“ਬਾਰੂ ਆਜੜੀ ਨੇ ਵੀ ਮੈਨੂੰ ਦਿਲਾਸਾ ਜਿਹਾ ਦਿੰਦੇ ਹੋਏ ਕਿਹਾ, “ਕੋਈ ਨਾ ਬੱਚੂ ਆਹ ਮੇਮਣੀ ...”
(19 ਅਪਰੈਲ 2026)

ਇਹ ਗੱਲ ਕੋਈ ਚਾਰ ਕੁ ਦਹਾਕੇ ਪੁਰਾਣੀ, ਮੇਰੇ ਬਚਪਨ ਸਮੇਂ ਦੀ ਹੈ। ਸਾਡੇ ਪਿੰਡ ਦੀ ਸ਼ਾਮਲਾਟ ਜ਼ਮੀਨ (ਜਿਸਨੂੰ ਪਿੰਡ ਵਾਸੀ ਚਰਾਂਦ ਸੱਦਦੇ ਸਨ) ਵਿੱਚ ਅਕਸਰ ਪਿੰਡ ਵਾਸੀ ਆਪਣੀਆਂ ਮੱਝਾਂ, ਗਾਵਾਂ ਅਤੇ ਬੱਕਰੀਆਂ ਚਰਾਇਆ ਕਰਦੇ ਸਨ। ਪਿੰਡ ਦਾ ਹੀ ਇੱਕ ਆਜੜੀ ਜਿਸਦਾ ਨਾਮ ਬਾਰੂ ਸੀ, ਆਪਣੀਆਂ 15-20 ਬੱਕਰੀਆਂ ਲੈਕੇ ਹਰ ਰੋਜ਼ ਚਰਾਂਦ ਵਿੱਚ ਜਾਂਦਾ ਅਤੇ ਉਹ ਚਰਾਂਦ ਦੇ ਨੇੜੇ ਸੜਕ ਦੇ ਕਿਨਾਰੇ ਖੜ੍ਹੀਆਂ ਕਿੱਕਰਾਂ ਤੋਂ ਆਪਣੀ ਲੰਮੀ ਬਾਂਕ ਦੇ ਨਾਲ ਕਿੱਕਰ ਦੇ ਤੁੱਕੇ ਤੋੜਕੇ ਬੱਕਰੀਆਂ ਨੂੰ ਖੁਆਇਆ ਕਰਦਾ ਸੀ। ਉਹਦੀਆਂ ਬੱਕਰੀਆਂ ਦੇ ਦੋ ਤਿੰਨ ਮੇਮਣੇ ਅਤੇ ਮੇਮਣੀਆਂ ਵੀ ਸਨ। ਪਿੰਡ ਦੇ ਲੋਕ ਉਸਨੂੰ ਬਾਰੂ ਬੱਕਰੀਆਂ ਵਾਲਾ ਸੱਦਦੇ ਸਨ। ਪਿੰਡ ਦੇ ਕਈ ਮਨਚਲੇ ਜਿਹੇ ਨੌਜਵਾਨ ਬਾਰੂ ਨੂੰ ਬੱਕਰੀਆਂ ਲੈਕੇ ਆਉਂਦੇ ਦੇਖਕੇ ਉੱਚੀ ਆਵਾਜ਼ ਵਿੱਚ ਵਿਅੰਗਾਤਮਕ ਤੁਕਬੰਦੀ ਬਣਾਕੇ ਕਿਹਾ ਕਰਦੇ, “ਉਏ ਬਾਰੂ! ਜਦੋਂ ਤੂੰ ਮਰ ਗਿਆ, ਤੇਰੀਆਂ ਬੱਕਰੀਆਂ ਕੌਣ ਚਾਰੂ।
ਉਨ੍ਹਾਂ ਦੀ ਗੱਲ ਸੁਣਕੇ ਬਾਰੂ ਆਜੜੀ ਇੱਕ ਟੱਕ ਉਨ੍ਹਾਂ ਵੱਲ ਦੇਖਦਾ ਅਤੇ ਬਿਨਾਂ ਕੁਝ ਬੋਲਿਆਂ ਘੇਸਲ ਜਿਹੀ ਵੱਟਕੇ ਆਪਣੀਆਂ ਬੱਕਰੀਆਂ ਨੂੰ ਹਿੱਕਦਾ ਹੋਇਆ ਅੱਗੇ ਲੰਘ ਜਾਂਦਾ। ਬਾਰੂ ਬਹੁਤ ਹੀ ਨੇਕ ਦਿਲ ਇਨਸਾਨ ਸੀ।
ਮੈਂ ਦੂਰੋਂ ਬਾਰੂ ਦੀਆਂ ਬੱਕਰੀਆਂ ਨੂੰ ਤੱਕਦਾ ਤਾਂ ਮੈਨੂੰ ਉਹਦੀਆਂ ਬੱਕਰੀਆਂ ਦੇ ਨਿੱਕੇ ਮੇਮਣੇ ਬਹੁਤ ਪਿਆਰੇ ਲਗਦੇ। ਇੱਕ ਦਿਨ ਮੈਂ ਆਪਣੇ ਘਰ ਦੇ ਬੂਹੇ ਦੇ ਬਾਹਰ ਖੇਡ ਰਿਹਾ ਸੀ। ਬਾਰੂ ਸਾਡੇ ਘਰ ਦੇ ਕੋਲੋਂ ਬੱਕਰੀਆਂ ਲੈਕੇ ਲੰਘ ਰਿਹਾ ਸੀ। ਉਹਦੀ ਇੱਕ ਸਭ ਤੋਂ ਛੋਟੀ ਜਿਹੀ ਮੇਮਣੀ ਮੈਂ ਦੌੜਕੇ ਫੜ ਲਈ ਅਤੇ ਇਹ ਦੇਖਕੇ ਬਾਰੂ ਆਜੜੀ ਹੱਸਣ ਲੱਗ ਪਿਆ।
“ਤੂੰ ਲੈਣਾ ਏਂ ਇਹਨੂੰ?” ਬਾਰੂ ਬੋਲਿਆ।
ਮੈਂ ਖੁਸ਼ ਹੁੰਦਿਆਂ ਹਾਂ ਵਿੱਚ ਸਿਰ ਹਿਲਾਇਆ। ਬਾਰੂ ਦਾ ਮੇਰੇ ਬਾਪੂ ਅਤੇ ਬੇਬੇ ਨਾਲ ਚੰਗਾ ਮੂੰਹ-ਮੁਲਾਹਜ਼ਾ ਸੀ। ਉਹਨੇ ਮੇਮਣੀ ਚੁੱਕਕੇ ਮੇਰੇ ਘਰ ਦੇ ਵਿਹੜੇ ਵਿੱਚ ਬੈਠੀ ਚਰਖਾ ਕੱਤ ਰਹੀ ਮੇਰੀ ਬੇਬੇ ਦੇ ਕੋਲ ਲਿਆ ਛੱਡਦੇ ਹੋਏ ਕਿਹਾ, “ਲਓ ਜੀ! ਕਾਕੇ ਨੂੰ ਖੇਡਣ ਦਿਓ ਇਹਦੇ ਨਾਲ। ਮੈਂ ਥੋੜ੍ਹੀ ਦੇਰ ਵਿੱਚ ਲੈ ਜੂੰ ਇਹਨੂੰ।” ਇਹ ਕਹਿੰਦਿਆਂ ਬਾਰੂ ਆਪਣੀਆਂ ਬੱਕਰੀਆਂ ਲੈਕੇ ਚਰਾਂਦ ਵੱਲ ਨੂੰ ਹੋ ਤੁਰਿਆ। ਐਨੇ ਨੂੰ ਮੇਰਾ ਬਾਪੂ ਵੀ ਘਰ ਵਿੱਚ ਰੱਖੇ ਡੰਗਰਾਂ ਲਈ ਚਾਰਾ ਲੈਕੇ ਆ ਗਿਆ। ਝਟਪਟ ਮੇਰੀ ਬੇਬੇ ਨੇ ਮੇਰੇ ਬਾਪੂ ਨੂੰ ਮੇਮਣੀ ਵਾਲੀ ਸਾਰੀ ਗੱਲ ਸਮਝਾ ਦਿੱਤੀ। ਮੈਂ ਬਾਪੂ ਦੇ ਲਿਆਂਦੇ ਚਾਰੇ ਵਿੱਚੋਂ ਘਾਹ ਦੀਆਂ ਕੁਝ ਕੋਮਲ ਜਿਹੀਆਂ ਪੱਤੀਆ ਮੇਮਣੀ ਦੇ ਮੂੰਹ ਵਿੱਚ ਪਾਉਣ ਲੱਗ ਪਿਆ।
ਤ੍ਰਿਕਾਲਾਂ ਹੋਣ ਤੇ ਜਿਸ ਸਮੇਂ ਬਾਰੂ ਆਪਣੀਆਂ ਬੱਕਰੀਆਂ ਚਾਰਕੇ ਵਾਪਸ ਪਰਤਣ ਲੱਗਾ ਤਾਂ ਉਸਨੇ ਮੇਰੇ ਘਰ ਦੇ ਬੂਹੇ ਅੱਗੇ ਆਕੇ ਉੱਚੀ ਜਿਹੀ ਆਵਾਜ਼ ਦਿੰਦਿਆਂ ਕਿਹਾ,” ਖੇਡ ਲਿਆ ਕਾਕਾ! ਹੁਣ ਲੈ ਜਾਵਾਂ ਇਹਨੂੰ “। ਜਦੋਂ ਉਹਨੇ ਮੇਮਣੀ ਨੂੰ ਲੈਕੇ ਜਾਣ ਦੀ ਗੱਲ ਕੀਤੀ ਤਾਂ ਮੇਰਾ ਮਨ ਉਦਾਸ ਜਿਹਾ ਹੋ ਗਿਆ ਅਤੇ ਮੇਰਾ ਰੋਣਹਾਕਾ ਜਿਹਾ ਮੂੰਹ ਦੇਖਕੇ ਉਸਨੇ ਆਪਣਾ ਇਰਾਦਾ ਬਦਲਦੇ ਹੋਏ ਕਿਹਾ,” ਕੋਈ ਨਾ ਜੀ! ਅੱਜ ਆਪਣੇ ਘਰ ਹੀ ਬੰਨ੍ਹ ਲਿਓ ਇਹਨੂੰ। ਮੈਂ ਕੱਲ੍ਹ ਲੈ ਜਾਵਾਂਗਾ। “ਮੇਰੇ ਬਾਪੂ ਨੇ ਮੇਮਣੀ ਨੂੰ ਮੱਝਾਂ ਦੇ ਨੇੜੇ ਇੱਕ ਖਾਲੀ ਪਏ ਇੱਕ ਕਿੱਲੇ ਨਾਲ ਬੰਨ੍ਹ ਦਿੱਤਾ। ਮੈਂ ਖੁਸ਼ੀ ਵਿੱਚ ਝੂਮਦੇ ਹੋਏ ਆਪਣੇ ਬਾਪੂ ਨੂੰ ਕਹਿਕੇ ਆਪਣਾ ਮੰਜਾ ਮੇਮਣੀ ਦੇ ਨੇੜੇ ਨੂੰ ਕਰ ਲਿਆ ਤੇ ਘੜੀ-ਮੁੜੀ ਮੇਮਣੀ ਵੱਲ ਤੱਕਣ ਲੱਗਾ। ਮੇਮਣੀ ਦੀ ਆਮਦ ਦੀ ਖੁਸ਼ੀ ਕਾਰਨ ਮੇਰੀ ਭੁੱਖ ਵੀ ਮਰ ਗਈ ਸੀ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਹਰ ਰੋਜ਼ ਬਾਰੂ ਆਜੜੀ ਆਪਣੀ ਮੇਮਣੀ ਲਈ ਕੁਝ ਕਿੱਕਰ ਦੇ ਤੁੱਕੇ ਲੈਕੇ ਉਹਨੂੰ ਦੇਖਣ ਆ ਜਾਇਆ ਕਰਦਾ। ਬਾਰੂ ਨੂੰ ਦੇਖਦੇ ਸਾਰ ਮੇਰਾ ਮਨ ਉਦਾਸ ਜਿਹਾ ਹੋਣ ਲਗਦਾ ਕਿਉਂਕਿ ਮੇਰੇ ਅੰਦਰ ਇਹ ਖੌਫ ਜਿਹਾ ਬਣ ਜਾਂਦਾ ਕਿ ਅੱਜ ਬਾਰੂ ਨੇ ਇਹਨੂੰ ਨਾਲ ਲੈ ਜਾਣਾ ਹੈ ਪਰ ਮੇਮਣੀ ਨਾਲ ਮੇਰਾ ਲਗਾਵ ਦੇਖਕੇ ਉਹ ਬੇਵੱਸ ਜਿਹਾ ਹੋਕੇ ਮੇਮਣੀ ਲਈ ਲਿਆਂਦੇ ਕੁਝ ਕਿੱਕਰ ਦੇ ਤੁੱਕੇ ਉਹਦੇ ਅੱਗੇ ਸੁੱਟ ਕੇ ਵਾਪਸ ਚਲਾ ਜਾਂਦਾ ਅਤੇ ਨਾਲ ਹੀ ਕਹਿ ਜਾਂਦਾ ਲੱਗਦੈ ਅਜੇ ਦਿਲ ਨਹੀਂ ਭਰਿਆ ਮੱਲਾ ਤੇਰਾ! ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ।
ਆਖਰ ਇੱਕ ਦਿਨ ਮੇਰੇ ਬਾਪੂ ਨੇ ਮੇਮਣੀ ਨਾਲ ਮੇਰੇ ਲਗਾਵ ਨੂੰ ਦੇਖਦਿਆਂ ਹੋਇਆਂ ਬਾਰੂ ਆਜੜੀ ਨੂੰ ਕਿਹਾ ਭਾਈ ਸਾਡਾ ਮੁੰਡਾ ਤਾਂ ਬਾਹਲਾ ਹੀ ਵਿਰਾਗ ਕਰਦੈ ਇਹਦਾ। ਕੀ ਕਰੀਏ? ਮੇਮਣੀ ਰੱਖ ਲਓ ਤੁਸੀਂ ਐਡੀ ਕਿਹੜੀ ਗੱਲ ਏ ਸਰਦਾਰ ਜੀ! ਆਪਣਾ ਬੱਚਾ ਹੈ ਇਹ। ਇਹਨੂੰ ਉਦਾਸ ਕਿਉਂ ਕਰਨਾ ਏ। ਮੇਰੇ ਬਾਪੂ ਨੇ ਸਹਿਮਤੀ ਭਰਦੇ ਹੋਏ ਅਖੀਰ ਬਾਰੂ ਆਜੜੀ ਦੇ ਨਾ ਚਾਹੁੰਦਿਆਂ ਹੋਇਆਂ ਵੀ ਮੇਮਣੀ ਦੇ ਬਣਦੇ ਪੈਸੇ ਉਸਨੂੰ ਦੇ ਦਿੱਤੇ।
ਮੇਰੀ ਬੇਬੇ ਨੇ ਉਸ ਮੇਮਣੀ ਦਾ ਇੱਕ ਪਿਆਰ ਭਿੱਜਿਆ ਜਿਹਾ ਨਾਮ ਰੱਖ ਦਿੱਤਾ “ਛੱਲੋ।"
ਹੌਲੀ-ਹੌਲੀ ਛੱਲੋ ਜਵਾਨ ਹੋਣ ਲੱਗੀ। ਸਾਰੇ ਪਰਿਵਾਰ ਦਾ ਛੱਲੋ ਦੇ ਨਾਲ ਮੋਹ ਵਧਦਾ ਗਿਆ। ਕਈ ਵਾਰ ਮੈਂ ਆਪਣੇ ਬਾਪੂ ਦੇ ਨਾਲ ਜਾਕੇ “ਛੱਲੋ” ਲਈ ਉਹਦੀ ਮਨਪਸੰਦ ਖੁਰਾਕ ਕਿੱਕਰਾਂ ਦੇ ਤੁੱਕੇ ਵੀ ਲੈ ਆਉਂਦਾ। ਕਿੱਕਰਾਂ ਦੇ ਤੁੱਕੇ ਛੱਲੋ ਬਹੁਤ ਹੀ ਖੁਸ਼ ਹੋਕੇ ਖਾਇਆ ਕਰਦੀ ਸੀ। ਛੱਲੋ ਦੇ ਗੱਲ ਵਿੱਚ ਪਾਈ ਰੱਸੀ ਢਿੱਲੀ ਹੋਣ ਕਾਰਨ ਕਈ ਵਾਰ ਉਹ ਆਪਣੇ ਆਪ ਹੀ ਖੁੱਲ੍ਹ ਜਾਂਦੀ ਅਤੇ ਪੌੜੀਆਂ ਵਿੱਚੋਂ ਦੁਰੰਗੇ ਮਾਰਦੀ ਝੱਟ ਕੋਠੇ ਉੱਤੇ ਜਾ ਚੜ੍ਹਦੀ, ਜਿਸਦਾ ਕਈ ਵਾਰ ਸਾਨੂੰ ਪਤਾ ਵੀ ਨਹੀਂ ਸੀ ਲਗਦਾ ਪਰ ਕੋਠੇ ਦੇ ਬਨੇਰਿਆਂ ਉੱਤੇ ਜੰਗਲੇ ਬਣੇ ਹੋਣ ਕਾਰਨ ਉਹਦੇ ਹੇਠਾਂ ਡਿਗਣ ਦਾ ਕੋਈ ਖਤਰਾ ਨਹੀਂ ਸੀ ਹੁੰਦਾ। ਜਦੋਂ ਕਦੇ ਵੀ ਕੋਠੇ ਤੇ ਚੜ੍ਹ ਜਾਣ ਕਾਰਨ “ਛੱਲੋ” ਸਾਡੀਆਂ ਅੱਖਾਂ ਤੋਂ ਦੂਰ ਹੁੰਦੀ ਤਾਂ ਮੇਰੀ ਮਾਂ ਉਹਨੂੰ ਪਿਆਰ ਭਰੇ ਲਫਜ਼ਾਂ ਵਿੱਚ ਉੱਚੀ ਦੇਣੀ ਸੱਦ ਮਾਰਿਆ ਕਰਦੀ “ਛੱਲੋ!” ਤਾਂ ਕੋਠੇ ਉੱਤੇ ਚੜ੍ਹੀ ਛੱਲੋ ਬਨੇਰੇ ਦੇ ਨੇੜੇ ਜੰਗਲੇ ਕੋਲ ਆਕੇ ਆਪਣਾ ਮੂੰਹ ਹੇਠਾਂ ਵੱਲ ਕਰਕੇ ਉੱਚੀ ਜਿਹੇ “ਮੈਂ” ਦੀ ਆਵਾਜ਼ ਇਵੇਂ ਕੱਢਦੀ, ਜਿਵੇਂ ਉਹਨੂੰ ਆਪਣੇ ਨਾਮ ਦਾ ਇਲਮ ਹੋ ਗਿਆ ਹੋਵੇ। ਉਹਦੀ ਆਵਾਜ਼ ਸੁਣਕੇ ਸਾਡੇ ਚਿਹਰਿਆਂ ਤੇ ਖੁਸ਼ੀ ਛਾ ਜਾਂਦੀ ਸੀ।
ਸਾਡੇ ਪਰਿਵਾਰ ਨਾਲ ਅਪਣੱਤ ਦਾ ਰਿਸ਼ਤਾ ਰੱਖਣ ਵਾਲਾ ਬਾਰੂ ਆਜੜੀ ਵੀ ਕਦੇ-ਕਦੇ ਛੱਲੋ ਦਾ ਪਤਾ ਲੈਣ ਆ ਜਾਂਦਾ ਅਤੇ ਸਾਡੀ ਸਹਿਮਤੀ ਨਾਲ ਛੱਲੋ ਨੂੰ ਵੀ ਆਪਣੀਆਂ ਬੱਕਰੀਆਂ ਦੇ ਨਾਲ ਚਰਾਂਦ ਵਿੱਚ ਲਿਜਾਕੇ ਵੰਨ-ਸੁਵੰਨੀਆਂ ਜੜੀਆਂ-ਬੂਟੀਆਂ ਖੁਆ ਲਿਆਉਂਦਾ ਅਤੇ ਵਾਪਸ ਉਸਨੂੰ ਸਾਡੇ ਵਿਹੜੇ ਵਿੱਚ ਛੱਡ ਜਾਂਦਾ। ਬਾਰੂ ਦੀ ਅਜਿਹੀ ਖਾਤਰਦਾਰੀ ਕਰਕੇ ਛੱਲੋ ਕਾਫੀ ਤਕੜੀ ਦਿਸਣ ਲੱਗ ਪਈ ਸੀ। ਜਦੋਂ ਮੈਂ ਸਕੂਲ ਜਾਣ ਲਗਦਾ ਤਾਂ ਇੱਕ ਵਾਰ ਰੋਜ਼ ਛੱਲੋ ਦੇ ਕੋਲ ਜਾਕੇ ਉਹਦਾ ਸਿਰ ਪਲੋਸਦਾ ਅਤੇ ਸਕੂਲ ਤੋਂ ਵਾਪਸ ਆਕੇ ਸਕੂਲ ਦਾ ਬਸਤਾ ਰੱਖਕੇ ਮੁੜ ਛੱਲੋ ਦੇ ਦੁਆਲੇ ਹੋ ਜਾਂਦਾ।
ਇੱਕ ਦਿਨ ਬਾਰੂ ਆਜੜੀ ਸਾਡੇ ਘਰ ਆਕੇ ਛੱਲੋ ਬਾਰੇ ਮੇਰੇ ਬਾਪੂ ਨਾਲ ਕਾਫੀ ਦੇਰ ਤਕ ਗੱਲਾਂ ਕਰਦਾ ਰਿਹਾ। ਉਹਦੀਆਂ ਗੱਲਾਂ ਤੋਂ ਬਾਅਦ ਮੇਰੇ ਬਾਪੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਮੇਰੀ ਬੇਬੇ ਨੂੰ ਛੱਲੋ ਦੇ ਗਰਭਵਤੀ ਹੋਣ ਦੀ ਖਬਰ ਸੁਣਾਉਂਦਿਆਂ ਦੱਸਿਆ ਕਿ ਘਰ ਵਿੱਚ ਹੁਣ ਇੱਕ ਛੱਲੋ ਹੋਰ ਆ ਜਾਣੀ ਹੈ। ਇਹ ਸੁਣਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਚਾਨਕ ਛੱਲੋ ਕੁਝ ਬਿਮਾਰ ਜਿਹੀ ਰਹਿਣ ਲੱਗੀ ਅਤੇ ਉਹ ਪਹਿਲਾਂ ਜਿੰਨੀ ਖੁਰਾਕ ਨਹੀਂ ਸੀ ਖਾਂਦੀ। ਬਾਰੂ ਆਜੜੀ ਵੀ ਹਰ ਰੋਜ਼ ਸਾਡੇ ਘਰ ਆਕੇ ਛੱਲੋ ਨੂੰ ਦੇਖਦਾ ਅਤੇ ਆਪਣੀ ਸਮਝ ਮੁਤਾਬਿਕ ਆਪਣੇ ਤਜਰਬੇ ਅਨੁਸਾਰ ਛੱਲੋ ਲਈ ਲੋੜੀਂਦੀ ਦਵਾ-ਦਾਰੂ ਕਰਨ ਬਾਰੇ ਮੇਰੇ ਬਾਪੂ ਨੂੰ ਆਪਣੀ ਸਲਾਹ ਦੇ ਜਾਂਦਾ। ਬਾਰੂ ਦੀ ਸਲਾਹ ਮੁਤਾਬਿਕ ਮੇਰਾ ਬਾਪੂ ਓਹੜ-ਪੋਹੜ ਕਰਦਾ ਰਹਿੰਦਾ ਪਰ ਛੱਲੋ ਦੀ ਹਾਲਤ ਜਿਵੇਂ ਦੀ ਤਿਵੇਂ ਹੀ ਸੀ। ਛੱਲੋ ਦੀ ਹਾਲਤ ਠੀਕ ਨਾ ਹੋਣ ਕਾਰਨ ਮੇਰਾ ਦਿਲ ਵੀ ਨਹੀਂ ਸੀ ਲਗਦਾ।
ਦੋ ਤਿੰਨ ਦਿਨ ਬੀਤਣ ਮਗਰੋਂ ਛੱਲੋ ਨੇ ਇੱਕ ਮੇਮਣੀ ਨੂੰ ਜਨਮ ਦਿੱਤਾ। ਮੇਮਣੀ ਨੂੰ ਜਨਮ ਦੇਣ ਤੋਂ ਮਗਰੋਂ ਛੱਲੋ ਦੀ ਹਾਲਤ ਹੋਰ ਵੀ ਵਿਗੜ ਗਈ ਅਤੇ ਉਹ ਨਿਢਾਲ ਹੋਕੇ ਲੇਟੀ ਹੋਈ ਸੀ। ਮੇਰੇ ਬਾਪੂ ਅਤੇ ਬਾਰੂ ਆਜੜੀ ਵੱਲੋਂ ਕੀਤੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਛੱਲੋ ਬਚ ਨਾ ਸਕੀ। ਛੱਲੋ ਨੂੰ ਮਰੀ ਪਈ ਦੇਖਕੇ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਵਹਿ ਤੁਰੇ ਅਤੇ ਘਰ ਵਿੱਚ ਵੀ ਘੋਰ ਉਦਾਸੀ ਜਿਹੀ ਛਾ ਗਈ ਸੀ। ਜਦੋਂ ਮੇਰੇ ਬਾਪੂ ਦੇ ਕਹਿਣ ’ਤੇ ਬਾਰੂ ਆਜੜੀ ਮਰੀ ਹੋਈ ਛੱਲੋ ਨੂੰ ਲੈਕੇ ਜਾਣ ਲੱਗਾ ਤਾਂ ਮੈਂ ਹਟਕੋਰੇ ਲੈਂਦੇ ਹੋਏ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੇਰੀ ਬੇਬੇ ਨੇ ਮੈਨੂੰ ਹਿੱਕ ਨਾਲ ਲਾਕੇ ਚੁੱਪ ਕਰਵਾਉਣ ਦਾ ਬਥੇਰਾ ਯਤਨ ਕੀਤਾ ਪਰ ਮੇਰੇ ਹਟਕੋਰੇ ਬੰਦ ਨਾ ਹੋਏ। ਬਾਰੂ ਆਜੜੀ ਨੇ ਵੀ ਮੈਨੂੰ ਦਿਲਾਸਾ ਜਿਹਾ ਦਿੰਦੇ ਹੋਏ ਕਿਹਾ, “ਕੋਈ ਨਾ ਬੱਚੂ ਆਹ ਮੇਮਣੀ ਤੇਰੇ ਕੋਲ ਈ ਰਹਿਣੀ ਐ।”
ਉਹਦੇ ਦਿਲਾਸੇ ਭਰੇ ਸ਼ਬਦ ਵੀ ਮੇਰੇ ’ਤੇ ਕੋਈ ਅਸਰ ਨਾ ਪਾ ਸਕੇ ਅਤੇ ਮੈਂ ਹਟਕੋਰੇ ਲੈਂਦਿਆਂ ਸਿਰਫ ਨਾਂਹ-ਨਾਂਹ ਕਹਿਕੇ ਆਪਣਾ ਹੱਥ ਹਿਲਾਇਆ ਅਤੇ ਆਪਣੀ ਮਾਂ ਦੀਆਂ ਲੱਤਾਂ ਨੂੰ ਚਿੰਬੜਕੇ ਉੱਚੀ-ਉੱਚੀ ਰੋਣ ਲੱਗ ਪਿਆ। ਮੇਰੀ ਹਾਲਤ ਦੇਖਕੇ ਮੇਰੇ ਬਾਪੂ ਨੇ ਬਾਰੂ ਨੂੰ ਮਰੀ ਹੋਈ ਛੱਲੋ ਅਤੇ ਨਵ-ਜਨਮੀ ਹੋਈ ਮੇਮਣੀ ਨੂੰ ਲੈਕੇ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਨੂੰ ਰੋਂਦੇ ਨੂੰ ਚੁੱਪ ਕਰਵਾਉਣ ਲਈ ਮੇਰੀ ਬੇਬੇ ਮੈਨੂੰ ਆਪਣੀ ਬੁੱਕਲ ਵਿੱਚ ਲੈਕੇ ਮੇਰਾ ਸਿਰ ਪਲੋਸਣ ਲੱਗੀ। ਛੱਲੋ ਦੇ ਵਿਯੋਗ ਨੇ ਮੇਰੇ ਬਚਪਨ ਦੀ ਅਣਭੋਲਤਾ ਅਤੇ ਮੇਰੇ ਬਾਲ ਮਨ ’ਤੇ ਅਜਿਹਾ ਅਸਰ ਕੀਤਾ ਕਿ ਉਸੇ ਰਾਤ ਮੈਨੂੰ ਬਹੁਤ ਹੀ ਤੇਜ਼ ਬੁਖਾਰ ਹੋ ਗਿਆ। ਮੇਰੇ ਬਾਪੂ ਨੇ ਕਈ ਡਾਕਟਰਾਂ, ਵੈਦਾਂ ਹਕੀਮਾਂ ਤੋਂ ਦਵਾ-ਦਾਰੂ ਕਰਵਾਈ, ਪਰ ਮੈਨੂੰ ਚੜ੍ਹਿਆ ਤੇਈਆ ਬੁਖਾਰ ਨਾ ਉੱਤਰਿਆ। ਮੇਰੀ ਸਰੀਰਕ ਹਾਲਤ ਦੇਖਕੇ ਮੇਰੇ ਬਾਪੂ ਅਤੇ ਬੇਬੇ ਵੀ ਬਹੁਤ ਹੀ ਫਿਕਰਮੰਦ ਅਤੇ ਉਦਾਸ ਸਨ। ਮੇਰੇ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਸੀ ਵੀ ਮੇਰੀ ਖਬਰ ਪੁੱਛਣ ਸਾਡੇ ਘਰ ਆਉਂਦੇ ਰਹਿੰਦੇ। ਮੈਂ ਆਪਣੀ ਬੇਬੇ ਨੂੰ ਅਕਸਰ ਆਪਣੇ ਬਾਪੂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਇਹ ਜਦੋਂ ਵੀ ਸੁੱਤਾ ਹੁੰਦਾ ਹੈ ਤਾਂ ਕਈ ਵਾਰ ਲੰਮਾ ਸਾਹ ਲੈਂਦਾ ਹੋਇਆ “ਛੱਲੋ ਛੱਲੋ” ਬੋਲਦਾ ਹੈ। ਆਖਰ ਮੇਰੇ ਬਾਪੂ ਅਤੇ ਬੇਬੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਕੀ ਕਰੀਏ? ਗਰਮੀ ਦੀ ਰੁੱਤ ਹੋਣ ਕਾਰਨ ਇੱਕ ਸਵੇਰ ਤੇਈਏ ਬੁਖਾਰ ਦਾ ਝੰਬਿਆ ਜਦੋਂ ਮੈਂ ਆਪਣੇ ਬਾਪੂ ਕੋਲ ਮੰਜੇ ਉੱਤੇ ਸੁੱਤਾ ਪਿਆ ਸੀ ਤਾਂ ਕਿਸੇ ਨੇ ਉੱਚੀ ਆਵਾਜ਼ ਦਿੰਦਿਆਂ ਸਾਡਾ ਬੂਹਾ ਖੜਕਾਇਆ। ਉੱਚੀ ਆਵਾਜ਼ ਸੁਣਕੇ ਮੈਂ ਤ੍ਰਭਕ ਕੇ ਉੱਠਿਆ ਅਤੇ ਮੇਰੇ ਬਾਪੂ ਨੇ ਜਦੋਂ ਬੂਹਾ ਖੋਲ੍ਹਿਆ ਤਾਂ ਬਾਰੂ ਆਜੜੀ ਮੇਮਣੀ ਲੈਕੇ ਖੜ੍ਹਾ ਸੀ। ਮੇਰੇ ਕੋਲ ਆਕੇ ਉਹ ਕਹਿਣ ਲੱਗਾ ਕਿ ਲੈ ਬਈ ਸ਼ੇਰਾ! ਤੇਰੀ ਛੱਲੋ ਮੁੜਕੇ ਆ ਗਈ ਐ, ਹੁਣ ਨੌ-ਬਰ-ਨੌ ਹੋ ਜਾ ਛੇਤੀ। ਮੇਮਣੀ ਦਾ ਰੱਸਾ ਮੇਰੇ ਮੰਜੇ ਦੇ ਪਾਵੇ ਨਾਲ ਬੰਨ੍ਹਕੇ ਬਾਰੂ ਆਜੜੀ ਵਾਪਸ ਚਲਾ ਗਿਆ। ਛੱਲੋ ਮੁੜ ਸਾਡੇ ਵਿਹੜੇ ਦਾ ਸ਼ਿੰਗਾਰ ਬਣ ਗਈ। ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਤੇਈਆ ਨਹੀਂ ਸੀ ਚੜ੍ਹਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































