਂ ਨੂੰ ਵੀ ਨਾਲ ਚੱਲਣ ਲਈ ਕਿਹਾ। ਪਹਿਲਾਂ ਉਹਨਾਂ ਨਾਂਹ-ਨੁੱਕਰ ਕੀਤੀ ਫਿਰ ‘ਕਰ ਭਲਾ ਹੋ ਭਲਾ’ ਆਖਦਿਆਂ ਨਾਲ ਤੁਰ ਪਏ। ਫੌਜੀ ਅਤੇ ਮਾਸਟਰ ਜੀ ਉਹਨਾਂ ਨਾਲ ਗੱਲੀਂ ਪੈ ਗਏ। ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਗੱਲਾਂ ਸੁਣਾਈਆਂ। ਉਹ ਦੋਵੇਂ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਸਨ। ਅੱਜ ਨੌਜਵਾਨ ਦੇ ਜ਼ਖ਼ਮਾਂ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ। ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਹੋ ਰਹੇ ਸਨ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ-ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, “ਮੈਨੂੰ ਤਾਂ ਕੁਛ ਘਾਲਾ-ਮਾਲਾ ਲੱਗਦੈ... ਇਨ੍ਹਾਂ ਨੂੰ ਐਨੀ ਜਾਣਕਾਰੀ ਕਿੱਥੋਂ ਮਿਲੀ?”
“ਮੈਨੂੰ ਤਾਂ ਲਗਦਾ ਹੈ ਇਹ ਬਹੁਤ ਪੜ੍ਹੇ ਲਿਖੇ ਹੋਣਗੇ... ਚੱਕਰ ਤਾਂ ਕੋਈ ਹੈ ਜ਼ਰੂਰ... ਇੱਥੇ ਆਉਣ ਦਾ ਵੀ ਕੋਈ ਹੋਰ ਈ ਮਕਸਦ ਹੋਊ।” ਪੰਚ ਨੇ ਵੀ ਹਾਮੀ ਭਰੀ।
“ਇੱਕ ਗੱਲ ਹੋਰ ਦੇਖੀ? ਫੌਜੀ ਤੇ ਮਾਸਟਰ ਇਵੇਂ ਗੱਲਾਂ ਕਰ ਰਹੇ ਸਨ, ਜਿਵੇਂ ਉਹਨਾਂ ਨੂੰ ਜਾਣਦੇ ਹੁੰਦੇ ਨੇ।” ਸਰਪੰਚ ਬੋਲਿਆ।
“ਕਿਤੇ ਇਹੀ ਨਾ ਕੋਈ ਪੰਗਾ ਖੜ੍ਹਾ ਕਰ ਦੇਣ...।”
ਸਮਾਂ ਤਾਂ ਜਿਵੇਂ ਦੁੱਗਣੀ-ਤਿਗੁਣੀ ਚਾਲੇ ਚੱਲ ਰਿਹਾ ਸੀ। ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀ ਗੱਲ ਹੋ ਰਹੀ ਸੀ, ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ’ਤੇ ਆ ਗਈਆਂ। ਪਿੰਡ ਦੇ ਮੋਹਤਬਰ ਬੰਦਿਆਂ ਦੀ ਵਿਹਲ ਖ਼ਤਮ ਹੋ ਗਈ ਸੀ। ਸਾਰੇ ਪਿੰਡ ਵਿੱਚ ਅੰਦਰਖ਼ਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾ ਰਹੇ। ਅੰਦਰੋ-ਅੰਦਰੀ ਸਕੀਮਾਂ ਲੱਗਣ ਲੱਗੀਆਂ। ਪਿੰਡ ਦੀਆਂ ਸਾਂਝੀਆਂ ਥਾਂਵਾਂ ’ਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲਗਦਾ ਹੁੰਦਾ ਸੀ, ਉਸ ਵਿੱਚ ਕਈ ਧੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕੀ ਇਕੱਠੇ ਹੋਣਾ ਸੀ, ਟੱਬਰਾਂ ਵਿੱਚ ਵੀ ਏਕਾ ਨਾ ਰਿਹਾ। ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹਿੰਦੇ।
ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ-ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦਾ ਲਾਲਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਅਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਵੋਟਾਂ ਆਪਣੇ ਪੱਖ ਵਿੱਚ ਕਰਨ ਦਾ ਯਤਨ ਕਰਦੇ। ਪਿੰਡ ਵਾਲੇ ਵੀ ਇਸ ਪਾਸੇ ਉਲਝ ਗਏ। ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ। ਉਹਨਾਂ ਦੀਆਂ ਕੋਸ਼ਿਸ਼ਾਂ ਕਾਫ਼ੀ ਹੱਦ ਤਕ ਕਾਮਯਾਬ ਵੀ ਹੋ ਗਈਆਂ। ਬਹੁਤੇ ਲੋਕ ਪਿਛਲਾ ਸਾਰਾ ਭੁੱਲ-ਭੁਲਾ ਕੇ ਉਹਨਾਂ ਦੇ ਪੈਂਤੜਿਆਂ ਵਿੱਚ ਆ ਗਏ। ਪਿੰਡ ਵਿੱਚ ਹਰ ਰੋਜ਼ ਇਕੱਠ ਹੁੰਦਾ। ਕਦੇ ਕਿਸੇ ਪਾਰਟੀ ਵਾਲੇ ਆਉਂਦੇ, ਕਦੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗੀ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿੱਪਿਆ ਦੇਖਦੇ ਹਨ। ਚੋਣ ਜ਼ਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੁਜ਼ਗਾਰਾਂ ਨੂੰ ਕਈ-ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਕਰ ਦਿੱਤੇ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ-ਵੱਡੀਆਂ ਫੋਟੋਆਂ ਅਖ਼ਬਾਰਾਂ ਵਿੱਚ ਛਪਣ ਲੱਗ ਪਈਆਂ। ਨੀਂਹ ਪੱਥਰ ਰੱਖੇ ਜਾਣ ਲੱਗੇ।
ਪਿੰਡੋਂ ਬਾਹਰ ਰਹਿੰਦੇ ਇਨ੍ਹਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘਟ ਗਿਆ। ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਨੌਜਵਾਨ ਦੀ ਤਕਲੀਫ਼ ਵਧਣ ਲੱਗੀ। ਕਈ ਵਾਰ ਉਹ ਦਰਦ ਨਾਲ ਕਰਾਹ ਰਿਹਾ ਹੁੰਦਾ। ਪਿੰਡ ਦੇ ਲੋਕਾਂ ਨੂੰ ਉਸ ਨਾਲ ਹਮਦਰਦੀ ਸੀ। ਉਹ ਉਸਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, “ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ।”
ਪਿੰਡ ਵਾਲਿਆਂ ਨੂੰ ਉਹਨਾਂ ’ਤੇ ਤਰਸ ਆਉਣ ਲੱਗਿਆ। ਮਹਿਸੂਸ ਕਰਦੇ ਕਿ ਜੇਕਰ ਉਸਦਾ ਇਲਾਜ ਹੋ ਜਾਵੇ ਤਾਂ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਸਾਰੇ ਪਿੰਡ ਨੂੰ ਇਨ੍ਹਾਂ ਦਾ ਸਰਾਪ ਲੈ ਬੈਠੂ।
ਆਜ਼ਾਦੀ ਦਿਵਸ ਵੀ ਆ ਗਿਆ। ਸਮਾਗਮ ਵੀ ਸ਼ੁਰੂ ਹੋ ਗਿਆ। ਜਿਵੇਂ ਕੋਈ ਜਾਦੂ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ। ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਸਨ। ਸਾਰਾ ਕੁਝ ਚੰਗਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ। ਮੁੰਡਾ ਵੀ ਨਾਲ ਸੀ। ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਸਨ।
ਗੱਡੀਆਂ ਦੇ ਕਾਫ਼ਲੇ ਆਉਣੇ ਸ਼ੁਰੂ ਹੋ ਗਏ। ਪਤਾ ਨਹੀਂ ਕੌਣ ਨੇ? ਪਰ ਇਹ ਕੀ? ਇਸ ਪਿੰਡ ਵਿੱਚ ਵੱਡੇ-ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਸੀ। ਲੋਕ ਹੈਰਾਨ ਹੋ ਰਹੇ ਸਨ, ਇਨ੍ਹਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਫਿਰ?
ਬੱਚੇ ਸਟੇਜ ’ਤੇ ਨਾਟਕ ਖੇਡ ਰਹੇ ਸਨ। ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ ਸੀ। ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ ਹੋਇਆ ਸੀ। ਵੱਡੇ-ਵੱਡੇ ਨੇਤਾਵਾਂ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗੀਆਂ। ਬੱਚਿਆਂ ਦੇ ਨਾਟਕ ਵੱਲੋਂ ਧਿਆਨ ਹਟ ਕੇ ਨੇਤਾਵਾਂ ਵੱਲ ਹੋਣ ਲੱਗਿਆ। ਐਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ-ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ-ਥਾਂ ’ਤੇ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਜਦੋਂ ਇਨ੍ਹਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਨਾਲ ਭਰਮਾਉਣ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ। ਪੰਦਰਾਂ-ਪੰਦਰਾਂ ਵੀਹ-ਵੀਹ ਸਾਲ ਤੋਂ ਸੱਤਾ ਵਿੱਚ ਰਹਿਣ ਵਾਲੇ ਇੱਕ ਦੂਜੇ ’ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਸ਼ਰਮਿੰਦੇ ਹੋ ਰਹੇ ਸਨ। ਕਈ ਇਮਾਨਦਾਰ ਅਫਸਰਾਂ ਨੂੰ ਇਨ੍ਹਾਂ ’ਤੇ ਖਿਝ ਚੜ੍ਹ ਰਹੀ ਸੀ। ਪਰ ਇਹ ਕੀ ਹੋਈ ਜਾ ਰਿਹਾ ਹੈ? ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ-ਵੱਡੇ ਨੇਤਾ... ਲੋਕ ਅੱਖਾਂ ਮਲ-ਮਲ ਕੇ ਦੇਖ ਰਹੇ ਨੇ... ਇਹ ਸੱਚ ਹੈ ਜਾਂ ਸੁਫ਼ਨਾ...?
ਬੱਚੇ ਨਿੰਮੋਝੂਣੇ ਹੋਏ ਭੁੱਖੇ-ਭਾਣੇ ਇਨ੍ਹਾਂ ਨੇਤਾਵਾਂ ਦੇ ਮੂੰਹਾਂ ਵੱਲ ਦੇਖ ਰਹੇ ਹਨ... ਕਦੋਂ ਇਹ ਚੁੱਪ ਹੋਣ ਅਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਸਨ। ਹੌਲੀ-ਹੌਲੀ ਉਸ ਨਾਲ ਗੱਲੀਂ ਪੈ ਗਏ। ਉਸਦਾ ਮੁੰਡਾ ਬੜੀ ਤਕਲੀਫ਼ ਵਿੱਚ ਲੱਗ ਰਿਹਾ ਸੀ। ਮਾਤਾ ਬੜੀ ਬੇਚੈਨ ਹੋ ਰਹੀ ਸੀ। ਸ਼ਹੀਦਾਂ ਦੇ ਨਾਂ ’ਤੇ ਨਾਅਰੇ ਲੱਗ ਰਹੇ ਸਨ। ਬਾਹਾਂ ਉਲਾਰ-ਉਲਾਰ ਕੇ ਵੱਖ-ਵੱਖ ਸ਼ਹੀਦਾਂ ਦੇ ਨਾਂ ਲੈ ਕੇ... ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ... ਆਖ ਰਹੇ ਸਨ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, “ਕੋਈ ਇਹ ਵੀ ਤਾਂ ਦੱਸ ਦਿਓ... ਉਹਨਾਂ ਦੀ ਸੋਚ ਹੈ ਕੀ ਸੀ?”
ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਮੀ ਸੁਰ ਵਿੱਚ ਪੁੱਛਿਆ, “ਕੀ ਸੀ ਸੋਚ ਉਹਨਾਂ ਦੀ?”
“ਸਾਬ੍ਹ... ਮੈਨੂੰ ਤਾਂ ਪਤਾ ਨੀ।” ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ।
“ਹੋਰ ਕਿਸ ਨੂੰ ਪਤੈ? ਪਤਾ ਰੱਖਿਆ ਕਰੋ... ਹੁਣ ਜਨਤਾ ਸਵਾਲ ਕਰਨ ਲੱਗ ਪਈ...।” ਮੰਤਰੀ ਤਿਲਮਿਲਾਇਆ।
“ਸਾਬ੍ਹ ਜਿਹੜੇ ਅਫਸਰ... ਥੋਡੀ ਸਕਿਉਰਟੀ ’ਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਪਤਾ ਹੋਊ।”
“ਜਦੋਂ ਬਾਈ ਜੀ ਸੋਚ ਦਾ ਈ ਨਹੀਂ ਪਤਾ... ਫਿਰ ਪਹਿਰਾ ਕਿਹੜੀ ਗੱਲ ’ਤੇ ਦਿਉਗੇ?” ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਸੀ। ਉਸ ਨੂੰ ਅੱਗੇ ਬੋਲਣ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਲੈ ਗਏ। ਸਾਹਮਣੇ ਬੈਠੀ ਭੀੜ ਵਿੱਚੋਂ ਕੋਈ ਬੁੜਬੁੜਾਇਆ, “ਉਹਨਾਂ ਦੀ ਸੋਚ ਜਾਣਨ ਲਈ ਉਹਨਾਂ ਬਾਰੇ ਪੜ੍ਹਨਾ ਪਊ... ਨੇਤਾ ਬਣਨ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ...।”
ਪਿੰਡ ਵਾਲਿਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਅਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਸ਼ਾਮਲ ਕਰ ਲਿਆ। ਦੇਖਦਿਆਂ-ਦੇਖਦਿਆਂ ਉਸਦੇ ਰੂਪ ਬਦਲਣ ਲੱਗੇ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਅਤੇ ਹੋਰ ਬਹੁਤ ਸਾਰੇ ਰੂਪ, ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ। ਮੁੰਡੇ ਨੇ ਆਪਣੇ ਸਰੀਰ ਤੇ ਲਪੇਟੀ ਚਾਦਰ ਲਾਹੀ। ਲਹੂ ਸਿੰਮ ਰਿਹਾ ਸੀ। ਉਸਦੀ ਹਾਲਤ ਬੜੀ ਨਾਜ਼ਕ ਹੁੰਦੀ ਜਾ ਰਹੀ ਸੀ।
“ਇਸ ਨੂੰ ਲਹੂ-ਲੁਹਾਣ ਕੀਹਨੇ ਕੀਤਾ?” ਨੇਤਾਵਾਂ ਵਿੱਚੋਂ ਇੱਕ ਚੀਕਿਆ।
“ਤੁਸੀਂ ਸਾਰਿਆਂ ਨੇ।” ਇੱਕ ਬੱਚੇ ਨੇ ਜਵਾਬ ਦਿੱਤਾ।
ਇੱਕ ਬੱਚਾ, ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ, “ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ’ਤੇ ਕੇਸ ਬਣਦਾ ਹੈ... ‘ਅਟੈਂਪਟ ਟੂ ਮਰਡਰ’ ਦਾ।
“ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ।” ਇੱਕ ਨੇਤਾ ਬੋਲਿਆ।
ਲਲਿਤ ਦੇ ਬੇਟੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਨਾਲ ਹੱਸਿਆ ਅਤੇ ਬੋਲਿਆ, “ਸੱਚ ਕਿਹਾ, ਤੁਸੀਂ ਇਹਨੂੰ ਭੁੱਲ ਗਏ, ਜਿਸਦੇ ਕਰ ਕੇ ਤੁਸੀਂ ਵੱਡੇ-ਵੱਡੇ ਨੇਤਾ ਬਣੇ ਓ... ਸਾਰਿਆਂ ਇਸ ਨੂੰ ਅਧਮਰਿਆ ਕਰ ਛੱਡਿਆ... ਇਸ ਨੂੰ ਖ਼ਤਮ ਕਰਨ ਲਈ ਨਿੱਤ ਨਵੇਂ ਜ਼ਖ਼ਮ ਦਿੰਦੇ ਓ... ਹੂੰ... ਅਜੇ ਕਹਿਨੇ ਓ ਜਾਣਦੇ ਈ ਨਹੀਂ। ... ਲਾਹਨਤ ਐ ਤੁਹਾਡੇ ’ਤੇ।”
ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ-ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ ਹੈ।
“ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖ਼ੂਨ ਨਾਲ ਰੰਗੇ ਹੋਏ ਨੇ।”
ਪਿਉ ਪੁੱਤ ਦੀਆਂ ਨਜ਼ਰਾਂ ਮਿਲੀਆਂ ਪਰ ਬੱਚੇ ਉੱਤੇ ਪਿਉ ਦੀ ਵੱਟੀ ਘੂਰੀ ਦਾ ਕੋਈ ਅਸਰ ਨਹੀਂ ਸੀ। ਇੱਕ ਅਧਿਆਪਕ ਬੱਚੇ ਦੇ ਕੰਨ ਵਿੱਚ ਕੁਝ ਕਹਿ ਕੇ ਗਿਆ। ਮੰਚ ਉੱਪਰ ਦੇਸ਼ ਦੇ ਮੋਹਰੀ ਨੇਤਾ ਆ ਰਹੇ ਸਨ। ਚੰਗੀ ਤਰ੍ਹਾਂ ਦੇਖਣ ’ਤੇ ਪਤਾ ਲੱਗਿਆ, ਇਹ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਸਨ। ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖ਼ੂਨ ਨਾਲ ਰੰਗੇ ਹੋਣ।
“ਇਹ ਸਾਰੇ ਇਸ ਨੂੰ ਮਾਰਨ ’ਤੇ ਤੁਲੇ ਹੋਏ ਨੇ।” ਬੱਚੇ ਨੇ ਉਹਨਾਂ ਵੱਲ ਇਸ਼ਾਰਾ ਕਰਦਿਆਂ ਫਿਰ ਕਿਹਾ।
“ਇਹ ਤਾਂ ਦੇਸ਼ ਦੇ ਰਾਖੇ ਨੇ।” ਭੀੜ ਵਿੱਚੋਂ ਅਵਾਜ਼ ਆਈ।
“ਕਹਿਣ ਨੂੰ ਰਾਖੇ ਨੇ... ਇਹ ਤਾਂ ਉਸ ਵਾੜ ਵਰਗੇ ਨੇ ਜਿਹੜੀ ਖੇਤ ਨੂੰ ਖਾਣ ਲੱਗ ਜਾਂਦੀ ਹੈ।”
ਮਾਤਾ ਦੇ ਮੱਥੇ ’ਤੇ ਪੁੱਤ ਲਈ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਸਨ। ਉਹ ਸਾਫ਼-ਸੁਥਰੇ ਲਿਬਾਸ ਵਿੱਚ ਪਰਦੇ ’ਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜ੍ਹੀ ਸੀ।
ਬੱਚਾ ਡਿੱਕ-ਡੋਲੇ ਖਾਂਦੇ ਡਿਗਦੇ ਜ਼ਖ਼ਮੀ ਨੌਜਵਾਨ ਵੱਲ ਭੱਜਿਆ। ਫੌਜੀ, ਮਾਸਟਰ, ਇੱਕ ਦੋ ਨੇਤਾ ਅਤੇ ਅਫਸਰ, ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ਼ ਸਨ, ਕਿਸੇ ਦੀ ਭਲਾਈ ਲਈ ਆਪਣੇ ਕੱਪੜਿਆਂ ’ਤੇ ਦਾਗ਼ ਲੱਗਣ ਤੋਂ ਨਹੀਂ ਸਨ ਡਰਦੇ ਅਤੇ ਕੁਝ ਬੱਚਿਆਂ ਨੇ ਭੱਜ ਕੇ ਉਸ ਨੂੰ ਸੰਭਾਲ ਲਿਆ, ਡਿਗਣ ਨਹੀਂ ਦਿੱਤਾ। ਕਈ ਅਫਸਰ ਉਸ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੁੰਦੇ ਸਨ, ਪਰ ਨੇਤਾਵਾਂ ਦੀ ਸੁਰੱਖਿਆ ਵਿੱਚ ਕੁਤਾਹੀ ਹੋਣ ਤੋਂ ਡਰਦੇ ਅੱਗੇ ਨਹੀਂ ਆਏ।
“ਤੁਸੀਂ ਜਿਹੜੀਆਂ ਦਾਤੀਆਂ ਇਸਦੀਆਂ ਜੜ੍ਹਾਂ ਵਿੱਚ ਚਲਾ ਰਹੇ ਓ... ਉਹ ਇਸਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜ੍ਹਾਂ ਨੇ।”
“ਇਹ ਹੈ ਕੌਣ, ਇਹ ਤਾਂ ਦੱਸ ਦਿਉ?” ਇੱਕ ਨੇਤਾ ਨੇ ਉੱਚੀ ਆਵਾਜ਼ ਵਿੱਚ ਪੁੱਛਿਆ।
“ਇਹ ਲੋਕਤੰਤਰ ਹੈ।” ਉਸਨੇ ਬੜੇ ਜੋਸ਼ ਨਾਲ ਤੇ ਭਰੀਆਂ ਅੱਖਾਂ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ।
“ਅਟੈਂਪਟ ਟੂ ਮਰਡਰ...।” ਥਾਂਏਂ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੁੜਾਇਆ। ਉਸਦਾ ਚਿਹਰਾ ਭਖ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (