JagjitSingh7“ਇਨਸਾਨੀ ਜ਼ਿੰਦਗੀ ਤੋਂ ਵੱਡਾ ਕੋਈ ਸੱਚ ਨਹੀਂ, ਅਤੇ ਹਰ ਜਾਨ ਦੀ ਹਿਫਾਜ਼ਤ ਕਰਨਾ ...”21 October 2026
(21 ਅਕਤੂਬਰ 2026)

 

ਰੋਣਾ ਪੱਲੇ ਪੈ ਗਿਆ ...

21 October 2026
17
ਅਕਤੂਬਰ ਦੀ ਸ਼ਾਮ ਨੂੰ ‘ਖੁਸ਼ੀਆਂ ਦਾ ਸ਼ਹਿਰ’ ਕਿਹਾ ਜਾਣ ਵਾਲਾ ਕੋਲਕਾਤਾ ਕੁਰਲਾਹਟ ਦੇ ਖਾਮੋਸ਼ ਮਾਤਮ ਵਿੱਚ ਡੁੱਬ ਗਿਆ। ਉੱਤਰੀ ਕੋਲਕਾਤਾ ਦੇ ਚੋਰਬਾਗਾਨ ਪੰਡਾਲ ਵਿੱਚ ਮੀਂਹ ਅਤੇ ਬੇਲਗਾਮ ਭੀੜ ਦੇ ਹੜ੍ਹ ਵਿਚਕਾਰ 19 ਮਾਸੂਮ ਜ਼ਿੰਦਗੀਆਂ ਬੇਰਹਿਮੀ ਨਾਲ ਲਿਤਾੜ ਦਿੱਤੀਆਂ ਗਈਆਂ ਅਤੇ 25 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਜਿਹੜੇ ਲੋਕ ਅਕੀਦਤ ਨਾਲ ਘਰੋਂ ਨਿਕਲੇ ਸਨ, ਉਨ੍ਹਾਂ ਦੀ ਘਰ ਵਾਪਸੀ ਦੀ ਉਡੀਕ ਹੁਣ ਕਦੇ ਨਾ ਖਤਮ ਹੋਣ ਵਾਲੇ ਸੋਗ ਵਿੱਚ ਬਦਲ ਚੁੱਕੀ ਹੈ। ਕਿਸੇ ਮਾਂ ਦਾ ਪੁੱਤਰ, ਕਿਸੇ ਬੱਚੇ ਦਾ ਪਿਤਾ, ਕਿਸੇ ਸੁਹਾਗਣ ਦਾ ਜੀਵਨ ਸਾਥੀ; ਇਹ ਸਾਰੇ ਹੁਣ ਸਰਕਾਰੀ ਰਜਿਸਟਰਾਂ ਵਿੱਚ ਮਹਿਜ਼ ਨਿਰਜਿੰਦ ਅੰਕੜੇ ਬਣ ਕੇ ਰਹਿ ਗਏ ਹਨ। ਜਿਨ੍ਹਾਂ ਘਰਾਂ ਦੇ ਚਿਰਾਗ ਬੁਝ ਗਏ, ਉੱਥੇ ਕਾਗਜ਼ੀ ਚੈੱਕ ਉਸ ਮਮਤਾ ਦੀ ਥਾਂ ਨਹੀਂ ਲੈ ਸਕਦੇ, ਅਤੇ ਨਾ ਹੀ ਢੋਲ-ਢਮੱਕੇ ਕਿਸੇ ਮਾਂ ਦੇ ਸੀਨੇ ਵਿੱਚੋਂ ਨਿਕਲਦੀ ਹੂਕ ਨੂੰ ਦਬਾ ਸਕਦੇ ਹਨ। ਸਭ ਤੋਂ ਦਰਦਨਾਕ ਹਕੀਕਤ ਇਹ ਸੀ ਕਿ ਇਹ ਸਾਰਾ ਦੁਖਾਂਤ ਸ਼ਰਧਾਲੂਆਂ ਦੀਆਂ ਅਰਦਾਸਾਂ ਅਤੇ ਜੈਕਾਰਿਆਂ ਦੇ ਸ਼ੋਰ ਦੇ ਵਿਚਕਾਰ ਪ੍ਰਸ਼ਾਸਕੀ ਅੰਨ੍ਹੇਪਣ ਦੀ ਬਲੀ ਚੜ੍ਹ ਗਿਆ।

ਜਦੋਂ ਕਿਸੇ ਸ਼ਕਤੀ ਨੂੰ ਰੱਖਿਅਕ ਮੰਨ ਕੇ ਲੋਕ ਆਸਥਾ ਨਾਲ ਸੀਸ ਨਿਵਾਉਂਦੇ ਹਨ, ਉਸ ਦੇ ਦਰ ’ਤੇ ਆਏ ਸ਼ਰਧਾਲੂ ਇੱਕ-ਦੂਜੇ ਦੇ ਪੈਰਾਂ ਹੇਠ ਕੁਚਲੇ ਗਏ ਹਨ ਤਾਂ ਕੁਝ ਬੁਨਿਆਦੀ ਸਵਾਲ ਪੁੱਛਣੇ ਲਾਜ਼ਮੀ ਹੋ ਗਏ ਹਨ। ਇਹ ਸਵਾਲ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਉਸ ਮਾਸੂਮ ਬੱਚੇ ਅਤੇ ਉਸ ਮਾਂ ਲਈ ਹਨ, ਜਿਨ੍ਹਾਂ ਦਾ ਸਾਹ ਪੰਡਾਲ ਦੀ ਭੀੜ ਵਿੱਚ ਘੁੱਟਿਆ ਗਿਆ।

ਜੇ ਹਰ ਜੀਵ ਦੀ ਰੱਖਿਆ ਕਰਨ ਵਾਲੀ ਸ਼ਕਤੀ ਮੌਜੂਦ ਹੈ ਤਾਂ ਉਹ ਇਨ੍ਹਾਂ ਬੇਕਸੂਰਾਂ ਨੂੰ ਕਿਉਂ ਨਾ ਬਚਾ ਸਕੀ? ਕੀ ਉਸ ਨੂੰ ਇਸ ਤਬਾਹੀ ਦੀ ਖਬਰ ਨਹੀਂ ਸੀ, ਜਾਂ ਉਹ ਮਦਦ ਕਰਨ ਵਿੱਚ ਅਸਮਰੱਥ ਸੀ? ਸੱਚ ਇਹ ਹੈ ਕਿ ਕੋਈ ਵੀ ਧਾਰਮਿਕ ਆਸਥਾ ਭੌਤਿਕ ਸੁਰੱਖਿਆ ਪ੍ਰਬੰਧਾਂ ਦੀ ਥਾਂ ਨਹੀਂ ਲੈ ਸਕਦੀ; ਦੁੱਖ ਦੀ ਘੜੀ ਵਿੱਚ ਮਨੁੱਖੀ ਮਦਦ ਅਤੇ ਸਹੀ ਇੰਤਜ਼ਾਮ ਹੀ ਜਾਨ ਬਚਾ ਸਕਦੇ ਹਨ। ਇੱਕ ਵਿਗਿਆਨਕ ਸੋਚ ਵਾਲੇ ਵਿਅਕਤੀ ਲਈ ਇਹ ਘਟਨਾ ਕਿਸੇ ਅਦਿੱਖ ਸ਼ਕਤੀ ਦਾ ਕਰੋਪ ਨਹੀਂ, ਬਲਕਿ ਮਨੁੱਖੀ ਲਾਪਰਵਾਹੀ, ਨਾਕਸ ਪ੍ਰਬੰਧਾਂ ਅਤੇ ਢਾਂਚਾਗਤ ਨਾਕਾਮੀ ਦਾ ਸਿੱਟਾ ਹੈ।

ਭਾਰਤ ਵਿੱਚ ਧਾਰਮਿਕ ਉਤਸਵ ਹੁਣ ਨਿੱਜੀ ਆਸਥਾ ਨਹੀਂ, ਬਲਕਿ ਕਾਰਪੋਰੇਟ ਸਪਾਂਸਰਸ਼ਿੱਪ, ਸਿਆਸੀ ਰਸੂਖ ਦੇ ਅੰਨ੍ਹੇ ਮੁਕਾਬਲੇ ਦਾ ਬੇਲਗਾਮ ਕਾਰੋਬਾਰ ਬਣ ਚੁੱਕੇ ਹਨ। ਅਰਬਾਂ ਰੁਪਏ ਖਰਚ ਕੇ ਸ਼ਾਹੀ ਮਹਿਲਾਂ ਵਰਗੇ ਆਰਜ਼ੀ ਪੰਡਾਲ ਬਣਾਏ ਜਾਂਦੇ ਹਨ ਜੋ ਮਹਿਜ਼ ਦਸ ਦਿਨਾਂ ਬਾਅਦ ਨਦੀਆਂ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਕੂੜੇ ਦੇ ਢੇਰ ਬਣ ਜਾਂਦੇ ਹਨ। ਜਦੋਂ ਕਰੋੜਾਂ ਰੁਪਏ ਬਾਹਰੀ ਸਜਾਵਟ ’ਤੇ ਲੁਟਾਏ ਜਾ ਸਕਦੇ ਹਨ, ਤਾਂ ਭੀੜ ਨੂੰ ਸੰਭਾਲਣ ਲਈ ਵਿਗਿਆਨਕ ਪ੍ਰਣਾਲੀ, ਚੌੜੇ ਐਮਰਜੈਂਸੀ ਨਿਕਾਸ ਅਤੇ ਮੌਕੇ ’ਤੇ ਐਂਬੂਲੈਂਸਾਂ ਦਾ ਪ੍ਰਬੰਧ ਬਜਟ ਦਾ ਹਿੱਸਾ ਕਿਉਂ ਨਹੀਂ ਹੁੰਦਾ? ਮੂਰਤੀਆਂ ਦੀਆਂ ਉਚਾਈਆਂ ਦੀਆਂ ਤਸਵੀਰਾਂ ਤਾਂ ਵਾਇਰਲ ਹੋ ਜਾਂਦੀਆਂ ਹਨ, ਪਰ ਆਮ ਇਨਸਾਨ ਦੀ ਜਾਨ ਦੀ ਹਿਫਾਜ਼ਤ ਦਾ ਸਵਾਲ ਧਾਰਮਿਕ ਰੌਲੇ-ਰੱਪੇ ਹੇਠ ਦੱਬ ਦਿੱਤਾ ਜਾਂਦਾ ਹੈ।

ਇਸ ਤੋਂ ਵੱਡਾ ਸਮਾਜਿਕ ਦੋਗਲਾਪਣ ਕੀ ਹੋ ਸਕਦਾ ਹੈ ਕਿ ਜਿਸ ਮੁਲਕ ਵਿੱਚ ਹਸਪਤਾਲ ਦੇ ਬੈੱਡ ਨਾ ਮਿਲਣ ਕਾਰਨ ਗਰਭਵਤੀ ਔਰਤਾਂ ਸੜਕਾਂ ’ਤੇ ਦਮ ਤੋੜ ਦਿੰਦੀਆਂ ਹਨ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਟੁੱਟੀਆਂ ਛੱਤਾਂ ਹੇਠ ਬੈਠਣ ਲਈ ਮਜਬੂਰ ਹਨ, ਉੱਥੇ ਕੁਝ ਦਿਨਾਂ ਦੇ ਧਾਰਮਿਕ ਜਲਸਿਆਂ ’ਤੇ ਖਜ਼ਾਨੇ ਲੁਟਾ ਦਿੱਤੇ ਜਾਂਦੇ ਹਨ। ਸਾਡਾ ਜਨਤਕ ਸਿਹਤ ਬਜਟ ਅੱਜ ਵੀ ਜੀ.ਡੀ.ਪੀ. ਦੇ ਮਹਿਜ਼ 2-3% ਦੁਆਲੇ ਘੁੰਮਦਾ ਹੈ। ਪੇਂਡੂ ਸਿਹਤ ਕੇਂਦਰਾਂ ਵਿੱਚ ਜੀਵਨ-ਰੱਖਿਅਕ ਦਵਾਈਆਂ ਨਹੀਂ ਹਨ ਪਰ ਸਰਕਾਰਾਂ ਧਾਰਮਿਕ ਯਾਤਰਾਵਾਂ ’ਤੇ ਹੈਲੀਕਾਪਟਰਾਂ ਤੋਂ ਫੁੱਲ ਵਰਸਾਉਣ ਲੱਗਿਆਂ ਇੱਕ ਪਲ ਨਹੀਂ ਝਿਜਕਦੀਆਂ। ਭੁੱਖ ਸੂਚਕਾਂਕ ਵਿੱਚ ਪਛੜ ਰਹੇ ਸਮਾਜ ਵਿੱਚ ਬੇਜਾਨ ਮੂਰਤੀਆਂ ਅਤੇ ਕਿਤਾਬਾਂ ਨੂੰ ਕਰੋੜਾਂ ਦੇ ਹੀਰੇ-ਮੋਤੀ ਚੜ੍ਹਾਏ ਜਾਂਦੇ ਹਨ, ਪਰ ਉਸੇ ਇਬਾਦਤਗਾਹ ਦੀਆਂ ਪੌੜੀਆਂ ’ਤੇ ਭੁੱਖ ਨਾਲ ਵਿਲਕਦਾ ਬੱਚਾ ਇੱਕ ਰੋਟੀ ਲਈ ਝਿੜਕਾਂ ਖਾਂਦਾ ਹੈ।

ਕੋਲਕਾਤਾ ਦਾ ਚੋਰਬਾਗਾਨ ਕੋਈ ਇਕੱਲੀ ਘਟਨਾ ਨਹੀਂ ਹੈ, ਭਾਰਤ ਵਿੱਚ ਧਾਰਮਿਕ ਇਕੱਠਾਂ ਦੌਰਾਨ ਖੂਨੀ ਭੀੜਾਂ ਦਾ ਇੱਕ ਲੰਮਾ ਅਤੇ ਦੁਖਦਾਈ ਇਤਿਹਾਸ ਰਿਹਾ ਹੈ। ਚਾਹੇ ਉਹ ਹਾਥਰਸ ਦਾ ਸਤਿਸੰਗ ਹੋਵੇ (2024), ਪ੍ਰਯਾਗਰਾਜ ਦਾ ਮਹਾਕੁੰਭ (2025), ਹਿਮਾਚਲ ਦਾ ਨੈਣਾ ਦੇਵੀ ਹਾਦਸਾ (2008), ਰਤਨਗੜ੍ਹ ਮਾਤਾ ਮੰਦਰ (2013), ਜੋਧਪੁਰ ਦਾ ਚਾਮੁੰਡਾ ਦੇਵੀ ਮੰਦਰ (2008), ਕੇਰਲ ਦਾ ਸ਼ਬਰੀਮਾਲਾ (2011) ਜਾਂ ਮਹਾਰਾਸ਼ਟਰ ਦਾ ਮੰਧਰ ਦੇਵੀ ਦੁਖਾਂਤ (2005)। ਇਹ ਸਾਰੇ ਨਾਂ ਅੰਨ੍ਹੇ ਪ੍ਰਬੰਧਾਂ ਹੇਠ ਕੁਚਲੀਆਂ ਗਈਆਂ ਹਜ਼ਾਰਾਂ ਮਾਸੂਮ ਜ਼ਿੰਦਗੀਆਂ ਦੇ ਗਵਾਹ ਹਨ। ਸਵਾਲ ਕਿਸੇ ਇੱਕ ਧਰਮ ਜਾਂ ਸਥਾਨ ਦਾ ਨਹੀਂ, ਸਗੋਂ ਉਸ ਸਾਂਝੀ ਮਾਨਸਿਕਤਾ ਦਾ ਹੈ ਜੋ ਅੰਨ੍ਹੀ ਭੀੜ ਨੂੰ ਆਪਣੀ ਤਾਕਤ ਅਤੇ ਪ੍ਰਤਿਸ਼ਠਾ ਸਮਝਦੀ ਹੈ, ਪਰ ਉਸੇ ਭੀੜ ਦੀ ਸੁਰੱਖਿਆ ਕਰਨ ਤੋਂ ਹੱਥ ਖੜ੍ਹੇ ਕਰ ਲੈਂਦੀ ਹੈ। ਹਰ ਵਾਰ ਘਟਨਾ ਮਗਰੋਂ ਜਾਂਚ ਕਮੇਟੀਆਂ ਬਣਦੀਆਂ ਹਨ, ਮੁਆਵਜ਼ੇ ਐਲਾਨੇ ਜਾਂਦੇ ਹਨ, ਅਤੇ ਫਿਰ ਅਗਲੇ ਉਤਸਵ ਤਕ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ।

ਧਾਰਮਿਕ ਵਿਸ਼ਵਾਸ ਦੀ ਸਭ ਤੋਂ ਚਲਾਕ ਬਣਤਰ ਉਸਦੇ ਤਰਕਹੀਣ ਬਚਾਅ ਵਿੱਚ ਹੈ। ਜੇ ਕੋਈ ਬਚ ਜਾਵੇ ਤਾਂ “ਰੱਬ ਦੀ ਕਿਰਪਾ” ਅਤੇ ਜੇ ਮਾਸੂਮ ਕੁਚਲੇ ਜਾਣ ਤਾਂ “ਕਰਮਾਂ ਦੀ ਗਤੀ”। ਇਹ ਤਰਕ ਪੀੜਿਤਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਕਿਸੇ ਦੀ ਮੌਤ ਨੂੰ ਉਸਦੇ ਪਿਛਲੇ ਜਨਮ ਦੇ ਕਰਮਾਂ ਨਾਲ ਜੋੜਨਾ ਪ੍ਰਸ਼ਾਸਕੀ ਨਾਕਾਮੀ ਨੂੰ ਛੁਪਾਉਣ ਦਾ ਸਭ ਤੋਂ ਘਟੀਆ ਹਥਕੰਡਾ ਹੈ, ਜੋ ਸਾਨੂੰ ਸਵਾਲ ਪੁੱਛਣ ਤੋਂ ਰੋਕਦਾ ਹੈ।

ਇਹ ਦੁਖਾਂਤ ਇਸ ਸਚਾਈ ਨੂੰ ਨੰਗਾ ਕਰਦਾ ਹੈ ਕਿ ਮਨੁੱਖੀ ਜੀਵਨ ਦੀ ਰੱਖਿਆ ਕਿਸੇ ਅਦਿੱਖ ਸ਼ਕਤੀ ਦੇ ਆਸਰੇ ਨਹੀਂ ਛੱਡੀ ਜਾ ਸਕਦੀ। ਕੋਲਕਾਤਾ ਵਿੱਚ ਮਾਰੇ ਗਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਮੋਮਬੱਤੀਆਂ ਬਾਲ ਕੇ ਨਹੀਂ, ਸਗੋਂ ਆਪਣੀਆਂ ਸਮਾਜਿਕ ਤਰਜੀਹਾਂ ਬਦਲ ਕੇ ਦਿੱਤੀ ਜਾ ਸਕਦੀ ਹੈ। ਕਿਸੇ ਵੀ ਇਕੱਠ ਨੂੰ ਉਦੋਂ ਤਕ ਪ੍ਰਵਾਨਗੀ ਨਾ ਮਿਲੇ ਜਦੋਂ ਤਕ ਸੁਰੱਖਿਆ ਦਾ ਸੁਤੰਤਰ ਆਡਿਟ ਨਾ ਹੋਵੇ। ਲਾਪਰਵਾਹ ਪ੍ਰਬੰਧਕਾਂ ਅਤੇ ਅਧਿਕਾਰੀਆਂ ਉੱਤੇ ਗੈਰ-ਇਰਾਦਤਨ ਕਤਲ ਦੇ ਪਰਚੇ ਦਰਜ ਹੋਣ ਅਤੇ ਧਾਰਮਿਕ ਦਿਖਾਵਿਆਂ ਦੀ ਥਾਂ ਸਰਕਾਰੀ ਪੈਸਾ ਹਸਪਤਾਲਾਂ ਅਤੇ ਸਕੂਲਾਂ ’ਤੇ ਲਾਇਆ ਜਾਵੇ।

ਸਾਨੂੰ ਫੈਸਲਾ ਕਰਨਾ ਪਵੇਗਾ ਕਿ ਅਸੀਂ ਕਿਹੋ ਜਿਹਾ ਮੁਲਕ ਬਣਾਉਣਾ ਚਾਹੁੰਦੇ ਹਾਂ; ਉਹ ਜੋ ਆਕਾਸ਼ ਛੂਹੰਦੇ ਪੰਡਾਲਾਂ ਨਾਲ ਆਪਣੀ ਸ਼ਾਨ ਮਾਪਦਾ ਹੈ, ਜਾਂ ਉਹ ਜੋ ਮਨੁੱਖੀ ਜੀਵਨ, ਸਿਹਤ ਅਤੇ ਵਿਗਿਆਨਕ ਸੋਚ ਨੂੰ ਆਪਣੀ ਸਭ ਤੋਂ ਵੱਡੀ ਦੌਲਤ ਸਮਝਦਾ ਹੈ।

ਅਸਲ ਸਵਾਲ ਇਹ ਨਹੀਂ ਕਿ ਅਦਿੱਖ ਸ਼ਕਤੀਆਂ ਨੇ ਬੇਗੁਨਾਹਾਂ ਦੀ ਰੱਖਿਆ ਕਿਉਂ ਨਹੀਂ ਕੀਤੀ; ਸਵਾਲ ਇਹ ਹੈ ਕਿ ਅਸੀਂ ਅਜਿਹਾ ਸਮਾਜਿਕ ਪ੍ਰਬੰਧ ਕਿਉਂ ਨਹੀਂ ਬਣਾਉਂਦੇ ਜਿੱਥੇ ਜਿਊਂਦੇ ਰਹਿਣ ਲਈ ਕਿਸੇ ਚਮਤਕਾਰ ਦੀ ਉਡੀਕ ਨਾ ਕਰਨੀ ਪਵੇ। ਇਨਸਾਨੀ ਜ਼ਿੰਦਗੀ ਤੋਂ ਵੱਡਾ ਕੋਈ ਸੱਚ ਨਹੀਂ, ਅਤੇ ਹਰ ਜਾਨ ਦੀ ਹਿਫਾਜ਼ਤ ਕਰਨਾ ਹੀ ਸਭ ਤੋਂ ਉੱਚਾ ਧਰਮ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ

ਜਗਜੀਤ ਸਿੰਘ

Maharashtara, India.
WhatsApp: (91 - 94230 - 81058)
Email: (sjagjit2@gmail.com)