“ਜਦੋਂ ਹਰ ਪਾਸੇ ਬਦਲਾਅ ਆਇਆ ਹੈ ਤਾਂ ਫਿਰ ਇਸ ਤਿਉਹਾਰ ਵਿੱਚ ਆਈ ਤਬਦੀਲੀ ...”
(3 ਅਗਸਤ 2026)
ਰਾਜਿਆਂ-ਮਹਾਰਾਜਿਆਂ ਦੇ ਸਮੇਂ ਤੀਆਂ ਦਾ ਇਤਿਹਾਸ ਭਾਵੇਂ ਵਧੀਆ ਨਾ ਰਿਹਾ ਹੋਵੇ ਪਰ ਬਦਲਦੀ-ਬਦਲਦੀ ਇਹ ਰੀਤ ਕੁੜੀਆਂ ਦਾ ਖੁਸ਼ੀਆਂ ਚਾਵਾਂ ਭਰਿਆ ਪਿਆਰਾ ਤਿਉਹਾਰ ਬਣ ਗਈ। ਸਾਉਣ ਮਹੀਨੇ ਜਦੋਂ ਵੀ ਤੀਆਂ ਦਾ ਗਿੱਧਾ ਪਾਉਂਦੀਆਂ ਆਪਣੀਆਂ ਪਿਆਰੀਆਂ ਸਹੇਲੀਆਂ ਨੂੰ ਮਿਲਦੀਆਂ ਕੁੜੀਆਂ ਦੀ ਖੁਸ਼ੀ ਹੱਦਾਂ ਤੋਂ ਪਾਰ ਹੋ ਜਾਂਦੀ ਹੈ ਤਾਂ ਉਹ ਤੀਆਂ ਲਵਾਉਣ ਵਾਲਿਆਂ ਲਈ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ:
ਤੀਆਂ ਵੇ ਲਵਾਉਣ ਵਾਲ਼ਿਆ,
ਤੇਰੀ ਜੀਵੇ ਪੁੱਤਰਾਂ ਦੀ ਜੋੜੀ,
ਸਾਉਣ ਦਾ ਮਹੀਨਾ ਸਾਡੇ ਸੱਭਿਆਚਾਰ ਵਿੱਚ ਖਾਸ ਥਾਂ ਰੱਖਦਾ ਹੈ। ਜੇਠ ਹਾੜ੍ਹ ਦੀਆਂ ਹੱਡ ਸਾੜਦੀਆਂ ਧੁੱਪਾਂ ਤੋਂ ਬਾਅਦ ਕੁਦਰਤ ਮਿਹਰਬਾਨ ਹੁੰਦੀ ਹੈ। ਮੀਂਹ ਪੈਂਦਾ ਹੈ। ਬਨਸਪਤੀ ਅਤੇ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਸਾਰੇ ਪਾਸੇ ਹਰਿਆਵਲ ਹੁੰਦੀ ਹੈ। ਧਰਤੀ, ਰੁੱਖ, ਵੇਲ-ਬੂਟਿਆਂ, ਜੀਵ ਜੰਤੂਆਂ ਦੀ ਪਿਆਸ ਬੁੱਝਦੀ ਹੈ। ਚਾਰੇ ਪਾਸੇ ਕੁਦਰਤ ਦੀ ਖੂਬਸੂਰਤੀ ਭਰੀ ਹਰਿਆਵਲ ਦੇਖ ਕੇ ਅੱਖਾਂ ਰੱਜਦੀਆਂ ਹਨ। ਮੋਰਾਂ, ਬੰਬੀਹਿਆਂ, ਕੋਇਲਾਂ, ਬੁਲਬੁਲਾਂ, ਚਿੜੀਆਂ ਅਤੇ ਤੋਤਿਆਂ ਆਦਿ ਪੰਛੀਆਂ ਦੇ ਗੀਤ, ਬਾਰਿਸ਼ ਦੀਆਂ ਬੂੰਦਾਂ ਦੀ ਟਿੱਪ-ਟਿੱਪ, ਹਰੇ ਭਰੇ ਰੁੱਖਾਂ ਦੇ ਨਾਲ ਖਹਿ ਕੇ ਲੰਘਦੀਆਂ ਹਵਾਵਾਂ ਦਾ ਸੰਗੀਤ ਕੰਨਾਂ ਰਾਹੀਂ ਰੂਹ ਤਕ ਅੱਪੜਦਾ ਹੈ। ਚਮੇਲੀ, ਮੋਤੀਆ, ਰਾਤ ਦੀ ਰਾਣੀ ਆਦਿ ਫੁੱਲਾਂ ਦੀ ਖੁਸ਼ਬੂਦਾਰ ਹਵਾ ਸਾਹਾਂ ਨਾਲ ਘੁਲ-ਮਿਲ ਕੇ ਧੁਰ ਅੰਦਰ ਤਕ ਲਹਿ ਜਾਂਦੀ ਹੈ। ਘਰ-ਪਰਿਵਾਰ, ਗਲੀਆਂ-ਮੁਹੱਲੇ ਖੀਰ-ਪੂੜਿਆਂ ਦੀਆਂ ਮਹਿਕਾਂ ਨਾਲ ਭਰ ਜਾਂਦੇ ਹਨ। ਇਨ੍ਹਾਂ ਦਾ ਨਾਂ ਲੈਣ ਸਾਰ ਜੀਭ ਲਲਚਾਉਣ ਲੱਗ ਪੈਂਦੀ ਹੈ। ਮੀਂਹ ਦੀਆਂ ਫੁਹਾਰਾਂ ਤਨ ਮਨ ਨੂੰ ਠੰਢ ਪਾਉਂਦੀਆਂ ਖੁਸ਼ੀਆਂ ਖੇੜੇ ਬਖਸ਼ਦੀਆਂ ਹਨ।
ਕੁਝ ਦਹਾਕੇ ਪਹਿਲਾਂ ਦੇ ਸਾਉਣ ਮਹੀਨੇ ਦੀਆਂ ਰੌਣਕਾਂ ਬਾਰੇ ਸੋਚ ਕੇ ਹੁਣ ਵੀ ਦ੍ਰਿਸ਼ ਅੱਖਾਂ ਅੱਗੇ ਆ ਜਾਂਦੇ ਹਨ। ਇਹ ਮਹੀਨਾ ਕੁੜੀਆਂ ਦੀਆਂ ਉਮੰਗਾਂ, ਸੱਧਰਾਂ ਦਾ ਮਹੀਨਾ ਹੁੰਦਾ। ਇਸ ਮਹੀਨੇ ਉਨ੍ਹਾਂ ਦਾ ਸਭ ਤੋਂ ਪਿਆਰਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ। ਚਾਨਣੀ ਦੂਜ ਨੂੰ ਮਹਿੰਦੀ ਲਾ ਕੇ ਤੀਜ ਨੂੰ ਤੀਆਂ ਸ਼ੁਰੂ ਹੋ ਜਾਂਦੀਆਂ। ਵਿਆਹੀਆਂ ਕੁਆਰੀਆਂ, ਸਾਰੀਆਂ ਕੁੜੀਆਂ ਮਹਿੰਦੀ ਲਾਉਂਦੀਆਂ। ਬਜ਼ੁਰਗ ਔਰਤਾਂ ਵੀ ਆਪਣੀ ਹਥੇਲੀ ਦੇ ਵਿਚਕਾਰ ਮਹਿੰਦੀ ਦਾ ਵੱਡਾ ਸਾਰਾ ਟਿੱਕਾ ਲਾ ਕੇ ਸ਼ਗਨ ਪੂਰਾ ਕਰਦੀਆਂ। ਤੀਜ ਵਾਲੇ ਦਿਨ ਜਦੋਂ ਮਹਿੰਦੀ ਦਾ ਰੰਗ ਖੂਬ ਗੂੜ੍ਹਾ ਚੜ੍ਹਿਆ ਹੁੰਦਾ, ਇੱਕ ਦੂਜੀ ਦੇ ਹੱਥਾਂ ’ਤੇ ਚੜ੍ਹੀ ਮਹਿੰਦੀ ਦੇ ਰੰਗ ਤੋਂ ਕੋਈ ਸੱਸ ਤੋਂ ਮਿਲਦੇ ਪਿਆਰ ਦਾ ਅੰਦਾਜ਼ਾ ਲਾਉਂਦੀ, ਕੋਈ ਪਤੀ ਦੇ ਪਿਆਰ ਦਾ। ਜਦੋਂ ਕੋਈ ਮਾਣਮੱਤੀ ਮੁਟਿਆਰ ਮਹਿੰਦੀ ਵਾਲੇ ਹੱਥਾਂ ਦਾ ਉਂਜਲ ਬਣਾ ਕੇ ਪਾਣੀ ਪੀਂਦੀ ਤਾਂ ਉਂਜਲ ਵਿੱਚ ਭਰੇ ਪਾਣੀ ਵਿੱਚ ਦੀ ਦਿਸਦੀ ਮਹਿੰਦੀ ਵੱਡੇ-ਵੱਡੇ ਚਿੱਤਰਕਾਰਾਂ ਦੀ ਚਿੱਤਰਕਾਰੀ ਨੂੰ ਮਾਤ ਪਾਉਂਦੀ।
ਆਮ ਕਰਕੇ ਵਿਆਹੀਆਂ ਕੁੜੀਆਂ ਦੇ ਵੀਰ ਉਨ੍ਹਾਂ ਨੂੰ ਪੇਕੇ ਲੈ ਆਉਂਦੇ। ਜਿਸ ਰਿਸ਼ਤੇ ਤੋਂ ਵੀ ਉਨ੍ਹਾਂ ਨੂੰ ਕੋਈ ਔਖ ਹੁੰਦੀ, ਤੀਆਂ ਦੇ ਗਿੱਧੇ ਵਿੱਚ ਉਸ ਰਿਸ਼ਤੇ ਨਾਲ ਸੰਬੰਧਿਤ ਬੋਲੀਆਂ ਪਾ ਕੇ ਆਪਣੀ ਪੂਰੀ ਭੜਾਸ ਕੱਢ ਕੇ ਹੌਲੀਆਂ ਫੁੱਲ ਹੋ ਜਾਂਦੀਆਂ। ਜਿਨ੍ਹਾਂ ਦੇ ਵੀਰ ਕੰਮਾਂ ਤੋਂ ਵਿਹਲ ਨਾ ਹੋਣ ਕਰਕੇ ਭੈਣਾਂ ਨੂੰ ਲੈਣ ਨਾ ਜਾ ਸਕਦੇ, ਉਹ ਆਪਣੀਆਂ ਸੱਸਾਂ ਦੇ ਤਾਹਨਿਆਂ ਤੋਂ ਕੁਰਲਾ ਉੱਠਦੀਆਂ-
ਸੱਸ ਮਾਰਦੀ ਗਲੀ ਦੇ ਵਿੱਚ ਤਾਹਨੇ,
ਤੀਆਂ ਨੂੰ ਨਾ ਆਇਆ ਵੀਰਨਾ।
ਕੇਰਾਂ ਆ ਜਾ ਵੇ ਭੈਣ ਦੇ ਵਿਹੜੇ,
ਪੁੰਨਿਆਂ ਦਾ ਚੰਨ ਬਣ ਕੇ।
ਕੁੜੀਆਂ ਦੇ ਸਾਰੇ ਉਲ੍ਹਾਮੇਂ, ਚਾਅ, ਰੀਝਾਂ, ਉਮੰਗਾਂ, ਖੁਸ਼ੀਆਂ, ਦੁਆਵਾਂ ਗਿੱਧੇ ਦੀਆਂ ਬੋਲੀਆਂ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ। ਸਾਉਣ ਮਹੀਨੇ ਚੜ੍ਹੀਆਂ ਕਾਲੀਆਂ ਘਟਾਵਾਂ ਹੇਠ ਉਡਦੇ ਚਿੱਟੇ ਬਗਲੇ ਆਪਣੇ ਹੀ ਚਿੱਟੇ ਰੰਗ ਨੂੰ ਮਾਤ ਪਾਉਂਦੇ ਵਿਖਾਈ ਦਿੰਦੇ ਹਨ। ਜੇ ਕਿਤੇ ਕਾਲੀ ਘਟਾ ਬਿਨਾਂ ਵਰਸੇ ਹੀ ਲੰਘ ਜਾਵੇ ਤਾਂ ਕੁੜੀਆਂ ਆਪਣੇ ਵੀਰ ਨੂੰ ਆਖਦੀਆਂ-
ਕਾਲੀ ਘਟਾ ਵੇ ਬਨੇਰੇ ਕੋਲੋਂ ਮੁੜਗੀ,
ਵੀਰਾ ਕੁਛ ਪੁੰਨ ਕਰ ਦੇ।
ਆਪਣੇ ਭਰਾ ਦੇ ਦਾਨੀ ਅਤੇ ਧਰਮੀ ਹੋਣ ਦੀ ਸਿਫਤ ਵੀ ਕਰਦੀਆਂ-
ਸਣੇ ਬੈਲ ਗੱਡਾ ਪੁੰਨ ਕੀਤਾ,
ਵੀਰ ਮੇਰੇ ਧਰਮੀ ਨੇ।
ਭੈਣਾਂ ਆਪਣੇ ਵੀਰਾਂ ਉੱਤੇ ਬਹੁਤ ਮਾਣ ਕਰਦੀਆਂ। ਉਸਦੇ ਆਉਣ ਨਾਲ ਭੈਣਾਂ ਦਾ ਮਾਣ ਵਧਦਾ। ਜਦੋਂ ਵੀਰ ਨੂੰ ਆਉਂਦਾ ਦੇਖਦੀਆਂ ਤਾਂ ਆਪ-ਮੁਹਾਰੇ ਰੁਤਬਾ ਉੱਚਾ ਮਹਿਸੂਸ ਹੋਣ ਲੱਗ ਪੈਂਦਾ ਹੈ-
ਜਦੋਂ ਦੇਖਿਆ ਵੀਰ ਨੂੰ ਆਉਂਦਾ,
ਮੱਲ (ਪਹਿਲਵਾਨ) ਵਾਂਗ ਪੱਬ ਚੱਕਦੀ।
ਨਵੀਂਆਂ ਵਿਆਹੀਆਂ ਦੇ ਕੰਤ ਤੀਆਂ ਦੇਖਣ ਦੇ ਬਹਾਨੇ ਸਹੁਰੇ ਪਿੰਡ ਗੇੜਾ ਮਾਰਦੇ। ਕੁੜੀਆਂ ਦੇ ਮਖੌਲ ਝੱਲਦੇ। ਆਪ ਵੀ ਬਣਦਾ ਸਰਦਾ ਉੱਤਰ ਦਿੰਦੇ। ਸਿਆਣੇ ਸੰਸਕਾਰੀ ਘਰਾਂ ਦੇ ਪੁੱਤ ਪਤਨੀ ਦੀਆਂ ਸਹੇਲੀਆਂ ਨਾਲ ਹਾਸਾ-ਠੱਠਾ ਮਰਯਾਦਾ ਵਿੱਚ ਰਹਿ ਕੇ ਕਰਦੇ। ਇਸੇ ਤਰ੍ਹਾਂ ਸਿਆਣੀਆਂ ਕੁੜੀਆਂ ਪਿਉ ਦੇ ਨਾਲ-ਨਾਲ ਚਾਚਿਆਂ-ਤਾਇਆਂ ਦੀ ਸ਼ਰਮ ਵੀ ਮੰਨਦੀਆਂ। ਕਈ ਕੁੜੀਆਂ ਦੇ ਮਨ ਵਿੱਚ ਰੀਝ ਹੁੰਦੀ ਕਿ ਉਨ੍ਹਾਂ ਦੇ ਮਾਹੀ ਵੀ ਤੀਆਂ ਦੇਖਣ ਆਉਣ ਪਰ ਉਹ ਕੰਮਾਂ ਦੇ ਰੁਝੇਵਿਆਂ ਕਾਰਨ ਨਹੀਂ ਆ ਸਕਦੇ। ਉਨ੍ਹਾਂ ਕੁੜੀਆਂ ਦੇ ਵਲਵਲੇ ਇਸ ਤਰ੍ਹਾਂ ਪ੍ਰਗਟ ਹੁੰਦੇ-
ਹੋਰਾਂ ਦੇ ਮਾਹੀਏ ਤੀਆਂ ਦੇਖਣ,
ਮੇਰਾ ਗੁੱਡੇ ਕਪਾਹ।
ਵੇ ਕੀ ਰਾਹ ਨੀ ਜਾਣਦਾ?
ਤੀਆਂ ਦੇਖਣ ਆ।
ਉਨ੍ਹਾਂ ਦਾ ਗਿੱਧਾ ਅਤੇ ਅੱਡੀਆਂ ਦੀ ਧਮਕ ਜਿੱਥੇ ਉਨ੍ਹਾਂ ਨੂੰ ਮਨੋਂ-ਤਨੋਂ ਤੰਦਰੁਸਤੀ ਬਖਸ਼ਦੀ ਉੱਥੇ ਪੇਕੇ ਪਿੰਡ ਨੂੰ ਬਰਕਤਾਂ ਨਾਲ ਭਰਦੀ। ਪੀਂਘਾਂ ਝੂਟਦੀਆਂ, ਹੱਸਦੀਆਂ-ਖੇਡਦੀਆਂ, ਨੱਚਦੀਆਂ-ਟੱਪਦੀਆਂ, ਗਾਉਂਦੀਆਂ ਨੂੰ ਪਤਾ ਵੀ ਨਾ ਲਗਦਾ ਕਦੋਂ ਤੀਆਂ ਦਾ ਆਖਰੀ ਦਿਨ ਆ ਜਾਂਦਾ। ਤੀਆਂ ਦੇ ਅਖੀਰਲੇ ਪੂਰਨਮਾਸ਼ੀ ਵਾਲੇ ਦਿਨ ਬੱਲੋ ਪਾਈ ਜਾਂਦੀ। ਸਾਰਾ ਗੁੱਸਾ ਭਾਦੋਂ ’ਤੇ ਉਤਾਰਿਆ ਜਾਂਦਾ-
ਭਾਦੋਂ ਕਟਕ ਚੜ੍ਹੀ,
ਕੁੜੀਆਂ ਦੇ ਪੈਣ ਵਿਛੋੜੇ।
ਸਾਉਣ ਵੀਰ ’ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਵਾਲੀ ਥਾਂ ਦੇ ਨੇੜੇ ਟੋਭੇ ਜਾਂ ਢਾਬ ਦੇ ਕੰਢੇ ਤੋਂ ਦੁੱਬ ਪੁੱਟ ਕੇ ਘਰੀਂ ਲਿਆਂਦੀ ਜਾਂਦੀ। ਬਾਬਲ ਦੇ ਵਿਹੜੇ ਦੀ ਸੁੱਖ ਮੰਗਦੀਆਂ ਅਤੇ ਵੀਰਾਂ ਦੇ ਗੁੱਟ ’ਤੇ ਪਹੁੰਚੀ (ਰੱਖੜੀ) ਬੰਨ੍ਹਦੀਆਂ। ਬਾਬਲ, ਭਾਈ-ਭਤੀਜਿਆਂ ਦੇ ਘਰ ਲਈ ਅੰਨ ਧਨ ਦੀਆਂ ਬਰਕਤਾਂ ਮੰਗਦੀਆਂ, ਦੁਆਵਾਂ ਕਰਦੀਆਂ। ਅਗਲੇ ਸਾਲ ਫਿਰ ਇਕੱਠੀਆਂ ਹੋਣ ਦਾ ਇਕਰਾਰ ਕਰਦੀਆਂ ਗਾਉਂਦੀਆਂ:
ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ।
ਅਜੋਕੇ ਸਮੇਂ ਦੀਆਂ ਤੀਆਂ ਭਾਵੇਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈਆਂ ਹਨ ਪਰ ਬਹੁਤੀ ਥਾਂਈਂ ਥੋੜ੍ਹੇ ਕੁ ਸਾਲਾਂ ਤੋਂ ਪਿੰਡਾਂ ਵਾਲੇ ਫਿਰ ਕੋਸ਼ਿਸ਼ ਕਰ ਰਹੇ ਹਨ ਕਿ ਪਿੰਡ ਦੀਆਂ ਧੀਆਂ ਪੰਦਰਾਂ ਦਿਨ ਨਾ ਸਹੀ ਇੱਕ ਦੋ ਦਿਨ ਜ਼ਰੂਰ ਆ ਕੇ ਪਿੰਡ ਵਿੱਚ ਰੌਣਕਾਂ ਲਾਉਣ। ਹੁਣ ਥੋੜ੍ਹੀਆਂ ਬਹੁਤੀਆਂ ਬੋਲੀਆਂ ਪਾ ਕੇ ਵੀਡੀਓ ਬਣਾ ਲਈ ਜਾਂਦੀ ਹੈ। ਫਿਰ ਡੀ ਜੇ ’ਤੇ ਗਾਣੇ ਲਾ ਕੇ ਹੀ ਨੱਚ ਟੱਪ ਲੈਂਦੀਆਂ ਹਨ। ਪਹਿਲਾਂ ਵਾਲੀ ਸਾਦਗੀ ਅਤੇ ਚਿਹਰਿਆਂ ’ਤੇ ਕੁਦਰਤੀ ਚਮਕ ਤਾਂ ਨਹੀਂ ਪਰ ਨਕਲੀ ਰੰਗ ਰੂਪ ਜ਼ਰੂਰ ਚਿਹਰਿਆਂ ’ਤੇ ਚੜ੍ਹਾ ਲਿਆ ਜਾਂਦਾ ਹੈ। ਕੁਦਰਤੀ ਚਮਕ ਵਾਲੇ ਚਿਹਰੇ ਹਿੱਕ ਦੇ ਜ਼ੋਰ ਨਾਲ ਬੋਲੀਆਂ ਪਾਉਣ ’ਤੇ ਹੋਰ ਚਮਕਦੇ ਹਨ ਪਰ ਨਕਲੀ ਰੂਪ ਚੜ੍ਹਾਉਣ ਵਾਲੀਆਂ ਦਾ ਰੰਗ ਖੁਰਨ ਲੱਗ ਪੈਂਦਾ ਹੈ। ਹੁਣ ਕੋਈ ਨੈਣ ਨੂੰ ਸਿਰ ਗੁੰਦ ਕੇ ਡਾਕ ਬੰਗਲਾ ਪਾਉਣ ਲਈ ਨਹੀਂ ਆਖਦੀ, ਨਾ ਹੀ ਕਿਸੇ ਦੀ ਗੁੱਤ ’ਤੇ ਕਚਹਿਰੀ ਲੱਗ ਸਕਦੀ ਹੈ। ਇਹ ਕੰਮ ਬਿਊਟੀ ਪਾਰਲਰ ਵਾਲਿਆਂ ਨੇ ਸਾਂਭ ਲਿਆ ਹੈ। ਖੈਰ ਪਰਿਵਰਤਨ ਤਾਂ ਕੁਦਰਤ ਦਾ ਨਿਯਮ ਹੈ, ਜਦੋਂ ਹਰ ਪਾਸੇ ਬਦਲਾਅ ਆਇਆ ਹੈ ਤਾਂ ਫਿਰ ਇਸ ਤਿਉਹਾਰ ਵਿੱਚ ਆਈ ਤਬਦੀਲੀ ਨੂੰ ਵੀ ਸਵੀਕਾਰ ਕਰਨਾ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































