“ਨੌਜਵਾਨ ਕਿਸੇ ਵੀ ਦੇਸ਼ ਦੀ ਪੂੰਜੀ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਅਣਥੱਕ, ਮਿਹਨਤੀ ਅਤੇ ...”
(21 ਅਗਸਤ 2025)
ਭਾਰਤ ਨੇ ਸੰਸਾਰ ਦੀਆਂ ਪਹਿਲੀਆਂ ਚਾਰ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਕੇ ਆਤਮ ਨਿਰਭਰ ਭਾਰਤ ਬਣਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਪੁੱਟਿਆ ਹੈ। ਇਹ 140 ਕਰੋੜ ਤੋਂ ਵੱਧ ਭਾਰਤੀ ਨਾਗਰਿਕਾਂ ਦੀ ਅਥਾਹ ਸ਼ਕਤੀ ਅਤੇ ਬੌਧਿਕਤਾ ਦਾ ਹੀ ਨਤੀਜਾ ਹੈ ਕਿ ਉਹ ਅੱਜ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ, ਚਿਕਿਤਸਾ, ਪੁਲਾੜ ਅਤੇ ਰੱਖਿਆ ਖੇਤਰਾਂ ਵਿੱਚ ਦੁਨੀਆਂ ਲਈ ਨਵੇਂ ਰਾਹ ਸਿਰਜਣ ਵਿੱਚ ਜੁਟਿਆ ਹੋਇਆ ਹੈ। ਭਾਰਤ ਦੀ ਆਤਮ ਨਿਰਭਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਪੂਰਾ ਸੰਸਾਰ ਜੂਝ ਰਿਹਾ ਸੀ, ਉਸ ਸਮੇਂ ਭਾਰਤ ਨੇ ਕਰੋਨਾ ਦਾ ਟੀਕਾ ਤਿਆਰ ਕਰਕੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਭਾਰਤ ਦੇ ਆਤਮ ਨਿਰਭਰਤਾ ਵੱਲ ਵਧ ਰਹੇ ਕਦਮਾਂ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਮਹਾਤਮਾ ਗਾਂਧੀ ਜੀ ਦਾ ਨਮਕ ਸੱਤਿਆਗ੍ਰਹਿ ਅਤੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਕੇ ਸਵਦੇਸ਼ੀ ਖੱਦਰ ਨੂੰ ਅਪਣਾਉਣਾ ਆਤਮ ਨਿਰਭਰ ਭਾਰਤ ਦੇ ਮੁਢਲੇ ਕਦਮਾਂ ਵਿੱਚੋਂ ਇੱਕ ਸੀ।
ਅਜੋਕੇ ਸਮੇਂ ਵਿੱਚ ਜਦੋਂ ਏ ਆਈ ਤਕਨੀਕ ਮਨੁੱਖ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਹੈ, ਉਸ ਸਮੇਂ ਵਿਗਿਆਨ ਅਤੇ ਤਕਨਾਲੋਜੀ ਦੇ ਖ਼ੇਤਰ ਵਿੱਚ ਨੌਜਵਾਨਾਂ ਲਈ ਵੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਮੌਕਿਆਂ ਦੀ ਭਰਮਾਰ ਹੈ। ਵਿਗਿਆਨ ਅਤੇ ਤਕਨਾਲੋਜੀ ਨੇ ਮਨੁੱਖੀ ਜ਼ਿੰਦਗੀ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਜੋ ਕੰਮ ਕਰਨ ਲਈ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ, ਉਹ ਕੰਮ ਅੱਜ ਘਰ ਬੈਠੇ ਹੀ ਸੰਭਵ ਹੈ। ਨੋਟ ਬੰਦੀ ਦੀਆਂ ਯਾਦਾਂ ਸਾਡੇ ਜ਼ਿਹਨ ਵਿੱਚ ਅੱਜ ਵੀ ਤਾਜ਼ੀਆਂ ਹਨ ਜਦੋਂ ਨੋਟ ਬਦਲਣ ਲਈ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗਣਾ ਪਿਆ। ਪੈਸੇ ਲੈ ਕੇ ਘਰੋਂ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ। ਡਿਜਿਟਲ ਭਾਰਤ ਵਿੱਚ ਆਨਲਾਈਨ ਬੈਂਕਿੰਗ, ਅਤੇ ਯੂ ਪੀ ਆਈ ਨੇ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਿੱਚ ਸਮਾ ਦਿੱਤਾ ਹੈ। ਹੁਣ ਇੱਕ ਖਾਤੇ ਵਿੱਚੋਂ ਦੂਜੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਲਈ ਬੈਂਕ ਜਾਣ ਦੀ ਲੋੜ ਨਹੀਂ, ਆਨਲਾਈਨ ਹੀ ਅਸੀਂ ਇੱਕ ਮਿੰਟ ਤੋਂ ਘੱਟ ਸਮੇਂ ਵਿੱਚ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਪੈਸੇ ਭੇਜ ਸਕਦੇ ਹਾਂ। ਹੁਣ ਖੱਜਲ਼ ਖੁਆਰੀ ਖ਼ਤਮ ਹੋ ਚੁੱਕੀ ਹੈ। ਇਹ ਭਾਰਤ ਉਹ ਨਹੀਂ ਰਿਹਾ। ਜਿਸਨੂੰ ਆਪਣੇ ਵਿਕਾਸ ਅਤੇ ਲੋੜਾਂ ਨੂੰ ਪੂਰੀਆਂ ਕਰਨ ਲਈ ਵਿਦੇਸ਼ੀ ਤਾਕਤਾਂ ਉੱਤੇ ਨਿਰਭਰ ਰਹਿਣਾ ਪੈਂਦਾ ਸੀ। ਦਿਨੋਂ ਦਿਨ ਹੁਣ ਇਸਦੀ ਦੂਜੇ ਦੇਸ਼ਾਂ ਤੇ ਨਿਰਭਰਤਾ ਦਾ ਘਟਣਾ ਭਾਰਤ ਦੇ ਆਤਮ ਨਿਰਭਰ ਹੋਣ ਦੀਆਂ ਨਿਸ਼ਾਨੀਆਂ ਹਨ।
ਬਿਜਲੀ ਪੈਦਾ ਕਰਨ ਲਈ ਗੁਰੂ ਗ੍ਰਾਮ ਵਿੱਚ ਲੱਗਿਆ ਸੋਲਰ ਪਲਾਂਟ ਦੁਨੀਆਂ ਲਈ ਰਾਹ ਦਸੇਰਾ ਹੈ। ਬਿਜਲੀ ਪੈਦਾ ਕਰਨ ਲਈ ਭਾਰਤ ਨੇ ਖਤਮ ਹੋਣ ਵਾਲੇ ਸੋਮਿਆਂ ਦੀ ਸੰਭਲ ਕੇ ਵਰਤੋਂ ਕਰਨ ਦੀ ਯੋਜਨਾ ਬਣਾਉਂਦੇ ਹੋਏ ਸੂਰਜੀ ਊਰਜਾ, ਪਾਣੀ ਅਤੇ ਪੌਣ ਊਰਜਾ ਵਰਗੇ ਪ੍ਰੋਜੈਕਟ ਚਲਾਉਣ ਲਈ ਯੋਜਨਾਵਾਂ ਉਲੀਕੀਆਂ, ਜਿਸ ਨਾਲ ਜਿੱਥੇ ਪੈਟਰੋਲ ਡੀਜ਼ਲ ਅਤੇ ਕੋਲੇ ਦੀ ਵਰਤੋਂ ਨੂੰ ਘਟਾ ਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਉੱਥੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।
ਨੌਜਵਾਨ ਕਿਸੇ ਵੀ ਦੇਸ਼ ਦੀ ਪੂੰਜੀ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਅਣਥੱਕ, ਮਿਹਨਤੀ ਅਤੇ ਸਿਰੜੀ ਹੋਣ, ਉਹ ਦੇਸ਼ ਕਦੇ ਪਿੱਛੇ ਨਹੀਂ ਰਹਿ ਸਕਦਾ। ਇਸਦੀ ਉਦਾਹਰਨ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਉੱਕਰੇ ਅਜ਼ਾਦੀ ਦੇ ਘੋਲ ਤੋਂ ਲਈ ਜਾ ਸਕਦੀ ਹੈ, ਜਿੱਥੇ ਭਗਤ ਸਿੰਘ, ਸੁਖਦੇਵ, ਰਾਜਗੁਰੂ, ਬੁਟਕੇਸ਼ਵਰ ਦੱਤ, ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਲੱਖਾਂ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੇ ਬਲੀਦਾਨ ਦੇ ਸਦਕਾ ਅਸੀਂ ਅੱਜ ਅਜ਼ਾਦ ਫਿਜ਼ਾ ਵਿੱਚ ਸ਼ਾਹ ਲੈਣ ਦੇ ਕਾਬਿਲ ਹੋਏ ਹਾਂ। ਜਵਾਨੀ ਕਦੇ ਨਾ ਥੱਕਣ, ਕਦੇ ਨਾ ਅੱਕਣ ਵਾਲਾ ਸਮਾਂ ਹੁੰਦਾ ਹੈ, ਇਸ ਲਈ ਨੌਜਵਾਨ ਜਿਸ ਖ਼ੇਤਰ ਵਿੱਚ ਕਦਮ ਪੁੱਟਣ ਉੱਥੇ ਕਾਮਯਾਬੀ ਮਿਲਣੀ ਤੈਅ ਹੈ।
ਰੋਜ਼ਗਾਰ ਦੀ ਤਲਾਸ਼ ਵਿੱਚ ਭਟਕ ਰਹੇ ਨੌਜਵਾਨਾਂ ਲਈ ਡਿਜਿਟਲ ਭਾਰਤ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ। ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਮੇਡ ਇਨ ਇੰਡੀਆ ਤਹਿਤ ਸਵੈ ਸਹਾਇਤਾ ਗਰੁੱਪਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ, ਇਸ ਨਾਲ ਜਿੱਥੇ ਉਹਨਾਂ ਨੂੰ ਕੁਝ ਆਮਦਨੀ ਹੋਵੇਗੀ, ਉੱਥੇ ਉਹਨਾਂ ਦਾ ਆਤਮਵਿਸ਼ਵਾਸ ਵੀ ਵਧੇਗਾ। ਪ੍ਰਧਾਨ ਮੰਤਰੀ ਜੀ ਦੁਆਰਾ ਸ਼ੁਰੂ ਕੀਤੀ ਗਈ ਲੋਕਲ ਫਾਰ ਵੋਕਲ ਭਾਵ ਸਵਦੇਸ਼ ਵਿੱਚ ਬਣੀਆਂ ਵਸਤਾਂ ਨੂੰ ਹੁਲਾਰਾ ਦੇਣਾ। ਪ੍ਰਧਾਨ ਮੰਤਰੀ ਜੀ ਨੇ ਮਨ ਕੀ ਬਾਤ ਵਿੱਚ ਦੇਸ਼ ਵਿੱਚ ਬਣਨ ਵਾਲੇ ਹਥਖੰਡੀ ਵਸਤਾਂ ਅਤੇ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੀ ਚਰਚਾ ਕੀਤੀ। ਇਸ ਨਾਲ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਰੁਜ਼ਗਾਰ ਮਿਲੇਗਾ, ਉੱਥੇ ਵਿਦੇਸ਼ਾਂ ਦੀ ਧਰਤੀ ’ਤੇ ਜਾਣ ਲਈ ਖਰਚੇ ਜਾ ਰਹੇ ਕਰੋੜਾਂ ਰੁਪਏ ਵੀ ਦੇਸ਼ ਦੇ ਵਿਕਾਸ ਵਿੱਚ ਲੱਗਣਗੇ। ਕੇਵਲ ਖਿਡੌਣੇ ਹੀ ਨਹੀਂ ਕੁਦਰਤੀ ਖੇਤੀ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ। ਅਜੋਕੇ ਸਮੇਂ ਵਿੱਚ ਫਲਾਂ ਸਬਜ਼ੀਆਂ ’ਤੇ ਧੜਾਧੜ ਵਰਤੀਆਂ ਜਾ ਰਹੀਆਂ ਰੇਹਾਂ ਅਤੇ ਸਪਰੇਆਂ ਨੇ ਜਿੱਥੇ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਵਿੱਚ ਨਿਘਾਰ ਲਿਆਂਦਾ ਹੈ, ਉੱਥੇ ਮਨੁੱਖੀ ਸਰੀਰ ਨੂੰ ਬਿਮਾਰੀਆਂ ਹਵਾਲੇ ਕਰਨ ਵਿੱਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ। ਰੇਹ ਅਤੇ ਸਪਰੇਆਂ ਵਾਲੀਆਂ ਸਬਜ਼ੀਆਂ ਦੀ ਜਗ੍ਹਾ ਕੁਦਰਤੀ ਖ਼ੇਤੀ ਵਾਲਾ ਮੋੜਾ ਕੱਟਿਆ ਜਾਵੇ ਤਾਂ ਰੁਜ਼ਗਾਰ ਪ੍ਰਾਪਤੀ ਦੇ ਨਾਲ ਨਾਲ ਸਿਹਤ ਵਿੱਚ ਵੀ ਸੁਧਾਰ ਲਿਆਂਦਾ ਜਾ ਸਕਦਾ ਹੈ। ਕੁਦਰਤੀ ਤਰੀਕੇ ਅਤੇ ਬਿਨਾਂ ਰਸਾਇਣਕ ਖਾਦਾਂ ਤੋਂ ਤਿਆਰ ਕੀਤੀ ਸਬਜ਼ੀ ਅਤੇ ਫਲਾਂ ਦੀ ਵਿਕਰੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਸੰਭਵ ਹੈ। ਸੋਸ਼ਲ ਮੀਡੀਏ ਅਤੇ ਆਨਲਾਈਨ ਸਾਈਟ ਦੀ ਮਦਦ ਨਾਲ ਆਰਡਰ ਲਏ ਜਾ ਸਕਦੇ ਹਨ ਇਸ ਤਰੀਕੇ ਨਾਲ ਕਿਸਾਨ ਆਪਣੇ ਉਤਪਾਦ ਦੀ ਡਿਮਾਂਡ ਵਧਾਉਣ ਵਿੱਚ ਕਾਮਯਾਬ ਹੋ ਸਕਦੇ ਹਨ।
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਈਕਲ ਅਤੇ ਸਰਵਜਨਿਕ ਵਾਹਨਾਂ ਭਾਵ ਬੱਸਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਉੱਜਲ ਯੋਜਨਾ ਤਹਿਤ ਪ੍ਰਦਾਨ ਕੀਤੇ ਜਾ ਰਹੇ ਗੈਸ ਸਿਲੰਡਰ ਪ੍ਰਦੂਸ਼ਣ ਮੁਕਤ ਭਾਰਤ ਬਣਾਉਣ ਲਈ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਏਕ ਪੇੜ ਮਾਂ ਕੇ ਨਾਮ ਤਹਿਤ ਰੁੱਖ ਲਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਵਿਆਹ ਸ਼ਾਦੀਆਂ ਅਤੇ ਹੋਰ ਮੌਕਿਆਂ ’ਤੇ ਤੋਹਫੇ ਵਜੋਂ ਪੌਦੇ ਦੇਣ ਦੀ ਰੀਤ ਵਾਤਾਵਰਣ ਦੀ ਸੁਰੱਖਿਆ ਲਈ ਸੋਨੇ ਉੱਤੇ ਸੁਹਾਗੇ ਦਾ ਕੰਮ ਕਰੇਗੀ। ਲੋਕ ਭਲਾਈ ਅਤੇ ਸਮਾਜ ਕਲਿਆਣ ਲਈ ਚੱਲ ਰਹੀਆਂ ਸਕੀਮਾਂ ਨੂੰ ਜਨਤਾ ਤਕ ਪਹੁੰਚਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਇਸ ਲਈ ਨੌਜਵਾਨਾਂ ਦਾ ਅੱਗੇ ਆਉਣਾ ਚਾਹੀਦਾ ਹੈ। ਨਿਰੰਤਰ ਵਿਕਾਸ ਦੀ ਪੌੜੀ ਚੜ੍ਹ ਕੇ ਵੱਖ ਵੱਖ ਖੇਤਰਾਂ ਵਿੱਚ ਅੱਗੇ ਵਧ ਰਿਹਾ ਭਾਰਤ ਆਤਮ ਨਿਰਭਰਤਾ ਦੀ ਨਿਸ਼ਾਨੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਕਰਤਵ ਬਣਦਾ ਹੈ ਕਿ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਇਸੇ ਰਾਹ ’ਤੇ ਚੱਲ ਕੇ ਅਸੀਂ ਸਭ ਕਾ ਸਾਥ, ਸਭ ਕਾ ਵਿਕਾਸ ਦੇ ਨਾਅਰੇ ਨੂੰ ਹਕੀਕੀ ਜਾਮਾ ਪਹਿਨਾ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (