“ਅੱਜ ਅਸੀਂ ਦਿਖਾਵੇ ਅਤੇ ਪਦਾਰਥਕ ਖੁਸ਼ੀਆਂ ਵਿੱਚ ਉਲਝ ਗਏ ਹਾਂ। ਸੋਸ਼ਲ ਮੀਡੀਆ ...”
(26 ਫਰਵਰੀ 2026)
ਸਮਾਂ ਕਦੇ ਵੀ ਇੱਕ ਥਾਂ ’ਤੇ ਨਹੀਂ ਖੜ੍ਹਦਾ। ਇਹ ਆਪਣੇ ਵਹਿਣ ਵਿੱਚ ਚਲਦਾ ਰਹਿੰਦਾ ਹੈ ਅਤੇ ਆਪਣੇ ਨਾਲ-ਨਾਲ ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਬਦਲਦਾ ਜਾਂਦਾ ਹੈ। ਅਕਸਰ ਅਸੀਂ ਕਹਿੰਦੇ ਹਾਂ ਕਿ ਜ਼ਮਾਨਾ ਬਦਲ ਗਿਆ ਹੈ, ਲੋਕਾਂ ਦਾ ਰਹਿਣ-ਸਹਿਣ ਬਦਲ ਗਿਆ ਹੈ, ਪਰ ਜੇਕਰ ਡੁੰਘਾਈ ਨਾਲ ਦੇਖਿਆ ਜਾਵੇ ਤਾਂ ਸਿਰਫ ਬਾਹਰੀ ਦਿਖਾਵਾ ਹੀ ਨਹੀਂ, ਸਗੋਂ ਸਾਡੇ ਅੰਦਰੂਨੀ ਜਜ਼ਬਾਤ, ਰਿਸ਼ਤਿਆਂ ਦੀ ਤਾਸੀਰ ਅਤੇ ਸਾਡਾ ਸੁਭਾਅ ਵੀ ਬਦਲ ਚੁੱਕਾ ਹੈ। ਖਾਸ ਤੌਰ ’ਤੇ ਇੱਕ ਔਰਤ, ਜੋ ਕਿ ਘਰ ਦੀ ਧੁਰਾ ਹੁੰਦੀ ਹੈ ਉਸਦੀ ‘ਮਾਂ’ ਅਤੇ ‘ਪਤਨੀ’ ਵਜੋਂ ਭੂਮਿਕਾ ਪਿਛਲੇ ਕੁਝ ਦਹਾਕਿਆਂ ਵਿੱਚ ਜ਼ਮੀਨ-ਅਸਮਾਨ ਦੇ ਫਰਕ ਨਾਲ ਬਦਲ ਗਈ ਹੈ।
ਜੇਕਰ ਅਸੀਂ ਆਪਣੀਆਂ ਮਾਵਾਂ, ਦਾਦੀਆਂ ਜਾਂ ਨਾਨੀਆਂ ਦੇ ਸਮੇਂ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਕੇਂਦਰ ਬਿੰਦੂ ਖੁਦ ਉਹ ਨਹੀਂ, ਸਗੋਂ ਉਨ੍ਹਾਂ ਦਾ ਪਰਿਵਾਰ ਅਤੇ ਬੱਚੇ ਹੁੰਦੇ ਸਨ। ਉਸ ਸਮੇਂ ਦੀਆਂ ਔਰਤਾਂ ਦੀ ਸੋਚ ਬਹੁਤ ਸਾਦੀ ਅਤੇ ਸਪਸ਼ਟ ਹੁੰਦੀ ਸੀ। ਉਨ੍ਹਾਂ ਦੇ ਮਨ ਵਿੱਚ ਹਮੇਸ਼ਾ ਇੱਕ ਅਜੀਬ ਜਿਹਾ ‘ਫਿਕਰ’ ਰਹਿੰਦਾ ਸੀ। ਇਹ ਫਿਕਰ ਆਪਣੇ ਲਈ ਨਹੀਂ ਸੀ, ਸਗੋਂ ਇਸ ਗੱਲ ਦਾ ਸੀ ਕਿ ਸਾਡੇ ਨਿਆਣੇ ਪੜ੍ਹ ਜਾਣ, ਉਹ ਜ਼ਿੰਦਗੀ ਵਿੱਚ ਕੁਝ ਬਣ ਜਾਣ, ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਉਸ ਦੌਰ ਦੀਆਂ ਔਰਤਾਂ ਲਈ ਪਤੀ-ਪਤਨੀ ਦਾ ਰਿਸ਼ਤਾ ਸਾਂਝ ਅਤੇ ਸਤਿਕਾਰ ਦਾ ਹੁੰਦਾ ਸੀ, ਨਾ ਕਿ ਲੈਣ-ਦੇਣ ਦਾ। ਉਨ੍ਹਾਂ ਨੂੰ ਕਦੇ ਇਹ ਚਿੰਤਾ ਨਹੀਂ ਸਤਾਉਂਦੀ ਸੀ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ (Anniversary) ’ਤੇ ਕੀ ਤੋਹਫ਼ਾ ਦਿੱਤਾ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਹੁੰਦਾ ਸੀ ਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ ਅਤੇ ਨਾ ਹੀ ਪਤੀ ਵੱਲੋਂ ਵਿਸ਼ ਨਾ ਕਰਨ ’ਤੇ ਕੋਈ ਕਲੇਸ਼ ਹੁੰਦਾ ਸੀ। ਉਨ੍ਹਾਂ ਦਾ ਪਿਆਰ ਖਾਮੋਸ਼ ਜ਼ਰੂਰ ਸੀ, ਸ਼ਬਦਾਂ ਵਿੱਚ ਬਿਆਨ ਨਹੀਂ ਸੀ ਹੁੰਦਾ, ਪਰ ਉਹ ਨਿਸਵਾਰਥ ਸੀ। ਉਨ੍ਹਾਂ ਦੀਆਂ ਉਮੀਦਾਂ ਬਹੁਤ ਘੱਟ ਸਨ, ਪਰ ਪਰਿਵਾਰ ਲਈ ‘ਫਿਕਰ’ ਦਾ ਪੱਧਰ ਬਹੁਤ ਉੱਚਾ ਸੀ। ਸਬਰ ਅਤੇ ਸੰਤੋਖ ਉਨ੍ਹਾਂ ਦੇ ਗਹਿਣੇ ਸਨ।
ਅੱਜ ਦੇ ਸਮੇਂ ਵਿੱਚ ਤਸਵੀਰ ਬਿਲਕੁਲ ਉਲਟ ਹੋ ਗਈ ਹੈ। ਅਜੋਕੀ ਔਰਤ ਜਾਂ ਨਵੀਂ ਪੀੜ੍ਹੀ ਦੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਅੱਜ ਅਸੀਂ “ਫਿਕਰ” ਘੱਟ ਕਰਨਾ ਚਾਹੁੰਦੇ ਹਾਂ ਪਰ ਦੂਜਿਆਂ ਤੋਂ “ਉਮੀਦਾਂ” ਬਹੁਤ ਜ਼ਿਆਦਾ ਪਾਲ ਲੈਂਦੇ ਹਾਂ। ਰਿਸ਼ਤਿਆਂ ਵਿੱਚ ਪਿਆਰ ਮਾਪਣ ਦਾ ਪੈਮਾਨਾ ਬਦਲ ਗਿਆ ਹੈ। ਅੱਜ ਇੱਕ ਪਤਨੀ ਨੂੰ ਆਪਣੇ ਪਤੀ ਤੋਂ ਇਹ ਉਮੀਦ ਰਹਿੰਦੀ ਹੈ ਕਿ ਖਾਸ ਮੌਕਿਆਂ ’ਤੇ ਉਸਨੂੰ ਸਿਰਫ ਯਾਦ ਹੀ ਨਾ ਕੀਤਾ ਜਾਵੇ, ਸਗੋਂ ਕੁਝ ਖਾਸ ਮਹਿਸੂਸ ਕਰਵਾਇਆ ਜਾਵੇ।
ਅੱਜ ਘਰਾਂ ਵਿੱਚ ਅਕਸਰ ਇਹ ਸਵਾਲ ਸੁਣਨ ਨੂੰ ਮਿਲਦੇ ਹਨ ਕਿ ਇਸ ਵਾਰ ਜਨਮਦਿਨ ਕਿਵੇਂ ਮਨਾਉਣਾ ਹੈ? ਪਿਛਲੇ ਇੱਕ ਸਾਲ ਤੋਂ ਤੁਸੀਂ ਮੈਨੂੰ ਕੋਈ ਢੰਗ ਦਾ ਗਿਫਟ ਨਹੀਂ ਦਿੱਤਾ? ਜਾਂ ਮੇਰੀ ਐਨੀਵਰਸਰੀ ’ਤੇ ਮੇਰੇ ਲਈ ਕੀ ਸਰਪ੍ਰਾਈਜ਼ ਪਲੈਨ ਕੀਤਾ ਹੈ? ਇਹ ਗੱਲ ਸਹੀ ਹੈ ਕਿ ਪਿਆਰ ਦਾ ਇਜ਼ਹਾਰ ਬਹੁਤ ਜ਼ਰੂਰੀ ਹੈ। ਜੇਕਰ ਕੋਈ ਇਨਸਾਨ ਬੋਲ ਕੇ ਜਾਂ ਆਪਣੇ ਕੰਮਾਂ ਰਾਹੀਂ ਪਿਆਰ ਨਾ ਜਤਾਵੇ ਤਾਂ ਸਾਥੀ ਨੂੰ ਅਣਗੌਲਿਆ ਮਹਿਸੂਸ ਹੋ ਸਕਦਾ ਹੈ। ਅੱਜ ਦੀ ਭੱਜ-ਨੱਠ ਵਾਲੀ ਜ਼ਿੰਦਗੀ ਵਿੱਚ ਦੋ ਪਲ ਪਿਆਰ ਦੇ ਸਾਂਝੇ ਕਰਨੇ ਗਲਤ ਨਹੀਂ ਹਨ। ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਹ ਚੀਜ਼ਾਂ ਖੁਸ਼ੀ ਦਾ ਸਾਧਨ ਬਣਨ ਦੀ ਬਜਾਏ ਰਿਸ਼ਤੇ ਦੀ ਬੁਨਿਆਦ ਅਤੇ ਸ਼ਰਤ ਬਣ ਜਾਂਦੀਆਂ ਹਨ।
ਅਸੀਂ ਅਣਜਾਣੇ ਵਿੱਚ ਹੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਬਹੁਤ ਵੱਡਾ ਬਣਾ ਲਿਆ ਹੈ। ਸਾਨੂੰ ਇਹ ਲੱਗਣ ਲੱਗ ਪਿਆ ਹੈ ਕਿ ਰਿਸ਼ਤਾ ਸਿਰਫ ਉਦੋਂ ਤਕ ਹੀ ਕਾਇਮ ਹੈ ਅਤੇ ਸਫਲ ਹੈ ਜਦੋਂ ਤਕ ਸਾਡੀਆਂ ਇਹ ਨਿੱਜੀ ਮੰਗਾਂ ਅਤੇ ਉਮੀਦਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਪੁਰਾਣੀਆਂ ਮਾਵਾਂ ਸਬਰ ਦੀ ਮੂਰਤ ਸਨ ਜਦਕਿ ਅੱਜ ਅਸੀਂ ਦਿਖਾਵੇ ਅਤੇ ਪਦਾਰਥਕ ਖੁਸ਼ੀਆਂ ਵਿੱਚ ਉਲਝ ਗਏ ਹਾਂ। ਸੋਸ਼ਲ ਮੀਡੀਆ ਨੇ ਇਸ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ, ਜਿੱਥੇ ਦੂਜਿਆਂ ਦੀਆਂ ਫੋਟੋਆਂ ਦੇਖ ਕੇ ਅਸੀਂ ਆਪਣੀ ਅਸਲ ਜ਼ਿੰਦਗੀ ਤੋਂ ਅਸੰਤੁਸ਼ਟ ਹੋਣ ਲੱਗ ਪਏ ਹਾਂ।
ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੋਹਫੇ, ਪਾਰਟੀਆਂ ਅਤੇ ਸਰਪ੍ਰਾਈਜ਼ ਜ਼ਿੰਦਗੀ ਦਾ ਇੱਕ ਰੰਗ ਹੋ ਸਕਦੇ ਹਨ ਪਰ ਇਹ ਜ਼ਿੰਦਗੀ ਦਾ ਮਕਸਦ ਨਹੀਂ ਹੋਣੇ ਚਾਹੀਦੇ। ਰਿਸ਼ਤੇ ਵਸਤੂਆਂ ਨਾਲ ਨਹੀਂ, ਭਾਵਨਾਵਾਂ ਨਾਲ ਸਾਹ ਲੈਂਦੇ ਹਨ। ਸਾਨੂੰ ਪੁਰਾਣੇ ਅਤੇ ਨਵੇਂ ਦੌਰ ਦੇ ਵਿਚਕਾਰ ਇੱਕ ਪੁਲ ਬਣਾਉਣ ਦੀ ਲੋੜ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬੱਚੇ ਉਹੀ ਸਿੱਖਦੇ ਹਨ ਜੋ ਉਹ ਸਾਨੂੰ ਕਰਦੇ ਦੇਖਦੇ ਹਨ। ਜੇਕਰ ਅਸੀਂ ਰਿਸ਼ਤਿਆਂ ਨੂੰ ਸੋਸ਼ਲ ਮੀਡੀਆ ਦੀ ਚਕਾਚੌਂਧ ਅਤੇ ਮਹਿੰਗੇ ਤੋਹਫਿਆਂ ਤਕ ਸੀਮਿਤ ਕਰ ਦੇਵਾਂਗੇ ਤਾਂ ਆਉਣ ਵਾਲੀ ਪੀੜ੍ਹੀ ਅਸਲ ਰਿਸ਼ਤਿਆਂ ਦੀ ਨਿੱਘ ਤੋਂ ਵਾਂਝੀ ਰਹਿ ਜਾਵੇਗੀ। ਸਾਡੀਆਂ ਮਾਵਾਂ ਵਾਲਾ ਪਰਿਵਾਰਕ ‘ਫਿਕਰ’ ਅਤੇ ਅੱਜ ਦੇ ਜ਼ਮਾਨੇ ਦਾ ਪਿਆਰ ਭਰਿਆ ‘ਇਜ਼ਹਾਰ’ ਜੇਕਰ ਇਨ੍ਹਾਂ ਦੋਵਾਂ ਵਿੱਚ ਸੰਤੁਲਨ ਬਣਾ ਲਿਆ ਜਾਵੇ ਤਾਂ ਰਿਸ਼ਤੇ ਹੋਰ ਵੀ ਖੂਬਸੂਰਤ ਹੋ ਸਕਦੇ ਹਨ। ਰਿਸ਼ਤੇ ਉਮੀਦਾਂ ਦੇ ਭਾਰ ਹੇਠ ਦੱਬ ਕੇ ਨਹੀਂ, ਸਗੋਂ ਇੱਕ-ਦੂਜੇ ਦੇ ਫਿਕਰ ਅਤੇ ਆਪਣੇਪਣ ਦੇ ਅਹਿਸਾਸ ਨਾਲ ਹੀ ਨਿਭਦੇ ਹਨ। ਆਉ, ਉਮੀਦਾਂ ਘਟਾਈਏ ਅਤੇ ਆਪਣਾਪਨ ਵਧਾਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (