JagjitSingh7“ਪੰਜਾਬ ਨੂੰ ਪੁਰਾਣੇ ਸਿਆਸੀ ਨਾਤਿਆਂ ਦੀ ਭਾਵਨਾਤਮਕ ਕਹਾਣੀ ਨਹੀਂ, ਦੂਰਅੰਦੇਸ਼ ...”
(27 ਨਵੰਬਰ 2026)

 

ਪੰਜਾਬ ਦੀ ਸਿਆਸਤ ਵਿੱਚ ਪੁਰਾਣਾ ਦ੍ਰਿਸ਼ ਮੁੜ ਮੰਚ ਉੱਤੇ ਹੈ; ਉਹੀ ਪਾਰਟੀਆਂ, ਉਹੀ ਸਾਂਝ ਅਤੇ ਵਿਕਾਸ ਅਤੇ ਭਾਈਚਾਰਕ ਏਕਤਾ ਦੇ ਉਹੀ ਵਾਅਦੇ। 24 ਨਵੰਬਰ 2026 ਨੂੰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੜ ਗੱਠਜੋੜ ਦਾ ਐਲਾਨ ਕਰ ਲਿਆ ਹੈ। ਪਰ ਪੰਜਾਬ ਦਾ ਸਵਾਲ ਸਿੱਧਾ ਹੈ: ਕੀ ਸੱਤਾ ਦੀਆਂ ਲੋੜਾਂ ਬਦਲ ਜਾਣ ਨਾਲ ਇਤਿਹਾਸ ਦੇ ਸਵਾਲ ਵੀ ਬਦਲ ਜਾਂਦੇ ਹਨ? ਇਹ ਸਿਰਫ ਦੋਂਹ ਪਾਰਟੀਆਂ ਦਾ ਚੁਣਾਵੀ ਸਮਝੌਤਾ ਨਹੀਂ; ਇਹ ਉਸ ਸੂਬੇ ਸਾਹਮਣੇ ਖੜ੍ਹਾ ਸਵਾਲ ਹੈ, ਜਿਸਨੇ ਕਿਸਾਨੀ ਅੰਦੋਲਨ ਦੀ ਕੀਮਤ ਜਾਨਾਂ ਨਾਲ ਅਦਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੀੜ ਝੱਲੀ, ਨਸ਼ਿਆਂ ਕਾਰਨ ਘਰਾਂ ਨੂੰ ਟੁੱਟਦੇ ਦੇਖਿਆ ਅਤੇ ਅੱਜ ਵੀ ਆਪਣੇ ਸੰਘੀ ਹੱਕਾਂ ਬਾਰੇ ਜਵਾਬ ਮੰਗ ਰਿਹਾ ਹੈ।

ਭਾਜਪਾ ਅਤੇ ਅਕਾਲੀ ਦਲ ਦੀ ਸਾਂਝ 1996 ਵਿੱਚ ਸ਼ੁਰੂ ਹੋਈ ਅਤੇ ਲਗਭਗ 24 ਸਾਲ ਚੱਲੀ। ਦੋਵਾਂ ਪਾਰਟੀਆਂ ਨੇ ਪੰਜਾਬ ਅਤੇ ਕੇਂਦਰ ਵਿੱਚ ਸੱਤਾ ਸਾਂਝੀ ਕੀਤੀ; ਪਰ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੇ ਇਸ ਰਿਸ਼ਤੇ ਦੀ ਅਸਲ ਪਰੀਖਿਆ ਲਈ। ਉਸ ਵੇਲੇ ਅਕਾਲੀ ਦਲ ਨੇ ਐੱਨ.ਡੀ.ਏ. ਤੋਂ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਅਕਾਲੀ ਦਲ ਨੇ ਇਸ ਕਦਮ ਨੂੰ ਕਿਸਾਨੀ ਹਿਤਾਂ ਦੀ ਰਾਖੀ ਅਤੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਖੜ੍ਹਨ ਵਾਲੇ ਫੈਸਲੇ ਵਜੋਂ ਪੇਸ਼ ਕੀਤਾ ਸੀ। ਅੱਜ ਉਹੀ ਅਕਾਲੀ ਦਲ ਉਸੇ ਭਾਜਪਾ ਨਾਲ ਮੁੜ ਖੜ੍ਹਾ ਹੈ। ਇਸ ਲਈ ਪਹਿਲਾ ਸਵਾਲ ਅਕਾਲੀ ਦਲ ਨੂੰ ਜਵਾਬ ਦੇਣਾ ਚਾਹੀਦਾ ਹੈ: ਜੇ 2020 ਦਾ ਫੈਸਲਾ ਸਿਧਾਂਤਾਂ ਉੱਤੇ ਆਧਾਰਿਤ ਸੀ, ਤਾਂ 2026 ਦਾ ਫੈਸਲਾ ਕਿਸ ਅਸੂਲ ਉੱਤੇ ਖੜ੍ਹਾ ਹੈ? ਕੀ ਕਿਸਾਨਾਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਗਈਆਂ? ਕੀ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਮਿਲ ਗਈ ਹੈ? ਕੀ ਖੇਤੀ ਦੇ ਭਵਿੱਖ ਬਾਰੇ ਕਿਸਾਨਾਂ ਦੀ ਅਸੁਰੱਖਿਆ ਦੂਰ ਹੋ ਗਈ ਹੈ? ਕੀ ਕਿਸਾਨਾਂ ਨਾਲ ਕੀਤੇ ਗਏ ਹੋਰ ਵਾਅਦੇ ਪੂਰੇ ਹੋਏ ਹਨ? ਜੇ ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੈ, ਤਾਂ ਇਹ ਸਿਧਾਂਤਾਂ ਦੀ ਵਾਪਸੀ ਨਹੀਂ, ਸਗੋਂ ਸਿਆਸੀ ਲੋੜਾਂ ਦੀ ਵਾਪਸੀ ਜਾਪਦੀ ਹੈ।

ਕਿਸਾਨ ਅੰਦੋਲਨ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਨਹੀਂ ਸੀ। ਇਹ ਜ਼ਮੀਨ, ਰੋਜ਼ੀ-ਰੋਟੀ ਅਤੇ ਖੇਤੀ ਦੇ ਭਵਿੱਖ ਬਾਰੇ ਲੋਕਾਂ ਦੀ ਲੜਾਈ ਸੀ। ਇਸ ਸੰਘਰਸ਼ ਦੌਰਾਨ ਅਨੇਕਾਂ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ। ਖੇਤੀ ਕਾਨੂੰਨ ਵਾਪਸ ਲੈਣ ਨਾਲ ਸਰਕਾਰ ਦਾ ਫੈਸਲਾ ਤਾਂ ਬਦਲਿਆ, ਪਰ ਸੰਘਰਸ਼ ਦੀ ਕੀਮਤ ਅਤੇ ਕਿਸਾਨਾਂ ਦੇ ਬਾਕੀ ਸਵਾਲ ਨਹੀਂ ਮਿਟੇ। ਜਿਨ੍ਹਾਂ ਘਰਾਂ ਨੇ ਇਹ ਕੀਮਤ ਚੁਕਾਈ, ਉਨ੍ਹਾਂ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਦਰਦਨਾਕ ਅਧਿਆਇ ਹੈ। ਇਸ ਦਰਦ ਨੂੰ ਨਵੇਂ ਸਿਆਸੀ ਸਮੀਕਰਨਾਂ ਹੇਠ ਦੱਬਿਆ ਨਹੀਂ ਜਾ ਸਕਦਾ। ਅਕਾਲੀ ਦਲ ਬਾਦਲ ਦੀ ਜਵਾਬਦੇਹੀ ਇਸ ਤੋਂ ਵੀ ਅੱਗੇ ਜਾਂਦੀ ਹੈ। 2007 ਤੋਂ 2017 ਤਕ ਦੇ ਸ਼ਾਸਨਕਾਲ ਦੌਰਾਨ ਨਸ਼ਿਆਂ ਦੇ ਫੈਲਾਅ, ਗੈਂਗਸਟਰਵਾਦ ਅਤੇ ਉਸ ਨੂੰ ਮਿਲਣ ਵਾਲੀ ਕਥਿਤ ਸਿਆਸੀ ਸਰਪ੍ਰਸਤੀ ਅਤੇ ਪ੍ਰਸ਼ਾਸਨਿਕ ਮਨਮਾਨੀ ਬਾਰੇ ਗੰਭੀਰ ਦੋਸ਼ ਲੱਗੇ। ਪਰ ਸਭ ਤੋਂ ਗੰਭੀਰ ਅਤੇ ਸੰਵੇਦਨਸ਼ੀਲ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਨਾਲ ਜੁੜੇ ਬਰਗਾੜੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀ ਪੁਲਿਸ ਗੋਲੀਬਾਰੀ ਨਾਲ ਸਬੰਧਤ ਹਨ। ਇਨ੍ਹਾਂ ਘਟਨਾਵਾਂ ਨੇ ਨਾ ਸਿਰਫ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ, ਸਗੋਂ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਵੀ ਅਨੇਕਾਂ ਗੰਭੀਰ ਸਵਾਲ ਖੜ੍ਹੇ ਕੀਤੇ।

ਇਹ ਪੰਜਾਬ ਦੀ ਸਾਂਝੀ ਚੇਤਨਾ ਉੱਤੇ ਲੱਗੇ ਅਜਿਹੇ ਜ਼ਖਮ ਹਨ, ਜਿਨ੍ਹਾਂ ਦੀ ਟੀਸ ਅੱਜ ਵੀ ਮਹਿਸੂਸ ਕੀਤੀ ਜਾਂਦੀ ਹੈ। ਬਹਿਬਲ ਕਲਾਂ ਅਤੇ ਕੋਟਕਪੂਰਾ ਦੀ ਪੁਲਿਸ ਗੋਲੀਬਾਰੀ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਅੱਜ ਸਿਆਸੀ ਬਿਆਨਬਾਜ਼ੀ ਨਹੀਂ, ਇਨਸਾਫ ਚਾਹੀਦਾ ਹੈ। ਅਕਾਲੀ ਦਲ ਨੂੰ ਸਪਸ਼ਟ ਦੱਸਣਾ ਪਵੇਗਾ ਕਿ ਉਸਦੇ ਸ਼ਾਸਨਕਾਲ ਦੌਰਾਨ ਕਿਹੜੀਆਂ ਨਾਕਾਮੀਆਂ ਹੋਈਆਂ, ਕਿਹੜੀਆਂ ਜ਼ਿੰਮੇਵਾਰੀਆਂ ਉਹ ਸਵੀਕਾਰ ਕਰਦਾ ਹੈ ਅਤੇ ਇਨਸਾਫ ਦੀ ਅਧੂਰੀ ਉਡੀਕ ਖਤਮ ਕਰਨ ਲਈ ਉਸ ਕੋਲ ਕੀ ਰਾਹ ਹੈ। ਪੀੜਿਤ ਪਰਿਵਾਰਾਂ ਦੇ ਜ਼ਖਮਾਂ ਉੱਤੇ ਸਿਆਸੀ ਭਰੋਸਿਆਂ ਦੀ ਮੱਲ੍ਹਮ ਨਹੀਂ ਲੱਗ ਸਕਦੀ। ਭਰੋਸਾ ਨਾਅਰਿਆਂ ਨਾਲ ਨਹੀਂ, ਜਵਾਬਦੇਹੀ ਨਾਲ ਬਣਦਾ ਹੈ।

ਭਾਜਪਾ ਵੀ ਇਸ ਜਾਂਚ ਤੋਂ ਬਾਹਰ ਨਹੀਂ ਰਹਿ ਸਕਦੀ। ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਨੂੰ 31 ਦਸੰਬਰ 2029 ਤਕ ਨਸ਼ਾ-ਮੁਕਤ ਕਰਨ ਦੀ ਸਮਾਂ-ਸੀਮਾ ਦੱਸੀ ਹੈ। ਪਰ ਤਾਰੀਖਾਂ ਦਾ ਐਲਾਨ ਕਰਨਾ ਨੀਤੀ ਨਹੀਂ ਹੁੰਦਾ; ਸ਼ਾਸਨ ਦੀ ਅਸਲ ਕਸੌਟੀ ਨਤੀਜੇ ਹੁੰਦੇ ਹਨ। ਨਸ਼ਾ-ਤਸਕਰੀ ਦੇ ਅੰਤਰਰਾਜੀ ਅਤੇ ਸਰਹੱਦ ਪਾਰ ਜਾਲ਼ ਤੋੜਨ ਲਈ ਕੀ ਯੋਜਨਾ ਹੈ? ਨਸ਼ਿਆਂ ਦੇ ਕਾਰੋਬਾਰ ਨੂੰ ਚਲਾਉਣ ਵਾਲੇ ਵੱਡੇ ਤਸਕਰਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਿਆਸੀ ਜਾਂ ਪ੍ਰਸ਼ਾਸਨਿਕ ਸਰਪ੍ਰਸਤੀ ਵਿਰੁੱਧ ਕੀ ਕਾਰਵਾਈ ਹੋਵੇਗੀ? ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਲਈ ਇਲਾਜ, ਪੁਨਰਵਾਸ ਅਤੇ ਰੁਜ਼ਗਾਰ ਦਾ ਕੀ ਪ੍ਰਬੰਧ ਹੈ? ਨਸ਼ਾ-ਮੁਕਤੀ ਦੇ ਟੀਚੇ ਦੀ ਪ੍ਰਗਤੀ ਮਾਪਣ ਲਈ ਕਿਹੜੇ ਪਾਰਦਰਸ਼ੀ ਮਾਪਦੰਡ ਹੋਣਗੇ? ਪੰਜਾਬ ਨੂੰ ਨਵੇਂ ਐਲਾਨ ਨਹੀਂ, ਠੋਸ ਕਾਰਵਾਈ ਅਤੇ ਨਤੀਜੇ ਚਾਹੀਦੇ ਹਨ। ਨਸ਼ਿਆਂ ਨਾਲ ਤਬਾਹ ਹੋਏ ਘਰਾਂ ਲਈ ਭਾਸ਼ਣ ਨਹੀਂ, ਨਤੀਜੇ ਅਤੇ ਜਵਾਬਦੇਹੀ ਮਾਅਨੇ ਰੱਖਦੇ ਹਨ।

ਪੰਜਾਬ ਦੇ ਸੰਘੀ ਹੱਕਾਂ ਬਾਰੇ ਵੀ ਇਸ ਗੱਠਜੋੜ ਨੂੰ ਸਪਸ਼ਟ ਹੋਣਾ ਪਵੇਗਾ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ, ਦਰਿਆਈ ਪਾਣੀਆਂ ਦੀ ਵੰਡ, ਪੰਜਾਬ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਅਤੇ ਕੇਂਦਰ-ਰਾਜ ਸਬੰਧਾਂ ਦੇ ਮੁੱਦੇ ਦਹਾਕਿਆਂ ਤੋਂ ਅਣਸੁਲਝੇ ਪਏ ਹਨ। ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਹੱਕਾਂ ਦਾ ਰਖਵਾਲਾ ਅਤੇ ਖੇਤਰੀ ਹਿਤਾਂ ਦੀ ਅਵਾਜ਼ ਕਹਿੰਦਾ ਰਿਹਾ ਹੈ। ਫਿਰ ਇਹ ਜਾਣਨਾ ਪੰਜਾਬ ਦਾ ਹੱਕ ਬਣਦਾ ਹੈ ਕਿ ਭਾਜਪਾ ਨਾਲ ਮੁੜ ਗੱਠਜੋੜ ਕਰਦਿਆਂ ਇਨ੍ਹਾਂ ਮੁੱਦਿਆਂ ਉੱਤੇ ਕੀ ਸਹਿਮਤੀ ਬਣੀ ਹੈ। ਕੀ ਕੋਈ ਸਪਸ਼ਟ ਅਤੇ ਲਿਖਤੀ ਵਚਨਬੱਧਤਾ ਹੈ? ਕੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਕੋਈ ਠੋਸ ਭਰੋਸਾ ਮਿਲਿਆ ਹੈ? ਕੀ ਦਰਿਆਈ ਪਾਣੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿੱਚ ਕੋਈ ਸਾਂਝੀ ਨੀਤੀ ਤੈਅ ਹੋਈ ਹੈ? ਜਾਂ ਪੰਜਾਬ ਦੇ ਹੱਕ ਇੱਕ ਵਾਰ ਫਿਰ ਚੋਣਾਂ ਤੋਂ ਬਾਅਦ ਲਈ ਟਾਲ ਦਿੱਤੇ ਗਏ ਹਨ? ਜੇ ਇਨ੍ਹਾਂ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਹਨ ਤਾਂ ਅਕਾਲੀ ਦਲ ਦੀ ਖੇਤਰੀ ਪਛਾਣ ਅਤੇ ਪੰਜਾਬ ਪ੍ਰਤੀ ਵਚਨਬੱਧਤਾ ਦੀ ਭਰੋਸੇਯੋਗਤਾ ਉੱਤੇ ਸਵਾਲ ਉੱਠਣਾ ਲਾਜ਼ਮੀ ਹੈ।

ਇਸ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਦੱਸਣਾ ਵੀ ਸਿਆਸੀ ਲਾਹੇ ਦੀ ਕੋਸ਼ਿਸ਼ ਜਾਪਦੀ ਹੈ। ਪੰਜਾਬ ਦੀ ਭਾਈਚਾਰਕ ਸਾਂਝ ਕਿਸੇ ਸਿਆਸੀ ਪਾਰਟੀ ਦੀ ਦੇਣ ਨਹੀਂ ਅਤੇ ਨਾ ਹੀ ਕੋਈ ਗੱਠਜੋੜ ਇਸਦਾ ਠੇਕੇਦਾਰ ਹੈ। ਇਹ ਸਾਂਝ ਲੋਕਾਂ ਦੇ ਸਾਂਝੇ ਜੀਵਨ, ਦੁੱਖ-ਸੁਖ, ਇਤਿਹਾਸ ਅਤੇ ਆਪਸੀ ਸਤਿਕਾਰ ਦੀ ਸਦੀਆਂ ਪੁਰਾਣੀ ਕਮਾਈ ਹੈ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਲੋਕਾਂ ਨੇ ਇਸ ਰਿਸ਼ਤੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਜੋ ਰਿਸ਼ਤਾ ਲੋਕਾਂ ਨੇ ਆਪਣੇ ਵਿਹੜਿਆਂ ਵਿੱਚ ਬਣਾਇਆ, ਉਸਦਾ ਸਿਹਰਾ ਕੋਈ ਸਿਆਸੀ ਮੰਚ ਆਪਣੇ ਸਿਰ ਨਹੀਂ ਬੰਨ੍ਹ ਸਕਦਾ। ਭਾਈਚਾਰਕ ਏਕਤਾ ਨੂੰ ਸਿਆਸੀ ਪ੍ਰਾਪਤੀ ਵਜੋਂ ਪੇਸ਼ ਕਰਨਾ ਇਸਦੀ ਇਤਿਹਾਸਕ ਡੁੰਘਾਈ ਨੂੰ ਛੋਟਾ ਕਰਨਾ ਹੈ।

ਇਸ ਗੱਠਜੋੜ ਨੂੰ ਦੋਵਾਂ ਪਾਰਟੀਆਂ ਦੀਆਂ ਆਪਣੀਆਂ ਸਿਆਸੀ ਲੋੜਾਂ ਦੇ ਸੰਦਰਭ ਵਿੱਚ ਵੀ ਪੜ੍ਹਿਆ ਜਾਣਾ ਚਾਹੀਦਾ ਹੈ। ਭਾਜਪਾ ਲਈ ਇਹ ਪੰਜਾਬ ਵਿੱਚ ਆਪਣੀ ਪੇਂਡੂ ਪਹੁੰਚ ਅਤੇ ਸਿਆਸੀ ਅਧਾਰ ਵਧਾਉਣ ਦਾ ਮੌਕਾ ਹੈ, ਜਦਕਿ ਅਕਾਲੀ ਦਲ ਲਈ ਆਪਣੇ ਘਟੇ ਹੋਏ ਸਿਆਸੀ ਅਧਾਰ ਨੂੰ ਮੁੜ ਮਜ਼ਬੂਤ ਕਰਨ ਵਾਸਤੇ ਇੱਕ ਤਾਕਤਵਰ ਸਾਥੀ ਦਾ ਸਹਾਰਾ। ਇਹ ਸਿਆਸੀ ਗਣਿਤ ਹੋ ਸਕਦਾ ਹੈ ਅਤੇ ਲੋਕਤੰਤਰ ਵਿੱਚ ਗੱਠਜੋੜ ਬਣਾਉਣਾ ਕਿਸੇ ਪਾਰਟੀ ਦਾ ਅਧਿਕਾਰ ਵੀ ਹੈ। ਪਰ ਇਸ ਗਣਿਤ ਨੂੰ ਪੰਜਾਬ ਦੇ ਹਿਤਾਂ ਦਾ ਨਾਂ ਦੇਣ ਲਈ ਸਿਰਫ ਦਾਅਵੇ ਕਾਫੀ ਨਹੀਂ; ਇਸ ਲਈ ਠੋਸ ਨੀਤੀਆਂ, ਸਪਸ਼ਟ ਵਚਨਬੱਧਤਾਵਾਂ ਅਤੇ ਜ਼ਮੀਨੀ ਨਤੀਜੇ ਪੇਸ਼ ਕਰਨੇ ਪੈਣਗੇ।

ਹੋਰ ਪਾਰਟੀਆਂ ਵੀ ਆਪਣੇ ਕੰਮਾਂ ਦਾ ਹਿਸਾਬ ਦੇਣ। ਕਾਂਗਰਸ ਨੇ ਬੇਅਦਬੀ ਅਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਇਨਸਾਫ ਦੇ ਵਾਅਦੇ ਕੀਤੇ, ਪਰ ਉਸਦੇ ਸ਼ਾਸਨਕਾਲ ਦੌਰਾਨ ਵੀ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। ਆਮ ਆਦਮੀ ਪਾਰਟੀ ਨੇ ਬਦਲਾਅ, ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਅਤੇ ਨਸ਼ਾ-ਮੁਕਤ ਪੰਜਾਬ ਦੇ ਵਾਅਦਿਆਂ ਨਾਲ ਸੱਤਾ ਹਾਸਲ ਕੀਤੀ; ਉਸ ਨੂੰ ਵੀ ਆਪਣੇ ਸ਼ਾਸਨ ਦਾ ਹਿਸਾਬ ਦੇਣਾ ਪਵੇਗਾ। ਨਸ਼ਿਆਂ, ਬੇਰੁਜ਼ਗਾਰੀ, ਸਿੱਖਿਆ, ਸਿਹਤ ਅਤੇ ਕਿਸਾਨੀ ਦੇ ਮਸਲਿਆਂ ਉੱਤੇ ਉਸਦੇ ਦਾਅਵਿਆਂ ਨੂੰ ਵੀ ਜ਼ਮੀਨੀ ਹਕੀਕਤ ਦੀ ਕਸੌਟੀ ਉੱਤੇ ਪਰਖਿਆ ਜਾਣਾ ਚਾਹੀਦਾ ਹੈ। ਪਰ ਇੱਕ ਪਾਰਟੀ ਦੀ ਨਾਕਾਮੀ ਦੂਜੀ ਨੂੰ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਬਰੀ ਨਹੀਂ ਕਰਦੀ। ਲੋਕਤੰਤਰ ਵਿੱਚ ਹਰ ਪਾਰਟੀ ਆਪਣੇ ਕੰਮਾਂ ਅਤੇ ਫੈਸਲਿਆਂ ਲਈ ਵੱਖਰੇ ਤੌਰ ਉੱਤੇ ਜਵਾਬਦੇਹ ਹੈ।

ਹਰ ਚੋਣ ਤੋਂ ਪਹਿਲਾਂ ਪੰਜਾਬ ਨੂੰ ਵਾਅਦਿਆਂ ਦਾ ਇੱਕ ਨਵਾਂ ਪੈਕੇਜ ਮਿਲਦਾ ਹੈ, ਪਰ ਜ਼ਮੀਨੀ ਮੁੱਦੇ ਉਹੀ ਰਹਿੰਦੇ ਹਨ। ਕਿਸਾਨ ਕਰਜ਼ੇ ਅਤੇ ਖੇਤੀ ਦੀ ਅਨਿਸ਼ਚਿਤਤਾ ਨਾਲ ਜੂਝ ਰਿਹਾ ਹੈ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਪਰਦੇਸ ਵੱਲ ਤਕ ਰਿਹਾ ਹੈ, ਨਸ਼ਿਆਂ ਤੋਂ ਪੀੜਿਤ ਪਰਿਵਾਰ ਸਹਾਰੇ ਅਤੇ ਇਲਾਜ ਦੀ ਉਡੀਕ ਕਰ ਰਹੇ ਹਨ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ ਅਜੇ ਵੀ ਅਧੂਰਾ ਹੈ। ਚਿਹਰੇ ਬਦਲਦੇ ਹਨ, ਨਾਅਰੇ ਬਦਲਦੇ ਹਨ - ਸਵਾਲ ਨਹੀਂ। ਪੰਜਾਬ ਦੀ ਸਿਆਸਤ ਵਿੱਚ ਅਸਲ ਬਦਲਾਅ ਉਦੋਂ ਆਵੇਗਾ, ਜਦੋਂ ਸੱਤਾ ਦੀ ਲੜਾਈ ਲੋਕਾਂ ਦੇ ਜੀਵਨ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਵਿੱਚ ਬਦਲੇਗੀ।

ਪੰਜਾਬ ਨੂੰ ਪੁਰਾਣੇ ਸਿਆਸੀ ਨਾਤਿਆਂ ਦੀ ਭਾਵਨਾਤਮਕ ਕਹਾਣੀ ਨਹੀਂ, ਦੂਰਅੰਦੇਸ਼ ਨੀਤੀਆਂ ਅਤੇ ਜਵਾਬਦੇਹ ਸ਼ਾਸਨ ਚਾਹੀਦਾ ਹੈ। ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰੁਜ਼ਗਾਰ ਅਤੇ ਅੱਗੇ ਵਧਣ ਦੇ ਮੌਕੇ ਚਾਹੀਦੇ ਹਨ। ਕਿਸਾਨਾਂ ਨੂੰ ਲਾਹੇਵੰਦ ਭਾਅ ਅਤੇ ਆਰਥਿਕ ਸੁਰੱਖਿਆ, ਖੇਤ ਮਜ਼ਦੂਰਾਂ ਨੂੰ ਇੱਜ਼ਤ ਨਾਲ ਜੀਊਣ ਦਾ ਹੱਕ ਅਤੇ ਹਰ ਪਰਿਵਾਰ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਚਾਹੀਦੀਆਂ ਹਨ। ਸੂਬੇ ਨੂੰ ਆਪਣੇ ਸਰੋਤਾਂ, ਭਾਸ਼ਾ, ਸੱਭਿਆਚਾਰ ਅਤੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਸਪਸ਼ਟ ਨੀਤੀ ਚਾਹੀਦੀ ਹੈ। ਇਹ ਸਭ ਕੁਝ ਗੱਠਜੋੜਾਂ ਦੀਆਂ ਤਸਵੀਰਾਂ, ਸਾਂਝੇ ਮੰਚਾਂ ਅਤੇ ਵਾਅਦਿਆਂ ਦੀਆਂ ਸੂਚੀਆਂ ਨਾਲ ਨਹੀਂ, ਸਗੋਂ ਪੱਕੀਆਂ ਨੀਤੀਆਂ ਅਤੇ ਜ਼ਮੀਨੀ ਕਾਰਵਾਈ ਨਾਲ ਹੀ ਸੰਭਵ ਹੈ।

ਸਿਆਸਤ ਵਿੱਚ ਵਿਰੋਧੀ ਮੁੜ ਸਾਥੀ ਬਣ ਸਕਦੇ ਹਨ; ਗੱਠਜੋੜ ਟੁੱਟ ਕੇ ਫਿਰ ਜੁੜ ਸਕਦੇ ਹਨ। ਪਰ ਇਤਿਹਾਸ ਨੂੰ ਸਿਆਸੀ ਸਹੂਲਤ ਮੁਤਾਬਿਕ ਮੋੜਿਆ ਨਹੀਂ ਜਾ ਸਕਦਾ। ਲੋਕਾਂ ਦੇ ਸਵਾਲਾਂ ਦੇ ਸਪਸ਼ਟ ਜਵਾਬਾਂ ਤੋਂ ਬਿਨਾਂ ਇਹ ਸਾਂਝ ਸਿਧਾਂਤਾਂ ਦੀ ਬਹਾਲੀ ਨਹੀਂ, ਸਗੋਂ ਸੱਤਾ ਦੀਆਂ ਲੋੜਾਂ ਵਿੱਚੋਂ ਨਿਕਲਿਆ ਸਿਆਸੀ ਮੁੜ-ਮਿਲਾਪ ਹੀ ਲੱਗੇਗੀ। ਪੰਜਾਬ ਦੀ ਜਨਤਾ ਨੇ ਸੰਘਰਸ਼ਾਂ ਦੀ ਕੀਮਤ ਆਪਣੇ ਘਰਾਂ ਵਿੱਚ ਚੁਕਾਈ ਹੈ। ਉਸਨੇ ਸਿਆਸੀ ਵਾਅਦਿਆਂ ਦੇ ਉਭਾਰ ਅਤੇ ਪਤਨ, ਦੋਵੇਂ ਦੇਖੇ ਹਨ। ਉਹ ਸਿਰਫ ਵੋਟਰ ਨਹੀਂ, ਇਤਿਹਾਸ ਦੀ ਗਵਾਹ ਵੀ ਹੈ। ਉਸ ਨੂੰ ਇਹ ਹੱਕ ਹੈ ਕਿ ਉਹ ਹਰ ਪਾਰਟੀ ਤੋਂ ਉਸਦੇ ਪੁਰਾਣੇ ਰਿਕਾਰਡ ਅਤੇ ਨਵੇਂ ਵਾਅਦਿਆਂ ਦਾ ਹਿਸਾਬ ਮੰਗੇ।

ਗੱਠਜੋੜ ਮੁੜ ਬਣ ਸਕਦੇ ਹਨ, ਪਰ ਭਰੋਸਾ ਮੁੜ ਕਮਾਉਣਾ ਪੈਂਦਾ ਹੈ। ਸਿਆਸੀ ਮੰਚ ਸਾਂਝੇ ਹੋ ਸਕਦੇ ਹਨ, ਪਰ ਇਤਿਹਾਸ ਦੀ ਜਵਾਬਦੇਹੀ ਤੋਂ ਕੋਈ ਵੀ ਪਾਰਟੀ ਬਚ ਨਹੀਂ ਸਕਦੀ। ਪੰਜਾਬ ਨੂੰ ਸਿਰਫ ਸੱਤਾ ਦੇ ਨਵੇਂ ਸਮੀਕਰਨ ਨਹੀਂ, ਸਗੋਂ ਸਚਾਈ, ਇਨਸਾਫ ਅਤੇ ਜਵਾਬਦੇਹੀ ਦੀ ਨਵੀਂ ਰਾਜਨੀਤੀ ਚਾਹੀਦੀ ਹੈ।

ਆਖਰ ਪੰਜਾਬ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਕਿ ਉਹ ਆਪਣੇ ਜ਼ਖਮਾਂ ਨੂੰ ਚੁਣਾਵੀ ਨਾਅਰਿਆਂ ਦੇ ਸ਼ੋਰ ਵਿੱਚ ਭੁਲਾ ਦੇਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ

ਜਗਜੀਤ ਸਿੰਘ

Maharashtara, India.
WhatsApp: (91 - 94230 - 81058)
Email: (sjagjit2@gmail.com)

More articles from this author