“1942 ਵਿੱਚ ‘ਭਾਰਤ ਛੱਡੋ’ ਅੰਦੋਲਨ ਦੌਰਾਨ ਕਰੋ ਜਾਂ ਮਰੋ ਦਾ ਪ੍ਰਣ ...”
(2 ਅਕਤੂਬਰ 2026)

ਅਜੋਕੇ ਸਮੇਂ ਵਿੱਚ ਜਦੋਂ ਸਮਾਜ ਦੇ ਕੋਨੇ ਕੋਨੇ ਵਿੱਚ ਅਰਾਜਕਤਾ ਫੈਲ ਚੁੱਕੀ ਹੈ, ਭਾਈ ਭਾਈ ਦੇ ਖੂਨ ਦਾ ਪਿਆਸਾ ਹੋ ਚੁੱਕਿਆ ਹੈ, ਜਰ, ਜ਼ੋਰੂ ਅਤੇ ਜ਼ਮੀਨ ਲਈ ਹੁੰਦੇ ਨਿੱਤ ਦੇ ਝਗੜਿਆਂ ਦੀਆਂ ਖਬਰਾਂ ਨਾਲ ਅਖਬਾਰ ਭਰੇ ਮਿਲਦੇ ਹਨ ਤਾਂ ਉਸ ਸਮੇਂ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅੱਜ ਲੋੜ ਹੈ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣ ਦੀ ਅਤੇ ਇਹ ਗੱਲ ਸਮਝਣ ਦੀ ਕਿ ਹਰ ਮਸਲੇ ਦਾ ਹੱਲ ਹਥਿਆਰ ਨਹੀਂ ਸਗੋਂ ਵਿਚਾਰ ਵਟਾਂਦਰਾ ਵੀ ਹੋ ਸਕਦਾ ਹੈ। ਆਪਣੀ ਫੋਕੀ ਹਉਮੈਂ ਨੂੰ ਕਾਇਮ ਰੱਖਣ ਲਈ ਇੱਕਾ ਦੁੱਕਾ ਦੇਸ਼ਾਂ ਦਾ ਪੂਰੀ ਦੁਨੀਆਂ ਨੂੰ ਪ੍ਰਮਾਣੂ ਬੰਬਾਂ ਦੀ ਮਾਰ ਹੇਠ ਲਿਆਉਣ ਨਾਲੋਂ ਚੰਗਾ ਹੈ ਸ਼ਾਂਤੀ ਕਾਇਮ ਰੱਖਦੇ ਹੋਏ ਨਫਰਤ ਅਤੇ ਭੇਦਭਾਵ ਮਿਟਾ ਕੇ ਮਨੁੱਖਤਾ ਨੂੰ ਮੁਹੱਬਤ ਦਾ ਪੈਗਾਮ ਦਿੱਤਾ ਜਾਵੇ।
ਮਹਾਤਮਾ ਗਾਂਧੀ ਜੀ ਬਚਪਨ ਵਿੱਚ ਇੱਕ ਆਮ ਬੱਚੇ ਵਾਂਗ ਹੀ ਸਨ। ਉਹ ਸ਼ਰਾਰਤਾਂ ਵੀ ਕਰਦੇ ਸਨ ਪ੍ਰੰਤੂ ਉਨ੍ਹਾਂ ਦੀ ਸੱਚ ਬੋਲਣ ਦੀ ਆਦਤ ਉਨ੍ਹਾਂ ਨੂੰ ਅੱਗੇ ਲਿਜਾ ਕੇ ਮਹਾਨਤਾ ਦੀ ਉਪਾਧੀ ਦਿੰਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਗਲਤੀ ਕਰਨ ’ਤੇ ਝੂਠ ਬੋਲਿਆ ਪ੍ਰੰਤੂ ਉਹ ਝੂਠ ਬੋਲ ਕੇ ਬੇਚੈਨ ਰਹਿਣ ਲੱਗੇ। ਆਖਰ ਉਨ੍ਹਾਂ ਨੇ ਆਪਣੇ ਪਿਤਾ ਤੋਂ ਹੰਝੂ ਭਰੀਆਂ ਅੱਖਾਂ ਨਾਲ ਗਲਤੀ ਮੰਨਦੇ ਹੋਏ ਭਵਿੱਖ ਵਿੱਚ ਸੱਚ ਬੋਲਣ ਦਾ ਪ੍ਰਣ ਕੀਤਾ। ਇੱਕ ਵਾਰ ਦੀ ਗੱਲ ਹੈ ਕਿ ਮਹਾਤਮਾ ਗਾਂਧੀ ਜੀ ਦੇ ਸਕੂਲ ਵਿੱਚ ਇੰਸਪੈਕਟਰ ਜਾਂਚ ਕਰਨ ਲਈ ਆਇਆ। ਇੰਸਪੈਕਟਰ ਨੇ ਬੱਚਿਆਂ ਦਾ ਟੈੱਸਟ ਲੈਣ ਲਈ ਕੁਝ ਸ਼ਬਦ ਬੋਲੇ। ਉਨ੍ਹਾਂ ਸ਼ਬਦਾਂ ਨੂੰ ਬੱਚੇ ਆਪਣੀਆਂ ਸਲੇਟਾਂ ਉੱਪਰ ਲਿਖਣ ਲੱਗੇ। ਅਧਿਆਪਕ ਵਾਰੀ ਨਾਲ ਹਰ ਇੱਕ ਬੱਚੇ ਕੋਲ ਜਾ ਰਿਹਾ ਸੀ। ਉਸਨੇ ਦੇਖਿਆ ਕਿ ਮੋਹਨਦਾਸ (ਗਾਂਧੀ ਜੀ) ਦੀ ਸਲੇਟ ’ਤੇ ਇੱਕ ਸ਼ਬਦ ਗਲਤ ਤਰੀਕੇ ਨਾਲ ਲਿਖਿਆ ਹੋਇਆ ਹੀ। ਅਧਿਆਪਕ ਨੇ ਉਸਨੂੰ ਅੱਗੇ ਬੈਠੇ ਬੱਚੇ ਦੀ ਸਲੇਟ ਤੋਂ ਨਕਲ ਮਾਰ ਕੇ ਲਿਖਣ ਲਈ ਇਸ਼ਾਰਾ ਕੀਤਾ। ਇਹ ਗੱਲ ਗਾਂਧੀ ਜੀ ਨੂੰ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਗਲਤ ਸ਼ਬਦਜੋੜ ਹੀ ਇੰਸਪੈਕਟਰ ਨੂੰ ਚੈੱਕ ਕਰਵਾਇਆ ਪ੍ਰੰਤੂ ਨਕਲ ਨੂੰ ਤਰਜੀਹ ਨਹੀਂ ਦਿੱਤੀ।
ਮਹਾਤਮਾ ਗਾਂਧੀ ਜੀ ਤਮਾਮ ਜੀਵਨ ਸਰੀਰ ਉੱਪਰ ਇੱਕ ਚਾਦਰ ਲੈਕੇ ਅਜ਼ਾਦੀ ਦੀ ਲੜਾਈ ਲੜਦੇ ਰਹੇ। ਇਹ ਨਹੀਂ ਕਿ ਉਹ ਕੱਪੜੇ ਨਹੀਂ ਖਰੀਦ ਸਕਦੇ ਸਨ ਸਗੋਂ ਕਾਰਨ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਜਿੰਨਾ ਸਮਾਂ ਉਨ੍ਹਾਂ ਦੇ ਦੇਸ਼ ਵਾਸੀਆਂ ਦੇ ਤਨ ’ਤੇ ਕੱਪੜਾ ਨਹੀਂ ਆਉਂਦਾ, ਉਹ ਵੀ ਉੰਨਾ ਸਮਾਂ ਤਨ ’ਤੇ ਕੱਪੜਾ ਨਹੀਂ ਪਹਿਨਣਗੇ। ਗਾਂਧੀ ਜੀ ਨੇ ਜਾਤ ਪਾਤ ਦਾ ਖੰਡਣ ਕਰਨ ਦਾ ਬੀੜਾ ਚੁੱਕਿਆ। ਅਜ਼ਾਦੀ ਦੇ ਅੰਦੋਲਨ ਵਿੱਚ ਉਨ੍ਹਾਂ ਨੇ ਸ਼ਾਂਤੀ ਦਾ ਰਾਹ ਚੁਣਿਆ। ਉਹ ਕਹਿੰਦੇ ਸਨ ਕਿ ਅੱਖ ਦੇ ਬਦਲੇ ਅੱਖ ਪੂਰੀ ਦੁਨੀਆਂ ਨੂੰ ਅੰਨ੍ਹੇ ਬਣਾ ਦੇਵੇਗੀ, ਇਸੇ ਲਈ ਸ਼ਾਂਤੀ ਦੇ ਰਸਤੇ ’ਤੇ ਹੀ ਅਜ਼ਾਦੀ ਲੈਣ ਲਈ ਦ੍ਰਿੜ੍ਹ ਸੰਕਲਪ ਲਿਆ। ਡਾਂਡੀ ਯਾਤਰਾ ਉਨ੍ਹਾਂ ਨੇ ਨਮਕ ਸੱਤਿਆਗ੍ਰਹਿ ਲਈ ਕੀਤੀ। 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਕਰੋ ਜਾਂ ਮਰੋ ਦਾ ਪ੍ਰਣ ਉਨ੍ਹਾਂ ਦਾ ਦੇਸ਼ ਵਾਸੀਆਂ ਨੂੰ ਅੰਗਰੇਜ਼ ਹਕੂਮਤ ਦੀ ਜ਼ੰਜੀਰਾਂ ਤੋੜਨ ਲਈ ਕੀਤੇ ਵਚਨਬੱਧ ਵਜੋਂ ਦੇਖਿਆ ਜਾ ਸਕਦਾ ਹੈ। ਦੇਸ਼ ਦੀ ਅਜ਼ਾਦੀ ਦੌਰਾਨ ਗਰਮ ਦਲ ਦੇ ਨੇਤਾਵਾਂ ਨਾਲ ਉਨ੍ਹਾਂ ਦੇ ਮਤਭੇਦ ਹੋਏ ਪ੍ਰੰਤੂ ਉਨ੍ਹਾਂ ਨੇ ਕਿਸੇ ਵੀ ਹਾਲਤ ਵਿੱਚ ਅਹਿੰਸਾ ਦਾ ਰਾਹ ਨਹੀਂ ਤਿਆਗਿਆ। ਇੱਕ ਵਾਰ ਦੀ ਗੱਲ ਹੈ ਕਿ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ ਇੱਕ ਕੱਛੂਕੁੰਮੇ ਨੇ ਗਾਂਧੀ ਜੀ ਦੇ ਆ ਕੇ ਦੰਦੀ ਭਰੀ, ਮਹਾਤਮਾ ਗਾਂਧੀ ਜੀ ਨੂੰ ਇੱਕ ਬੱਚੇ ਨੇ ਸਵਾਲ ਕੀਤਾ ਕਿ ਤੁਸੀਂ ਇਸ ਕੱਛੂਕੁੰਮੇ ਨੂੰ ਹਿੰਸਾ ਨਾ ਕਰਨ ਬਾਰੇ ਕਦੇ ਨਹੀਂ ਦੱਸਿਆ ਤਾਂ ਇਹ ਸੁਣ ਕੇ ਬੱਚੇ ਨੂੰ ਮਹਾਤਮਾ ਗਾਂਧੀ ਜੀ ਕਹਿਣ ਲੱਗੇ, ਬੇਟਾ ਪਹਿਲਾਂ ਮਨੁੱਖਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣਾ, ਉਸ ਤੋਂ ਬਾਅਦ ਜਾਨਵਰਾਂ ਨੂੰ।
ਦੋ ਅਕਤੂਬਰ ਨੂੰ ਉਨ੍ਹਾਂ ਦਾ ਜਨਮ ਦਿਹਾੜਾ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪ੍ਰੰਤੂ ਉਸ ’ਤੇ ਅਮਲ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਹੁੰਦਾ। ਇਰਾਨ, ਇਰਾਕ, ਯੁਕਰੇਨ ਅਤੇ ਰੂਸ ਵਰਗੇ ਦੇਸ਼ ਜੰਗ ਦੇ ਮੈਦਾਨ ਬਣੇ ਹੋਏ ਹਨ। ਕਈ ਦੇਸ਼ ਦੂਜੇ ਦੇਸ਼ਾਂ ਨੂੰ ਪ੍ਰਮਾਣੂ ਬੰਬਾਂ ਦੀ ਧੌਂਸ ਦਿਖਾਉਂਦੇ ਹਨ ਪ੍ਰੰਤੂ ਉਹ ਇਹ ਨਹੀਂ ਜਾਣਦੇ ਕਿ ਮਰਨ ਵਾਲੇ ਲੋਕ ਆਮ ਲੋਕ ਹੁੰਦੇ ਹਨ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਕਿਉਂਕਿ ਜੰਗ ਤਾਂ ਖੁਦ ਇੱਕ ਮਸਲਾ ਹੈ। ਅਜੋਕੇ ਸਮੇਂ ਵਿੱਚ ਜਦੋਂ ਸਮੁੱਚਾ ਸੰਸਾਰ ਤਰੱਕੀ ਦੀਆਂ ਨਿੱਤ ਨਵੀਂਆਂ ਪੌੜੀਆਂ ਚੜ੍ਹ ਰਿਹਾ ਹੈ, ਉਸ ਸਮੇਂ ਜੰਗ ਬਾਰੇ ਸੋਚਣਾ ਆਪਣੇ ਪੈਰ ’ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਨਿੱਕੇ ਨਿੱਕੇ ਗਿਲੇ ਸ਼ਿਕਵੇ ਕਦੋਂ ਜੰਗ ਦਾ ਰੂਪ ਧਾਰਨ ਕਰ ਲੈਣ ਪਤਾ ਨਹੀਂ ਚਲਦਾ ਪ੍ਰੰਤੂ ਇਸਦਾ ਨਤੀਜਾ ਬੁਰਾ ਨਿਕਲਦਾ ਅਤੇ ਪਛਤਾਵਾ ਹਮੇਸ਼ਾ ਰਹਿੰਦਾ ਹੈ। ਮਹਾਤਮਾ ਗਾਂਧੀ, ਜਿਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਸ਼ਾਂਤੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਵਿਚਾਰਾਂ ਉੱਤੇ ਅਮਲ ਕਰਕੇ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਵਿਸ਼ਵ ਵਿੱਚੋਂ ਹਿੰਸਾ ਖਤਮ ਕਰਨ ਦਾ ਸੁਪਨਾ ਪੂਰਾ ਹੋ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































