“ਜਿੰਨਾ ਚਿਰ ਅਸੀਂ ਆਪਣੇ ਦੁੱਖਾਂ ਦਾ ਹੱਲ ਮਿਹਨਤ, ਸਿੱਖਿਆ ਅਤੇ ...”
(25 ਸਤੰਬਰ 2026)


ਸਾਡੇ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਇਸ ਵਿੱਚ, ਗਿਆਨ, ਵਿਗਿਆਨ ਅਤੇ ਤਰਕ ਵਰਗੇ ਬੁਨਿਆਦੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਅੰਧ-ਵਿਸ਼ਵਾਸ ਦਾ ਵਪਾਰ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ। ਜਦੋਂ ਅਧਿਆਤਮਿਕਤਾ ਦਾ ਅਸਲ ਮਨੋਰਥ ਅਲੋਪ ਹੋ ਜਾਵੇ ਅਤੇ ਧਾਰਮਿਕ/ਅਧਿਆਤਮਿਕ ਮੰਚਾਂ ਉੱਤੇ ਚਮਤਕਾਰਾਂ ਦਾ ਪ੍ਰਦਰਸ਼ਣ ਹੋਣ ਲੱਗੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਚਾਰ ਦੇ ਨਾਂ ’ਤੇ ਚੱਲ ਰਹੇ ਅਜਿਹੇ ਅਡੰਬਰ ਅਸਲ ਵਿੱਚ ਜਨਤਾ ਦੀਆਂ ਭਾਵਨਾਵਾਂ ਅਤੇ ਅਗਿਆਨਤਾ ਦਾ ਲਾਹਾ ਲੈਣ ਵਾਲੀ ਇੱਕ ਵਪਾਰਕ ਮੰਡੀ ਦਾ ਰੂਪ ਧਾਰਨ ਕਰ ਚੁੱਕੇ ਹਨ।
ਮੱਧ ਭਾਰਤ ਵਿੱਚ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਅਤੇ ਪੰਡੋਖਰ ਸਰਕਾਰ (ਗੁਰੂਸ਼ਰਨ ਸ਼ਰਮਾ) ਵਿਚਾਲੇ ਛਿੜੀ ਇਸ ਸ਼ਬਦੀ ਜੰਗ ਨੂੰ ਦੇਖ ਕੇ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਇਹ ਆਸਥਾ ਦੀ ਰੱਖਿਆ ਦੀ ਲੜਾਈ ਹੈ ਜਾਂ ਆਪਣੇ-ਆਪਣੇ ਪ੍ਰਭਾਵ, ਦਰਸ਼ਕ-ਅਧਾਰ ਅਤੇ ਲੋਕਪ੍ਰਿਯਤਾ ਨੂੰ ਵਧਾਉਣ ਦੀ?
ਪਰਚੀਆਂ, ਚੁਣੌਤੀਆਂ ਅਤੇ ਹਉਮੈਂ ਦਾ ਪ੍ਰਦਰਸ਼ਨ
ਇੱਕ ਪਾਸੇ ਬਾਗੇਸ਼ਵਰ ਬਾਬਾ ਮੰਚਾਂ ਤੋਂ ਅਣਜਾਣ ਲੋਕਾਂ ਦੇ ਦਿਲ ਦਾ ਹਾਲ ਅਤੇ ਦੁੱਖ ਪਰਚੀ ’ਤੇ ਲਿਖਣ ਦਾ ਦਾਅਵਾ ਠੋਕਦੇ ਹਨ; ਦੂਜੇ ਪਾਸੇ ਪੰਡੋਖਰ ਬਾਬਾ ਇਸ ਨੂੰ ਖੁੱਲ੍ਹੇਆਮ ‘ਮਾਈਂਡ ਰੀਡਿੰਗ’ ਅਤੇ ਚਾਲਬਾਜ਼ੀ ਗਰਦਾਨਦਿਆਂ, ਅਸਲ ‘ਤ੍ਰਿਕਾਲਦਰਸ਼ੀ’ ਹੋਣ ਦਾ ਤਾਜ ਆਪਣੇ ਸਿਰ ਸਜਾਉਣ ਲਈ ਚੁਣੌਤੀਆਂ ਦੇ ਰਿਹਾ ਹੈ।
ਇਸ ਹਉਮੈਂ ਅਤੇ ਲੋਕਪ੍ਰਿਯਤਾ ਦੀ ਲੜਾਈ ਵਿੱਚ ਦੋਵੇਂ ਧਿਰਾਂ ਕੈਮਰਿਆਂ ਸਾਹਮਣੇ ਇੱਕ-ਦੂਜੇ ਦੇ ਚਮਤਕਾਰਾਂ ਨੂੰ ਨੀਵਾਂ ਦਿਖਾਉਣ ਲਈ ਜ਼ੋਰ ਅਜ਼ਮਾਈ ਕਰਦੀਆਂ ਹਨ। ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਸ਼ਕਤੀਆਂ ਲੋਕ ਭਲਾਈ ਲਈ ਹਨ ਤਾਂ ਫਿਰ ਟੀਵੀ ਸਟੂਡੀਓ ਅਤੇ ਸੋਸ਼ਲ ਮੀਡੀਆ ’ਤੇ ਚੈਲਿੰਜ-ਚੈਲਿੰਜ ਖੇਡਣ ਦੀ ਲੋੜ ਕਿਉਂ ਪਈ? ਕੀ ਰੱਬ ਦੀ ਰਹਿਮਤ ਮੁਕਾਬਲੇਬਾਜ਼ੀ ਦੀ ਮੁਹਤਾਜ ਹੈ?
ਅਤੀਤ ਦੇ ਮਾਮਲੇ ਅਤੇ ਸਮਾਜ ਲਈ ਸਬਕ
ਸਾਡੇ ਸਮਾਜਿਕ ਇਤਿਹਾਸ ਵਿੱਚ ਅਜਿਹੇ ਕਈ ਵਿਵਾਦਿਤ ਚਮਤਕਾਰੀ ਦਾਅਵੇਦਾਰਾਂ ਦੀਆਂ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਨੇ ਆਸਥਾ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ਦੇ ਵਿਸ਼ਵਾਸ ਦਾ ਸ਼ੋਸ਼ਣ ਕੀਤਾ। ਜਬਰ-ਜਨਾਹ ਦੇ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤੇ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਆਸਾਰਾਮ ਅਤੇ ਗੁਰਮੀਤ ਰਾਮ ਰਹੀਮ ਵਰਗੇ ਸਵੈਘੋਸ਼ਿਤ ਰਹਿਬਰ ਇਸ ਖਤਰੇ ਦੀਆਂ ਗੰਭੀਰ ਮਿਸਾਲਾਂ ਹਨ।
ਬਲਾਤਕਾਰ ਅਤੇ ਬੱਚਿਆਂ ਦੇ ਸ਼ੋਸ਼ਣ ਵਰਗੇ ਗੰਭੀਰ ਕੇਸ ਦਰਜ ਹੋਣ ਤੋਂ ਬਾਅਦ 2019 ਵਿੱਚ ਭਾਰਤ ਤੋਂ ਫਰਾਰ ਹੋਇਆ ਭਗੌੜਾ ਨਿਤਿਆਨੰਦ, ਹੁਣ ਸਮੁੰਦਰ ਦੇ ਕਿਸੇ ਗੁਪਤ ਟਾਪੂ ’ਤੇ ‘ਕੈਲਾਸਾ’ ਨਾਮ ਦਾ ਕਾਲਪਨਿਕ ਦੇਸ਼ ਚਲਾਉਣ ਦਾ ਤਮਾਸ਼ਾ ਕਰ ਰਿਹਾ ਹੈ। ਖੁਦ ਨੂੰ ਸਰਵਉੱਚ ‘ਰੂਹਾਨੀ ਆਗੂ’ ਅਤੇ ਆਪਣੀ ਚੇਲੀ ਨੂੰ ‘ਪ੍ਰਧਾਨ ਮੰਤਰੀ’ ਦੱਸਣ ਵਾਲੇ ਇਸ ਅਖੌਤੀ ਬਾਬੇ ਦੇ ਦਾਅਵਿਆਂ ਦੀ ਕੋਈ ਕਾਨੂੰਨੀ ਜਾਂ ਅੰਤਰਰਾਸ਼ਟਰੀ ਹੋਂਦ ਨਹੀਂ ਹੈ।
ਨਿਰਮਲ ਬਾਬਾ ਦੇ ਉਪਾਅ ਮੁੱਖ ਤੌਰ ’ਤੇ ਸਮੋਸੇ-ਚਟਣੀ, ਕਾਲੇ ਪਰਸ ਅਤੇ ਖਾਸ ਰੰਗ ਦੇ ਕੱਪੜਿਆਂ ਵਰਗੀਆਂ ਚੀਜ਼ਾਂ ਨਾਲ ਜੁੜੇ ਚਮਤਕਾਰੀ ਦਾਅਵਿਆਂ ਲਈ ਜਾਣੇ ਜਾਂਦੇ ਸਨ, ਜਦੋਂਕਿ ਰਾਧੇ ਮਾਂ ਵਰਗੀਆਂ ਸ਼ਖਸੀਅਤਾਂ ਵੀ ਆਪਣੇ ਦਾਅਵਿਆਂ ਅਤੇ ਪ੍ਰਸਤੁਤੀ ਦੇ ਢੰਗ ਕਾਰਨ ਵਿਵਾਦਾਂ ਵਿੱਚ ਰਹੀਆਂ ਹਨ। ਹਾਲਾਂਕਿ ਇਨ੍ਹਾਂ ਸਾਰੀਆਂ ਮਿਸਾਲਾਂ ਨੂੰ ਇੱਕੋ ਕਾਨੂੰਨੀ ਪੈਮਾਨੇ ’ਤੇ ਨਹੀਂ ਤੋਲਿਆ ਜਾ ਸਕਦਾ, ਪਰ ਇਹ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ- ਜਦੋਂ ਆਸਥਾ ਵਿੱਚੋਂ ਵਿਵੇਕ ਅਤੇ ਜਵਾਬਦੇਹੀ ਗਾਇਬ ਹੋ ਜਾਣ ਤਾਂ ਇਸਦੀ ਕੀਮਤ ਕੌਣ ਚੁਕਾਉਂਦਾ ਹੈ?
2 ਜੁਲਾਈ 2024 ਨੂੰ ਹਾਥਰਸ, ਉੱਤਰ ਪ੍ਰਦੇਸ਼ ਵਿੱਚ ਇੱਕ ਸਤਸੰਗ ਤੋਂ ਬਾਅਦ ਹੋਈ ਭਿਆਨਕ ਭਗਦੜ ਵਿੱਚ 121 ਲੋਕਾਂ ਦੀ ਜਾਨ ਚਲੀ ਗਈ। ਜਾਂਚਾਂ ਵਿੱਚ ਵੱਡੀ ਭੀੜ, ਪ੍ਰਬੰਧਕੀ ਖਾਮੀਆਂ ਅਤੇ ਭੀੜ-ਨਿਯੰਤਰਣ ਦੀ ਨਾਕਾਮੀ ਵਰਗੇ ਕਾਰਕ ਸਾਹਮਣੇ ਆਏ। 121 ਜ਼ਿੰਦਗੀਆਂ ਦਾ ਚਲੇ ਜਾਣਾ ਸਿਰਫ ਇੱਕ ਅੰਕੜਾ ਨਹੀਂ, ਇਹ ਯਾਦ ਦਿਵਾਉਂਦਾ ਹੈ ਕਿ ਸ਼ਰਧਾ ਦੇ ਵੱਡੇ ਇਕੱਠਾਂ ਵਿੱਚ ਆਸਥਾ ਦੇ ਨਾਲ ਸੁਰੱਖਿਆ, ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਲਾਜ਼ਮੀ ਹਨ।
ਚਿੰਤਕਾਂ ਦਾ ਵਿਵੇਕਸ਼ੀਲ ਦ੍ਰਿਸ਼ਟੀਕੋਣ
ਇਤਿਹਾਸ ਦੇ ਮਹਾਨ ਚਿੰਤਕਾਂ ਨੇ ਅਖੌਤੀ ਚਮਤਕਾਰਾਂ ਅਤੇ ਅੰਧ-ਵਿਸ਼ਵਾਸ ਨੂੰ ਮਾਨਸਿਕ ਗੁਲਾਮੀ ਦਾ ਪ੍ਰਤੀਕ ਮੰਨਿਆ ਹੈ। ਵੌਲਟੇਅਰ ਦੀ ਵਿਚਾਰਧਾਰਾ ਦਾ ਮੂਲ ਭਾਵ ਹੈ ਕਿ ਜਦੋਂ ਲੋਕਾਂ ਨੂੰ ਗੈਰ-ਤਰਕਸ਼ੀਲ ਅਤੇ ਬੇਤੁਕੀਆਂ ਗੱਲਾਂ ’ਤੇ ਅੰਨ੍ਹਾ ਵਿਸ਼ਵਾਸ ਕਰਨ ਲਈ ਤਿਆਰ ਕਰ ਲਿਆ ਜਾਂਦਾ ਹੈ ਤਾਂ ਅਜਿਹੀ ਮਾਨਸਿਕਤਾ ਉਨ੍ਹਾਂ ਕੋਲੋਂ ਸਮਾਜਿਕ ਅਪਰਾਧ ਅਤੇ ਜ਼ੁਲਮ ਕਰਵਾਉਣ ਦਾ ਰਾਹ ਵੀ ਪੱਧਰਾ ਕਰ ਦਿੰਦੀ ਹੈ।
ਸੁਕਰਾਤ ਦੇ ਫਲਸਫੇ ਅਨੁਸਾਰ ਬਿਨਾਂ ਪਰਖੇ ਅਤੇ ਬਿਨਾਂ ਸਵਾਲ ਕੀਤੇ ਜੀਵਿਆ ਗਿਆ ਜੀਵਨ ਮਨੁੱਖੀ ਚੇਤਨਾ ਦਾ ਅਪਮਾਨ ਹੈ; ਕਿਸੇ ਵੀ ਦਾਅਵੇ ਨੂੰ ਅੰਨ੍ਹੇਵਾਹ ਮੰਨਣ ਦੀ ਬਜਾਏ ਉਸ ਉੱਤੇ ਸਵਾਲ ਖੜ੍ਹੇ ਕਰਨਾ ਹੀ ਅਸਲ ਜਾਗਰੂਕਤਾ ਹੈ। ਸਪਿਨੋਜ਼ਾ ਦੇ ਚਿੰਤਨ ਮੁਤਾਬਿਕ ਅੰਧ-ਵਿਸ਼ਵਾਸ ਦੀਆਂ ਜੜ੍ਹਾਂ ਮਨੁੱਖੀ ਡਰ, ਲਾਲਚ ਅਤੇ ਬੇਵਸੀ ਵਿੱਚ ਹੁੰਦੀਆਂ ਹਨ, ਅਤੇ ਜਿੰਨਾ ਚਿਰ ਲੋਕ ਡਰ ਵਿੱਚ ਜਿਊਣਗੇ, ਉੰਨਾ ਚਿਰ ਚਮਤਕਾਰ ਵੇਚਣ ਵਾਲੇ ਪਾਖੰਡੀਆਂ ਦੇ ਮਾਨਸਿਕ ਗੁਲਾਮ ਬਣੇ ਰਹਿਣਗੇ।
ਬਰਟਰੈਂਡ ਰਸਲ ਦਾ ਮੰਨਣਾ ਸੀ ਕਿ ਕਿਸੇ ਗੱਲ ਨੂੰ ਸਿਰਫ ਇਸ ਲਈ ਸੱਚ ਨਹੀਂ ਮੰਨ ਲੈਣਾ ਚਾਹੀਦਾ ਕਿਉਂਕਿ ਲੱਖਾਂ ਲੋਕ ਉਸ ’ਤੇ ਵਿਸ਼ਵਾਸ ਕਰਦੇ ਹਨ, ਕਿਉਂਕਿ ਬਿਨਾਂ ਤਰਕ ਦੇ ਅੰਨ੍ਹਾ ਵਿਸ਼ਵਾਸ ਮਨੁੱਖੀ ਅਜ਼ਾਦੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
ਅੰਧ-ਵਿਸ਼ਵਾਸ. ਗਰੀਬੀ ਅਤੇ ਮਜਬੂਰੀ ਦਾ ਸ਼ੋਸ਼ਣ
ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਅਖੌਤੀ ਦਰਬਾਰਾਂ ਵਿੱਚ ਕੌਣ ਜਾਂਦਾ ਹੈ? ਕੋਈ ਮਾਂ ਆਪਣੇ ਕੈਂਸਰ ਪੀੜਿਤ ਪੁੱਤ ਦੀ ਜ਼ਿੰਦਗੀ ਮੰਗਣ ਜਾਂਦੀ ਹੈ, ਕੋਈ ਕਰਜ਼ੇ ਵਿੱਚ ਡੁੱਬਿਆ ਕਿਸਾਨ ਆਪਣੀ ਜ਼ਮੀਨ ਬਚਾਉਣ ਦੀ ਆਸ ਲੈ ਕੇ ਜਾਂਦਾ ਹੈ, ਅਤੇ ਕੋਈ ਬੇਰੁਜ਼ਗਾਰ ਨੌਜਵਾਨ ਆਸ ਦੀ ਆਖਰੀ ਕਿਰਨ ਲੱਭ ਰਿਹਾ ਹੁੰਦਾ ਹੈ, ਕਈ ਮਾਂ ਬਾਪ ਆਪਣੀ ਧੀ ਨਾਲ ਸਹੁਰੇ ਘਰ ਹੋ ਰਹੇ ਅੱਤਿਆਚਾਰਾਂ ਦੀ ਫਰਿਆਦ ਲੈ ਕੇ ਜਾਂਦੇ ਹਨ।
ਲੋਕਾਂ ਦੀ ਬੇਵਸੀ, ਬਿਮਾਰੀ ਅਤੇ ਗਰੀਬੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਵਿਗਿਆਨਕ ਇਲਾਜ ਤੋਂ ਦੂਰ ਕਰਨਾ ਅਤੇ ਪਰਚੀਆਂ ਦੇ ਜਾਲ਼ ਵਿੱਚ ਉਲਝਾਉਣਾ ਇੱਕ ਗੰਭੀਰ ਸਮਾਜਿਕ ਅਪਰਾਧ ਹੈ। ਜਦੋਂ ਕੋਈ ਬਾਬਾ ਦਾਅਵਾ ਕਰਦਾ ਹੈ ਕਿ ਪਰਚੀ ਕੱਢਣ ਜਾਂ ਤਾਵੀਜ਼ ਬੰਨ੍ਹਣ ਨਾਲ ਕੈਂਸਰ ਠੀਕ ਹੋ ਜਾਵੇਗਾ ਤਾਂ ਉਹ ਸਿਰਫ ਝੂਠ ਨਹੀਂ ਬੋਲ ਰਿਹਾ ਹੁੰਦਾ, ਸਗੋਂ ਉਸ ਮਰੀਜ਼ ਦੀ ਜਾਨ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।
ਸਮੇਂ ਦੀ ਲੋੜ: ਤਰਕ ਅਤੇ ਜਾਗਰੂਕਤਾ:
ਜੇ ਅਸੀਂ ਆਪਣੇ ਆਲੇ ਦੁਆਲੇ ਧਿਆਨ ਨਾਲ ਦੇਖੀਏ ਤਾਂ ਇਹ ਸਮੱਸਿਆ ਸਿਰਫ ਇੱਕ ਧਰਮ, ਖਿੱਤੇ ਜਾਂ ਕਿਸੇ ਖਾਸ ਸਮਾਜਿਕ ਸ਼੍ਰੇਣੀ ਦੀ ਨਹੀਂ, ਸਗੋਂ ਹਰ ਪਿੰਡ, ਸ਼ਹਿਰ, ਸੂਬੇ ਅਤੇ ਪੂਰੇ ਦੇਸ਼ ਦੀ ਹੈ। ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਮਹਾਨਗਰਾਂ ਵਿੱਚ, ਰਾਜਨੀਤਕ ਗਲਿਆਰਿਆਂ ਵਿੱਚ, ਹਰ ਸਥਾਨ ’ਤੇ ਅਜਿਹੇ ਢੌਂਗੀ ਬਾਬਿਆਂ ਦੇ ਡੇਰਿਆਂ ਦੀ ਭਰਮਾਰ ਹੈ ਜਿੱਥੇ ਬੰਦੇ ਦੀ ਹੈਸੀਅਤ ਦੇਖ ਕੇ ਉਸਨੂੰ ਪਹਿਲਾਂ ਵਰਗਲਾਇਆ ਜਾਂਦਾ ਹੈ, ਫਿਰ ਉਸਦੇ ਦੁੱਖ ਅਤੇ ਵਿੱਤੀ ਹੈਸੀਅਤ ਦੇ ਅਨੁਸਾਰ ਉਸਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ, ਜੇ ਸਪਸ਼ਟ ਲਫਜ਼ਾਂ ਵਿੱਚ ਕਹੀਏ, ਉਸਨੂੰ ਲੁੱਟਿਆ ਜਾਂਦਾ ਹੈ।
ਜਿੰਨਾ ਚਿਰ ਅਸੀਂ ਆਪਣੇ ਦੁੱਖਾਂ ਦਾ ਹੱਲ ਮਿਹਨਤ, ਸਿੱਖਿਆ ਅਤੇ ਡਾਕਟਰੀ ਵਿਗਿਆਨ ਦੀ ਥਾਂ ਬਾਬਿਆਂ ਦੀਆਂ ਪਰਚੀਆਂ ਵਿੱਚ ਲੱਭਦੇ ਰਹਾਂਗੇ, ਉੰਨਾ ਚਿਰ ਅਜਿਹੇ ਬਾਗੇਸ਼ਵਰ ਅਤੇ ਪੰਡੋਖਰ ਸਾਡੀ ਆਸਥਾ ਦੀ ਬੋਲੀ ਲਾਉਂਦੇ ਰਹਿਣਗੇ। ਇਹ ਵੇਲਾ ਅੰਨ੍ਹੀ ਸ਼ਰਧਾ ਦੀ ਪੱਟੀ ਅੱਖਾਂ ਤੋਂ ਲਾਹੁਣ ਦਾ ਹੈ। ਅਧਿਆਤਮ ਦਾ ਅਸਲ ਮਕਸਦ ਇਨਸਾਨੀ ਚੇਤਨਾ ਨੂੰ ਨਿਰਭੈ ਅਤੇ ਵਿਵੇਕਸ਼ੀਲ ਬਣਾਉਣਾ ਹੁੰਦਾ ਹੈ, ਕਿਸੇ ਪਖੰਡੀ ਦੇ ਹੰਕਾਰ ਨੂੰ ਪੱਠੇ ਪਾ ਕੇ ਲੋਕਾਂ ਨੂੰ ਗੁਲਾਮ ਬਣਾਉਣਾ ਨਹੀਂ।
ਪਾਠਕਾਂ ਲਈ ਇੱਕ ਵਿਸ਼ੇਸ਼ ਅਪੀਲ: ਆਪਣੀ ਅਵਾਜ਼ ਬੁਲੰਦ ਕਰੋ:
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਅਖੌਤੀ ਬਾਬਿਆਂ ਦੇ ਚਮਤਕਾਰਾਂ, ਪਰਚੀਆਂ ਜਾਂ ਢੌਂਗ ਦਾ ਸ਼ਿਕਾਰ ਹੋਇਆ ਹੈ ਤਾਂ ਆਪਣੇ ਤਜਰਬੇ ਅਤੇ ਹੱਡ-ਬੀਤੀ ਸਾਡੇ ਨਾਲ This email address is being protected from spambots. You need JavaScript enabled to view it. ’ਤੇ ਜ਼ਰੂਰ ਸਾਂਝੀ ਕਰੋ। ਤੁਹਾਡੀ ਸਲਾਹ ਅਤੇ ਹੰਢਾਏ ਹੋਏ ਸੱਚ ਹੋਰਨਾਂ ਭੋਲੇ-ਭਾਲੇ ਲੋਕਾਂ ਨੂੰ ਅੰਧ-ਵਿਸ਼ਵਾਸ ਦੇ ਜਾਲ਼ ਵਿੱਚ ਫਸਣ ਤੋਂ ਬਚਾ ਸਕਦੇ ਹਨ।
ਪਾਠਕਾਂ ਵੱਲੋਂ ਮਿਲੇ ਅਨੁਭਵਾਂ ਨੂੰ (ਉਨ੍ਹਾਂ ਦੀ ਇੱਛਾ ਅਨੁਸਾਰ ਨਾਮ ਸਮੇਤ ਜਾਂ ਪਛਾਣ ਗੁਪਤ ਰੱਖ ਕੇ) ਇੱਕ ਥਾਂ ਸੰਕਲਿਤ ਕੀਤਾ ਜਾਵੇਗਾ, ਤਾਂ ਜੋ ਹੋਰ ਲੋਕਾਂ ਨੂੰ ਜਾਗਰੂਕ ਕਰਕੇ ਸਮਾਜ ਵਿੱਚੋਂ ਇਸ ਬੁਰਾਈ ਦਾ ਖਾਤਮਾ ਕੀਤਾ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































