“ਉਹ ਖਫਾ ਹੋਈ ਕਹਿੰਦੀ, “ਵੇ ਫੋਟ! ਦਾਦਣਿਆਂ ਦੇ ਅੱਗ ਲੱਗੀ ਪਈ ਐ।” ਫਿਰ ਉਹ ...”
(22 ਜੁਲਾਈ 2026)
ਕੋਈ ਸਮਾਂ ਸੀ ਕਿ ਭੱਠੀ ’ਤੇ ਦਾਣੇ ਭੁੰਨਣ ਵਾਲੀਆਂ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੋਇਆ ਕਰਦੀਆਂ ਸਨ। ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੋਣ ਦੇ ਨਾਲ-ਨਾਲ ਇਹ ਰੋਟੀ ਰੋਜ਼ੀ ਲਈ ਵੀ ਆਪਣੇ ਕਿੱਤੇ ਦੀਆਂ ਮੁਥਾਜ ਹੁੰਦੀਆਂ ਸਨ। ਸਾਡੇ ਪਿੰਡ ਇੱਕ ਦੇਬੋ ਨਾਮ ਦੀ ਔਰਤ ਭੱਠੀ ’ਤੇ ਦਾਣੇ ਭੁੰਨਿਆ ਕਰਦੀ ਸੀ। ਗਰਮੀਆਂ ਦੀ ਰੁੱਤੇ ਸ਼ਾਮ ਢੱਲਦੇ ਸਾਰ ਉਹ ਪਿੰਡ ਦੇ ਵਿਚਕਾਰ ਇੱਕ ਪਿੱਪਲ ਦੇ ਨੇੜੇ ਭੱਠੀ ਉੱਤੇ ਦਾਣੇ ਭੁੰਨਣ ਲੱਗ ਜਾਂਦੀ।
ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਜਾ, ਜਾ ਕੇ ਦੇਖਕੇ ਆ! ਦੇਬੋ ਨੇ ਭੱਠੀ ਲਾ ਲਈ ਹੈ ਜਾਂ ਨਹੀਂ। ਆਪਣੀ ਮਾਂ ਦਾ ਹੁਕਮ ਮੰਨਦਿਆਂ ਮੈਂ ਆਪਣੇ ਗੁਆਂਢ ਰਹਿੰਦੇ ਆਪਣੇ ਦੋਸਤ ਨੂੰ ਨਾਲ ਲੈਕੇ ਭੱਠੀ ਦੇਖਣ ਤੁਰ ਪੈਂਦਾ। ਭੱਠੀ ਕੋਲ ਪਈ ਪੱਤੀ ਜਾਂ ਪਰਾਲੀ ਤੋਂ ਹੀ ਅਸੀਂ ਅੰਦਾਜ਼ਾ ਲਾ ਲੈਂਦੇ ਕਿ ਹੁਣ ਦੇਬੋ ਭੱਠੀ ’ਤੇ ਆਉਣ ਵਾਲੀ ਹੀ ਹੈ। ਕੁਝ ਸਮੇਂ ਬਾਅਦ ਦੇਬੋ ਆਕੇ ਆਪਣੀ ਭੱਠੀ ਨੂੰ ਮਘਾ ਲੈਂਦੀ ਅਤੇ ਉਸਦੇ ਉੱਪਰ ਰੇਤ ਵਾਲੀ ਕੜਾਹੀ ਰੱਖਕੇ ਆਪਣਾ ਕਾਜ ਅਰੰਭ ਕਰ ਦਿੰਦੀ। ਮੈਂ ਤੁਰੰਤ ਆਕੇ ਇਸ ਬਾਰੇ ਆਪਣੀ ਮਾਂ ਨੂੰ ਸੂਚਨਾ ਦੇ ਦਿੰਦਾ। ਮੇਰੀ ਮਾਂ ਮੈਨੂੰ ਦਾਣਿਆਂ ਦਾ ਗੋਹਲਾ ਭਰਕੇ ਦਾਣੇ ਭੁਨਾ ਲਿਆਉਣ ਲਈ ਕਹਿੰਦੀ। ਮੈਂ ਅਤੇ ਮੇਰਾ ਦੋਸਤ ਦੋਵੇਂ ਜਣੇ ਦਾਣਿਆਂ ਦਾ ਭਰਿਆ ਗੋਹਲਾ ਲੈਕੇ ਭੱਠੀ ਤੋਂ ਭੁਨਾਉਣ ਲਈ ਲੈਕੇ ਚਲੇ ਜਾਂਦੇ। ਭੱਠੀ ਦੇ ਦੁਆਲੇ ਦਾਣੇ ਭੁਨਾਉਣ ਵਾਲਿਆਂ ਦੀ ਅਕਸਰ ਭੀੜ ਜਿਹੀ ਹੋ ਜਾਂਦੀ। ਕਾਫੀ ਨਿਆਣੇ ਭੱਠੀ ਦੇ ਦੁਆਲੇ ਦਾਣੇ ਭੁਨਾਉਣ ਲਈ ਇਕੱਤਰ ਹੋ ਜਾਂਦੇ। ਦੇਬੋ ਵਾਰੀ-ਵਾਰੀ ਦਾਣੇ ਭੁੰਨਦੀ ਰਹਿੰਦੀ। ਕਈ ਛੋਲਿਆਂ ਦੇ ਦਾਣੇ ਵੀ ਭੁਨਾਉਣ ਲਈ ਲੈ ਆਉਂਦੇ ਤਾਂ ਦੇਬੋ ਜਦੋਂ ਛੋਲਿਆਂ ਦੇ ਦਾਣੇ ਭੁੰਨਣ ਵੇਲੇ ਥੋੜ੍ਹਾ ਉੱਪਰ ਉੱਠਕੇ ਆਪਣੇ ਪਾਸ ਰੱਖੇ ਇੱਕ ਮਿੱਟੀ ਦੇ ਕੁੱਜੇ ਨੂੰ ਰੇਤ ਵਾਲੀ ਕੜਾਹੀ ਵਿੱਚ ਘੁਮਾਉਣ ਲਗਦੀ ਤਾਂ ਉਹਦੇ ਗੋਲ ਘੇਰਿਆਂ ਵਾਲੇ ਕੁੜਤੇ ਨੂੰ ਦੇਖਕੇ ਅਸੀਂ ਇੱਕ ਦੂਜੇ ਵੱਲ ਦੇਖਕੇ ਮੁਸਕਰਾ ਪੈਂਦੇ। ਕਿਉਂਕਿ ਸ਼ਾਇਦ ਪਿੰਡ ਵਿੱਚ ਦੇਬੋ ਦਾ ਪਹਿਰਾਵਾ ਹੀ ਅਜਿਹਾ ਸੀ। ਦੇਬੋ ਦਾ ਗੋਲ ਘੇਰਿਆਂ ਵਾਲਾ ਕੁੜਤਾ, ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ, ਨੱਕ ਦਾ ਕੋਕਾ ਅਤੇ ਸਿਰ ਉੱਤੇ ਮਲਮਲ ਦੀ ਚੁੰਨੀ ਉਸਦੀ ਨਵੇਕਲੀ ਪਛਾਣ ਸਨ। ਦੇਬੋ ਕੰਮ ਵਿੱਚ ਐਨੀ ਮਸਰੂਫ ਹੁੰਦੀ ਸੀ ਕਿ ਉਸਨੂੰ ਸਾਡੀ ਖਚਰੀ ਜਿਹੀ ਮੁਸਕਰਾਹਟ ਬਾਰੇ ਬਿਲਕੁਲ ਵੀ ਭਿਣਕ ਨਹੀਂ ਸੀ ਪੈਂਦੀ।
ਕਈ ਵਾਰ ਭੱਠੀ ’ਤੇ ਦਾਣੇ ਭੁਨਾਉਣ ਲਈ ਆਏ ਹੋਏ ਨਿਆਣੇ ਇੱਕ ਦੂਜੇ ਤੋਂ ਪਹਿਲਾਂ ਆਪੋ-ਆਪਣੇ ਮੱਕੀ ਅਤੇ ਕਣਕ ਦੇ ਦਾਣੇ ਮੱਲੋਜ਼ੋਰੀ ਦੇਬੋ ਦੇ ਛਾਨਣੇ ਵਿੱਚ ਪਾਉਣ ਵੇਲੇ ਰਲਾ ਦੇਂਦੇ। ਇਹ ਦੇਖਕੇ ਉਸ ਵਿਚਾਰੀ ਨੂੰ ਖਿਝ ਜਿਹੀ ਚੜ੍ਹ ਜਾਂਦੀ ਅਤੇ ਉਹਨਾਂ ਦੀ ਇਸ ਹਰਕਤ ਤੋਂ ਉਹ ਖਫਾ ਹੋਈ ਕਹਿੰਦੀ, “ਵੇ ਫੋਟ! ਦਾਦਣਿਆਂ ਦੇ ਅੱਗ ਲੱਗੀ ਪਈ ਐ।” ਫਿਰ ਉਹ ਰਲੇ ਹੋਏ ਸਾਰੇ ਦਾਣਿਆਂ ਨੂੰ ਆਪਣੇ ਕੋਲ ਰੱਖੇ ਹੋਏ ਇੱਕ ਝੋਲੇ ਵਿੱਚ ਅੱਡਰੇ ਹੀ ਪਾ ਲੈਂਦੀ ਅਤੇ ਹੋਰਨਾਂ ਕੋਲੋਂ ਭਾੜੇ ਵਜੋਂ ਲਏ ਹੋਏ ਦਾਣਿਆਂ ਵਿੱਚੋਂ ਉਨ੍ਹਾਂ ਦੇ ਦਾਣਿਆਂ ਦੇ ਬਰਾਬਰ ਦਾਣੇ ਭੁੰਨਕੇ ਦੇ ਦਿੰਦੀ। ਜਦੋਂ ਸਾਨੂੰ ਦਾਣੇ ਭੁਨਾਉਣ ਵਿੱਚ ਰਤਾ ਕੁ ਦੇਰੀ ਹੋ ਜਾਂਦੀ ਤਾਂ ਅਸੀਂ ਮੌਕਾ ਜਿਹਾ ਦੇਖਕੇ ਭੱਠੀ ’ਤੇ ਝੋਕਾ ਪਾਉਣ ਲੱਗ ਜਾਂਦੇ ਇਹ ਸੋਚਕੇ ਕਿ ਜਦੋਂ ਦੇਬੋ ਸਾਨੂੰ ਝੋਕਾ ਪਾਉਂਦਿਆਂ ਵੇਖੇਗੀ ਤਾਂ ਆਪ ਮੁਹਾਰੇ ਹੀ ਸਾਡੇ ਦਾਣੇ ਭੁੰਨ ਦੇਵੇਗੀ। ਪਰ ਜਦੋਂ ਦੇਬੋ ਸਾਡੇ ਵੱਲ ਨਾ ਤੱਕਦੀ ਤਾਂ ਮੈਂ ਅਤੇ ਮੇਰਾ ਦੋਸਤ ਝੋਕੇ ਵਾਲੀਆਂ ਛਟੀਆਂ ਨੂੰ ਧਰਤੀ ’ਤੇ ਖੜਕਾਉਣ ਲੱਗ ਜਾਂਦੇ, ਸਿਰਫ ਦੇਬੋ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਖਾਤਰ। ਸਾਡੀਆਂ ਗੁੱਝੀਆਂ ਰਮਜ਼ਾਂ ਨੂੰ ਪਛਾਣਦੀ ਹੋਈ ਦੇਬੋ ਕੁਝ ਸਮੇਂ ਬਾਅਦ ਆਪਣਾ ਲੋਹੇ ਦਾ ਛਾਨਣਾ ਮੇਰੇ ਵੱਲ ਕਰਕੇ ਕਹਿੰਦੀ, “ਲਿਆ ਉਏ ਤੈਨੂੰ ਵੀ ਤੋਰਾਂ।” ਉਹਦੇ ਕਹਿਣ ’ਤੇ ਝੱਟ ਮੈਂ ਆਪਣੇ ਦਾਣੇ ਉਹਦੇ ਛਾਨਣੇ ਵਿੱਚ ਪਾ ਦਿੰਦਾ। ਜਦੋਂ ਦਾਣੇ ਭੁੱਜ ਜਾਂਦੇ ਤਾਂ ਮੈਂ ਅਤੇ ਮੇਰਾ ਦੋਸਤ ਰਸਤੇ ਵਿੱਚ ਹੀ ਦਾਣਿਆਂ ਦੀ ਖਿੱਲਾਂ ਖਾਂਦੇ ਹੋਏ ਘਰ ਨੂੰ ਆ ਜਾਂਦੇ ਅਤੇ ਮੈਂ ਭੁੰਨੇ ਹੋਏ ਦਾਣੇ ਆਪਣੀ ਮਾਂ ਨੂੰ ਫੜਾ ਦਿੰਦਾ। ਮੇਰੀ ਮਾਂ ਸਾਰਿਆਂ ਨੂੰ ਖਾਣ ਲਈ ਦਾਣੇ ਵੰਡ ਦਿੰਦੀ।
ਅਜੋਕੇ ਸਮੇਂ ਚੜ੍ਹਦੇ ਪੰਜਾਬ ਵਿੱਚ ਭੱਠੀ ਵਾਲੀਆਂ ਨਾ-ਮਾਤਰ ਹੀ ਰਹਿ ਗਈਆਂ ਹਨ ਪਰ ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਅਜੇ ਇਨ੍ਹਾਂ ਭੱਠੀ ਵਾਲੀਆਂ ਦਾ ਕੰਮਕਾਰ ਅਜੇ ਚਲਦਾ ਹੈ। ਚੜ੍ਹਦੇ ਪੰਜਾਬ ਦੀਆਂ ਬਹੁਤੀਆਂ ਭੱਠੀ ਵਾਲੀਆਂ ਤਾਂ ਜਹਾਨੋਂ ਕੂਚ ਕਰ ਗਈਆਂ ਹਨ ਅਤੇ ਉਨ੍ਹਾਂ ਦੀ ਨਵੀਂ ਪੀੜ੍ਹੀ ਇਹ ਕਿੱਤਾ ਅਪਣਾਉਣ ਵਿੱਚ ਆਪਣੀ ਹੱਤਕ ਮਹਿਸੂਸ ਕਰਦੀ ਹੈ। ਇਸੇ ਕਰਕੇ ਅੱਜ ਭੱਠੀ ਵਾਲੀਆਂ ਦੇ ਭੁੰਨੇ ਹੋਏ ਦਾਣਿਆਂ ਦੀ ਥਾਂ ਮਸ਼ੀਨਾਂ ਦੇ ਬਣਾਏ ਪੌਪ ਕੌਰਨਾਂ ਨੇ ਲੈ ਲਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































