“ਗੇਜੇ ਦੀ ਮਜਲਿਸ ਐਨੀ ਵੱਡੀ ਸੀ ਕਿ ਅੱਜ ਤਕ ਪਿੰਡ ਦੇ ਕਿਸੇ ਮੋਹਤਵਰ ਬੰਦੇ ਦੇ ...”
(9 ਜੂਨ 2026)
“ਏ ਬੀਬੀ! ਕੋਈ ਰੋਟੀ ਹੈਗੀ?” ਉਦੋਂ ਸਾਉਣ ਦਾ ਮਹੀਨਾ ਸੀ, ਮੀਂਹ ਬੰਦ ਹੋ ਚੁੱਕਿਆ ਸੀ। ਗੇਜੇ ਕਮਲ਼ੇ ਨੇ ਕੁੜਤਾ ਪਹਿਨ, ਚਾਦਰਾ ਲਾਕੇ ਦੁਆਲ਼ੇ ਮੈਲਾ ਜਿਹਾ ਖੱਦਰ ਦਾ ਖੇਸ ਲਿਆ ਹੋਇਆ ਸੀ। ਉਸਨੇ ਸਾਡੇ ਘਰ ਦੇ ਬੂਹੇ ਅੱਗੇ ਆ ਕੇ ਮੇਰੀ ਬੇਬੇ ਨੂੰ ਅਵਾਜ਼ ਮਾਰੀ।
“ਲੈ ਅੱਜ ਤਾਂ ਗੇਜਾ ਛਾਹ ਵੇਲੇ ਤੋਂ ਵੀ ਪਹਿਲਾਂ ਹੀ ਆ ਗਿਆ ਏ।” ਮੇਰੀ ਬੇਬੇ ਮੀਂਹ ਹਟਣ ਮਗਰੋਂ ਚੁੱਲ੍ਹਾ ਚੌਂਕਾ ਸੰਵਾਰਦਿਆਂ ਹੋਇਆਂ ਬੋਲੀ।
ਗੇਜਾ ਰੋਟੀ ਦੀ ਝਾਕ ਵਿੱਚ ਕੁਝ ਗੁਣਗੁਣਾਉਂਦਾ ਜਿਹਾ, ਇੱਕ ਟੱਕ ਮੇਰੀ ਬੇਬੇ ਵੱਲ ਦੇਖਦਾ, ਆਪਣੇ ਹੱਥ ਵਿੱਚ ਫੜੀ ਡਾਂਗ ਨੂੰ ਖੜਕਾ ਕੇ ਸਾਡੇ ਘਰ ਦੇ ਬੂਹੇ ਦੀ ਦੇਹਲੀ ਮੋਹਰੇ ਬੈਠ ਗਿਆ। ਗੇਜੇ ਨੂੰ ਦੇਖਦੇ ਸਾਰ ਸਾਡੀ ਗਲੀ ਦੇ ਨਿਆਣੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ। ਕੁਝ ਮਨਚਲੇ ਜਿਹੇ ਨਿਆਣੇ ਗੇਜੇ ਦਾ ਮੈਲਾ ਜਿਹਾ ਖੇਸ ਖਿੱਚਕੇ ਉਸਨੂੰ ਚਿੜਾਉਣ ਲਈ ਉੱਚੀ ਅਵਾਜ਼ ਵਿੱਚ ਕਹਿੰਦੇ, “ਗੇਜੇ ਉਏ! ...।”
“ਖੜ੍ਹ ਜਾਓ ਥੋਡੀ! …” ਸਿਰਫ ਇੰਨੇ ਕੁ ਸ਼ਬਦ ਬੋਲਕੇ ਗੇਜਾ ਚੁੱਪ ਕਰਕੇ ਮੁੜ ਕੁਝ ਗੁਣਗੁਣਾਉਣ ਲੱਗ ਪੈਂਦਾ। ਜਦੋਂ ਮੇਰੀ ਬੇਬੇ ਗੇਜੇ ਨੂੰ ਰੋਟੀ ਦਿੰਦੀ ਤਾਂ ਉਹ ਸਾਡੇ ਘਰ ਦੇ ਬੂਹੇ ਅੱਗੇ ਬੈਠਕੇ ਹੱਥ ਉੱਤੇ ਧਰ ਕੇ ਰੋਟੀ ਖਾਕੇ ਮੁੜ ਕਿਸੇ ਅਗਲੇ ਬੂਹੇ ’ਤੇ ਦਸਤਕ ਦਿੰਦਾ ਹੋਇਆ ਰੋਟੀ ਮੰਗਣ ਦਾ ਹੋਕਾ ਦੇ ਦਿੰਦਾ। ਕਿਸੇ ਨੇ ਸਾਡੇ ਘਰ ਤੋਂ ਬਗੈਰ ਕਦੇ ਉਸਨੂੰ ਕਿਸੇ ਹੋਰ ਬੂਹੇ ਅੱਗੇ ਬੈਠਕੇ ਰੋਟੀ ਖਾਂਦੇ ਨੂੰ ਨਹੀਂ ਸੀ ਦੇਖਿਆ। ਸ਼ਾਇਦ ਮੇਰੀ ਬੇਬੇ ਦੇ ਹੱਥ ਦੀ ਪੱਕੀ ਰੋਟੀ ਖਾਕੇ ਉਸਦੀ ਰੂਹ ਰੱਜ ਜਾਂਦੀ ਹੋਵੇ। ਹਰ ਘਰ ਵਿੱਚੋਂ ਰੋਟੀਆਂ ਇਕੱਠੀਆਂ ਕਰਦਾ ਗੇਜਾ ਰੋਟੀਆਂ ਨੂੰ ਆਪਣੇ ਮੋਢੇ ’ਤੇ ਟੰਗੇ ਹੋਏ ਡੱਬੀਦਾਰ ਪਰਨੇ ਵਿੱਚ ਲਪੇਟਕੇ ਗੰਢ ਮਾਰ ਲੈਂਦਾ। ਪਿੰਡ ਦੀਆਂ ਗਲੀਆਂ ਵਿੱਚੋਂ ਗੁਜ਼ਰਦਾ ਗੇਜਾ ਪਤਾ ਨਹੀਂ ਕਿੰਨੇ ਕੁ ਘਰਾਂ ਦਾ ਪ੍ਰਾਹੁਣਾ ਬਣਕੇ ਰੋਟੀਆਂ ਇਕੱਠੀਆਂ ਕਰਦਾ ਰਹਿੰਦਾ। ਉਹ ਰੋਟੀਆਂ ਦਾ ਕੀ ਕਰਦਾ ਸੀ? ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ।
ਮੇਰੀ ਬੇਬੇ ਮੈਨੂੰ ਦੱਸਦੀ ਹੁੰਦੀ ਕਿ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਸੀ ਤਾਂ ਗੇਜੇ ਹੋਰੀਂ ਵਾਘੇ ਪਾਰੋਂ (ਪਾਕਿਸਤਾਨ ਤੋਂ) ਆਏ ਸੀ ਅਤੇ ਇਹ ਚੰਗੇ ਜਿੰਮੀਂਦਾਰ ਹਨ। ਇੱਕ ਵਾਰ ਜਦੋਂ ਰਿਸ਼ਤੇ ਵਾਲੇ ਗੇਜੇ ਨੂੰ ਦੇਖਣ ਆਏ ਸਨ ਤਾਂ ਇਸਦਾ ਸਰੂ ਵਰਗਾ ਲੰਮਾ ਕੱਦ ਕਾਠ ਅਤੇ ਇਸਦੇ ਪਾਏ ਕੁੜਤਾ ਚਾਦਰੇ ਵਿੱਚ ਉਸਦੀ ਸ਼ਖਸੀਅਤ ਉਨ੍ਹਾਂ ਨੂੰ ਭਾਅ ਗਈ ਸੀ ਅਤੇ ਉਹ ਰਿਸ਼ਤੇ ਲਈ ਹਾਂ ਕਰ ਗਏ ਸਨ। ਜਿਸ ਦਿਨ ਇਸਦਾ ਸ਼ਗਨ ਪੈਣਾ ਸੀ, ਗੇਜੇ ਦੇ ਘਰ ਦੇ ਲਾਣੇਦਾਰ ਬਾਬੇ ਵਰਿਆਮੇ ਨੇ ਗੇਜੇ ਲਈ ਇੱਕ ਨਵੀਂ ਪੈਂਟ ਕਮੀਜ਼ ਸੁਆਕੇ ਦਿੱਤੀ। ਜਦੋਂ ਪੈਂਟ ਕਮੀਜ਼ ਪਾਕੇ ਕਾਸ਼ਣੀ (ਗੁਲਾਬੀ) ਰੰਗ ਦਾ ਤੌਲੀਆ ਮੋਢੇ ਉੱਤੇ ਰੱਖ ਕੇ ਗੇਜਾ ਸ਼ਗਨ ਲਈ ਬੈਠਣ ਲੱਗਾ ਤਾਂ ਰਿਸ਼ਤੇ ਵਾਲਿਆਂ ਨੇ ਸ਼ਗਨ ਪਾਉਣ ਤੋਂ ਨਾਂਹ ਕਰਦਿਆਂ ਆਖਿਆ ਕਿ ਜਿਵੇਂ ਅਸੀਂ ਤੈਨੂੰ ਪਹਿਲਾਂ ਦੇਖਿਆ ਸੀ, ਉਹੀ ਪਹਿਰਾਵਾ ਪਾਕੇ ਆ ਫਿਰ ਅਸੀਂ ਸ਼ਗਨ ਪਾਵਾਂਗੇ। ਫਿਰ ਉਨ੍ਹਾਂ ਦੇ ਕਹਿਣ ’ਤੇ ਗੇਜੇ ਨੇ ਨਵੀਂ ਪੈਂਟ ਕਮੀਜ਼ ਬਦਲਕੇ ਪੁਰਾਣਾ ਕੁੜਤਾ ਪਾ ਕੇ ਚਾਦਰਾ ਲਾ ਲਿਆ ਅਤੇ ਉਸ ਤੋਂ ਬਾਅਦ ਹੀ ਰਿਸ਼ਤੇ ਵਾਲਿਆਂ ਨੇ ਉਸਨੂੰ ਸ਼ਗਨ ਪਾਇਆ ਸੀ। ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਗੇਜੇ ਦੀ ਘਰਵਾਲੀ ਰੱਬ ਨੂੰ ਪਿਆਰੀ ਹੋ ਗਈ ਅਤੇ ਜੀਵਨ ਸਾਥਣ ਦੇ ਜਾਣ ਮਗਰੋਂ ਗੇਜੇ ਵਿਚਾਰੇ ਦੀ ਇਹ ਹਾਲਤ ਹੋ ਗਈ। ਗੇਜਾ ਪਹਿਲਾਂ ਘਰ ਦੇ ਬਹੁਤ ਕੰਮ ਕਰਿਆ ਕਰਦਾ ਸੀ ਪਰ ਸ਼ਾਇਦ ਜੀਵਨ ਸਾਥਣ ਦੇ ਵਿਯੋਗ ਨੇ ਉਸਨੂੰ ਕਮਲ਼ਾ ਬਣਾ ਦਿੱਤਾ ਹੈ। ਭਾਵੇਂ ਗੇਜੇ ਦਾ ਜਨਮ ਸਰਦਾਰਾਂ ਦੇ ਘਰ ਹੋਇਆ ਸੀ ਪਰ ਪਿੰਡ ਵਾਸੀ ਗੇਜੇ ਨੂੰ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਸੱਜਣ ਆਖਦੇ ਸਨ। ਬੇਸ਼ਕ ਗੇਜੇ ਦੀ ਜੀਵਨ ਸਾਥਣ ਦੇ ਜਹਾਨੋ ਤੁਰ ਜਾਣ ਮਗਰੋਂ ਗੇਜੇ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੋਈ ਜ਼ਿਆਦਾ ਵਾਹ-ਵਾਸਤਾ ਨਹੀਂ ਸੀ ਰਿਹਾ ਪਰ ਕਦੇ-ਕਦੇ ਘਰਵਾਲੀ ਦੇ ਵਿਯੋਗ ਵਿੱਚ ਗੁਆਚੇ ਗੇਜੇ ਨੂੰ ਆਪਣੇ ਸਹੁਰੇ ਪਿੰਡ ਦੀ ਯਾਦ ਆ ਜਾਇਆ ਕਰਦੀ ਸੀ।
ਇੱਕ ਦਿਨ ਗੇਜਾ ਪਿੰਡ ਦੀ ਸੱਥ ਵਿੱਚ ਬੋਹੜ ਦੇ ਹੇਠਾਂ ਤਾਸ਼ ਦੀ ਬਾਜ਼ੀ ਲਾ ਰਹੇ ਗੱਭਰੂਆਂ ਕੋਲ ਇੱਕ ਪਾਸੇ ਜਿਹੇ ਹੋਕੇ ਬੈਠ ਗਿਆ ਅਤੇ ਉਨ੍ਹਾਂ ਨੂੰ ਹੱਸਦਿਆਂ ਖੇਡਦਿਆਂ ਦੇਖਕੇ ਗੇਜੇ ਨੂੰ ਸ਼ਾਇਦ ਆਪਣੀ ਜੀਵਨ-ਸਾਥਣ ਦਾ ਖਿਆਲ ਭੁੱਲ ਜਾਂਦਾ ਸੀ ਅਤੇ ਉਸ ਉੱਤੇ ਵੀ ਮਸਤੀ ਜਿਹੀ ਛਾ ਜਾਂਦੀ ਸੀ। ਜਦੋਂ ਕੋਈ ਗੱਭਰੂ ਗੇਜੇ ਨੂੰ ਦੇਖਕੇ ਉਸ ਨਾਲ ਸੁਲ੍ਹਾ ਮਾਰਦਾ ਹੋਇਆ ਉਹਦਾ ਹਾਲ ਚਾਲ ਪੁੱਛਦਾ ਤਾਂ ਗੇਜਾ ਉਸ ਕੋਲੋਂ ਪੈਸੇ ਦੀ ਮੰਗ ਕਰ ਲੈਂਦਾ ਤਾਂ ਗੇਜੇ ਨੂੰ ਛੇੜਦੇ ਹੋਏ ਬਾਕੀ ਗੱਭਰੂ ਉਸਨੂੰ ਮਖੌਲ ਕਰਦੇ ਹੋਏ ਕਹਿੰਦੇ, “ਕਿਉਂ ਤੂੰ ਆਪਣੀਆਂ ਸਾਲੀਆਂ ਨੂੰ ਮਿਲਣ ਜਾਣਾ ਏਂ?”
“ਇਹਦੀ ਤਾਂ ਕੋਈ ਸਾਲੀ ਈ ਨਈਂ ...।” ਜਦੋਂ ਕੋਈ ਖਿਡਰੀ ਇਹ ਕਹਿੰਦਾ ਤਾਂ ਉਸਦੀ ਗੱਲ ਸੁਣਕੇ ਗੇਜਾ ਬੋਲਦਾ, “ਕਿਉਂ, ਬਾਕੀ ਪਿੰਡ ਦੀਆਂ ਕੁੜੀਆਂ ਸਾਲੀਆਂ ਨੀ ਹੁੰਦੀਆਂ?” ਗੇਜੇ ਦੇ ਮੂੰਹੋਂ ਨਿੱਕਲੇ ਅਜਿਹੇ ਸ਼ਬਦ ਸਾਰੇ ਖਿਡਾਰੀਆਂ ਨੂੰ ਨਿਰਉੱਤਰ ਕਰਨ ਦੇ ਨਾਲ-ਨਾਲ ਉਸਦੇ ਕਮਲੇ ਹੋਣ ਦਾ ਧੱਬਾ ਵੀ ਧੋ ਦਿੰਦੇ।
ਹਰ ਸੰਗਰਾਂਦ ਵਾਲੇ ਦਿਨ ਗੇਜਾ ਪਿੰਡ ਦੇ ਗੁਰਦੁਆਰੇ ਵਿੱਚ ਜਾ ਬੈਠਦਾ ਸੀ ਅਤੇ ਲੰਗਰ ਪ੍ਰਸ਼ਾਦਾ ਛਕਣ ਮਗਰੋਂ ਕੁਝ ਰੋਟੀਆਂ ਆਪਣੇ ਪਰਨੇ ਵਿੱਚ ਬੰਨ੍ਹ ਲਿਆ ਕਰਦਾ। ਕਿਸੇ ਨੂੰ ਨਹੀਂ ਸੀ ਪਤਾ ਕਿ ਗੇਜਾ ਇਨ੍ਹਾਂ ਰੋਟੀਆਂ ਦਾ ਕਰਦਾ ਸੀ? ਗੇਜਾ ਕੁਝ ਥਥਲਾਕੇ ਬੋਲਦਾ ਸੀ। ਹਰ ਸੰਗਰਾਂਦ ਨੂੰ ਗੁਰਦੁਆਰੇ ਜਾਣ ਕਾਰਨ ਸ਼ਾਇਦ ਉਹਨੂੰ ਗੁਰਬਾਣੀ ਦੀ ਕੇਵਲ ਇੱਕ ਤੁਕ ਹੀ ਆਉਂਦੀ ਅਤੇ ਉਹ ਥਥਲਾਕੇ ਕਦੇ-ਕਦੇ ਬੋਲਦਾ, “ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ …”
ਬਰਸਾਤ ਦੇ ਦਿਨਾਂ ਵਿੱਚ ਇੱਕ ਰਾਤ ਬਹੁਤ ਮੀਂਹ ਪੈਂਦਾ ਰਿਹਾ। ਮੀਂਹ ਨੇ ਠੰਢ ਕਰ ਦਿੱਤੀ ਸੀ। ਮੈਂ ਆਪਣੇ ਮੰਜੇ ’ਤੇ ਖੇਸ ਲਪੇਟਕੇ ਡਿਓੜ੍ਹੀ ਵਿੱਚ ਪਿਆ ਸੀ। ਐਨੇ ਨੂੰ ਕਿਸੇ ਔਰਤ ਨੇ ਗੋਹੇ ਦਾ ਟੋਕਰਾ ਸੁੱਟਣ ਗਈ ਮੇਰੀ ਬੇਬੇ ਨੂੰ ਕਿਹਾ, “ਭੈਣੇ, ਅੱਜ ਵਿਚਾਰਾ ਗੇਜਾ ਲੰਘ ਗਿਆ ਏ।”
“ਹੈਂ?” ਮੇਰੀ ਬੇਬੇ ਨੇ ਹੈਰਾਨੀ ਭਰੇ ਸ਼ਬਦਾਂ ਵਿੱਚ ਕਿਹਾ। ਇਹ ਸੁਣਕੇ ਮੈਂ ਵੀ ਆਪਣਾ ਖੇਸ ਪਰੇ ਸੁੱਟਕੇ ਉੱਠ ਪਿਆ। ਦਿਨ ਚੜ੍ਹੇ ਜਦੋਂ ਮੈਂ ਗੇਜੇ ਦੇ ਘਰ ਵਾਲੀ ਗਲੀ ਵੱਲ ਗਿਆ ਤਾਂ ਉਸਦੇ ਘਰ ਦੇ ਅੰਦਰ ਅਤੇ ਬਾਹਰ ਭੀੜ ਲੱਗੀ ਹੋਈ ਸੀ। ਹਰ ਚਿਹਰਾ ਉਦਾਸ ਸੀ। ਗੇਜੇ ਦੇ ਅਚਾਨਕ ਤੁਰ ਜਾਣ ’ਤੇ ਪਿੰਡ ਦਾ ਹਰ ਬੱਚਾ, ਜਵਾਨ, ਬਜ਼ੁਰਗ ਅਤੇ ਔਰਤ ਉਦਾਸ ਸੀ।
ਗੇਜੇ ਦੀ ਮਜਲਿਸ ਐਨੀ ਵੱਡੀ ਸੀ ਕਿ ਅੱਜ ਤਕ ਪਿੰਡ ਦੇ ਕਿਸੇ ਮੋਹਤਵਰ ਬੰਦੇ ਦੇ ਫੌਤ ਹੋਣ ’ਤੇ ਵੀ ਐਨੈ ਵੱਡੀ ਨਹੀਂ ਸੀ ਹੋਈ। ਗੇਜੇ ਦੀ ਅੰਤਿਮ ਅਰਦਾਸ ਸਮੇਂ ਗੁਰਬਾਣੀ ਦੇ ਮਹਾਵਾਕ: ਸਜਣ ਮੇਰੇ ਰੰਗੁਲੇ ਜਾਇ ਸੁੱਤੇ ਜੀਰਾਣਿ II ਨਾਲ ਸੰਬੋਧਿਤ ਹੁੰਦੇ ਹੋਏ, ਇੱਕ ਭੱਦਰਪੁਰਸ਼ ਨੇ ਜਦੋਂ ਗੇਜੇ ਦੇ ਰੋਟੀਆਂ ਕੱਠੀਆਂ ਕਰਨ ਵਾਲੀ ਬੁਝਾਰਤ ਤੋਂ ਪਰਦਾ ਹਟਾਉਂਦਿਆਂ ਦੱਸਿਆ ਕਿ ਗੇਜਾ ਰੋਟੀਆਂ ਇਕੱਠੀਆਂ ਕਰ ਕਰਕੇ ਪੰਛੀਆਂ ਅਤੇ ਪਿੰਡ ਦੇ ਅਵਾਰਾ ਕੁੱਤਿਆਂ ਨੂੰ ਪਾਉਂਦਾ ਰਹਿੰਦਾ ਸੀ ਤਾਂ ਇਹ ਸੁਣਕੇ ਸਾਰਿਆਂ ਦੀ ਅੱਖਾਂ ਨਮ ਹੋ ਗਈਆਂ ਸਨ।
ਬੇਸ਼ਕ ਗੇਜਾ ਪਿੰਡ ਨੂੰ ਸੁੰਨਾ ਕਰਕੇ ਜਹਾਨੋਂ ਤੁਰ ਗਿਆ ਸੀ ਪਰ ਗੁਰਬਾਣੀ ਦਾ ਫਰਮਾਨ “ਅਵਰਿ ਜੋਨਿ ਤੇਰੀ ਪਨਿਹਾਰੀ II ਇਸ ਧਰਤੀ ਮਹਿ ਤੇਰੀ ਸਿਕਦਾਰੀ॥” ਨੂੰ ਯਾਦ ਕਰਵਾਉਂਦਾ ਗੇਜਾ ਹਰ ਪਿੰਡ ਵਾਸੀ ਨੂੰ ਆਪਣੇ ਅਧੀਨ ਆਉਂਦੀਆਂ ਦੂਜੀਆਂ ਜੂਨੀਆਂ ਦੀ ਭਲਾਈ ਲਈ ਚੰਗੇ ਕਰਮ ਕਰਦੇ ਰਹਿਣ ਦੀ ਪ੍ਰੇਰਣਾ ਦੇ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































