KulwantSSanghol7ਇੱਕ ਦਿਨ ਛੁੱਟੀ ਵਾਲੇ ਦਿਨ ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ ਤਾਂ ਮੇਰੀ ਖੁਸ਼ੀ ਦਾ ...
(28 ਮਈ 2026)


ਜਦੋਂ ਮੇਰਾ ਇੱਕ ਨਜ਼ਦੀਕੀ ਰਿਸ਼ਤੇਦਾਰ ਪਾਕਿਸਤਾਨ ਵਿਖੇ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਕਰਕੇ ਪਰਤਿਆ ਤਾਂ ਉਸਨੂੰ ਮਿਲਕੇ ਪਾਕਿਸਤਾਨ ਦੇ ਮਾਹੌਲ ਬਾਰੇ ਜਾਣਨ ਦੀ ਮੇਰੇ ਅੰਦਰ ਕਾਫੀ ਉਤਸੁਕਤਾ ਬਣੀ ਹੋਈ ਸੀ
ਇੱਕ ਦਿਨ ਅਚਾਨਕ ਉਸਦਾ ਸੁਨੇਹਾ ਆਇਆ ਕਿ ਉਹ ਛੁੱਟੀ ਵਾਲੇ ਦਿਨ ਮੇਰੇ ਕੋਲ ਆਵੇਗਾਜਿਸ ਸਮੇਂ ਉਹ ਮੇਰੇ ਕੋਲ ਆਇਆ, ਮੈਂ ਉਸ ਨਾਲ ਇਕਾਂਤ ਵਿੱਚ ਬੈਠਕੇ ਢੇਰ ਸਾਰੀਆਂ ਗੱਲਾਂ ਕੀਤੀਆਂਗੱਲਬਾਤ ਦੌਰਾਨ ਉਸਨੇ ਲਾਹੌਰ ਦੀਆਂ ਗਲੀਆਂ, ਅਨਾਰਕਲੀ ਬਜ਼ਾਰ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਬਾਰੇ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀਉਸਨੇ ਇਹ ਵੀ ਦੱਸਿਆ ਕਿ ਉਹ ਆਪਣੇ ਪੁਰਖਿਆਂ ਦੇ ਪਿੰਡ ਵੀ ਹੋ ਆਇਆ ਹੈ

ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਸਨੂੰ ਲਾਹੌਰ ਦੇ ਨੇੜਲੇ ਇੱਕ ਪਿੰਡ ਦੇ ਵਸਨੀਕ ਨੇ ਆਪਣੇ ਘਰ ਚਾਹ ਪੀਣ ਦਾ ਸੱਦਾ ਦਿੱਤਾਸੱਦਾ ਦੇਣ ਵਾਲਾ ਬੰਦਾ ਭਾਵੇਂ ਦਿੱਖ ਤੋਂ ਗਰੀਬ ਜਾਪਦਾ ਸੀ ਪਰ ਉਸਦੀ ਮੋਹ ਭਰੀ ਜੋਦੜੀ ਸੁਣਕੇ ਮੇਰਾ ਰਿਸ਼ਤੇਦਾਰ ਉਸਦੇ ਘਰ ਚਲਾ ਗਿਆਉਸਦਾ ਘਰ ਬਿਲਕੁਲ ਕੱਚਾ ਸੀਛੱਤ ਉੱਤੇ ਕੜੀਆਂ ਅਤੇ ਸਰਕੜਾ ਪਾਇਆ ਹੋਇਆ ਸੀਸਰਕੜੇ ਦੀਆਂ ਛੱਤਾਂ ਹੋਣ ਕਾਰਨ ਉੱਥੇ ਦੇਸੀ ਚਿੜੀਆਂ ਵੀ ਆ ਜਾ ਰਹੀਆਂ ਸਨਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਨੂੰ ਇਹ ਸਾਰਾ ਵਰਤਾਰਾ ਦੇਖਕੇ ਭਾਰਤੀ ਪੰਜਾਬ ਦੇ ਪੁਰਾਣੇ ਦਿਨਾਂ ਦੀ ਯਾਦ ਆ ਗਈ, ਜਦੋਂ ਘਰਾਂ ਵਿੱਚ ਚਿੜੀਆਂ ਦੇ ਆਲ੍ਹਣੇ ਆਮ ਹੁੰਦੇ ਸਨ

ਉਸਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਅੰਦਰ ਵੀ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਅਤੇ ਉੱਥੋਂ ਦੇ ਪਿੰਡ ਦੇਖਣ ਦੀ ਉਤਸੁਕਤਾ ਪੈਦਾ ਹੋ ਗਈਮੈਂ ਆਪਣਾ ਪਾਸਪੋਰਟ ਬਣਵਾਇਆ ਅਤੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਨਾਲ ਪਾਕਿਸਤਾਨ ਜਾਣ ਲਈ ਆਪਣਾ ਪਾਸਪੋਰਟ ਸਬੰਧਿਤ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਪ੍ਰੰਤੂ ਮੇਰਾ ਵੀਜ਼ਾ ਨਾ ਲੱਗਿਆਉਸ ਤੋਂ ਬਾਅਦ ਵੀ ਮੈਂ ਕੋਸ਼ਿਸ਼ ਜਾਰੀ ਰੱਖੀਅਖੀਰ ਇੱਕ ਦਿਨ ਮੈਨੂੰ ਵੀ ਪਾਕਿਸਤਾਨ ਵਿਖੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਮਿਲ ਗਿਆਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ

ਰਵਾਨਗੀ ਸਮੇਂ ਪਾਕਿਸਤਾਨ ਦੀ ਧਰਤੀ ’ਤੇ ਪੈਰ ਧਰਦੇ ਸਾਰ ਮੇਰੇ ਅੰਦਰ ਅਜੀਬ ਜਿਹੀ ਹਰਕਤ ਪੈਦਾ ਹੋਈ ਮੈਨੂੰ ਬੇਸ਼ਕ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਤਾਂ ਪ੍ਰਾਪਤ ਹੋ ਗਿਆ ਪ੍ਰੰਤੂ ਖੁੱਲ੍ਹਾ ਵੀਜ਼ਾ ਨਾ ਮਿਲਣ ਕਾਰਨ ਮੇਰੀ ਪਾਕਿਸਤਾਨ ਦੇ ਪਿੰਡ ਦੇਖਣ ਦੀ ਚਾਹਤ ਅਧੂਰੀ ਰਹਿ ਗਈਪਰ ਬੱਸਾਂ ਵਿੱਚ ਸਫਰ ਦੌਰਾਨ ਮੈਂ ਸੜਕਾਂ ਦੇ ਨੇੜਲੇ ਪਿੰਡਾਂ ਦੇ ਕੱਚੇ ਘਰਾਂ ਵੱਲ ਝਾਤੀ ਮਾਰਦਾ ਹੋਇਆ ਪੁਰਾਤਨ ਸੱਭਿਆਚਾਰ ਅਤੇ ਚੌਗਿਰਦੇ ਦਾ ਅਨੰਦ ਜ਼ਰੂਰ ਮਾਣਦਾ ਰਿਹਾਖੈਰ! ਸ੍ਰੀ ਨਨਕਾਣਾ ਸਾਹਿਬ ਵਿਖੇ ਜਦੋਂ ਅਸੀਂ ਨਨਕਾਣੇ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸੀ ਤਾਂ ਸੱਚੀ-ਮੁੱਚੀ ਦੇਸੀ ਚਿੜੀਆਂ ਘਰਾਂ ਦੇ ਇਰਦ-ਗਿਰਦ ਆਮ ਘੁੰਮ ਰਹੀਆਂ ਸਨ ਅਤੇ ਇਸ ਤੋਂ ਇਲਾਵਾ ਭਾਈ ਲਾਲੋ ਜੀ ਨਾਲ ਸਬੰਧਿਤ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਵੀ ਕਾਫੀ ਚਿੜੀਆਂ ਦੇਖਣ ਨੂੰ ਮਿਲੀਆਂਜਦੋਂ ਅਸੀਂ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਵਿਖੇ ਗਏ ਤਾਂ ਲਾਹੌਰ ਦੇ ਦਿੱਲੀ ਗੇਟ ਦੇ ਨੇੜੇ ਇੱਕ ਵਿਅਕਤੀ ਇੱਕ ਜਾਲੀਦਾਰ ਛਾਬੜੇ ਵਿੱਚ ਚਿੜੀਆਂ ਨੂੰ ਪਾਕੇ ਲੰਘ ਰਿਹਾ ਸੀਪਤਾ ਲੱਗਾ ਕਿ ਕੁਝ ਲੋਕ ਚਿੜੀਆਂ ਨੂੰ ਆਜ਼ਾਦ ਕਰਵਾਉਣ ਬਹੁਤ ਹੀ ਸ਼ੁਭ ਮੰਨਦੇ ਹਨ ਅਤੇ ਕਈ ਲੋਕ ਉਸ ਵਿਅਕਤੀ ਵੱਲੋਂ ਫੜੀਆਂ ਹੋਈਆਂ ਚਿੜੀਆਂ ਨੂੰ ਪੈਸੇ ਦੇਕੇ ਆਜ਼ਾਦ ਕਰਵਾਕੇ ਪੁੰਨ ਵੀ ਖੱਟ ਰਹੇ ਸਨ

ਪਾਕਿਸਤਾਨ ਤੋਂ ਵਾਪਸੀ ਸਮੇਂ ਮੇਰੇ ਸੀਨੇ ਅੰਦਰ ਵੀ ਪੁਰਾਣਾ ਸੱਭਿਆਚਾਰ ਅਤੇ ਮਾਹੌਲ ਪੈਦਾ ਕਰਨ ਦੀ ਇੱਛਾ ਪ੍ਰਬਲ ਹੋ ਗਈਇਸੇ ਇੱਛਾ ਅਧੀਨ ਮੈਂ ਆਪਣੇ ਘਰ ਦੇ ਵਿਹੜੇ ਦੇ ਅੰਦਰ ਅਤੇ ਬਾਹਰ ਖਾਲੀ ਪਈ ਥਾਂ ਉੱਤੇ ਨਿੰਮ, ਆਵਲਾਂ, ਜਾਮਣ, ਨਿੰਬੂ, ਆੜੂ ਅਤੇ ਕਈ ਹੋਰ ਫਲਦਾਰ ਅਤੇ ਫੁੱਲਦਾਰ ਬੂਟੇ ਲਾ ਦਿੱਤੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਸ਼ੁਰੂ ਕਰ ਦਿੱਤੀਇਸ ਤੋਂ ਇਲਾਵਾ ਘਰ ਦੇ ਵਰਾਂਡੇ ਵਿੱਚ ਲੱਕੜ ਅਤੇ ਜੂਟ ਦੇ ਕਈ ਆਲ੍ਹਣੇ ਲਿਆਕੇ ਟੰਗ ਦਿੱਤੇਘਰ ਦੇ ਵਿਹੜੇ ਵਿੱਚ ਜਿਹੜੀ ਥਾਂ ਕੱਚੀ ਪਈ ਸੀ, ਉਸ ਥਾਂ ਦੇ ਇੱਕ ਕੋਨੇ ਵਿੱਚ ਇੱਕ ਪੱਕਾ ਚੌਂਤਰਾ ਬਣਵਾ ਕੇ ਉਸ ਉੱਪਰ, ਚਾਵਲ, ਬਾਜਰਾ ਅਤੇ ਦੇਣ ਆਦਿ ਪਾਉਣ ਅਤੇ ਮਿੱਟੀ ਦੇ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਆਪਣਾ ਨਿਤਨੇਮ ਬਣਾ ਲਿਆਇਹ ਸਾਰਾ ਕਾਰਜ ਸਿਰੇ ਚਾੜ੍ਹਦਿਆਂ ਲਗਭਗ ਦੋ ਸਾਲ ਲੱਗ ਗਏ ਅਤੇ ਹੌਲੀ-ਹੌਲੀ ਘਰ ਦਾ ਮਾਹੌਲ ਕੁਦਰਤੀ ਰੰਗ ਵਿੱਚ ਰੰਗਿਆ ਦਿਸਣ ਲੱਗ ਪਿਆਕਈ ਵਾਰ ਮੇਰੇ ਵਰਤਾਰੇ ਨੂੰ ਦੇਖ ਕੇ ਪਰਿਵਾਰਕ ਮੈਂਬਰ ਮੈਨੂੰ ਸਹਿਯੋਗ ਵੀ ਦਿੰਦੇ ਅਤੇ ਕਈ ਵਾਰ ਟਕੋਰਾਂ ਵੀ ਮਾਰ ਜਾਂਦੇ, ਪਰ ਮੈਂ ਆਪਣੀ ਧੁਨ ਵਿੱਚ ਮਸਤ ਰਿਹਾਘਰ ਵਿੱਚ ਹੌਲੀ-ਹੌਲੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਇੱਕ ਕਾਟੋ ਨੇ ਪੱਕਾ ਆਲ੍ਹਣਾ ਸੰਭਾਲ ਲਿਆ ਅਤੇ ਉੱਥੇ ਰਹਿਣ ਲੱਗ ਪਈ ਅਤੇ ਬੱਚੇ ਵੀ ਦੇ ਦਿੱਤੇਕਾਂ, ਘੁੱਗੀਆਂ, ਤੋਤੇ, ਕਬੂਤਰ ਆਦਿ ਸਾਰੇ ਪੰਛੀ ਚੋਗਾ ਚੁਗਣ ਲਈ ਆ ਜਾਂਦੇ ਅਤੇ ਉਡਾਰੀ ਭਰਕੇ ਚਲੇ ਜਾਂਦੇ ਪਰ ਚਿੜ੍ਹੀਆਂ ਨਹੀਂ ਆਈਆਂ

ਦਿਨ ਬੀਤਦੇ ਗਏ ਇੱਕ ਦਿਨ ਛੁੱਟੀ ਵਾਲੇ ਦਿਨ ਮੈਂ ਬੈਠਾ ਅਖਬਾਰ ਪੜ੍ਹ ਰਿਹਾ ਸੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਮੈਂ ਦੋ ਤਿੰਨ ਘੁੱਗੀਆਂ ਅਤੇ ਤੋਤਿਆਂ ਦੇ ਵਿਚਕਾਰ ਇੱਕ ਪੁਰਾਣਾ ਦੇਸੀ ਚਿੜਾ ਵੀ ਬੈਠਾ ਚੋਗਾ ਚੁਗ ਰਿਹਾ ਦੇਖਿਆਉਹ ਬਹੁਤ ਹੀ ਕਾਹਲੀ ਵਿੱਚ ਨਜ਼ਰ ਆਇਆਜਿਉਂ ਹੀ ਮੈਂ ਉਸਦੇ ਨੇੜੇ ਗਿਆ ਤਾਂ ਉਹ ਤੁਰੰਤ ਉਡਾਰੀ ਮਾਰ ਗਿਆਅਗਲੇ ਦਿਨ ਉਹ ਆਪਣੇ ਨਾਲ ਇੱਕ ਮਾਦਾ ਨੂੰ ਲੈਕੇ ਆਇਆਫਿਰ ਇੱਕ ਹੋਰ ਜੋੜਾ ਆਉਣ ਲੱਗਾ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰਾ ਮਿਸ਼ਨ ਕਾਮਯਾਬ ਹੋ ਗਿਆ ਹੈਹੁਣ ਚਿੜੀਆਂ ਦੀ ਆਮਦ ਸ਼ੁਰੂ ਹੋ ਗਈ ਸੀ

ਚਿੜੀਆਂ ਸਮੇਤ ਹੋਰ ਪੰਛੀਆਂ ਦੀ ਪੂਰਾ ਦਿਨ ਸਾਡੇ ਵਿਹੜੇ ਅਤੇ ਕੋਠੇ ਉੱਤੇ ਮੌਜੂਦਗੀ ਨੇ ਮੇਰੇ ਪਰਿਵਾਰ ਨੂੰ ਵੀ ਮੇਰੇ ਮਿਸ਼ਨ ਵਿੱਚ ਸਹਿਯੋਗੀ ਬਣਾ ਦਿੱਤਾ ਹੈਪਹੁ-ਫੁਟਾਲੇ ਸਮੇਂ ਜਦੋਂ ਵੀ ਮੇਰੀ ਅੱਖ ਖੁੱਲ੍ਹਦੀ ਹੈ ਤਾਂ ਚਿੜੀਆਂ ਦੀ ਚੀਂ ਚੀਂ ਮੇਰੇ ਕੰਨੀ ਪੈਂਦੀ ਹੈ ਅਤੇ ਨਾਲ ਹੀ ਮੈਨੂੰ ਗੁਰਬਾਣੀ ਦੀ ਪੰਕਤੀ: ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥ ਯਾਦ ਆਉਣ ਲੱਗ ਜਾਂਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਵੰਤ ਸਿੰਘ ਸੰਘੋਲ

ਕੁਲਵੰਤ ਸਿੰਘ ਸੰਘੋਲ

Sanghol, Fatehgarh Sahib, Punjab, India.
WhataApp: (91 - 75289 - 26135)
Email: (singhkulwant2135@gmail.com)