“ਉਸਦੀਆਂ ਅੱਖਾਂ ਵਿੱਚ ਗਲੇਡੂ ਭਰੇ ਹੋਏ ਸਨ। ਹੌਲੀ-ਹੌਲੀ ਉਹ ਭੁੱਬਾਂ ਮਾਰਕੇ ...”
(9 ਅਪਰੈਲ 2026)
ਇਹ ਗੱਲ ਕੋਈ ਚਾਰ ਕੁ ਦਹਾਕੇ ਪਹਿਲਾਂ ਦੀ ਹੈ, ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਸਕੂਲ ਵਿੱਚ ਹੋਣ ਵਾਲੀ ਸਵੇਰ ਦੀ ਸਭਾ ਤੋਂ ਪਹਿਲਾਂ ਸਾਰੇ ਵਿਦਿਆਰਥੀ ਇਕੱਤਰ ਹੋ ਜਾਂਦੇ ਅਤੇ ਇੱਕ ਦੂਜੇ ਨਾਲ ਮਸ਼ਕਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਸਾਡੇ ਸਕੂਲ ਵਿੱਚ ਤਿੰਨ ਅਧਿਆਪਕ ਸਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕ ਪਹਿਲੀ ਅਤੇ ਦੂਜੀ ਜਮਾਤ ਨੂੰ ਅਤੇ ਦੂਜੇ ਅਧਿਆਪਕ ਤੀਸਰੀ ਅਤੇ ਚੌਥੀ ਜਮਾਤ ਨੂੰ ਪੜ੍ਹਾਇਆ ਕਰਦੇ ਸਨ। ਮੈਂ ਪੰਜਵੀਂ ਜਮਾਤ ਦਾ ਵਿੱਚ ਪੜ੍ਹਦਾ ਸੀ ਅਤੇ ਸਾਨੂੰ ਸਕੂਲ ਦੇ ਸਭ ਤੋਂ ਸੀਨੀਅਰ ਅਧਿਆਪਕ ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਕਹਿਕੇ ਹੀ ਸੰਬੋਧਿਤ ਹੁੰਦੇ ਸਨ, ਉਹ ਪੜ੍ਹਾਇਆ ਕਰਦੇ ਸਨ। ਗਿਆਨੀ ਜੀ ਦੀ ਸ਼ਖਸੀਅਤ ਦਾ ਰੋਹਬ ਐਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਦੇਖਦੇ ਸਾਰ ਸਕੂਲ ਦੇ ਸਾਰੇ ਵਿਦਿਆਰਥੀ ਸ਼ਾਂਤ ਹੋ ਜਾਇਆ ਕਰਦੇ ਸਨ। ਗਿਆਨੀ ਜੀ ਬਹੁਤ ਹੀ ਸਾਦੇ ਸੁਭਾਅ ਵਾਲੇ ਸਨ। ਉਨ੍ਹਾਂ ਦਾ ਅਸਲ ਨਾਮ ਤਾਂ ਤਾਰਾ ਸਿੰਘ ਸੀ ਪਰ ਉਨ੍ਹਾਂ ਦਾ ਨਾਮ ਬਹੁਤ ਘੱਟ ਵਿਦਿਆਰਥੀਆਂ ਨੂੰ ਪਤਾ ਸੀ। ਬੱਸ ਉਨ੍ਹਾਂ ਲਈ ਗਿਆਨੀ ਜੀ ਹੀ ਸ਼ਬਦ ਵਰਤਿਆ ਜਾਂਦਾ ਸੀ।
ਗਿਆਨੀ ਜੀ ਸਮੇਂ ਦੇ ਪੂਰੇ ਪਾਬੰਦ ਸਨ ਅਤੇ ਕਦੇ ਵੀ ਡਿਊਟੀ ’ਤੇ ਲੇਟ ਨਹੀਂ ਸੀ ਆਉਂਦੇ। ਗਰਮੀ, ਸਰਦੀ, ਬਰਸਾਤ ਜਿਹੜੀ ਮਰਜ਼ੀ ਰੁੱਤ ਹੋਵੇ, ਗਿਆਨੀ ਜੀ ਸਮੇਂ ਸਿਰ ਸਕੂਲ ਵਿੱਚ ਹਾਜ਼ਰ ਹੋਇਆ ਕਰਦੇ ਸਨ। ਉਹ ਛੁੱਟੀ ਵੀ ਬਹੁਤ ਘੱਟ ਕਰਦੇ ਸਨ। ਉਹ ਆਪਣੇ ਕਿੱਤੇ ਨੂੰ ਹੀ ਸਮਰਪਿਤ ਸਨ। ਸਕੂਲ ਦੇ ਦੂਜੇ ਅਧਿਆਪਕ ਉਨ੍ਹਾਂ ਤੋਂ ਮਗਰੋਂ ਡਿਊਟੀ ’ਤੇ ਹਾਜ਼ਰ ਹੋਇਆ ਕਰਦੇ ਸਨ ਪਰ ਉਹ ਵੀ ਗਿਆਨੀ ਜੀ ਦਾ ਭੈਅ ਮੰਨਦੇ ਸਨ। ਉਸ ਸਮੇਂ ਸਕੂਲ ਦੀ ਚਾਰਦੀਵਾਰੀ ਬਹੁਤੀ ਉੱਚੀ ਨਹੀਂ ਸੀ ਹੁੰਦੀ, ਇਸ ਲਈ ਜਿਸ ਸਮੇਂ ਗਿਆਨੀ ਮਾਸਟਰ ਜੀ ਆਪਣੇ ਪਿੰਡ ਤੋਂ ਕੱਚੀ ਪਹੀ ਵਿੱਚੋਂ ਦੀ ਆਪਣੇ ਟੋਕਰੀ ਵਾਲੇ ਸਾਈਕਲ ’ਤੇ ਪੈਡਲ ਮਾਰਦੇ ਆ ਰਹੇ ਹੁੰਦੇ ਤਾਂ ਸਾਰੇ ਵਿਦਿਆਰਥੀ ਕੁਝ ਸਮਾਂ ਟਿਕਟਿਕੀ ਲਗਾਕੇ ਗਿਆਨੀ ਮਾਸਟਰ ਨੂੰ ਸਾਈਕਲ ’ਤੇ ਆਉਂਦਿਆਂ ਦੇਖਣ ਤੋਂ ਬਾਅਦ ਇਕਦਮ ਸ਼ਾਂਤ ਹੋਕੇ ਬੈਠ ਜਾਂਦੇ ਅਤੇ ਮਾਸਟਰ ਜੀ ਦੀ ਦਿੱਤੀ ਸਿੱਖਿਆ ਮੁਤਾਬਿਕ ਸਾਡੀ ਜਮਾਤ ਦਾ ਮਨੀਟਰ ਵਿਦਿਆਰਥੀ ਉੱਚੀ-ਉੱਚੀ ਪਹਾੜਾ ਪੜ੍ਹਾਉਣ ਲੱਗ ਜਾਂਦਾ। ਉਸਦੇ ਪਹਾੜਾ ਪੜ੍ਹਾਉਣ ’ਤੇ ਦੋ ਦੂਣੀ ਚਾਰ ਦੀਆਂ ਅਵਾਜ਼ਾਂ ਸਕੂਲ ਵਿੱਚ ਗੂੰਜਣ ਲੱਗ ਪੈਂਦੀਆਂ। ਜਿਸ ਸਮੇਂ ਗਿਆਨੀ ਮਾਸਟਰ ਜੀ ਸਕੂਲ ਵਿੱਚ ਦਾਖਲ ਹੁੰਦੇ ਤਾਂ ਸਾਡੀ ਜਮਾਤ ਸਾਰੇ ਵਿਦਿਆਰਥੀ ਪਹਾੜਿਆਂ ਨੂੰ ਵਿਚਾਲੇ ਛੱਡਕੇ ‘ਕਲਾਸ ਸਟੈਂਡ’ ਕਹਿੰਦੇ ਹੋਏ ਉਨ੍ਹਾਂ ਦਾ ਖੜ੍ਹੇ ਹੋਕੇ ਸਵਾਗਤ ਕਰਦੇ। ਸ਼ਾਬਾਸ਼! ਕਹਿੰਦੇ ਹੋਏ ਉਹ ਸਾਰਿਆਂ ਨੂੰ ਬੈਠਣ ਲਈ ਆਖ ਦਿੰਦੇ। ਥੋੜ੍ਹੀ ਦੇਰ ਬਾਅਦ ਦੂਜੇ ਅਧਿਆਪਕ ਵੀ ਆ ਜਾਂਦੇ ਅਤੇ ਉਹ ਵੀ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਉਪਰੰਤ ਉਨ੍ਹਾਂ ਨੂੰ ਪੜ੍ਹਾਉਣ ਲੱਗ ਜਾਂਦੇ।
ਸਾਡੀ ਜਮਾਤ ਦੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਉਪਰੰਤ ਗਿਆਨੀ ਜੀ ਪੁੱਛਣ ਲਗਦੇ, “ਸਾਰਿਆਂ ਨੇ ਫੱਟੀਆਂ ਲਿਖੀਆਂ ਨੇ ਬਈ?”
ਸਾਰੇ ਉੱਚੀ ਆਵਾਜ਼ ਵਿੱਚ ਜਵਾਬ ਦਿੰਦੇ, “ਹਾਂ ਜੀ!”
“ਲਿਆਓ, ਦਿਖਾਓ ਫੇਰ।” ਗਿਆਨੀ ਜੀ ਇਕੱਲੇ-ਇਕੱਲੇ ਵਿਦਿਆਰਥੀ ਦੀ ਲਿਖੀ ਫੱਟੀ ਦੇਖਕੇ ਉਨ੍ਹਾਂ ਵਿੱਚੋਂ ਜਿਸਦੀ ਲਿਖੀ ਫੱਟੀ ਸਭ ਤੋਂ ਖੁਸ਼ਖਤ ਲਿਖੀ ਹੋਈ ਹੁੰਦੀ, ਉਸਨੂੰ ਪਹਿਲਾ ਨੰਬਰ ਦਿੰਦੇ ਹੋਏ ਥਾਪੀ ਦੇਕੇ ਬਾਕੀ ਵਿਦਿਆਰਥੀਆਂ ਨੂੰ ਵੀ ਉਸਦੀ ਲਿਖੀ ਫੱਟੀ ਵਰਗੀ ਫੱਟੀ ਲਿਖਣ ਦੀ ਪ੍ਰੇਰਣਾ ਦਿੰਦੇ ਅਤੇ ਪੜ੍ਹਾਈ ਦੇ ਅਗਲੇ ਪੜਾਅ ਵੱਲ ਵੱਧ ਜਾਂਦੇ। ਮੇਰੇ ਨਾਲ ਪੜ੍ਹਦੇ ਮੇਰੇ ਸਹਿਪਾਠੀਆਂ ਵਿੱਚੋਂ ਕੁਝ ਕੁ ਨੂੰ ਛੱਡਕੇ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਵਿੱਚ ਔਸਤ ਦਰਜੇ ਦੇ ਹੀ ਸਨ।
ਅਗਲੇ ਪੜਾਅ ਵਿੱਚ ਜਦੋਂ ਮਾਸਟਰ ਜੀ ਜਮਾਤ ਦੇ ਮਨੀਟਰ ਨੂੰ ਪਹਾੜਿਆਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਹਿੰਦੇ ਤਾਂ ਮੁੜ ਪਹਾੜਿਆਂ ਦੀ ਗੂੰਜ ਸ਼ੁਰੂ ਹੋ ਜਾਂਦੀ। ਪਹਾੜਿਆਂ ਤੋਂ ਬਾਅਦ ਮਾਸਟਰ ਜੀ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਫੱਟੀਆਂ ਧੋਣ ਲਈ ਕਹਿ ਦਿੰਦੇ। ਮਾਸਟਰ ਜੀ ਦਾ ਇਹ ਆਦੇਸ਼ ਸੁਣਕੇ ਸਾਰੇ ਵਿਦਿਆਰਥੀ ਸਕੂਲ ਵਿੱਚ ਲੱਗੇ ਨਲਕੇ ਦੇ ਦੁਆਲੇ ਹੋ ਜਾਂਦੇ ਅਤੇ ਮੱਲੋਜੋਰੀ ਇੱਕ ਦੂਜੇ ਤੋਂ ਪਹਿਲਾਂ ਆਪਣੀ ਫੱਟੀ ਧੋਣ ਦੀ ਕੋਸ਼ਿਸ਼ ਕਰਦੇ ਇੱਕ ਦੂਜੇ ਨਾਲ ਖਹਿਬੜਨ ਲੱਗ ਪੈਂਦੇ ਸਨ। ਦੂਰੋਂ ਮਾਸਟਰ ਜੀ ਦੀ ਉੱਚੀ ਆਵਾਜ਼ ਵਿੱਚ ਦਿੱਤੀ ਇੱਕ ਘੁਰਕੀ ਤੋਂ ਬਾਅਦ ਸਾਰੇ ਸ਼ਾਂਤ ਹੋ ਜਾਂਦੇ ਅਤੇ ਵਾਰੀ-ਵਾਰੀ ਆਪੋ ਆਪਣੀਆਂ ਫੱਟੀਆਂ ਧੋਕੇ ਸੁੱਕਣ ਲਈ ਰੱਖ ਦਿੰਦੇ। ਵਿਦਿਆਰਥੀਆਂ ਦੇ ਫੱਟੀ ਧੋਣ ਦੇ ਸਮੇਂ ਦੌਰਾਨ ਗਿਆਨੀ ਮਾਸਟਰ ਜੀ ਸਕੂਲ ਵਿੱਚ ਰੱਖੇ ਬੱਤੀਆਂ ਵਾਲੇ ਸਟੋਵ ’ਤੇ ਆਪਣੇ ਅਤੇ ਦੂਜੇ ਅਧਿਆਪਕਾਂ ਲਈ ਚਾਹ ਬਣਾਉਂਦੇ ਅਤੇ ਥੋੜ੍ਹੇ ਸਮੇਂ ਦੀ ਬਰੇਕ ਲੈਕੇ ਦੂਜੇ ਅਧਿਆਪਕਾਂ ਨਾਲ ਬੈਠਕੇ ਚਾਹ-ਪੀਣ ਤੋਂ ਤੁਰੰਤ ਬਾਅਦ ਮੁੜ ਪੜ੍ਹਾਉਣ ਵਿੱਚ ਜੁੱਟ ਜਾਂਦੇ।
ਗਿਆਨੀ ਮਾਸਟਰ ਜੀ ਦੇ ਮੇਜ਼ ਦੇ ਦਰਾਜ਼ ਵਿੱਚ ਇੱਕ ਛੋਟਾ ਜਿਹਾ ਚਾਕੂ ਹੋਇਆ ਕਰਦਾ ਸੀ। ਜਦੋਂ ਕਿਸੇ ਵਿਦਿਆਰਥੀ ਦੀ ਫੱਟੀ ਲਿਖਣ ਵਾਲੀ ਕਲਮ ਟੁੱਟ ਜਾਣੀ ਤਾਂ ਮਾਸਟਰ ਜੀ ਮੇਜ਼ ਦੇ ਦਰਾਜ ਵਿੱਚੋਂ ਝੱਟ ਚਾਕੂ ਕੱਢਕੇ ਉਸਦੀ ਕਲਮ ਘੜ ਦਿੰਦੇ। ਦੇਖਾ-ਦੇਖੀ ਹੋਰ ਵਿਦਿਆਰਥੀ ਗਿਆਨੀ ਜੀ ਪਾਸੋਂ ਆਪੋ-ਆਪਣੀਆਂ ਕਲਮਾਂ ਘੜ੍ਹਾਉਣ ਲਈ ਖੜ੍ਹੇ ਹੋ ਜਾਂਦੇ। ਸ਼ਾਇਦ ਵਿਦਿਆਰਥੀਆਂ ਲਈ ਇਹ ਸੇਵਾ ਕਰਕੇ ਵੀ ਉਨ੍ਹਾਂ ਨੂੰ ਸਕੂਨ ਮਿਲਦਾ ਸੀ।
ਸਾਡੀ ਜਮਾਤ ਵਿੱਚ ਇੱਕ ਮੁੰਡਾ ਪੜ੍ਹਦਾ ਸੀ ਕਰਮਾ। ਉਸਦਾ ਪੱਕਾ ਨਾਮ ਕਰਮ ਸਿੰਘ ਸੀ ਪਰ ਸਾਰੇ ਉਸਨੂੰ ਕਰਮਾ ਹੀ ਸੱਦਦੇ ਸਨ। ਉਹ ਨਿਹਾਇਤ ਸ਼ਰੀਫ ਪੜ੍ਹ ਪੜ੍ਹਾਈ ਪੱਖੋਂ ਬਹੁਤ ਹੀ ਕਮਜ਼ੋਰ ਸੀ। ਉਸਦੇ ਬਾਪੂ ਦਾ ਨਾਮ ਗਹੀਰ ਸਿੰਘ ਸੀ ਪਰ ਸਾਡੀ ਜਮਾਤ ਵਿੱਚ ਪੜ੍ਹਦੇ ਮਨਚਲੇ ਬੱਚੇ ਉਸਨੂੰ ਜਦੋਂ ਵੀ ਸੱਦ ਮਾਰ ਬੁਲਾਉਂਦੇ ਤਾਂ ਕਿਹਾ ਕਰਦੇ, “ਇੱਧਰ ਆ ਉਏ ਗੀਰ੍ਹੇ ਆਲਿਆ।” ਉਸ ਵਿਚਾਰੇ ਨਾਲ ਅਜਿਹੀ ਬਦਸਲੂਕੀ ਹੁੰਦੀ ਕਿ ਕਈ ਵਾਰ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ। ਬਾਲਪਨ ਵਿੱਚ ਉਸ ਸਮੇਂ ਕਿਸੇ ਦੀ ਫੱਟੀ ਲਿਖਣ ਵਾਲੀ ਸਿਆਹੀ ਦੀ ਦਵਾਤ ਉਲਟੀ ਕਰ ਦੇਣੀ ਜਾਂ ਫਿਰ ਕਲਮ ਤੋੜ ਦੇਣੀ ਆਮ ਵਰਤਾਰਾ ਸੀ। ਕਈ ਵਾਰ ਗਿਆਨੀ ਜੀ ਜਦੋਂ ਕਿਤਾਬ ਦਾ ਕੋਈ ਪਾਠ ਸੁਣਨਾ ਸ਼ੁਰੂ ਕਰਨ ਲਗਦੇ ਤਾਂ ਕਈ ਵਾਰ ਕਰਮੇ ਨੂੰ ਖੜ੍ਹਾ ਕਰ ਲੈਂਦੇ। ਆਪਣਾ ਨਾਮ ਸੁਣਦੇ ਸਾਰ ਕਰਮੇ ਦੀ ਸ਼ਾਮਤ ਆ ਜਾਂਦੀ। ਉਹ ਵਿਚਾਰਾ ਜੋੜ-ਜੋੜਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਕਦੇ ਵੀ ਸਹੀ ਪਾਠ ਨਹੀਂ ਸੀ ਸੁਣਾ ਸਕਿਆ। ਕਰਮੇ ਦੀ ਹਾਲਤ ਦੇਖਕੇ ਗਿਆਨੀ ਜੀ ਖੜ੍ਹੇ ਹੋਕੇ ਹੱਸਦੇ ਹੋਏ ਕਰਮੇ ਦੀ ਪਿੱਠ ਤੇ ਇੱਕ ਥਾਪੜਾ ਜਿਹਾ ਮਾਰਕੇ ਕਹਿੰਦੇ, “ਤੇਰਾ ਕੀ ਬਣੂ ਕਰਮਿਆ? ਮਿਹਨਤ ਕਰਿਆ ਕਰ।” ਕਰਮੇ ਦੀ ਪੜ੍ਹਾਈ ਵਾਲੀ ਹਾਲਤ ’ਤੇ ਤਰਸ ਜਿਹਾ ਖਾਕੇ ਉਸਨੂੰ ਬਿਨਾਂ ਕੁਝ ਕਹੇ ਗਿਆਨੀ ਜੀ ਉਸਨੂੰ ਬੈਠਣ ਦਾ ਆਦੇਸ਼ ਦੇਕੇ ਕਿਸੇ ਹੁਸ਼ਿਆਰ ਵਿਦਿਆਰਥੀ ਨੂੰ ਕਿਤਾਬ ਦਾ ਪਾਠ ਸੁਣਾਉਣ ਲਈ ਕਹਿ ਦਿੰਦੇ। ਜਦੋਂ ਉਹ ਪਾਠ ਸੁਣਾਕੇ ਹਟਦਾ ਤਾਂ ਗਿਆਨੀ ਜੀ ਉਸਨੂੰ ਸ਼ਾਬਾਸ਼ ਦਿੰਦੇ ਹੋਏ ਕਰਮੇ ਵੱਲ ਨੂੰ ਸੰਬੋਧਿਤ ਹੋਕੇ ਉਸਨੂੰ ਪ੍ਰੇਰਣਾ ਦੇਕੇ ਕਹਿੰਦੇ, “ਕਰਮਿਆ, ਐਦਾਂ ਪੜ੍ਹਨਾ ਸਿੱਖ। ਘਰ ਜਾਕੇ ਪੜ੍ਹਿਆ ਕਰ, ਹੌਲੀ-ਹੌਲੀ ਸਿੱਖ ਜਾਵੇਂਗਾ।”
ਕਰਮੇ ਦਾ ਬਾਪੂ ਕਰਮੇ ਨੂੰ ਪੜ੍ਹਾਉਣ ਲਈ ਬਹੁਤ ਹੀ ਉਤਾਵਲਾ ਹੋਇਆ ਕਰਦਾ ਸੀ ਅਤੇ ਕਈ ਵਾਰ ਉਸਨੇ ਮਾਸਟਰ ਜੀ ਨੂੰ ਕਰਮੇ ਦੀ ਟਿਊਸ਼ਨ ਰੱਖਣ ਬਾਰੇ ਵੀ ਤਰਲਾ ਪਾਇਆ ਸੀ ਪਰ ਗਿਆਨੀ ਮਾਸਟਰ ਜੀ ਟਿਊਸ਼ਨ ਪੜ੍ਹਾਉਣ ਨੂੰ ਚੰਗਾ ਨਹੀਂ ਸਨ ਮੰਨਦੇ। ਉਹ ਹਰ ਵਾਰ ਕਰਮੇ ਦੇ ਬਾਪੂ ਨੂੰ ਕਿਹਾ ਕਰਦੇ ਕਿ ਕਰਮੇ ਨੂੰ ਕਹੋ ਕਿ ਦਿਲ ਲਗਾਕੇ ਮਿਹਨਤ ਕਰਿਆ ਕਰੇ ਅਤੇ ਜੇਕਰ ਕੋਈ ਮੁਸ਼ਕਿਲ ਹੋਵੇ ਤਾਂ ਸਕੂਲ ਵਿੱਚ ਹੀ ਮੇਰੇ ਕੋਲੋਂ ਸਿੱਖ ਲਿਆ ਕਰੇ, ਮੈਂ ਇਹਨੂੰ ਸਿਖਾ ਦੇਵਾਂਗਾਂ।
ਸਲਾਨਾ ਇਮਤਿਹਾਨ ਮਗਰੋਂ ਇਕੱਤੀ ਮਾਰਚ ਵਾਲੇ ਦਿਨ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਸੁਣਾਇਆ ਜਾਣਾ ਸੀ ਅਤੇ ਸਾਡੀ ਜਮਾਤ ਦਾ ਨਤੀਜਾ ਗਿਆਨੀ ਜੀ ਨੇ ਸੁਣਾਉਣਾ ਸੀ। ਸਾਰੇ ਵਿਦਿਆਰਥੀ ਨਵੇਂ ਕੱਪੜੇ ਪਾਕੇ ਨਤੀਜਾ ਸੁਣਨ ਲਈ ਉਤਾਵਲੇ ਹੋਏ ਸਕੂਲ ਵਿੱਚ ਪੁੱਜ ਗਏ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਵਿੱਚ ਆਏ ਹੋਏ ਸਨ। ਸਾਰਿਆਂ ਦੀਆਂ ਨਜ਼ਰਾਂ ਗਿਆਨੀ ਜੀ ਦੇ ਪਿੰਡ ਵਾਲੀ ਕੱਚੀ ਪਹੀ ਵੱਲ ਟਿਕੀਆਂ ਹੋਈਆਂ ਸਨ। ਦੂਰੋਂ ਗਿਆਨੀ ਨੂੰ ਆਉਂਦਿਆਂ ਦੇਖਕੇ ਸਕੂਲ ਦੇ ਹੁਸ਼ਿਆਰ ਬੱਚਿਆਂ ਨੇ ਜਿਨ੍ਹਾਂ ਨੂੰ ਚੰਗੇ ਨੰਬਰਾਂ ਦੀ ਆਸ ਸੀ ਉਨ੍ਹਾਂ ਨੇ ਸਕੂਲ ਦੀਆਂ ਕਿਆਰੀਆਂ ਵਿੱਚ ਲੱਗੇ ਹੋਏ ਗੇਂਦੇ ਦੇ ਬਹੁਤ ਸਾਰੇ ਫੁੱਲ ਗਿਆਨੀ ਮਾਸਟਰ ਜੀ ਦੇ ਸਵਾਗਤ ਲਈ ਤੋੜਕੇ ਇਕੱਠੇ ਕਰ ਲਏ। ਗਰੀਬੜਾ ਕਰਮਾ ਵੀ ਆਪਣੇ ਬਾਪੂ ਦੇ ਨਾਲ ਪੁਰਾਣੇ ਘਸਮੈਲੈ ਜਿਹੇ ਕੱਪੜੇ ਪਾਕੇ ਇੱਕ ਨੁਕਰੇ ਖੜ੍ਹਾ ਸੀ। ਗਿਆਨੀ ਜੀ ਦੇ ਸਕੂਲ ਵਿੱਚ ਆਉਣ ਸਾਰ ਵਿਦਿਆਰਥੀਆਂ ਨੇ ਉਨ੍ਹਾਂ ਉੱਤੇ ਫੁੱਲਾਂ ਦੀ ਬਰਸਾਤ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਸਕੂਲ ਦੇ ਦੂਜੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਅਤੇ ਕੁਝ ਪਤਵੰਤੇ ਸੱਜਣ ਸਕੂਲ ਵਿੱਚ ਆ ਗਏ। ਪਹਿਲੀ ਤੋਂ ਚੌਥੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਝਟਪਟ ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਪੜ੍ਹਕੇ ਸੁਣਾ ਦਿੱਤਾ ਅਤੇ ਇਸ ਤੋਂ ਮਗਰੋਂ ਗਿਆਨੀ ਜੀ ਨੇ ਸਾਡਾ ਪੰਜਵੀਂ ਜਮਾਤ ਦਾ ਨਤੀਜਾ ਪੜ੍ਹਕੇ ਸੁਣਾਇਆ। ਜਿਹੜੇ ਬੱਚੇ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝਦੇ ਸਨ, ਉਨ੍ਹਾਂ ਦੇ ਨੰਬਰ ਉੰਨੇ ਜ਼ਿਆਦਾ ਨਹੀਂ ਸਨ ਆਏ ਜਿੰਨਿਆਂ ਦੀ ਉਨ੍ਹਾਂ ਨੂੰ ਆਸ ਸੀ ਪਰ ਦੂਜੇ ਪਾਸੇ ਗਿਆਨੀ ਜੀ ਵੱਲੋਂ ਕਰਮੇ ਅਤੇ ਉਸਦੇ ਬਾਪੂ ਨੂੰ ਦਿੱਤੀ ਨਸੀਹਤ ਰੰਗ ਲਿਆਈ। ਥੋੜ੍ਹੀ ਮਿਹਨਤ ਨਾਲ ਪੜ੍ਹਨ ਕਰਕੇ ਕਰਮਾ ਵੀ ਪਾਸ ਹੋ ਗਿਆ। ਗਿਆਨੀ ਜੀ ਵੱਲੋਂ ਕਰਵਾਈ ਮਿਹਨਤ ਸਦਕਾ ਸਾਡੀ ਜਮਾਤ ਦਾ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਸੀ ਹੋਇਆ। ਨਤੀਜਾ ਸੁਣਾਉਣ ਤੋਂ ਬਾਅਦ ਗਿਆਨੀ ਜੀ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ, “ਚੰਗੇ ਨੰਬਰ ਲੈਣ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ! ਮੈਨੂੰ ਜਿੱਥੇ ਤੁਹਾਡੇ ਚੰਗੇ ਨੰਬਰ ਲੈਣ ਦੀ ਖੁਸ਼ੀ ਹੈ, ਉੱਥੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਤੁਸੀਂ ਇਸ ਸਕੂਲ ਵਿੱਚ ਖਿੜੇ ਹੋਏ ਫੁੱਲਾਂ ਨੂੰ ਇਸ ਤਰ੍ਹਾਂ ਤੋੜਕੇ ਚੰਗਾ ਨਹੀਂ ਕੀਤਾ। ਖਿੜੇ ਫੁੱਲਾਂ ਨਾਲ ਹੀ ਸਕੂਲ ਵਿੱਚ ਖੁਸ਼ਹਾਲੀ ਨਜ਼ਰ ਆਉਂਦੀ ਸੀ ਪਰ ਹੁਣ ਸਕੂਲ ਉਜਾੜ ਲਗਦਾ ਹੈ। ਅਜਿਹੀ ਗਲਤੀ ਦੁਬਾਰਾ ਨਾ ਕਰਿਓ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੁਣ ਇਹ ਸਕੂਲ ਛੱਡਕੇ ਛੇਵੀਂ ਜਮਾਤ ਵਿੱਚ ਵੱਡੇ ਸਕੂਲ ਵਿੱਚ ਚਲੇ ਜਾਣਾ ਅਤੇ ਅੱਜ ਤੁਹਾਡਾ ਅਤੇ ਮੇਰਾ ਇਸ ਸਕੂਲ ਵਿੱਚ ਆਖਰੀ ਦਿਨ ਹੈ ਕਿਉਂਕਿ ਅੱਜ 31 ਮਾਰਚ ਨੂੰ ਮੈਂ ਅਠਵੰਜਾ ਸਾਲਾਂ ਦਾ ਹੋ ਗਿਆ ਹਾਂ ਅਤੇ ਅੱਜ ਮੇਰੀ ਵੀ ਸੇਵਾ-ਨਿਵਿਰਤੀ ਹੋ ਰਹੀ ਹੈ।”
ਗਿਆਨੀ ਜੀ ਦੇ ਇਹ ਕਹਿੰਦਿਆਂ ਹੀ ਸਕੂਲ ਦੇ ਦੂਜੇ ਅਧਿਆਪਕਾਂ ਅਤੇ ਦੂਜੇ ਸਕੂਲਾਂ ਤੋਂ ਆਏ ਉਨ੍ਹਾਂ ਦੇ ਦੋਸਤ ਅਧਿਆਪਕਾਂ ਅਤੇ ਹਾਜ਼ਰ ਹੋਏ ਪਿੰਡ ਦੇ ਪਤਵੰਤਿਆਂ ਅਤੇ ਮਾਪਿਆਂ ਨੇ ਉਨ੍ਹਾਂ ਦੇ ਸਨਮਾਨ ਵਜੋਂ ਉਨ੍ਹਾਂ ਨੂੰ ਸਿਰੋਪਿਆਂ ਨਾਲ ਲੱਦ ਦਿੱਤਾ। ਬੇਸ਼ਕ ਵਿਦਿਆਰਥੀ ਤਾੜੀਆਂ ਵੀ ਮਾਰ ਰਹੇ ਸਨ ਪਰ ਸਾਰਿਆਂ ਦੇ ਚਿਹਰਿਆਂ ’ਤੇ ਉਦਾਸੀ ਛਾਈ ਹੋਈ ਸੀ। ਅਖੀਰ ਵਿੱਚ ਗਿਆਨੀ ਜੀ ਨੇ ਕਰਮੇ ਨੂੰ ਆਪਣੇ ਕੋਲ ਬੁਲਾਕੇ, ਗਲਵੱਕੜੀ ਵਿੱਚ ਲੈਕੇ ਕਿਹਾ, “ਸ਼ਾਬਾਸ਼ ਕਰਮੇ! ਤੂੰ ਮੇਰੀ ਨਸੀਹਤ ਨੂੰ ਮੰਨਕੇ ਮਿਹਨਤ ਕੀਤੀ ਅਤੇ ਪਾਸ ਹੋ ਗਿਆ। ਹੁਣ ਅੱਗੇ ਵੀ ਇਸੇ ਤਰ੍ਹਾਂ ਹੀ ਮਿਹਨਤ ਕਰੀਂ।”
ਕਰਮਾਂ ਵਿਚਾਰਾ ਚੁੱਪਚਾਪ ਖੜ੍ਹਾ ਸੀ ਅਤੇ ਉਸਦੀਆਂ ਅੱਖਾਂ ਵਿੱਚ ਗਲੇਡੂ ਭਰੇ ਹੋਏ ਸਨ। ਹੌਲੀ-ਹੌਲੀ ਉਹ ਭੁੱਬਾਂ ਮਾਰਕੇ ਰੋਣ ਲੱਗ ਪਿਆ। ਸਾਰੀ ਜਮਾਤ ਕਰਮੇ ਨੂੰ ਚੁੱਪ ਕਰਵਾਉਣ ਲੱਗੀ। ਮਾਸਟਰ ਜੀ ਦੇ ਜਾਣ ਦਾ ਸ਼ਾਇਦ ਕਰਮੇ ਨੂੰ ਸਭ ਤੋਂ ਵੱਧ ਦੁੱਖ ਸੀ। ਸਾਰੇ ਜਦੋਂ ਗਿਆਨੀ ਜੀ ਨੂੰ ਸਕੂਲ ਦੇ ਗੇਟ ’ਤੇ ਵਿਦਾ ਕਰ ਰਹੇ ਸਨ ਤਾਂ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਸਨ ਅਤੇ ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਰਹੇ ਸਨ। ਇਹ ਦੇਖਕੇ ਗਿਆਨੀ ਜੀ ਕਹਿਣ ਲੱਗੇ, “ਕਮਲਿਓ! ਮੈਂ ਇਸ ਸਕੂਲ ਵਿੱਚ ਕਈ ਦਹਾਕੇ ਬਿਤਾਏ ਹਨ। ਇੱਕ ਦਿਨ ਤਾਂ ਇੱਥੋਂ ਜਾਣਾ ਹੀ ਹੈ। ਵਾਰਸ ਸ਼ਾਹ ਨੇ ਕਿਹਾ ਹੈ ਕਿ, “ਵਾਰਸ ਸ਼ਾਹ ਇਹ ਸਾਕ ਨੇ ਉਮਰਾਂ ਦੇ ਇੱਥੇ ਆਲ੍ਹਣਾ ਕਿਸੇ ਨਹੀਂ ਪਾਇਆ ਏ।” ਕਹਿਕੇ ਗਿਆਨੀ ਜੀ ਸਾਰਿਆਂ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਸਾਈਕਲ ਦੇ ਪੈਡਲ ਮਾਰਦੇ ਆਪਣੇ ਪਿੰਡ ਵੱਲ ਨੂੰ ਚੱਲ ਪਏ।
ਸੱਚਮੁੱਚ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਰਿਸ਼ੀਆਂ ਮੁਨੀਆਂ ਦੀ ਵਸਾਈ ਪੰਜਾਬ ਦੀ ਪਵਿੱਤਰ ਧਰਤੀ ਨੂੰ ਗਿਆਨੀ ਜੀ ਵਰਗੇ ਅਧਿਆਪਕਾਂ ਦੀ ਲੋੜ ਹੈ ਤਾਂ ਜੋ ਉਨ੍ਹਾਂ ਪਾਸੋਂ ਚੰਗੀ ਸਿੱਖਿਆ ਅਤੇ ਸੰਸਕਾਰ ਗ੍ਰਹਿਣ ਕਰਕੇ ਵਿਦਿਆਰਥੀ ਸਮਾਜ ਨੂੰ ਚੰਗੀ ਸੇਧ ਦੇ ਸਕਣ ਅਤੇ ਆਪੋ-ਆਪਣੇ ਕਿੱਤਿਆਂ ਦੀ ਚੋਣ ਕਰਕੇ ਮਿਹਨਤ, ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਲਈ ਸਮਰਪਿਤ ਹੋਕੇ ਪੰਜਾਬ ਦੇ ਚੰਗੇ ਵਾਰਸ ਬਣ ਸਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































