“ਪੁੱਤ! ਜਦੋਂ ਤੂੰ ਜੰਮਿਆ ਸੀ ਤਾਂ ਜਗੀਰੋ ਨੇ ਖੁਸ਼ ਹੋਕੇ ਤੈਨੂੰ ਇੱਕ ਰੁਪਏ ਦਾ ਸ਼ਗਨ ...”
(26 ਅਪਰੈਲ 2026)
ਕਾਲੇ ਰੰਗ, ਮੋਟੇ ਨੱਕ ਅਤੇ ਭਾਰੇ ਸਰੀਰ ਵਾਲੀ ਜਗੀਰੋ ਸਾਡੇ ਘਰ ਦੇ ਨੇੜਲੇ ਲੰਬੜਾਂ ਦੇ ਘਰ ਵਿੱਚ ਜਦੋਂ ਗੋਹਾ-ਕੂੜਾ ਕਰਨ ਲਈ ਆਉਂਦੀ ਤਾਂ ਉਸਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਦੀ ਛਣਕਾਰ ਤੋਂ ਉਸਦੀ ਆਮਦ ਦਾ ਆਪ ਮੁਹਾਰੇ ਹੀ ਪਤਾ ਲੱਗ ਜਾਂਦਾ ਸੀ।
ਆਪਣੇ ਘਰ ਦੇ ਬਾਹਰ ਗਲੀ ਵਿੱਚ ਜਿਸ ਸਮੇਂ ਮੈਂ ਅਤੇ ਮੇਰੇ ਸਾਥੀ ਪਿੱਠੂ ਖੇਡ ਰਹੇ ਹੁੰਦੇ ਤਾਂ ਦੂਰੋਂ ਆਉਂਦੀ ਜਗੀਰੋ ਨੂੰ ਦੇਖਦੇ ਸਾਰ ਆਪਣੀ ਪਿੱਠੂ ਗਰਮ ਖੇਡ ਨੂੰ ਮਘਾ ਲੈਂਦੇ। ਜਿਸ ਸਮੇਂ ਜਗੀਰੋ ਗੋਹੇ-ਕੂੜੇ ਦਾ ਟੋਕਰਾ ਲੰਬੜਾਂ ਦੇ ਘਰੋਂ ਲੈਕੇ ਲੰਘਣ ਲਗਦੀ ਤਾਂ ਅਸੀਂ ਆਪਣੀ ਫਿੰਡ (ਗੇਂਦ, ਖਿੱਦੋ) ਸ਼ਰਾਰਤ ਵੱਸ ਜ਼ੋਰ ਦੇਕੇ ਜਗੀਰੋ ਦੇ ਮਾਰ ਦਿੰਦੇ। ਉਹ ਉੱਚੀ-ਉੱਚੀ ਬੋਲਦੀ ਸਾਨੂੰ ਕੋਸਦੀ ਹੋਈ ਅੱਗੇ ਲੰਘ ਜਾਂਦੀ ਅਤੇ ਅਸੀਂ ਮੁੜ ਖੇਡਣ ਵਿੱਚ ਮਸਤ ਹੋ ਜਾਂਦੇ ਸਾਂ। ਮੇਰੀ ਬੇਬੇ ਦਾ ਜਗੀਰੋ ਨਾਲ ਅਥਾਹ ਪਿਆਰ ਸੀ। ਉਹ ਮੇਰੀ ਬੇਬੇ ਕੋਲ ਆਪਣੀਆਂ ਘਰੇਲੂ ਗੱਲਾਂ ਵੀ ਸਾਂਝੀਆਂ ਕਰਦੀ ਰਹਿੰਦੀ ਸੀ। ਕਦੇ-ਕਦੇ ਸਾਡੀਆਂ ਸ਼ਰਾਰਤਾਂ ਬਾਰੇ ਵੀ ਮੇਰੀ ਬੇਬੇ ਨੂੰ ਸ਼ਿਕਾਇਤ ਲਾ ਜਾਂਦੀ ਅਤੇ ਸ਼ਿਕਾਇਤ ਸੁਣਕੇ ਮੇਰੀ ਬੇਬੇ ਹਲਕੀ ਜਿਹੀ ਮੁਸਕਾਨ ਦਿੰਦੀ ਹੋਈ ਮੈਨੂੰ ਮਿੱਠੀ ਜਿਹੀ ਝਿੜਕ ਮਾਰ ਦਿੰਦੀ।
ਚੇਤ ਦੇ ਮਹੀਨੇ ਜਦੋਂ ਅਸੀਂ ਪਿੰਡ ਵਿੱਚ ਮਾਤਾ ਰਾਣੀ ਦੇ ਸਥਾਨ ’ਤੇ ਗੁਲਗੁਲੇ-ਕਚੌਰੀਆਂ ਦਾ ਮੱਥਾ ਟੇਕਣ ਜਾਂਦੇ ਤਾਂ ਜਗੀਰੋ ਵੀ ਉੱਥੇ ਆਪਣੀ ਕੁਕੜੀ (ਮੁਰਗੀ) ਵਾਰਨੇ ਲਈ ਲੈਕੇ ਆਈ ਹੁੰਦੀ। ਜਦੋਂ ਅਸੀਂ ਮੱਥਾ ਟੇਕ ਲੈਂਦੇ ਤਾਂ ਸਾਨੂੰ ਸਾਰੇ ਪਰਿਵਾਰ ਵਾਲਿਆਂ ਨੂੰ ਜਗੀਰੋ ਇੱਕ ਥਾਂ ਬਿਠਾਕੇ ਸਾਡੇ ਸਿਰਾਂ ਉੱਤੋਂ ਕੁਕੜੀ ਨੂੰ ਸੱਤ ਵਾਰੀ ਘੁਮਾਉਂਦੀ ਅਤੇ ਹਰ ਵਾਰ ਕੁਕੜੀ ਦੇ ਪੰਜੇ ਮੇਰੇ ਸਿਰ ਨੂੰ ਛੁਹਾਕੇ ਮੁਸਕਰਾ ਪੈਂਦੀ ਅਤੇ ਜਦੋਂ ਕੁਕੜੀ ਮੇਰੇ ਸਿਰ ਕੋਲ ਆਉਣ ਲਗਦੀ ਤਾਂ ਮੈਂ ਆਪਣਾ ਸਿਰ ਹੇਠਾਂ ਨੂੰ ਕਰਨ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਜਗੀਰੋ ਮੁਸਕੜੀਏਂ ਹੱਸਦੀ ਹੋਈ ਕੁਕੜੀ ਦੇ ਪੰਜੇ ਮੇਰੇ ਸਿਰ ਨਾਲ ਛੁਹਾ ਹੀ ਦਿੰਦੀ ਅਤੇ ਕੁਕੜੀ ਵਾਰਨ ਤੋਂ ਬਾਅਦ ਮੈਨੂੰ ਛੇੜਦੀ ਹੋਈ ਕਹਿੰਦੀ ਲਿਆ ਉਏ! ਮੇਰਾ ਲਾਗ, ਮੈਂ ਤਾਂ ਤੇਰੇ ਕੋਲੋਂ ਹੀ ਲਾਗ ਲੈਣਾ ਹੈ। ਜਗੀਰੋ ਦੀ ਇਹ ਗੱਲ ਸੁਣਕੇ ਮੈਂ ਆਪਣੀ ਬੇਬੇ ਦੇ ਕੁੜਤੇ ਦਾ ਪੱਲਾ ਫੜਕੇ ਆਪਣੇ ਮੂੰਹ ਨੂੰ ਲੁਕਾ ਲੈਂਦਾ ਅਤੇ ਮੇਰੀ ਬੇਬੇ ਖੁਸ਼ੀ-ਖੁਸ਼ੀ ਜਗੀਰੋ ਨੂੰ ਉਸਦਾ ਬਣਦਾ ਲਾਗ ਦੇ ਦਿੰਦੀ।
ਇੱਕ ਦਿਨ ਗਰਮੀ ਦੀ ਰੁੱਤੇ ਮੈਂ ਅਤੇ ਮੇਰੇ ਸਾਥੀ ਆਪੋ-ਆਪਣੇ ਸਾਈਕਲ ਦੇ ਪੁਰਾਣੇ ਟਾਇਰਾਂ ਨੂੰ ਗਲੀਆਂ ਵਿੱਚ ਘੁਮਾਉਂਦੇ, ਰੇਸਾਂ ਲਾਉਂਦੇ ਹੋਏ ਜਗੀਰੋ ਵਾਲੇ ਮੁਹੱਲੇ ਜਾ ਵੜੇ। ਜਗੀਰੋ ਦਾ ਘਰ ਪਿੰਡ ਦੇ ਬਾਲਮੀਕੀ ਵਿਹੜੇ ਵਿੱਚ ਪੈਂਦੇ ਖੂਹ ਦੇ ਨੇੜੇ ਸੀ। ਖੂਹ ਦੀ ਉੱਚੀ ਮੌਣ ਦੇ ਗੋਲਾਕਾਰ ਘੇਰੇ ਵਿੱਚੋਂ ਇੱਕ ਥਾਂ ’ਤੇ ਇੱਕ ਵੱਡਾ ਜਿਹਾ ਮਘੋਰਾ ਸੀ ਜਿਸ ਵਿੱਚੋਂ ਲੋਹੇ ਦੇ ਮੋਟੇ ਸਰੀਏ ਦਾ ਬਣਿਆ ਹੋਇਆ ਇੱਕ ਹੈਂਡਲ ਬਾਹਰ ਦਿਸਦਾ ਸੀ ਅਤੇ ਉਸ ਹੈਂਡਲ ਨੂੰ ਘੁਮਾਕੇ ਹੀ ਖੂਹ ਦੀਆਂ ਟਿੰਡਾਂ ਵਿੱਚੋਂ ਪਾਣੀ ਪਾੜਛੇ ਵਿੱਚ ਡਿਗਦਾ ਸੀ। ਸਾਨੂੰ ਪਿਆਸ ਲੱਗੀ ਅਤੇ ਅਸੀਂ ਹੈਂਡਲ ਘੁਮਾਕੇ ਪਾੜਛੇ ਵਿੱਚੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲਈ। ਅਜੇ ਅਸੀਂ ਖੂਹ ਦੇ ਦੁਆਲੇ ਹੀ ਸੀ ਅਤੇ ਸਾਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਜਗੀਰੋ ਅਚਾਨਕ ਉੱਥੇ ਆ ਟਪਕੀ। ਉਸਨੂੰ ਦੇਖਕੇ ਪਿੱਠੂ ਖੇਡਣ ਵਾਲੀ ਗੱਲ ਯਾਦ ਆਉਣ ਤੇ ਅਸੀਂ ਜਦੋਂ ਆਪੋ-ਆਪਣੇ ਟਾਇਰਾਂ ਨੂੰ ਲੈਕੇ ਉੱਥੋਂ ਭੱਜ ਪਏ ਤਾਂ ਪਿੱਛੋਂ ਜਗੀਰੋ ਨੇ ਹੱਸਦੀ ਹੋਈ ਨੇ ਉੱਚੀ ਅਵਾਜ਼ ਦਿੱਤੀ, “ਉਏ ਨੱਠ ਕਿਉਂ ਚੱਲੇ, ਆਜੋ ਥੋਨੂੰ ਚਾਹ ਪਿਲਾਵਾਂ।” ਪਰ ਅਸੀਂ ਮੁੜਕੇ ਜਗੀਰੋ ਵੱਲ ਨਾ ਦੇਖਿਆ।
ਅਗਲੇ ਦਿਨ ਜਗੀਰੋ ਆਉਣ ਸਾਰ ਪਹਿਲਾਂ ਮੇਰੀ ਬੇਬੇ ਕੋਲ ਆਕੇ ਹੱਸਦੀ-ਹੱਸਦੀ ਸਾਡੀ ਖੂਹ ਵਾਲੀ ਗੱਲ ਦੱਸਣ ਲੱਗ ਪਈ। ਇਸ ਤੋਂ ਬਾਅਦ ਮੈਂ ਜਦੋਂ ਵੀ ਕੋਈ ਸ਼ਰਾਰਤ ਕਰਦਾ ਤਾਂ ਮੇਰੀ ਬੇਬੇ ਮੁਸਕਰਾ ਕੇ ਝਿੜਕ ਦਿੰਦੀ ਹੋਈ ਕਹਿੰਦੀ ਕਿ ਤੈਨੂੰ ਤਾਂ ਜਗੀਰੋ ਹੋਰਾਂ ਨਾਲ ਹੀ ਰਲਾ ਦੇਣਾ ਏ। ਬੇਬੇ ਦੇ ਮੂੰਹੋਂ ਇਹ ਬੋਲ ਸੁਣਦੇ ਸਾਰ ਮੈਂ ਆਪਣੀ ਬਚਪਨ ਦੀ ਅਣਭੋਲਤਾ ਵਿੱਚ ਬੇਬੇ ਦੇ ਚਰਖੇ ਦੀ ਮਾਹਲ ਪੈਰ ਮਾਰਕੇ ਤੋੜ ਦਿੰਦਾ ਅਤੇ ਬਾਹਰ ਨੂੰ ਭੱਜ ਜਾਂਦਾ। ਇਸ ਗੱਲੋਂ ਖਫਾ ਹੋਕੇ ਮੇਰੀ ਬੇਬੇ ਮੈਨੂੰ ਕੋਸਦੀ ਹੋਈ ਕਹਿੰਦੀ ਵੇ ਫੋਟ! ਦਾਦਣਾ (ਦਾਦੇ ਮਗੌਣਾ) ਬਾਹਲਾ ਹੀ ਲਹੂ ਪੀਂਦੈ।
ਮੇਰੀ ਬੇਬੇ ਜਗੀਰੋ ਨਾਲ ਚੰਗੀ ਮੁਲਾਹਜੇਦਾਰੀ ਰੱਖਦੀ ਸੀ ਅਤੇ ਕਈ ਵਾਰ ਜਗੀਰੋ ਨੂੰ ਪੈਸੇ-ਟਕੇ ਤੋਂ ਇਲਾਵਾ ਲੋੜੀਂਦੀਆਂ ਚੀਜ਼ਾਂ ਵੀ ਦੇ ਦਿੰਦੀ। ਇੱਕ ਦਿਨ ਜਦੋਂ ਮੇਰੀ ਬੇਬੇ ਚੁੱਲ੍ਹੇ ਦੇ ਬੈਠੀ ਰੋਟੀ ਪਕਾ ਕੇ ਮੈਨੂੰ ਖੁਆ ਰਹੀ ਸੀ ਤਾਂ ਮੈਂ ਬੇਬੇ ਕੋਲੋਂ ਪੁੱਛ ਹੀ ਲਿਆ ਕਿ ਬੇਬੇ! ਤੈਨੂੰ ਜਗੀਰੋ ਐਨੀ ਚੰਗੀ ਕਿਉਂ ਲਗਦੀ ਹੈ ਤਾਂ ਬੇਬੇ ਨੇ ਦੱਸਿਆ ਕਿ ਪੁੱਤ! ਜਦੋਂ ਤੂੰ ਜੰਮਿਆ ਸੀ ਤਾਂ ਹਗੀਰੋ ਨੇ ਖੁਸ਼ ਹੋਕੇ ਤੈਨੂੰ ਇੱਕ ਰੁਪਏ ਦਾ ਸ਼ਗਨ ਦਿੱਤਾ ਸੀ। ਹੁਣ ਮੈਂ ਵਿਚਾਰੀ ਗਰੀਬਣੀ ਦਾ ਦਿੱਤਾ ਸ਼ਗਨ ਬਿਆਜ ਸਮੇਤ ਲਾਹ ਰਹੀ ਹਾਂ। ਆਪਣੀ ਮਾਂ ਦੇ ਮੂੰਹੋਂ ਇਹ ਲਫਜ਼ ਸੁਣਕੇ ਮੇਰਾ ਜਗੀਰੋ ਪ੍ਰਤੀ ਨਜ਼ਰੀਆ ਬਿਲਕੁਲ ਬਦਲ ਗਿਆ।
ਕਈ ਵਾਰ ਜਗੀਰੋ ਦੀ ਆਮਦ ’ਤੇ ਖੁਸ਼ ਹੁੰਦੀ ਹੋਈ ਮੇਰੀ ਬੇਬੇ ਉਸਦੇ ਫੁਰਤੀ ਨਾਲ ਕੰਮ ਕਰਨ ਦੇ ਢੰਗ ਤੋਂ ਮੁਤਾਸਰ ਹੋਕੇ ਹੌਲੀ ਜਿਹੇ ਕਹਿ ਦਿੰਦੀ, “ਆ ਗਈ ਬਈ “ਬੰਬੇ ਮੇਲ”। ਬੇਬੇ ਦੇ ਮੂੰਹੋਂ ਜਗੀਰੋ ਲਈ ਨਿਕਲਦੇ ਇਹ ਸ਼ਬਦ ਮੈਨੂੰ ਜਗੀਰੋ ਲਈ ਬਹੁਤ ਹੀ ਢੁੱਕਵੇਂ ਜਾਪਦੇ ਸਨ। ਹੁਣ ਜਦੋਂ ਵੀ ਮੈਂ ਆਪਣੀ ਬੇਬੇ ਨਾਲ ਜਗੀਰੋ ਦੀ ਗੱਲ ਕਰਦਾ ਤਾਂ ਉਸਨੂੰ “ਬੰਬੇ ਮੇਲ” ਕਹਿਕੇ ਹੀ ਸੰਬੋਧਿਤ ਹੁੰਦਾ।
ਸਮਾਂ ਬੀਤਦਾ ਗਿਆ। ਇੱਕ ਦਿਨ ਜਗੀਰੋ ਦੇ ਘਰਵਾਲੇ ਦਾ ਕਿਸੇ ਨਾਲ ਝਗੜਾ ਹੋ ਗਿਆ ਅਤੇ ਲੜਾਈ ਵਿੱਚ ਵਿਰੋਧੀ ਦੇ ਸਿਰ ਵਿੱਚ ਸੱਟ ਲੱਗਣ ’ਤੇ ਉਸਦੀ ਮੌਤ ਹੋ ਗਈ। ਜਗੀਰੋ ਦੇ ਘਰਵਾਲੇ ਨੂੰ ਉਮਰ ਕੈਦ ਹੋ ਗਈ। ਵਿਚਾਰੀ ਜਗੀਰੋ ਉੱਤੇ ਦੁੱਖਾਂ ਦਾ ਪਹਾੜ ਡਿਗ ਪਿਆ। ਜਗੀਰੋ ਦੇ ਅਜੇ ਕੋਈ ਔਲਾਦ ਵੀ ਨਹੀਂ ਸੀ ਹੋਈ। ਜਗੀਰੋ ਦੇ ਮਾਂ-ਬਾਪ ਉਸਨੂੰ ਲੈਣ ਲਈ ਆ ਗਏ। ਜਾਣ ਤੋਂ ਪਹਿਲਾਂ ਉਦਾਸ ਅਤੇ ਬੇਵੱਸ ਹੋਈ ਜਗੀਰੋ ਨੇ ਮੇਰੀ ਬੇਬੇ ਕੋਲ ਆਕੇ ਸਾਰੀ ਵਿੱਥਿਆ ਸਾਂਝੀ ਕਰਦਿਆਂ ਪੱਚੀ ਪੈਸੇ ਮੰਗੇ ਅਤੇ ਕਿਹਾ ਕਿ ਮੈਂ ਜੇਲ੍ਹ ਵਿੱਚ ਆਪਣੇ ਘਰਵਾਲੇ ਨੂੰ ਕਾਰਡ ਪਾਉਣਾ ਹੈ ਅਤੇ ਅੱਜ ਮੈਂ ਪੇਕੇ ਚਲੇ ਜਾਣਾ ਹੈ। ਅੱਖਾਂ ਵਿੱਚੋਂ ਹੰਝੂ ਕੇਰਦੀ ਜਗੀਰੋ ਦੀ ਵਿੱਥਿਆ ਸੁਣਕੇ ਮੇਰੀ ਬੇਬੇ ਦਾ ਮਨ ਵੀ ਭਰ ਗਿਆ ਅਤੇ ਉਸਨੇ ਜਗੀਰੋ ਨੂੰ ਦੋ ਰੁਪਏ ਅਤੇ ਕੁਝ ਸਮਾਨ ਦੇਕੇ ਕਿਹਾ, “ਲੈ ਜਗੀਰੋ, ਜਲਦੀ ਮੁੜ ਆਈਂ।”
ਜਗੀਰੋ ਚਲੇ ਗਈ। ਕਾਫੀ ਸਮੇਂ ਤਕ ਜਦੋਂ ਜਗੀਰੋ ਨਾ ਆਈ ਤਾਂ ਮੈਂ ਆਪਣੀ ਬੇਬੇ ਨੂੰ ਉਸ ਬਾਰੇ ਪੁੱਛਿਆ ਤਾਂ ਬੇਬੇ ਨੇ ਇੱਕ ਹਉਕਾ ਜਿਹਾ ਲੈਂਦੇ ਹੋਏ ਕਿਹਾ, “ਮੈਨੂੰ ਲਗਦੇ ਪੁੱਤ! ਹੁਣ ਨੀ ਆਉਂਦੀ ਜਗੀਰੋ।”
ਸੱਚਮੁੱਚ ਉਸ ਤੋਂ ਬਾਅਦ ਜਗੀਰੋ ਕਦੇ ਨਹੀਂ ਆਈ।
ਅੱਜ ਜਦੋਂ ਕਦੇ ਮੈਂ ਇਸ ਘਟਨਾ ਨੂੰ ਚੇਤੇ ਕਰਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਪਿਛਲੇ ਸਮਿਆਂ ਵਿੱਚ ਕਿੰਨੀਆਂ ਮੁਹੱਬਤਾਂ ਹੁੰਦੀਆਂ ਸਨ ਅਤੇ ਜਾਤ-ਪਾਤ, ਧਰਮ ਆਦਿ ਤੋਂ ਉੱਪਰ ਉੱਠਕੇ ਸਾਰੇ ਲੋਕ ਆਪਣੇ ਦੁੱਖ-ਸੁਖ ਦੀਆਂ ਸਾਂਝਾਂ ਪਾਲਦੇ ਸਨ। ਅਜੋਕੇ ਯੁਗ ਵਿੱਚ ਅਜਿਹੀਆਂ ਮੁਹੱਬਤਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































