“ਜੇਕਰ ਕੋਈ ਫ਼ੋਨ ’ਤੇ ਲਾਟਰੀ ਨਿਕਲਣ, ਬੈਂਕ ਖਾਤਾ ਬੰਦ ਹੋਣ ਜਾਂ ਸਸਤੇ ਲੋਨ ਦਾ ਲਾਲਚ ਦੇ ਕੇ ...”
(24 ਜੁਲਾਈ 2026)
ਘਰ-ਘਰ ਜਾਗਰੂਕਤਾ ਦੀ ਲੋੜ: ਪਰਿਵਾਰ ਦੇ ਹਰ ਮੈਂਬਰ ਨੂੰ ਓ.ਟੀ.ਪੀ. ਦੇ ਖਤਰਿਆਂ ਤੋਂ ਜਾਣੂ ਕਰਵਾਉਣਾ ਜ਼ਰੂਰੀ।
ਡਿਜਿਟਲ ਤਕਨਾਲੋਜੀ ਦੇ ਇਸ ਦੌਰ ਵਿੱਚ ਜਿੱਥੇ ਸਾਡੀ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਹੈ, ਉੱਥੇ ਹੀ ਸਾਈਬਰ ਅਪਰਾਧ ਅਤੇ ਆਨਲਾਈਨ ਠੱਗੀਆਂ ਦਾ ਖਤਰਾ ਵੀ ਬਹੁਤ ਜ਼ਿਆਦਾ ਵਧ ਗਿਆ ਹੈ। ਅੱਜ ਦੇ ਸਮੇਂ ਵਿੱਚ ‘ਵਨ ਟਾਈਮ ਪਾਸਵਰਡ’ ਯਾਨੀ ਓ.ਟੀ.ਪੀ. ਸਾਡੀ ਵਿੱਤੀ ਸੁਰੱਖਿਆ ਦੀ ਸਭ ਤੋਂ ਮਹੱਤਵਪੂਰਨ ਕੜੀ ਬਣ ਚੁੱਕਿਆ ਹੈ। ਸਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਜਾਂ ਅਣਜਾਣਪੁਣਾ ਪੂਰੇ ਪਰਿਵਾਰ ਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਘਰ ਦੇ ਹਰ ਇੱਕ ਮੈਂਬਰ ਨੂੰ, ਚਾਹੇ ਉਹ ਬੱਚੇ ਹੋਣ, ਬਜ਼ੁਰਗ ਹੋਣ ਜਾਂ ਮਹਿਲਾਵਾਂ, ਓ.ਟੀ.ਪੀ. ਦੀ ਅਹਿਮੀਅਤ ਅਤੇ ਇਸ ਨਾਲ ਜੁੜੇ ਖਤਰਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਵੇ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਾਈਬਰ ਠੱਗ ਘਰ ਦੇ ਭੋਲੇ-ਭਾਲੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਮਾਸੂਮੀਅਤ ਦਾ ਫਾਇਦਾ ਉਠਾ ਕੇ ਫ਼ੋਨ ’ਤੇ ਆਇਆ ਕੋਡ ਪੁੱਛ ਲੈਂਦੇ ਹਨ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਹਿਜ਼ ਇੱਕ ਓ.ਟੀ.ਪੀ. ਦੱਸਣ ਨਾਲ ਬੈਂਕ ਖਾਤੇ ਵਿੱਚੋਂ ਜਮ੍ਹਾਂ-ਪੂੰਜੀ ਪਲਾਂ ਵਿੱਚ ਗਾਇਬ ਹੋ ਸਕਦੀ ਹੈ, ਜਿਸ ਨਾਲ ਪਰਿਵਾਰ ਨੂੰ ਵੱਡਾ ਆਰਥਿਕ ਝਟਕਾ ਲੱਗ ਸਕਦਾ ਹੈ।
ਇਹ ਵੀ ਸੱਚ ਹੈ ਕਿ ਅੱਜ-ਕੱਲ੍ਹ ਰੋਜ਼ਾਨਾ ਦੇ ਕਈ ਕੰਮਾਂ ਵਿੱਚ ਸਾਨੂੰ ਓ.ਟੀ.ਪੀ. ਦੇਣ ਦੀ ਅਸਲ ਵਿੱਚ ਲੋੜ ਪੈਂਦੀ ਹੈ। ਉਦਾਹਰਨ ਦੇ ਤੌਰ ’ਤੇ ਜਦੋਂ ਘਰ ਵਿੱਚ ਕੋਈ ਡਾਕ ਜਾਂ ਪਾਰਸਲ ਪ੍ਰਾਪਤ ਕਰਨਾ ਹੋਵੇ, ਆਨਲਾਈਨ ਮੰਗਵਾਇਆ ਸਾਮਾਨ ਲੈਣਾ ਹੋਵੇ, ਜਾਂ ਫਿਰ ਘਰ ਦਾ ਕੋਈ ਇਲੈਕਟ੍ਰਾਨਿਕ ਉਪਕਰਣ ਜਿਵੇਂ ਫਰਿੱਜ, ਏ.ਸੀ. ਜਾਂ ਟੀ.ਵੀ. ਖਰਾਬ ਹੋਣ ’ਤੇ ਕੰਪਨੀ ਦਾ ਮਕੈਨਿਕ ਉਸਦੀ ਮੁਰੰਮਤ ਕਰਨ ਆਵੇ ਤਾਂ ਕੰਪਨੀ ਵੱਲੋਂ ਕੰਮ ਮੁਕੰਮਲ ਹੋਣ ਦੀ ਪੁਸ਼ਟੀ ਲਈ ਇੱਕ ਕੋਡ ਭੇਜਿਆ ਜਾਂਦਾ ਹੈ। ਪਰ ਅਜਿਹੇ ਮੌਕਿਆਂ ’ਤੇ ਬਹੁਤ ਜ਼ਿਆਦਾ ਗੌਰ ਕਰਨ ਅਤੇ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਜਦੋਂ ਵੀ ਮੋਬਾਇਲ ’ਤੇ ਕੋਈ ਓ.ਟੀ.ਪੀ. ਆਵੇ ਤਾਂ ਉਸ ਨੂੰ ਅੱਖਾਂ ਮੀਟ ਕੇ ਸਾਂਝਾ ਕਰਨ ਦੀ ਬਜਾਏ ਪਹਿਲਾਂ ਮੈਸੇਜ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਮੈਸੇਜ ਵਿੱਚ ਸਾਫ ਲਿਖਿਆ ਹੁੰਦਾ ਹੈ ਕਿ ਇਹ ਕੋਡ ਕਿਸ ਮਕਸਦ ਲਈ ਭੇਜਿਆ ਗਿਆ ਹੈ। ਕੀ ਇਹ ਸਾਮਾਨ ਦੀ ਡਿਲੀਵਰੀ ਲਈ ਹੈ, ਸਰਵਿਸ ਦੀ ਪੁਸ਼ਟੀ ਲਈ ਹੈ ਜਾਂ ਫਿਰ ਕਿਸੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਜਾਂ ਪਾਸਵਰਡ ਬਦਲਣ ਲਈ ਹੈ। ਜੇਕਰ ਮੈਸੇਜ ਵਿੱਚ ਲਿਖਿਆ ਮਕਸਦ ਤੁਹਾਡੇ ਕੰਮ ਨਾਲ ਮੇਲ ਨਹੀਂ ਖਾਂਦਾ ਤਾਂ ਉਹ ਕੋਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ।
ਇਸ ਤੋਂ ਇਲਾਵਾ ਇੱਕ ਹੋਰ ਵੱਡੀ ਲਾਪਰਵਾਹੀ ਜੋ ਆਮ ਤੌਰ ’ਤੇ ਘਰਾਂ ਵਿੱਚ ਦੇਖੀ ਜਾਂਦੀ ਹੈ, ਉਹ ਹੈ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਮੋਬਾਇਲ ਫ਼ੋਨ ਫੜਾ ਦੇਣਾ। ਕਈ ਵਾਰ ਕੋਈ ਬਾਹਰੀ ਵਿਅਕਤੀ ਜਾਂ ਗਲੀ-ਮੁਹੱਲੇ ਵਿੱਚ ਆਇਆ ਕੋਈ ਅਣਜਾਣ ਬੰਦਾ ਫ਼ੋਨ ਕਾਲ ਕਰਨ ਬਹਾਨੇ ਜਾਂ ਕੋਈ ਹੋਰ ਮਦਦ ਮੰਗ ਕੇ ਸਾਡਾ ਮੋਬਾਇਲ ਮੰਗ ਲੈਂਦਾ ਹੈ। ਅਜਿਹੀ ਸਥਿਤੀ ਵਿੱਚ ਬਹੁਤ ਜ਼ਿਆਦਾ ਗੁਰੇਜ਼ ਕਰਨਾ ਚਾਹੀਦਾ ਹੈ। ਅਣਜਾਣ ਵਿਅਕਤੀ ਦੇ ਹੱਥ ਵਿੱਚ ਫ਼ੋਨ ਜਾਣ ਨਾਲ ਉਹ ਤੁਹਾਡੇ ਫ਼ੋਨ ’ਤੇ ਆਏ ਗੁਪਤ ਮੈਸੇਜ ਜਾਂ ਓ.ਟੀ.ਪੀ. ਨੂੰ ਅਸਾਨੀ ਨਾਲ ਦੇਖ ਸਕਦਾ ਹੈ, ਜਾਂ ਫ਼ੋਨ ਵਿੱਚ ਕੋਈ ਖਤਰਨਾਕ ਲਿੰਕ ਜਾਂ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਹਾਡਾ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ। ਡਿਜਿਟਲ ਸੁਰੱਖਿਆ ਦਾ ਨਿਯਮ ਕਹਿੰਦਾ ਹੈ ਕਿ ਤੁਹਾਡਾ ਸਮਾਰਟਫ਼ੋਨ ਤੁਹਾਡੇ ਬੈਂਕ ਦੇ ਲਾਕਰ ਦੀ ਚਾਬੀ ਵਾਂਗ ਹੈ, ਜਿਸ ਨੂੰ ਕਿਸੇ ਗੈਰ-ਮਰਦ ਜਾਂ ਅਣਜਾਣ ਦੇ ਹੱਥ ਵਿੱਚ ਦੇਣਾ ਖਤਰੇ ਤੋਂ ਖਾਲੀ ਨਹੀਂ।
ਸਾਈਬਰ ਸੁਰੱਖਿਆ ਨੂੰ ਲੈ ਕੇ ਪਰਿਵਾਰ ਵਿੱਚ ਇੱਕ ਖੁੱਲ੍ਹੀ ਚਰਚਾ ਹੋਣੀ ਬਹੁਤ ਲਾਜ਼ਮੀ ਹੈ। ਘਰ ਦੇ ਸਾਰੇ ਮੈਂਬਰਾਂ ਨੂੰ ਇਹ ਪੱਕੇ ਤੌਰ ’ਤੇ ਸਿਖਾਇਆ ਜਾਵੇ ਕਿ ਕੋਈ ਵੀ ਬੈਂਕ, ਸਰਕਾਰੀ ਵਿਭਾਗ ਜਾਂ ਨਾਮਵਰ ਕੰਪਨੀ ਫ਼ੋਨ ਕਰਕੇ ਕਦੇ ਵੀ ਤੁਹਾਡੇ ਕੋਲੋਂ ਗੁਪਤ ਪਿੰਨ, ਪਾਸਵਰਡ ਜਾਂ ਓ.ਟੀ.ਪੀ. ਨਹੀਂ ਮੰਗਦੀ। ਜੇਕਰ ਕੋਈ ਫ਼ੋਨ ’ਤੇ ਲਾਟਰੀ ਨਿਕਲਣ, ਬੈਂਕ ਖਾਤਾ ਬੰਦ ਹੋਣ ਜਾਂ ਸਸਤੇ ਲੋਨ ਦਾ ਲਾਲਚ ਦੇ ਕੇ ਓ.ਟੀ.ਪੀ. ਮੰਗੇ, ਤਾਂ ਤੁਰੰਤ ਫ਼ੋਨ ਕੱਟ ਦਿੱਤਾ ਜਾਵੇ। ਜਿੰਨਾ ਚਿਰ ਅਸੀਂ ਪਰਿਵਾਰ ਦੇ ਹਰ ਮੈਂਬਰ ਨੂੰ ਡਿਜਿਟਲ ਰੂਪ ਵਿੱਚ ਸਾਖਰ ਅਤੇ ਸੁਚੇਤ ਨਹੀਂ ਬਣਾਵਾਂਗੇ, ਉੰਨਾ ਚਿਰ ਸਾਡੀ ਮਿਹਨਤ ਦੀ ਕਮਾਈ ਸੁਰੱਖਿਅਤ ਨਹੀਂ ਰਹਿ ਸਕਦੀ। ਜਾਗਰੂਕਤਾ ਹੀ ਸਾਈਬਰ ਠੱਗਾਂ ਦੇ ਇਸ ਜਾਲ਼ ਤੋਂ ਬਚਣ ਦਾ ਸਭ ਤੋਂ ਉੱਤਮ ਅਤੇ ਇੱਕੋ-ਇੱਕ ਹੱਲ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































