“ਲਾਟਰੀ ਦਾ ਡਰਾਅ ਵੀ ਉਸੇ ਦਿਨ ਸ਼ਾਮ ਨੂੰ 4 ਵਜੇ ਨਿਕਲਣਾ ਸੀ। ਸਕੂਲ ਤੋਂ ...”
(12 ਮਈ 2026)
ਗੱਲ 1982-83 ਦੀ ਹੈ। ਉਦੋਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਮੇਰੇ ਬਾਪੂ ਜੀ ਕਿੱਤੇ ਵਜੋਂ ਅਧਿਆਪਕ ਸਨ। ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਵੀ ਘਰੇਲੂ ਕਬੀਲਦਾਰੀ ਕਾਰਨ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਮੇਰੇ ਬਾਪੂ ਕੋਲ ਇੱਕ ਪੁਰਾਣਾ ਜਿਹਾ ਸਾਈਕਲ ਸੀ, ਜਿਸਨੂੰ ਲੈਕੇ ਉਹ ਸਕੂਲ ਵਿੱਚ ਪੜ੍ਹਾਉਣ ਲਈ ਜਾਇਆ ਕਰਦੇ ਸਨ। ਮੇਰੇ ਅੰਦਰ ਅਕਸਰ ਸਾਈਕਲ ਚਲਾਉਣ ਦੀ ਉਤਸੁਕਤਾ ਜਿਹੀ ਬਣਦੀ ਰਹਿੰਦੀ। ਜਿਸ ਸਮੇਂ ਮੇਰੇ ਬਾਪੂ ਸਕੂਲ ਤੋਂ ਘਰ ਪਰਤਦੇ ਤਾਂ ਮੈਂ ਉਨ੍ਹਾਂ ਅੱਖ ਬਚਾਕੇ ਮਲਕੜੇ ਜਿਹੇ ਸਾਈਕਲ ਚੁੱਕਦਾ ਅਤੇ ਕਦੇ ਸਾਈਕਲ ਕੈਂਚੀ ’ਤੇ ਚਲਾਉਂਦਾ ਅਤੇ ਕਈ ਵਾਰ ਜੋਸ਼ ਵਿੱਚ ਸਾਈਕਲ ਦੇ ਡੰਡੇ ਉੱਤੇ ਚੜ੍ਹਕੇ ਸਾਈਕਲ ਨੂੰ ਪੂਰਾ ਦਬੱਲਦਾ। ਮੇਰੀ ਲਾਪਰਵਾਹੀ ਨਾਲ ਸਾਈਕਲ ਚਲਾਉਣ ’ਤੇ ਉਹਦੇ ਵਿੱਚ ਕੋਈ ਨਾ ਕੋਈ ਤਕਨੀਕੀ ਨੁਕਸ ਪੈ ਹੀ ਜਾਂਦਾ। ਜਦੋਂ ਕਦੇ ਮੇਰੇ ਬਾਪੂ ਜੀ ਮੈਨੂੰ ਸਾਈਕਲ ਚੁੱਕਦੇ ਨੂੰ ਦੇਖ ਲੈਂਦੇ ਤਾਂ ਮੇਰੇ ਬੜੀਆਂ ਸਿੱਕਦੀਆਂ। ਇਹ ਨਹੀਂ ਕਿ ਉਹ ਮੈਨੂੰ ਪਿਆਰ ਨਹੀਂ ਕਰਦੇ ਸਨ, ਉਨ੍ਹਾਂ ਦਾ ਮੇਰੇ ਨਾਲ ਡਾਢਾ ਪਿਆਰ ਸੀ ਪਰ ਉਹ ਨਹੀਂ ਸਨ ਚਾਹੁੰਦੇ ਕਿ ਮੈਂ ਸਾਈਕਲ ਲੈਕੇ ਜਾਵਾਂ ਅਤੇ ਖਰਾਬ ਕਰਕੇ ਖੜ੍ਹਾ ਦੇਵਾਂ ਅਤੇ ਅਗਲੇ ਦਿਨ ਸਕੂਲ ਜਾਣ ਵੇਲੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
ਐਤਵਾਰ ਦੀ ਛੁੱਟੀ ਆ ਗਈ। ਉਸ ਸਮੇਂ ਅਜੇ ਸਾਡੇ ਪਿੰਡ ਦੀਆਂ ਕੁਝ ਗਲੀਆਂ ਪੱਕੀਆਂ ਅਤੇ ਕੁਝ ਅਜੇ ਕੱਚੀਆਂ ਸਨ। ਸਾਡੇ ਘਰ ਨੂੰ ਜਾਣ ਵਾਲੀ ਗਲੀ ਅਜੇ ਪੱਕੀ ਨਹੀਂ ਸੀ ਬਣੀ, ਇਸ ਲਈ ਮੈਂ ਅਤੇ ਮੇਰੇ ਆਢ-ਗੁਆਂਢ ਵਾਲੇ ਸਾਰੇ ਦੋਸਤ ਗਲੀ ਵਿੱਚ ਘੁੱਤੀ (ਖੁੱਤੀ ... ਸੰਪਾਦਕ) ਪੁੱਟਕੇ ਗੋਲੀਆਂ (ਕੱਚ ਦੇ ਬੰਟੇ) ਖੇਡ ਰਹੇ ਸਾਂ। ਸਾਡੀ ਪਿੱਲ-ਚੋਟ ਵਾਲੀ ਖੇਡ ਚੱਲ ਰਹੀ ਸੀ। ਸਾਡੇ ਘਰ ਦੇ ਨੇੜੇ ਇੱਕ ਛੋਟਾ ਜਿਹਾ ਬਜ਼ਾਰ ਸੀ, ਜਿਸ ਵਿੱਚ ਪੰਜ ਸੱਤ ਦੁਕਾਨਾਂ ਸਨ, ਜਿਨ੍ਹਾਂ ਤੋਂ ਨਿਤਾ-ਪ੍ਰਤੀ ਦਾ ਲੋੜੀਂਦਾ ਸਮਾਨ ਅਕਸਰ ਮਿਲ ਜਾਇਆ ਕਰਦਾ ਸੀ ਅਤੇ ਅਕਸਰ ਲਾਗਲੇ ਪਿੰਡਾਂ ਦੇ ਲੋਕ ਵੀ ਆਪਣੀਆਂ ਲੋੜੀਂਦੀਆਂ ਵਸਤਾਂ ਇਨ੍ਹਾਂ ਦੁਕਾਨਾਂ ਤੋਂ ਖਰੀਦਣ ਵਾਸਤੇ ਆਉਂਦੇ ਰਹਿੰਦੇ ਸਨ। ਇੱਕ ਅਧਖੜ ਜਿਹੀ ਉਮਰ ਦਾ ਵਿਅਕਤੀ ਸਾਈਕਲ ’ਤੇ ਚੜ੍ਹਿਆ ਸਾਡੀ ਗਲੀ ਵਿੱਚੋਂ ਲੰਘ ਰਿਹਾ ਸੀ ਕਿ ਅਚਾਨਕ ਉਹਦੇ ਸਾਈਕਲ ਦੀ ਚੇਨ ਉੱਤਰ ਗਈ। ਉਹ ਸਾਈਕਲ ਨੂੰ ਸਟੈਂਡ ’ਤੇ ਲਾਕੇ ਚੇਨ ਚੜ੍ਹਾਉਣ ਲੱਗਾ। ਉਹਦੇ ਸਾਈਕਲ ਦੀ ਚੇਨ ਵਲ ਪੈਣ ਨਾਲ ਇਕੱਠੀ ਜਿਹੀ ਹੋ ਗਈ ਸੀ ਅਤੇ ਜੇਕਰ ਉਹ ਪੈਡਲ ਵਾਲੇ ਪਾਸੇ ਤੋਂ ਚੈਨ ਚੜ੍ਹਾਉਂਦਾਂ ਤਾਂ ਚੱਕੇ ਵਾਲੇ ਪਾਸੇ ਤੋਂ ਚੇਨ ਉੱਤਰ ਜਾਂਦੀ। ਕਾਫੀ ਸਮਾਂ ਇਹੀ ਸਿਲਸਿਲਾ ਜਾਰੀ ਰਿਹਾ। ਉਹਨੂੰ ਅੱਕਿਆ ਜਿਹਾ ਦੇਖਕੇ ਅਸੀਂ ਬੰਟੇ ਖੇਡਦੇ-ਖੇਡਦੇ ਉਹਦੇ ਨੇੜੇ ਜਿਹੇ ਹੋਕੇ ਉਹਨੂੰ ਦੇਖਣ ਲੱਗ ਪਏ। ਬਾਪੂ ਦਾ ਪੁਰਾਣਾ ਸਾਈਕਲ ਉਹਨਾਂ ਤੋਂ ਚੋਰੀ ਲਾਪਰਵਾਹੀ ਨਾਲ ਚਲਾਉਣ ’ਤੇ ਉਹਦੀ ਉੱਤਰਦੀ ਚੇਨ ਨੂੰ ਚੜ੍ਹਾ-ਚੜ੍ਹਾਕੇ ਮੈਨੂੰ ਚੇਨ ਚੜ੍ਹਾਉਣ ਦੀ ਮੁਹਾਰਤ ਜਿਹੀ ਹਾਸਲ ਹੋ ਗਈ ਸੀ। ਮੈਂ ਉਹਨੂੰ ਸਵਾਲੀਏ ਜਿਹੇ ਲਹਿਜੇ ਵਿੱਚ ਪੁੱਛਿਆ, “ਅੰਕਲ! ਮੈਂ ਚੜ੍ਹਾਵਾਂ ਤੇਰੀ ਚੈਨ?”
ਉਹ ਮੁਸਕਰਾਇਆ। ਉਹਦੀ ਮੁਸਕਰਾਹਟ ਦੇਖਕੇ ਮੈਂ ਤੁਰੰਤ ਆਪਣੀ ਨਿੱਕਰ ਨੂੰ ਉੱਪਰ ਚੜ੍ਹਾਉਂਦੇ ਹੋਏ ਉਹਦੇ ਸਾਈਕਲ ਦਾ ਪੈਡਲ ਜਾ ਫੜਿਆ ਅਤੇ ਆਪਣੀ ਹੀ ਤਰਕੀਬ ਨਾਲ ਚੇਨ ਚੜ੍ਹਾਕੇ ਪੈਡਲ ਨੂੰ ਘੁਮਾ ਦਿੱਤਾ। ਮੇਰੀ ਕਾਰਗੁਜ਼ਾਰੀ ਤੋਂ ਖੁਸ਼ ਹੋਕੇ ਉਹ ਬੋਲਿਆ, “ਵਾਹ ਉਏ ਸ਼ੇਰਾ!”
ਝਟਪਟ ਹੀ ਉਹਨੇ ਆਪਣੀ ਜੇਬ ਵਿੱਚੋਂ ਦੋ ਰੁਪਏ ਦਾ ਕਾਗਜ਼ੀ ਨੋਟ ਕੱਢਕੇ ਮੇਰੇ ਹੱਥ ’ਤੇ ਧਰ ਦਿੱਤਾ। ਇੱਕ ਵਾਰ ‘ਰਹਿਣ ਦਿਓ ਅੰਕਲ’ ਕਹਿਕੇ ਦੂਜੀ ਵਾਰ ਝੱਟ ਫੜਕੇ ਮੈਂ ਆਪਣੀ ਜੇਬ ਵਿੱਚ ਪਾ ਲਿਆ। ਦੋ ਰੁਪਏ ਨੂੰ ਖਰਚਣ ਦੀ ਵਿਉਂਤਾਂ ਮੇਰੇ ਜ਼ਿਹਨ ਵਿੱਚ ਘੁੰਮਣ ਲੱਗ ਪਈਆਂ। ਸਾਰਾ ਦਿਨ ਲੰਘ ਗਿਆ, ਰਾਤ ਪੈ ਗਈ ਪਰ ਦੋ ਰੁਪਏ ਦਾ ਨੋਟ ਮੇਰੀ ਜੇਬ ਵਿੱਚ ਹੀ ਸੀ।
ਅਗਲੇ ਦਿਨ ਸਕੂਲ ਜਾਣ ਲੱਗੇ ਮੈਂ ਦੋ ਰੁਪਏ ਦਾ ਨੋਟ ਸਕੂਲ ਦੀ ਵਰਦੀ ਵਾਲੀ ਕਮੀਜ ਵਿੱਚ ਪਾ ਲਿਆ ਅਤੇ ਮਨ ਵਿੱਚ ਵਿਉਂਤ ਬਣਾਈ ਕਿ ਅੱਜ ਦੁਪਹਿਰ ਛੁੱਟੀ ਵੇਲੇ ਸਕੂਲ ਦੇ ਬਾਹਰ ਖੜ੍ਹਨ ਵਾਲੇ ਮਲਾਈ ਕੁਲਫੀ ਵਾਲੇ ਭਾਈ ਤੋਂ ਕੁਲਫੀ ਖਾਧੀ ਜਾਵੇ। ਸਕੂਲ ਦੇ ਰਾਹ ਵਿੱਚ ਇੱਕ ਸਟੋਵ ਮੁਰੰਮਤ ਕਰਨ ਵਾਲੇ ਦੀ ਦੁਕਾਨ ਆਉਂਦੀ ਸੀ, ਉਹਨੇ ਇੱਕ ਲਾਟਰੀ ਸਕੀਮ ਚਲਾਈ ਹੋਈ ਸੀ ਅਤੇ ਸਵੇਰੇ-ਸਵੇਰੇ ਉਹ ਆਪਣੀ ਦੁਕਾਨ ’ਤੇ ਝਾੜੂ ਲਾ ਕੇ ਲਾਟਰੀ ਸਕੀਮ ਵਾਲੀਆਂ ਵਸਤਾਂ ਨੂੰ ਬਾਹਰ ਰੱਖੇ ਹੋਏ ਲੱਕੜ ਦੇ ਤਖਤਪੋਸ਼ ਉੱਤੇ ਟਿਕਾ ਰਿਹਾ ਸੀ, ਜਿਨ੍ਹਾਂ ਵਿੱਚ ਟੇਪ ਰਿਕਾਰਡ, ਘੜੀ, ਬੈਟਰੀ, ਟਾਈਮ ਪੀਸ, ਬੱਤੀਆਂ ਵਾਲਾ ਸਟੋਵ ਆਦਿ ਤੋਂ ਇਲਾਵਾ ਲਾਟਰੀ ਦਾ ਪਹਿਲਾ ਇਨਾਮ ਇੱਕ ਸਾਈਕਲ ਵੀ ਸ਼ਾਮਲ ਸੀ। ਲਾਟਰੀ ਦੀ ਕੀਮਤ ਦੋ ਰੁਪਏ ਸੀ। ਦਿਲ ਕੀਤਾ ਕਿ ਲਾਟਰੀ ਪਾ ਦੇਵਾਂ। ਕਦੇ ਮਨ ਵਿੱਚ ਮਲਾਈ ਵਾਲੀ ਕੁਲਫੀ ਦਾ ਖਿਆਲ ਆ ਜਾਂਦਾ। ਮੈਂ ਅੱਧ-ਮੰਨੇ ਜਿਹੇ ਮਨ ਨਾਲ ਲਾਟਰੀ ਵਾਲੀ ਪਰਚੀ ਕਟਵਾਕੇ ਜੇਬ ਵਿੱਚ ਪਾ ਲਈ ਅਤੇ ਸਕੂਲ ਵੱਲ ਨੂੰ ਤੁਰ ਪਿਆ।
ਲਾਟਰੀ ਦਾ ਡਰਾਅ ਵੀ ਉਸੇ ਦਿਨ ਸ਼ਾਮ ਨੂੰ 4 ਵਜੇ ਨਿਕਲਣਾ ਸੀ। ਸਕੂਲ ਤੋਂ ਵਾਪਸ ਪਰਤਣ ਮਗਰੋਂ ਮੈਂ ਸ਼ਾਮ ਚਾਰ ਵਜੇ ਡਰਾਅ ਵਾਲੀ ਥਾਂ ’ਤੇ ਪੁੱਜ ਗਿਆ। ਮੈਂ ਕਿਸੇ ਨੂੰ ਵੀ ਲਾਟਰੀ ਬਾਰੇ ਨਹੀਂ ਦੱਸਿਆ। ਡਰਾਅ ਵਾਲੀ ਥਾਂ ’ਤੇ ਲਾਏ ਹੋਏ ਲਾਊਡ ਸਪੀਕਰ ਵਿੱਚੋਂ ਇੱਕ ਭਾਈ ਉੱਚੀ-ਉੱਚੀ ਬੋਲ ਰਿਹਾ ਸੀ, ਬੱਸ ਚੰਦ ਕੁ ਮਿੰਟ ਬਾਕੀ ਹਨ ਦੇਖੋ ਕਿਸ ਕਿਸ ਦੀ ਕਿਸਮਤ ਚਮਕਦੀ ਹੈ। ਡਰਾਅ ਅਰੰਭ ਹੋਇਆ ਤਾਂ ਡਰਾਅ ਦੇ ਪਹਿਲੇ ਇਨਾਮ ਸਾਈਕਲ ਲਈ ਮੇਰੀ ਪਰਚੀ ਵਾਲਾ ਨੰਬਰ ਬੋਲਿਆ ਗਿਆ। ਸੁਣਕੇ ਖੁਸ਼ੀ ਵਿੱਚ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਮੈਂ ਇਨਾਮ ਲੈਣ ਵੇਲੇ ਸਾਈਕਲ ਫੜਕੇ ਆਪਣੀ ਜ਼ਿੰਦਗੀ ਦੀ ਪਹਿਲੀ ਫੋਟੋ ਖਿਚਵਾਈ।
ਸਾਈਕਲ ’ਤੇ ਚੜ੍ਹਕੇ ਮੈਂ ਘਰ ਪੁੱਜਿਆ ਤਾਂ ਲਾਟਰੀ ਵਾਲੇ ਸਾਈਕਲ ਦਾ ਹੈਂਡਲ ਫੜਕੇ ਮੇਰੇ ਬਾਪੂ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਅਤੇ ਸਾਰਾ ਪਰਿਵਾਰ ਖੁਸ਼ੀ ਵਿੱਚ ਝੂਮ ਉੱਠਿਆ।
ਬੇਸ਼ੱਕ ਇਸ ਘਟਨਾ ਨੂੰ ਲਗਭਗ ਚਾਲੀ ਸਾਲ ਬੀਤ ਚੁੱਕੇ ਹਨ ਪਰ ਦੋ ਰੁਪਏ ਦੀ ਲਾਟਰੀ ਪਾਕੇ ਡਰਾਅ ਵਿੱਚ ਨਿਕਲੇ ਹੋਏ ਸਾਈਕਲ ਦਾ ਮਿਲਿਆ ਸਕੂਨ ਅੱਜ ਵੀ ਮੇਰੇ ਚੇਤਿਆਂ ਦੀ ਚੰਗੇਰ ਬਣਿਆ ਹੋਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































