SSChhina6ਉਸ ਇਲਾਕੇ ਵਿੱਚ ਔਰਤਾਂ ਦਾ ਬਾਹਰ ਨਿਕਲਣਾ ਅਤੇ ਪਬਲਿਕ ਵਿੱਚ ਜਾ ਕੇ ਕੰਮ ਕਰਨਾ ਬਹੁਤ ...
(15 ਜੂਨ 2026)


ਚਾਹ ਪੀ ਕੇ ਅਸੀਂ ਅਟਕ ਵੱਲ ਚੱਲ ਪਏ। ਅਟਕ ਤੋਂ ਪਿਸ਼ਾਵਰ ਤਕ ਸਿਰਫ ਇੱਕ ਘੰਟੇ ਵਿੱਚ ਪਹੁੰਚ ਜਾਣਾ ਸੀ ਅਤੇ ਪਿਸ਼ਾਵਰ ਨੂੰ ਜਾਣ ਵਾਲੀ ਸੜਕ ਦੇ ਨਾਲ ਕਾਬਲ ਦਰਿਆ ਵਗਦਾ ਹੈ। ਦਰਿਆ ਦੇ ਕੰਢੇ ਸੱਜੇ ਹੱਥ ਅਤੇ ਸੜਕ ਦੇ ਕੰਢੇ ਖੱਬੇ ਹੱਥ ਬਹੁਤ ਹੀ ਖੂਬਸੂਰਤ ਫਲਾਂ ਅਤੇ ਫੁੱਲਾਂ ਦੇ ਬੇਗਿਣਤ ਦ੍ਰਖਤ ਹਨ। ਉਹ ਇਲਾਕਾ ਭਾਵੇਂ ਮੈਦਾਨੀ ਹੈ ਪਰ ਹੈ ਬੜਾ ਖੂਬਸੂਰਤ
ਕਿਤੇ-ਕਿਤੇ ਫਸਲਾਂ ਵੀ ਸਨ, ਜਿਨ੍ਹਾਂ ਤੋਂ ਪਤਾ ਲਗਦਾ ਸੀ ਕਿ ਉਹ ਬਹੁਤ ਜ਼ਰਖੇਜ਼ ਜ਼ਮੀਨ ਹੈ। ਕੋਈ ਅੱਧੇ ਘੰਟੇ ਬਾਅਦ ਪਿਸ਼ਾਵਰ ਤੋਂ ਪਹਿਲਾਂ ਨੁਸ਼ਹਿਰਾ ਦੀ ਛਾਉਣੀ ਆ ਗਈ। ਇਹ ਬਹੁਤ ਵੱਡਾ ਸ਼ਹਿਰ ਹੈ ਅਤੇ ਨੁਸ਼ਹਿਰੇ ਨਾਲ ਵੀ ਕਾਫੀ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨਫਿਰ ਅਸੀਂ ਪਿਸ਼ਾਵਰ ਦੇ ਬਾਹਰਵਾਰ ਪਹੁੰਚ ਗਏ, ਪਿਸ਼ਾਵਰ ਕੁਝ ਹੀ ਕਿਲੋਮੀਟਰ ਰਹਿ ਗਿਆਸ਼ਹਿਰ ਤੋਂ ਬਾਹਰ ਕਈ ਥਾਂਵਾਂ ’ਤੇ ਖੂਬਸੂਰਤ ਇਮਾਰਤਾਂ ਨਜ਼ਰ ਆਉਂਦੀਆਂ ਸਨ। ਥੋੜ੍ਹੇ ਚਿਰ ਬਾਅਦ ਸਾਡੀ ਬੱਸ ਸ਼ਹੀਨ ਹੋਟਲ ਦੇ ਬਾਹਰ ਖੜ੍ਹੀ ਸੀਹੋਟਲ ਦੇ ਸਾਹਮਣੇ ਇੱਕ ਮੰਜੇ ਤੇ ਕਾਫੀ ਅਖਬਾਰਾਂ ਪਈਆਂ ਹੋਈਆਂ ਸਨ, ਜਿਹੜੀਆਂ ਵਿਕਰੀ ਲਈ ਸਨ, ਮੈਂ ਉਹ ਦੇਖੀਆਂ ਪਰ ਉਹ ਸਾਰੀਆਂ ਪਸ਼ਤੋ ਬੋਲੀ ਵਿੱਚ ਸਨ।

ਹੋਟਲ ਦੇ ਅੱਗੇ ਇੱਕ ਸਿੱਖ ਲੜਕਾ, ਜਿਸਨੇ ਨੀਲੀ ਪਗੜੀ ਬੰਨ੍ਹੀ ਹੋਈ ਸੀ ਅਤੇ ਉਸਦੀ ਖੁੱਲ੍ਹੀ ਦਾੜ੍ਹੀ ਸੀ, ਉਹ ਸਾਨੂੰ ਉਡੀਕ ਰਿਹਾ ਸੀ। ਉਸਨੇ ਸਾਨੂੰ ਉਰਦੂ ਵਿੱਚ ਸਮਝਾਇਆ ਕਿ ਤੁਹਾਨੂੰ ਪਿਛਲੇ ਦੋ ਘੰਟੇ ਤੋਂ ਉਡੀਕ ਰਹੇ ਹਾਂ, ਤੁਸੀਂ ਪਹਿਲਾਂ ਹੀ ਕਾਫੀ ਲੇਟ ਹੋ ਗਏ ਹੋ, ਛੇਤੀ-ਛੇਤੀ ਆਪਣਾ ਸਮਾਨ ਹੋਟਲ ਵਿੱਚ ਟਿਕਾ ਕੇ ਮੇਰੇ ਨਾਲ ਚਲੋ। ਮੈਨੂੰ ਉਸ ਲੜਕੇ ਨੂੰ ਦੇਖ ਕੇ ਬੜੀ ਖੁਸ਼ੀ ਹੋਈ। ਮੈਨੂੰ ਲੱਗਾ ਜਿਵੇਂ ਉਹ ਲੜਕਾ ਅੰਮ੍ਰਿਤਸਰ ਤੋਂ ਆਇਆ ਹੋਵੇ। ਛੇਤੀ ਹੀ ਅਸੀਂ ਆਪਣਾ ਸਮਾਨ ਕਮਰਿਆਂ ਵਿੱਚ ਟਿਕਾ ਲਿਆ। ਉਹ ਲੜਕਾ ਵੀ ਸਾਡੇ ਨਾਲ ਹੀ ਬੱਸ ਵਿੱਚ ਬੈਠ ਗਿਆ ਤਾਂ ਕਿ ਹੋਰ ਲੇਟ ਨਾ ਹੋ ਜਾਈਏ।

ਸਾਡੀ ਬੱਸ ਸਿੱਧੀ ਜ਼ਿਲ੍ਹਾ ਨਾਜਿਮ ਦੇ ਦਫਤਰ ਅੱਗੇ ਰੁਕ ਗਈ। ਇੱਕ ਵੱਡੀ ਇਮਾਰਤ ਸੀ ਇਸਦੇ ਨਾਲ ਹੀ ਅਸੈਂਬਲੀ ਹਾਲ ਸੀ। ਨਾਜਿਮ ਦਫਤਰ ਦੇ ਬਾਹਰ ਕਾਫੀ ਲੋਕ ਹੱਥਾਂ ਵਿੱਚ ਹਾਰ ਲੈ ਕੇ ਖੜ੍ਹੇ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸਨ ਅਤੇ ਇੱਕ ਸਿੱਖ ਲੜਕਾ ਵੀ ਸੀ। ਮੈਂ ਉਹਨਾਂ ਔਰਤਾਂ ਵਿੱਚੋਂ ਦੋ ਨੂੰ ਪਛਾਣ ਲਿਆ। ਉਹ ਪਿਛਲੇ ਸਾਲ ਪਾਕਿਸਤਾਨ ਤੋਂ ਨਾਜਿਮਾ ਦੇ ਗਏ ਇੱਕ ਡੈਲੀਗੇਸ਼ਨ ਨਾਲ ਭਾਰਤ ਆਈਆਂ ਸਨ। ਉਹਨਾਂ ਲੋਕਾਂ ਨੇ ਸਾਡਾ ਹਾਰਾਂ ਨਾਲ ਸਵਾਗਤ ਕੀਤਾਜਦੋਂ ਉਹ ਸਿੱਖ ਲੜਕਾ ਮੇਰੇ ਕੋਲ ਆਇਆ ਤਾਂ ਉਹ ਬੜੇ ਉਤਸ਼ਾਹ ਨਾਲ ਮੈਨੂੰ ਮਿਲਿਆ। ਉਸਨੇ ਦੱਸਿਆ ਕਿ ਉਹ ਪਿਸ਼ਾਵਰ ਤੋਂ ਹੈ ਅਤੇ ਉਹ ਜ਼ਿਲ੍ਹਾ ਕੌਂਸਲ ਵਿੱਚ ਘੱਟ ਗਿਣਤੀਆਂ ਦਾ ਪ੍ਰਤੀਨਿਧ ਹੈ। ਉਸਦਾ ਨਾਂ ਸਾਹਿਬ ਸਿੰਘ ਹੈ। ਜਦੋਂ ਉਹ ਉੱਥੋਂ ਦੇ ਹੋਰ ਲੋਕਾਂ ਨਾਲ ਪਸ਼ਤੋ ਵਿੱਚ ਗੱਲਾਂ ਕਰਦਾ ਸੀ ਤਾਂ ਮੇਰੀ ਸਮਝ ਵਿੱਚ ਨਹੀਂ ਸੀ ਆਉਂਦਾ ਪਰ ਉਹ ਮੇਰੇ ਨਾਲ ਪੰਜਾਬੀ ਵਿੱਚ ਗੱਲਾਂ ਕਰਦਾ ਸੀ। ਉਹ ਦੱਸਦਾ ਸੀ ਕਿ ਸਿੱਖ ਘਰਾਂ ਵਿੱਚ ਪੰਜਾਬੀ ਪੜ੍ਹੀ ਜਾਂਦੀ ਹੈ ਪਰ ਪਸ਼ਤੋ ਉਸ ਇਲਾਕੇ ਦੀ ਮਾਂ-ਬੋਲੀ ਹੋਣ ਕਰਕੇ ਅਸੀਂ ਵੀ ਬਚਪਨ ਤੋਂ ਹੀ ਇੱਥੇ ਪਸ਼ਤੋ ਬੋਲਦੇ ਹਾਂ। ਉਸਨੇ ਦੱਸਿਆ ਕਿ ਇੱਥੇ ਦੋ ਗੁਰਦੁਆਰੇ ਹਨਇੱਕ ਗੁਰਦੁਆਰਾ ਭਾਈ ਜੋਗਾ ਸਿੰਘ ਗੁਰਦੁਆਰਾ ਬਹੁਤ ਪੁਰਾਤਨ ਅਤੇ ਇਤਿਹਾਸਕ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਭਾਰਤੀ ਡੈਲੀਗੇਸ਼ਨ ਇੰਨੀ ਗਿਣਤੀ ਵਿੱਚ ਆਮ ਲੋਕਾਂ ਨੂੰ ਮਿਲਿਆ ਹੈ। ਮੈਂ ਤਾਂ ਪਹਿਲੀ ਵਾਰ ਚੜ੍ਹਦੇ ਪੰਜਾਬ ਦੇ ਕਿਸੇ ਸਿੱਖ ਨੂੰ ਮਿਲਿਆ ਹਾਂ। ਇੱਥੋਂ ਦੋ ਲੋਕਾਂ ਦੇ ਭਾਰਤੀ ਪੰਜਾਬ ਵਿੱਚ ਕੁਝ ਰਿਸ਼ਤੇਦਾਰ ਹਨਉਹ ਉੱਥੇ ਜਾਂਦੇ ਵੀ ਰਹਿੰਦੇ ਹਨ ਪਰ ਬਹੁਤ ਘੱਟ ਗਿਣਤੀ ਵਿੱਚ ਇੱਧਰੋਂ ਜਾਂ ਉੱਧਰੋਂ ਇਹ ਰਿਸ਼ਤੇਦਾਰ ਆਉਂਦੇ ਹਨ ਹਾਲਾਂਕਿ ਤੁਹਾਡੇ ਅੰਮ੍ਰਿਤਸਰ ਤੋਂ ਪਿਸ਼ਾਵਰ ਨੇੜੇ ਹੈ ਅਤੇ ਦਿੱਲੀ ਦੂਰ ਹੈ।

ਉਹਨਾਂ ਔਰਤਾਂ ਵਿੱਚੋਂ ਇੱਕ ਮਿਸ ਨਾਈਮ ਸਰਹੱਦ ਅਸੈਂਬਲੀ ਦੀ ਮੈਂਬਰ ਸੀ। ਜਿਸ ਤਰ੍ਹਾਂ ਸਾਡੇ ਐੱਮ.ਐੱਲ.ਏ. ਹੁੰਦੇ ਹਨ ਪਰ ਉਸਨੇ ਇੱਕ ਬੜੀ ਦਿਲਚਸਪ ਗੱਲ ਦੱਸੀ। ਉਹ ਕਹਿਣ ਲੱਗੀ ਕਿ ਸਾਡਾ ਇਲਾਕਾ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲਗਦਾ ਹੈ। ਅਸੀਂ ਭਾਵੇਂ ਪਾਕਿਸਤਾਨ ਵਿੱਚ ਰਹਿੰਦੇ ਹਾਂ ਪਰ ਸਾਡੇ ਇਲਾਕੇ ਵਿੱਚ ਕਬੀਲਾ ਪ੍ਰਣਾਲੀ ਹੈ। ਵੱਖ-ਵੱਖ ਕਬੀਲੇ ਹਨ ਅਤੇ ਉਹਨਾਂ ਦੇ ਵੱਖਰੇ-ਵੱਖਰੇ ਸਰਦਾਰ ਹਨ। ਉਹਨਾਂ ਵੱਖ-ਵੱਖ ਕਬੀਲਿਆਂ ਦੀ ਆਪਣੀਆਂ ਰਸਮਾਂ ਅਤੇ ਸੱਭਿਆਚਾਰ ਹਨ। ਉਹਨਾਂ ਦੇ ਆਪਣੇ ਹੀ ਕਾਨੂੰਨ ਹਨ ਅਤੇ ਉਹ ਕਾਨੂੰਨ ਸਰਕਾਰੀ ਕਾਨੂੰਨਾਂ ਤੋਂ ਵੀ ਪੱਕੇ ਹਨ। ਜਿਸ ਨੂੰ ਸਜ਼ਾ ਦੇਣੀ ਹੈ, ਉਹ ਵੀ ਬਹੁਤ ਛੇਤੀ ਫੈਸਲਾ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਦੋਸ਼ ਮੁਕਤ ਕਰਨਾ ਹੁੰਦਾ ਹੈ, ਉਸਨੂੰ ਵੀ ਛੇਤੀ ਹੀ ਇਹ ਫੈਸਲਾ ਦੱਸ ਦਿੱਤਾ ਜਾਂਦਾ ਹੈ ਪਰ ਉਸ ਕਬੀਲੇ ਦਾ ਕਾਨੂੰਨ ਤੋੜਨ ਦੀ ਕੋਈ ਹਿੰਮਤ ਨਹੀਂ ਕਰ ਸਕਦਾ। ਉਸਨੇ ਦੱਸਿਆ ਕਿ ਭੂਗੋਲਿਕ ਤੌਰ ’ਤੇ ਉਸ ਇਲਾਕੇ ਦੀ ਸਥਿਤੀ ਇਸ ਤਰ੍ਹਾਂ ਦੀਆਂ ਪਹਾੜੀਆਂ ਨਾਲ ਘਿਰੀ ਹੋਈ ਹੈ ਕਿ ਆਧੁਨਿਕ ਸਹੂਲਤਾਂ ਉੱਥੇ ਅਸਾਨੀ ਨਾਲ ਪਹੁੰਚ ਹੀ ਨਹੀਂ ਸਕਦੀਆਂ। ਇਸ ਤਰ੍ਹਾਂ ਹੀ ਸਰਕਾਰੀ ਕਾਨੂੰਨ ਲਾਗੂ ਕਰਨਾ ਵੀ ਇੰਨਾ ਅਸਾਨ ਨਹੀਂ। ਉਸ ਇਲਾਕੇ ਵਿੱਚ ਔਰਤਾਂ ਦਾ ਬਾਹਰ ਨਿਕਲਣਾ ਅਤੇ ਪਬਲਿਕ ਵਿੱਚ ਜਾ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਇਹੋ ਵਜਾਹ ਹੈ ਕਿ ਭਾਵੇਂ ਮੇਰੇ ਸਮਾਜਿਕ ਕੰਮਾਂ ਕਰਕੇ ਯੂ.ਐੱਨ.ਓ. ਨੇ ਮੈਨੂੰ ਅਵਾਰਡ ਦਿੱਤੇ ਹਨ ਪਰ ਮੇਰੇ ਇਲਾਕੇ ਵਿੱਚ ਮੇਰੀ ਵਿਰੋਧਤਾ ਵੀ ਹੈ ਅਤੇ ਮੈਨੂੰ ਜਾਨ ਦਾ ਵੀ ਖਤਰਾ ਵੀ ਹੈ। ਉਸਦੀਆਂ ਗੱਲਾਂ ਇੰਨੀਆਂ ਦਿਲਚਸਪ ਸਨ ਕਿ ਮੈਂ ਆਪਣੇ ਨਜ਼ਦੀਕ ਖੜ੍ਹੀ ਦੂਸਰੀ ਔਰਤ ਦਾ ਧਿਆਨ ਹੀ ਨਾ ਕੀਤਾ ਜਿਹੜੀ ਪਿਛਲੇ ਸਾਲ ਇੱਕ ਡੈਲੀਗੇਸ਼ਨ ਨਾਲ ਭਾਰਤ ਆਈ ਸੀ। ਉਸਨੇ ਮੈਨੂੰ ਦੱਸਿਆ ਕਿ ਮੈਂ ਤੁਹਾਨੂੰ ਦੋ ਵਾਰ ‘ਸਤਿ ਸ੍ਰੀ ਅਕਾਲ’ ਬੁਲਾਈ ਸੀ ਪਰ ਤੁਸੀਂ ਗੱਲਾਂ ਸੁਣਨ ਵਿੱਚ ਮਗਨ ਸੀ। ਮੈਂ ਆਪਣੀ ਗਲਤੀ ਮੰਨ ਲਈ। ਉਹ ਇੱਕ ਵਕੀਲ ਸੀ ਅਤੇ ਜ਼ਿਲ੍ਹਾ ਕੌਂਸਲ ਵਿੱਚ ਔਰਤਾਂ ਦੀ ਪ੍ਰਤੀਨਿਧ ਸੀ।

ਅਗਲੇ ਦਿਨ ਸਵੇਰੇ ਵੇਲੇ ਪਿਸ਼ਾਵਰ ਦੇ ਇੱਕ ਵੱਡੇ ਹੋਟਲ ਵਿੱਚ ਇੱਕ ਪ੍ਰੋਗਰਾਮ ਸੀ ਜਿੱਥੇ ਸਾਡੇ ਡੈਲੀਗੇਸ਼ਨ ਨੂੰ ਬੁਲਾਇਆ ਹੋਇਆ ਸੀ। ਉਸ ਹੋਟਲ ਵੱਲ ਜਾਂਦਿਆਂ ਰਸਤੇ ਵਿੱਚ ਅਸੀਂ ਪਿਸ਼ਾਵਰ ਦੇ ਸਟੇਸ਼ਨ ਲਾਗੋਂ ਲੰਘੇ ਤਾਂ ਮੈਨੂੰ ਯਾਦ ਆਇਆ, ਇਹ ਸਟੇਸ਼ਨ ਵੀ ਇੱਕ ਇਤਿਹਾਸਿਕ ਸਟੇਸ਼ਨ ਹੈ ਅਤੇ ਮੈਂ ਸਬੂਰ ਨੂੰ ਬੇਨਤੀ ਕੀਤੀ ਕਿ ਉਹ ਬੱਸ ਠਹਿਰਾਏ ਅਤੇ ਅਸੀਂ ਸਿਰਫ ਪੰਜ ਮਿੰਟ ਹੀ ਇਸ ਸਟੇਸ਼ਨ ਨੂੰ ਵੇਖਣਾ ਹੈ। ਪਹਿਲਾਂ ਤਾਂ ਲੇਟ ਹੋਣ ਕਰਕੇ ਉਸਨੇ ਨਾਂਹ ਕਰ ਦਿੱਤੀ ਪਰ ਉਸਨੇ ਸੋਚਿਆ ਕਿ ਬਾਅਦ ਵਿੱਚ ਸਮਾਂ ਨਹੀਂ ਮਿਲਣਾ ਪਰ ਉਸਨੇ ਡੈਲੀਗੇਸ਼ਨ ਦੇ ਸਾਰੇ ਮੈਂਬਰਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਵੱਧ ਤੋਂ ਵੱਧ 10 ਮਿੰਟ ਵਿੱਚ ਫਿਰ ਬੱਸ ਵਿੱਚ ਆ ਜਾਣ। ਅਸੀਂ ਪਹਿਲਾਂ ਹੀ ਲੇਟ ਹਾਂ।

ਅਸੀਂ ਦੇਖਿਆ ਕਿ ਇਹ ਸਟੇਸ਼ਨ ਤਾਂ ਬਹੁਤ ਛੋਟਾ ਸੀ। ਇੱਥੋਂ ਦਿੱਲੀ, ਬੰਬਈ ਅਤੇ ਕਲਕੱਤਾ ਆਦਿ ਨੂੰ ਗੱਡੀਆਂ ਚਲਦੀਆਂ ਹੁੰਦੀਆਂ ਸਨ, ਜਿਨ੍ਹਾਂ ਗੱਡੀਆਂ ਦਾ ਜ਼ਿਕਰ ਕਈ ਨਾਵਲਾਂ ਅਤੇ ਕਿਤਾਬਾਂ ਵਿੱਚ ਵੀ ਆਉਂਦਾ ਰਿਹਾ ਹੈ ਪਰ ਸਬੂਰ ਨੇ ਦੱਸਿਆ ਕਿ ਇਹ ਸਟੇਸ਼ਨ ਅੰਗਰੇਜ਼ਾਂ ਦੇ ਰਾਜ ਸਮੇਂ ਬਹੁਤ ਵੱਡੀ ਮਹੱਤਤਾ ਰੱਖਦਾ ਸੀ ਕਿਉਂ ਜੋ ਉੱਤਰ-ਪੱਛਮ ਦੇ ਲੋਕਾਂ ਨੂੰ ਭਾਰਤ ਦੇ ਹਰ ਸ਼ਹਿਰ ਨਾਲ ਜੋੜਦਾ ਸੀ ਪਰ ਵੰਡ ਤੋਂ ਬਾਅਦ ਇਸ ਨੂੰ ਬਹੁਤਾ ਵਿਕਸਿਤ ਨਹੀਂ ਕੀਤਾ ਗਿਆ। ਅਸੀਂ ਸਟੇਸ਼ਨ ’ਤੇ ਖੜ੍ਹੇ ਯਾਤਰੀ ਵੇਖੇ। ਉਹਨਾਂ ਦੀ ਗਿਣਤੀ ਵੀ ਕੋਈ ਬਹੁਤੀ ਨਹੀਂ ਸੀ ਸ਼ਾਇਦ ਉਹ ਗੱਡੀਆਂ ਦਾ ਜਾਣ ਦਾ ਸਮਾਂ ਨਾ ਹੋਵੇ ਪਰ ਸਾਡੇ ਡੈਲੀਗੇਸ਼ਨ ਵੱਲੋਂ ਉਸ ਸਟੇਸ਼ਨ ਨੂੰ ਦੇਖ ਕੇ ਇੱਕ ਅਜੀਬ ਖੁਸ਼ੀ ਹੋਈ ਜਿਵੇਂ ਉਹਨਾਂ ਨੇ ਕਿਸੇ ਇਤਿਹਾਸਕ ਜਗ੍ਹਾ ਨੂੰ ਦੇਖਿਆ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਐੱਸ ਐੱਸ ਛੀਨਾ

ਡਾ. ਐੱਸ ਐੱਸ ਛੀਨਾ

Phone: (91 - 78890 - 39596)
Email: (sarbjitchhina@yahoo.co.in)

More articles from this author