ChanandeepSAulakh7“ਇਤਿਹਾਸ ਵਿੱਚ ਹਰ ਵੱਡੀ ਪ੍ਰਾਪਤੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ...”
(26 ਨਵੰਬਰ 2026)

 

ਦੂਜਿਆਂ ਦੇ ਸੁਪਨਿਆਂ ’ਤੇ ਹੱਸਣ ਵਾਲੇ ਅਕਸਰ ਖੁਦ ਕੁਝ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਮਨੁੱਖੀ ਸੁਭਾਅ ਦੀ ਇੱਕ ਕੌੜੀ ਸਚਾਈ ਇਹ ਹੈ ਕਿ ਇਸ ਦੁਨੀਆ ਵਿੱਚ ਕਿਸੇ ਦੀਆਂ ਕਮੀਆਂ ਕੱਢਣਾ, ਉਸਦਾ ਮਜ਼ਾਕ ਉਡਾਉਣਾ ਅਤੇ ਉਸਦੇ ਸੁਪਨਿਆਂ ਉੱਤੇ ਹੱਸਣਾ ਬਹੁਤ ਸੌਖਾ ਹੈ, ਪਰ ਖੁਦ ਮੈਦਾਨ ਵਿੱਚ ਉੱਤਰ ਕੇ ਕੁਝ ਨਵਾਂ ਕਰਨਾ ਬਹੁਤ ਔਖਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਕੋਈ ਨਵਾਂ ਕਦਮ ਚੁੱਕਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਮਾਜ ਦੇ ਤਾਅਨਿਆਂ, ਮਖੌਲ ਅਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਸੋਚ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਉਸਦੀ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਉਸ ਉੱਤੇ ਹੱਸਣਾ ਸ਼ੁਰੂ ਕਰ ਦਿੰਦੇ ਹਨ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰੇ, ਖੇਤੀਬਾੜੀ ਵਿੱਚ ਨਵਾਂ ਤਜਰਬਾ ਕਰੇ, ਕੋਈ ਕਲਾ ਸਿੱਖੇ ਜਾਂ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਸੁਣਨ ਨੂੰ ਮਿਲਦਾ ਹੈ, “ਇਹ ਤੇਰੇ ਵੱਸ ਦੀ ਗੱਲ ਨਹੀਂ”, “ਇਸ ਨਾਲ ਕੁਝ ਨਹੀਂ ਬਣਨਾ” ਜਾਂ “ਲੋਕ ਕੀ ਕਹਿਣਗੇ?”

ਅਸਲ ਵਿੱਚ ਮਜ਼ਾਕ ਉਡਾਉਣ ਲਈ ਨਾ ਕੋਈ ਪੂੰਜੀ ਚਾਹੀਦੀ ਹੈ, ਨਾ ਕੋਈ ਹੁਨਰ ਅਤੇ ਨਾ ਹੀ ਕੋਈ ਹਿੰਮਤ। ਪਰ ਕਿਸੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਮਿਹਨਤ, ਸਬਰ, ਸਮਾਂ, ਹੌਸਲਾ ਅਤੇ ਕਈ ਵਾਰ ਆਪਣੀ ਇੱਜ਼ਤ ਤਕ ਦਾਅ ’ਤੇ ਲਾਉਣੀ ਪੈਂਦੀ ਹੈ। ਆਲੋਚਨਾ ਕਰਨ ਵਾਲੇ ਲੋਕ ਅਕਸਰ ਇੱਕ ਪਾਸੇ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਹਨ, ਜਦਕਿ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹਰ ਰੋਜ਼ ਨਵੀਂਆਂ ਚੁਣੌਤੀਆਂ ਨਾਲ ਲੜ ਰਿਹਾ ਹੁੰਦਾ ਹੈ।

ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਵਿਅਕਤੀ ਕੁਝ ਨਹੀਂ ਕਰਦਾ, ਉਸਦੀਆਂ ਗਲਤੀਆਂ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਪਰ ਜਿਹੜਾ ਕੁਝ ਕਰਨ ਦੀ ਹਿੰਮਤ ਕਰਦਾ ਹੈ, ਉਸਦੀ ਹਰ ਛੋਟੀ-ਵੱਡੀ ਗਲਤੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਜਾਂਦਾ ਹੈ। ਲੋਕ ਉਸਦੀਆਂ ਦਸ ਕੋਸ਼ਿਸ਼ਾਂ ਨੂੰ ਭੁੱਲ ਕੇ ਇੱਕ ਅਸਫਲਤਾ ਦਾ ਮਜ਼ਾਕ ਉਡਾਉਂਦੇ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਹਰ ਅਸਫਲਤਾ ਆਪਣੇ ਨਾਲ ਇੱਕ ਨਵਾਂ ਤਜਰਬਾ ਲੈ ਕੇ ਆਉਂਦੀ ਹੈ।

ਸਮਾਜ ਦਾ ਇੱਕ ਹੋਰ ਕੌੜਾ ਪਹਿਲੂ ਇਹ ਵੀ ਹੈ ਕਿ ਜਦੋਂ ਤਕ ਕੋਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ, ਉਸ ਨੂੰ ਕੋਈ ਪੁੱਛਦਾ ਤਕ ਨਹੀਂ ਪਰ ਜਦੋਂ ਉਹੀ ਵਿਅਕਤੀ ਆਪਣੀ ਮਿਹਨਤ ਨਾਲ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਨਾਲ ਤਸਵੀਰਾਂ ਖਿਚਵਾਈਆਂ ਜਾਂਦੀਆਂ ਹਨ, ਉਸਦੀਆਂ ਤਾਰੀਫਾਂ ਹੁੰਦੀਆਂ ਹਨ ਅਤੇ ਲੋਕ ਉਸ ਨਾਲ ਆਪਣਾ ਰਿਸ਼ਤਾ ਜੋੜਨ ਤਕ ਚਲੇ ਜਾਂਦੇ ਹਨ। ਕੱਲ੍ਹ ਤਕ ਉਸਦੇ ਸੁਪਨਿਆਂ ਦਾ ਮਜ਼ਾਕ ਉਡਾਉਣ ਵਾਲੇ ਉਸਦੀ ਕਾਮਯਾਬੀ ਦੀਆਂ ਮਿਸਾਲਾਂ ਦੇਣ ਲੱਗ ਪੈਂਦੇ ਹਨ।

ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹਰ ਇਨਸਾਨ ਲੋਕਾਂ ਦੇ ਡਰ ਅਤੇ ਮਜ਼ਾਕ ਕਰਕੇ ਆਪਣੇ ਕਦਮ ਰੋਕ ਲਵੇ, ਤਾਂ ਦੁਨੀਆ ਵਿੱਚ ਕੋਈ ਨਵੀਂ ਕਾਢ, ਨਵੀਂ ਸੋਚ ਜਾਂ ਨਵੀਂ ਤਬਦੀਲੀ ਕਦੇ ਵੀ ਸੰਭਵ ਨਾ ਹੋਵੇ। ਇਤਿਹਾਸ ਵਿੱਚ ਹਰ ਵੱਡੀ ਪ੍ਰਾਪਤੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ਉਹ ਹਿੰਮਤ ਰਹੀ ਹੈ ਜਿਸਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਰਾਹ ਚੁਣਿਆ। ਇਸ ਲਈ ਸਾਨੂੰ ਦੋ ਗੱਲਾਂ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ। ਪਹਿਲੀ, ਜੇਕਰ ਅਸੀਂ ਖੁਦ ਕੁਝ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਘੱਟੋ-ਘੱਟ ਕਿਸੇ ਹੋਰ ਦੀ ਕੋਸ਼ਿਸ਼ ਅੱਗੇ ਅੜਿੱਕਾ ਨਾ ਬਣੀਏ। ਦੂਜੀ, ਜੇਕਰ ਅਸੀਂ ਕੋਈ ਸੁਪਨਾ ਦੇਖਿਆ ਹੈ ਤਾਂ ਲੋਕਾਂ ਦੇ ਹਾਸੇ ਤੋਂ ਡਰ ਕੇ ਉਸ ਨੂੰ ਅਧੂਰਾ ਨਾ ਛੱਡੀਏ।

ਯਾਦ ਰੱਖੋ, ਭੀੜ ਵਿੱਚ ਖੜ੍ਹ ਕੇ ਕਿਸੇ ਉੱਤੇ ਹੱਸਣਾ ਕੋਈ ਪ੍ਰਾਪਤੀ ਨਹੀਂ, ਅਸਲ ਪ੍ਰਾਪਤੀ ਤਾਂ ਉਸ ਭੀੜ ਤੋਂ ਵੱਖਰੇ ਖੜ੍ਹ ਕੇ ਕੁਝ ਕਰਕੇ ਦਿਖਾਉਣਾ ਹੈ ਕਿਉਂਕਿ ਦੁਨੀਆ ਤਮਾਸ਼ਬੀਨਾਂ ਨੂੰ ਨਹੀਂ, ਸਗੋਂ ਇਤਿਹਾਸ ਸਿਰਜਣ ਵਾਲਿਆਂ ਨੂੰ ਯਾਦ ਰੱਖਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਚਾਨਣਦੀਪ ਸਿੰਘ ਔਲਖ

ਚਾਨਣਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)

More articles from this author