SSChhina6ਮੈਂ ਉਨ੍ਹਾਂ ਦੀ ਸਾਦਗੀ ਦੇਖ ਕੇ ਬਹੁਤ ਹੈਰਾਨ ਹੋ ਰਿਹਾ ਸਾਂ। ਇੰਨੀ ਪ੍ਰਸਿੱਧੀ ਵਾਲਾ ...
(15 ਅਪਰੈਲ 2026)


26 ਮਾਰਚ ਨੂੰ ਵੀ ਕਾਫ਼ੀ ਰੁਝੇਵਿਆਂ ਵਾਲਾ ਦਿਨ ਸੀ
, ਪਰ ਮੈਂ ਉਸ ਦਿਨ ਸ੍ਰੀ ਈਦੀ ਨੂੰ ਉਨ੍ਹਾਂ ਦੀ ‘ਈਦੀ ਫਾਊਂਡੇਸ਼ਨ’ ਵਿੱਚ ਜਾ ਕੇ ਸ਼ਾਮ ਨੂੰ ਜ਼ਰੂਰ ਮਿਲਣਾ ਸੀ। ਅਸਲ ਵਿੱਚ ਜਦੋਂ ਮੈਂ ਡਾ. ਇੰਦਰਜੀਤ ਕੌਰ ਜੀ, ਜੋ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਸੰਚਾਲਕ ਹਨ, ਉਨ੍ਹਾਂ ਨੂੰ ਇਹ ਦੱਸਿਆ ਕਿ ਮੈਂ ਪਾਕਿਸਤਾਨ ਜਾ ਰਿਹਾ ਹਾਂ, ਤਾਂ ਉਨ੍ਹਾਂ ਮੈਨੂੰ ਉਚੇਚਾ ਪੁੱਛਿਆ ਕਿ ਕੀ ਮੈਂ ਕਰਾਚੀ ਵੀ ਜਾਣਾ ਹੈ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਤੁਹਾਨੂੰ ਇੱਕ ਸੱਦਾ-ਪੱਤਰ ਅਤੇ ਪੁਸਤਕਾਂ ਦਾ ਇੱਕ ਸੈੱਟ ਦੇਵਾਂਗੀ। ਇਹ ਤੁਸੀਂ ਕਰਾਚੀ ਈਦੀ ਸਾਹਿਬ ਨੂੰ ਦੇ ਦੇਣਾ। ਜਦੋਂ ਮੈਂ ਲਾਹੌਰ ਦੋ ਰਾਤਾਂ ਰਿਹਾ ਤਾਂ ਮੇਰੇ ਕੋਲੋਂ ਕਈ ਵਾਰ ਕੁਝ ਐਂਬੂਲੈਂਸਾਂ ਲੰਘ ਜਾਂਦੀਆਂ ਸਨ, ਜਿਨ੍ਹਾਂ ’ਤੇ ‘ਈਦੀ ਫਾਊਂਡੇਸ਼ਨ’ ਲਿਖਿਆ ਹੁੰਦਾ ਸੀ। ਇਸ ਤਰ੍ਹਾਂ ਹੀ ਇਸਲਾਮਾਬਾਦ ਜਾਂਦਿਆਂ ਰਸਤੇ ਵਿੱਚ ਵੀ ਕਈ ਥਾਂਵਾਂ ’ਤੇ ਇਸ ਤਰ੍ਹਾਂ ਦੀਆਂ ਐਂਬੂਲੈਂਸਾਂ ਮਿਲੀਆਂ ਅਤੇ ਫਿਰ ਲਾਲਾਮੂਸਾ, ਇਸਲਾਮਾਬਾਦ, ਪਿਸ਼ਾਵਰ, ਸਰਗੋਧਾ, ਮੁਲਤਾਨ ਆਦਿ ਕਈ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਐਂਬੂਲੈਂਸਾਂ ਮਿਲੀਆਂ ਸਨ ਮੇਰੇ ਪੁੱਛਣ ’ਤੇ ਪਤਾ ਲੱਗਾ ਕਿ ਸ੍ਰੀ ਈਦੀ ਨੇ ਇੱਕ ‘ਈਦੀ ਫਾਊਂਡੇਸ਼ਨ’ ਸਥਾਪਤ ਕੀਤੀ ਹੈ। ਉਸ ਕੋਲ 550 ਐਂਬੂਲੈਂਸਾਂ ਹਨ। ਦੇਸ਼ ਦੇ ਹਰ ਹਿੱਸੇ ਵਿੱਚ ਉਸਦੀਆਂ ਐਂਬੂਲੈਂਸਾਂ ਫਿਰਦੀਆਂ ਰਹਿੰਦੀਆਂ ਹਨ ਅਤੇ ਰੋਗੀਆਂ ਜਾਂ ਐਕਸੀਡੈਂਟ ਵਾਲਿਆਂ ਨੂੰ ਉਠਾ ਕੇ ਹਸਪਤਾਲ ਪਹੁੰਚਾਉਂਦੀਆਂ ਹਨ ਅਤੇ ਇਹ ਸਭ ਕੰਮ ਮੁਫਤ ਕੀਤਾ ਜਾਂਦਾ ਹੈ। ਇਸ ਫਾਊਂਡੇਸ਼ਨ ਦੇ ਕੋਈ 250 ਹੈਲਥ ਸੈਂਟਰ, ਸਾਰੇ ਹੀ ਦੇਸ਼ ਵਿੱਚ ਫੈਲੇ ਹੋਏ ਹਨ। ਕੋਈ 5 ਹੈਲੀਕਾਪਟਰ ਅਤੇ ਜਹਾਜ਼ ਵੀ ਹਨਇਸ ਤੋਂ ਇਲਾਵਾ ਇਨ੍ਹਾਂ ਦੀ ਸੇਵਾ ਦੇ ਕੇਂਦਰ ਹਰ 25 ਕਿਲੋਮੀਟਰ ਦੇ ਵਿੱਚ ਮਿਲਦੇ ਹਨ। ਇਸ ਫਾਊਂਡੇਸ਼ਨ ਦੇ ਹਸਪਤਾਲਾਂ ਵਿੱਚ ਇਸ ਵਕਤ ਕੋਈ 9 ਹਜ਼ਾਰ ਬਿਮਾਰ ਦਾਖਲ ਹਨ, ਜਿਨ੍ਹਾਂ ਦੇ ਇਲਾਜ ਅਤੇ ਖਾਣੇ ਦਾ ਇੰਤਜ਼ਾਮ ਈਦੀ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ। ਬਹੁਤ ਸਾਰੇ ਬੇਆਸਰਾ ਯਤੀਮ ਲੜਕੇ, ਲੜਕੀਆਂ, ਵਿਧਵਾਵਾਂ ਆਦਿ ਦਾ ਇੰਤਜ਼ਾਮ ਵੀ ਇਹ ਫਾਊਂਡੇਸ਼ਨ ਕਰਦੀ ਹੈ। ਅੰਗਹੀਣਾਂ ਨੂੰ ਅੰਗ ਲਾ ਕੇ ਕੰਮ-ਕਾਰ ਵਿੱਚ ਸਥਾਪਤ ਕੀਤਾ ਜਾਂਦਾ ਹੈ ਅਤੇ ਕੋਈ 2 ਲੱਖ ਮਿਰਤਕ ਸਰੀਰਾਂ ਨੂੰ ਉਸਨੇ ਆਪਣੇ ਹੱਥੀਂ ਕਬਰਾਂ ਵਿੱਚ ਦਫਨਾਇਆ ਹੈ। ਲੋਕ-ਭਲਾਈ ਦੇ ਹਰ ਕੰਮ ਲਈ ਇਹ ਸੰਸਥਾ ਯਤਨਸ਼ੀਲ ਹੈ।

ਇਸ ਸੰਸਥਾ ਦੀਆਂ ਬਹੁਤ ਸਾਰੀਆਂ ਸ਼ਾਖਾਂ ਹੋਰ ਦੇਸ਼ਾਂ ਵਿੱਚ ਵੀ ਹਨ ਅਤੇ ਸ੍ਰੀ ਈਦੀ ਸਾਹਿਬ ਇਸ ਫਾਊਂਡੇਸ਼ਨ ਦੇ ਚਲਾਉਣ ਵਾਲੇ ਹਨ। ਠੀਕ ਹੀ ਉਸਦੀ ਜੀਵਨੀ ਕਾਫ਼ੀ ਆਕ੍ਰਸ਼ਿਤ ਸੀ ਪਰ ਮੈਂ ਜਿਸ ਵਿਅਕਤੀ ਨਾਲ ਵੀ ਗੱਲ ਕੀਤੀ, ਉਸਨੇ ਹੀ ਕਿਹਾ ਕਿ ਉਸਨੂੰ ਮਿਲਣਾ ਬਹੁਤ ਮੁਸ਼ਕਿਲ ਹੈ। ਇੱਕ ਤਾਂ ਉਹ ਹਰ ਵਕਤ ਰੁੱਝਾ ਰਹਿੰਦਾ ਹੈ, ਉਸ ਕੋਲ ਸਮਾਂ ਹੀ ਨਹੀਂ ਹੁੰਦਾ ਅਤੇ ਦੂਸਰਾ ਉਹ ਛਿਪਿਆ ਰਹਿਣ ਵਿੱਚ ਵਿਸ਼ਵਾਸ ਕਰਦਾ ਹੈ। ਉਸਨੂੰ ਪਬਲੀਸਿਟੀ ਵਿੱਚ ਵਿਸ਼ਵਾਸ ਨਹੀਂ, ਨਾ ਹੀ ਉਹ ਆਪਣੇ ਕੰਮ ਦਾ ਕੋਈ ਪ੍ਰਚਾਰ ਕਰਨ ਦੀ ਖਾਤਰ ਕੋਈ ਕੰਮ ਕਰਦਾ ਹੈ। ਮੈਂ ਸੋਚਿਆ, ਉਹ ਮਿਲੇ ਜਾਂ ਨਾ ਮਿਲੇ, ਮੈਂ ਉਸ ਦਿਨ ਸ਼ਾਮ ਨੂੰ ਵਿਹਲੇ ਹੋ ਕੇ ਉਸਨੂੰ ਮਿਲਣ ਦਾ ਯਤਨ ਜ਼ਰੂਰ ਕਰਨਾ ਹੈ।

ਉਸ ਦਿਨ ਸਵੇਰੇ 10 ਵਜੇ ਜ਼ਿਲ੍ਹਾ ਨਾਜ਼ਿਮ ਨਾਲ ਸਾਡੀ ਕਰਾਚੀ ਦੀ ਮਿਉਂਸਿਪਲ ਕਮੇਟੀ ਦੇ ਹਾਲ ਵਿੱਚ ਮੀਟਿੰਗ ਸੀ। ਮਿਉਂਸਿਪਲ ਕਮੇਟੀ ਦਾ ਇਹ ਦਫਤਰ ਕੋਈ 1920 ਤੋਂ ਇੱਥੇ ਹੀ ਸੀ। ਜਦੋਂ ਮੈਂ ਇਸ ਦਫਤਰ ਵਿੱਚ ਦਾਖਲ ਹੋਇਆ ਤਾਂ ਮੈਨੂੰ ਰਿਸ਼ਤੇ ਵਿੱਚੋਂ ਆਪਣੇ ਤਾਏ ਸੂਬੇਦਾਰ ਸ਼ਮਸ਼ੇਰ ਸਿੰਘ ਦੀ ਯਾਦ ਆ ਗਈ। ਕਿਉਂ ਜੋ ਉਹ ਇਸ ਦਫਤਰ ਵਿੱਚ ਦੇਸ਼ ਦੀ ਵੰਡ ਤਕ ਕਰਮਚਾਰੀ ਰਹੇ ਸਨ ਅਤੇ ਇਸ ਦਫਤਰ ਨਾਲ ਸੰਬੰਧਿਤ ਕਈ ਬੜੀਆਂ ਦਿਲਚਸਪ ਗੱਲਾਂ ਸੁਣਾਉਂਦੇ ਹੁੰਦੇ ਸਨ। ਫਿਰ ਮੈਂ ਉਸ ਵਕਤ ਦੀ ਕਲਪਨਾ ਕਰਨ ਲੱਗਾ, ਜਦੋਂ ਇਸ ਇਮਾਰਤ ਵਿੱਚ ਹਿੰਦੂ, ਸਿੱਖ, ਮੁਸਲਿਮ, ਇਸਾਈ ਕਰਮਚਾਰੀ ਕੰਮ ਕਰਦੇ ਹੋਣਗੇਉਸ ਵੇਲੇ ਤਾਂ ਇਸ ਸ਼ਹਿਰ ਦੀ ਅਬਾਦੀ ਵੀ ਘੱਟ ਸੀ ਅਤੇ ਕਰਮਚਾਰੀ ਵੀ ਘੱਟ ਸਨ ਪਰ ਹੁਣ ਤਾਂ ਇਸ ਸ਼ਹਿਰ ਦਾ ਘੇਰਾ ਬਹੁਤ ਵਿਸ਼ਾਲ ਹੋ ਚੁੱਕਾ ਹੈ।

1947 ਵਿੱਚ ਇਸ ਸ਼ਹਿਰ ਦੀ ਅਬਾਦੀ ਸਿਰਫ 3 ਲੱਖ 47 ਹਜ਼ਾਰ ਸੀ ਅਤੇ ਉਸ ਵੇਲੇ ਵੀ ਇਹ ਬਹੁਤ ਵੱਡੇ ਸ਼ਹਿਰਾਂ ਵਿੱਚੋਂ ਗਿਣਿਆ ਜਾਂਦਾ ਸੀ ਪਰ ਹਰ ਸਾਲ ਇਸ ਸ਼ਹਿਰ ਦੀ ਅਬਾਦੀ 6 ਫੀਸਦੀ ਸਲਾਨਾ ਵਧਦੀ ਰਹੀ। ਇਸਦੀ 1.50 ਕਰੋੜ ਦੀ ਅਬਾਦੀ ਇੰਨੀ ਜ਼ਿਆਦਾ ਹੈ ਕਿ ਦੁਨੀਆਂ ਦੇ 62 ਦੇਸ਼ਾਂ ਦੀ ਅਬਾਦੀ ਇਸ ਤੋਂ ਘੱਟ ਹੈ। ਇਸ ਵਕਤ ਇਹ ਸ਼ਹਿਰ ਦੁਨੀਆਂ ਵਿੱਚ ਅਬਾਦੀ ਦੇ ਹਿਸਾਬ 7ਵੇਂ ਨੰਬਰ ’ਤੇ ਹੈ। ਇਹ ਸ਼ਹਿਰ ਵਪਾਰ ਦੇ ਤੌਰ ’ਤੇ ਇੰਨੀ ਮਹੱਤਤਾ ਰੱਖਦਾ ਹੈ ਕਿ ਪਾਕਿਸਤਾਨ ਦੇ ਅੰਤਰਰਾਸ਼ਟਰੀ ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਦੇਸ਼ ਦੀ ਸਰਕਾਰ ਦੀ ਕੁੱਲ ਆਮਦਨ ਵਿੱਚ 17 ਫੀਸਦੀ ਇਕੱਲੇ ਇਸ ਸ਼ਹਿਰ ਵਿੱਚੋਂ ਹੀ ਦਿੱਤਾ ਜਾਂਦਾ ਹੈ। ਇਸ ਸ਼ਹਿਰ ਦੀ ਵੱਸੋਂ ਵਿੱਚ 20 ਲੱਖ ਲੋਕ ਬੰਗਾਲ ਅਤੇ ਬਿਹਾਰ ਤੋਂ, ਵੰਡ ਤੋਂ ਬਾਅਦ ਆ ਕੇ ਸਥਾਪਤ ਹੋਏ ਸਨ। ਇਸ ਸ਼ਹਿਰ ਦੇ ਬਾਹਰ ਬਹੁਤ ਸਾਰੇ ਲੋਕ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਸਨ, ਪਰ ਮਿਉਂਸਿਪਲ ਕਾਰਪੋਰੇਸ਼ਨ ਨੇ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ 580 ਬਸਤੀਆਂ ਨੂੰ ਹਟਾ ਕੇ ਉਨ੍ਹਾਂ ਨੂੰ ਚੰਗੇ ਘਰ ਬਣਾ ਕੇ ਦਿੱਤੇ ਹਨ। ਭਾਵੇਂ ਕਿ ਇਹ ਘਰ ਸਿਰਫ 80 ਵਰਗ ਗਜ਼ ਵਿੱਚ ਬਣਾਏ ਗਏ ਹਨ ਪਰ ਉਨ੍ਹਾਂ ਝੁੱਗੀਆਂ ਝੌਂਪੜੀਆਂ ਨੂੰ ਹਟਾ ਕੇ ਇਸ ਵਿੱਚ ਪਾਣੀ ਅਤੇ ਬਿਜਲੀ ਦੀ ਸਹੂਲਤ ਦਿੱਤੀ ਹੈ ਅਤੇ ਇਨ੍ਹਾਂ ਲੋਕਾਂ ਨੂੰ 3 ਟਾਊਨਾਂ ਵਿੱਚ ਵਸਾਇਆ ਗਿਆ ਹੈ।

ਕਰਾਚੀ ਸ਼ਹਿਰ ਅਰਬ ਸਾਗਰ ਦੇ ਕੰਢੇ ’ਤੇ ਵਸਿਆ ਇੱਕ ਬਹੁਤ ਹੀ ਆਧੁਨਿਕ ਸ਼ਹਿਰ ਹੈ ਅਤੇ ਮਿਉਂਸਿਪਲ ਕਾਰਪੋਰੇਸ਼ਨ ਨੇ ਇਸਨੂੰ ਸਭ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਸੜਕਾਂ ਬਹੁਤ ਖੁੱਲ੍ਹੀਆਂ ਹਨਸੜਕਾਂ ਦੇ ਕਿਨਾਰੇ ਪਾਰਕਾਂ, ਬਾਗ ਬਣਾ ਕੇ ਇਸਨੂੰ ਇੱਕ ਆਧੁਨਿਕ, ਖੁੱਲ੍ਹਾ-ਡੁੱਲ੍ਹਾ ਅਤੇ ਯੋਜਨਾਬੱਧ ਸ਼ਹਿਰ ਬਣਾਇਆ ਗਿਆ ਹੈ। ਜਦੋਂ ਸਾਡੀ ਮੀਟਿੰਗ ਜ਼ਿਲ੍ਹਾ ਨਾਜ਼ਿਮ ਨਾਲ ਹੋਈ ਤਾਂ ਉੱਥੇ ਇੱਕ ਹਿੰਦੂ ਔਰਤ ਸ੍ਰੀਮਤੀ ਮੰਗਲਾ ਸ਼ਰਮਾ ਮੇਰੇ ਕੋਲ ਆਈ ਅਤੇ ਉਸਨੇ ਆਪਣੀ ਵਾਕਫ਼ੀ ਕਰਵਾਈ। ਉਹ ਜ਼ਿਲ੍ਹਾ ਕੌਂਸਿਲ ਦੀ ਘੱਟ-ਗਿਣਤੀਆਂ ਵਿੱਚੋਂ ਚੁਣੀ ਗਈ ਮੈਂਬਰ ਸੀ। ਉਹ ਕਹਿਣ ਲੱਗੀ ਕਿ ਮੈਂ ਅਪਰੈਲ ਵਿੱਚ ਭਾਰਤ ਜਾਣਾ ਹੈ ਅਤੇ ਉੱਥੇ ਤੁਹਾਨੂੰ ਮਿਲਾਂਗੀ। ਫਿਰ ਉਹ ਕਹਿਣ ਲੱਗੀ ਕਿ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਭਾਰਤ ਵਿੱਚ ਹਨ। ਉਹ ਬਹੁਤ ਸਾਰੇ ਸ਼ਹਿਰਾਂ ਬਾਰੇ ਜਾਣਨ ਲਈ ਕਾਫ਼ੀ ਉਤਸੁਕਤਾ ਰੱਖਦੀ ਸੀ। ਸਾਹਮਣੇ ਕੰਧ ’ਤੇ ਕਰਾਚੀ ਮਿਉਂਸਿਪਲ ਕਮੇਟੀ ਦੇ ਪ੍ਰਧਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ, ਜੋ ਕਿ 1920 ਤੋਂ ਬਾਅਦ ਸ਼ੁਰੂ ਹੋ ਕੇ ਸਨ ਅਤੇ ਉਨ੍ਹਾਂ ਵਿੱਚ ਕੁਝ ਹਿੰਦੂ ਪ੍ਰਧਾਨਾਂ ਦੀਆਂ ਫੋਟੋਆਂ ਵੀ ਸਨ ਜੋ 1947 ਤੋਂ ਪਹਿਲਾਂ ਇਸ ਸ਼ਹਿਰ ਦੇ ਪ੍ਰਧਾਨ ਰਹੇ ਸਨ। ਜਿਵੇਂ 1937 ਵਿੱਚ ਦੁਰਗਾ ਦਾਸ ਜੀ ਮੇਅਰ ਬਣੇ ਸਨ। ਸ਼ਹਿਰ ਦੀਆਂ ਸੜਕਾਂ, ਸ਼ਹਿਰ ਤੋਂ ਬਾਹਰ ਬਾਈਪਾਸ ਅਤੇ ਮੋਟਰਵੇਅ ਨੂੰ ਜਾ ਕੇ ਮਿਲ ਜਾਂਦੀਆਂ ਸਨ। ਇਸਦਾ ਇੱਕ ਬਾਈਪਾਸ, ਬਲੋਚਿਸਤਾਨ ਨੂੰ ਜਾਣ ਵਾਲੀ ਮੋਟਰਵੇਅ ਨਾਲ ਜਾ ਮਿਲਦਾ ਸੀ।

ਸਾਡੀ ਇਹ ਮੀਟਿੰਗ ਕੋਈ 11: 30 ਵਜੇ ਖਤਮ ਹੋਈ ਅਤੇ ਉਸ ਦਿਨ ਇੱਕ ਹੋਰ ਟਾਊਨ ਕੌਂਸਲ ‘ਲਿਆਰੀ’ ਵਿੱਚ ਮੀਟਿੰਗ ਰੱਖੀ ਹੋਈ ਸੀ। ਇਸ ਟਾਊਨ ਕੌਂਸਲ ਦਾ ਦਫਤਰ ਛੋਟਾ ਸੀ ਅਤੇ ਇਸ ਕੌਂਸਲ ਦੇ ਪ੍ਰਧਾਨ ਸ੍ਰੀ ਬਲੋਚ ਬਹੁਤ ਹੀ ਮਿਲਣਸਾਰ ਸੁਭਾਅ ਦੇ ਸਨ। ਉਹ ਕਾਫ਼ੀ ਉਮਰ ਦੇ ਲਗਦੇ ਸਨ ਅਤੇ ਉਨ੍ਹਾਂ ਨਾਲ ਮੀਟਿੰਗ ਵਿੱਚ ਪਤਾ ਲੱਗਾ ਕਿ ਉਹ ਆਪਣੀ ਜਵਾਨੀ ਦੇ ਦਿਨਾਂ ਵਿੱਚ ਫੁੱਟਬਾਲ ਦੇ ਬਹੁਤ ਵੱਡੇ ਖਿਡਾਰੀ ਰਹੇ ਹਨ। ਉਨ੍ਹਾਂ ਦੇ ਨਾਲ ਉਸ ਕੌਂਸਲ ਦੇ ਤਿੰਨ ਹੋਰ ਮੈਂਬਰ ਵੀ ਫੁੱਟਬਾਲ ਦੇ ਅੱਛੇ ਖਿਡਾਰੀ ਰਹੇ ਸਨ ਅਤੇ ਉਨ੍ਹਾਂ ਸ੍ਰੀ ਗੁਲਾਮ ਅੱਬਾਸ ਬਲੋਚ ਨੂੰ ਮਿਲਾਇਆ ਜੋ ਪਾਕਿਸਤਾਨ ਦੀ ਫੁੱਟਬਾਲ ਐਸੋਸੀਏਸ਼ਨ ਦੇ ਉਪ-ਪ੍ਰਧਾਨ ਸਨ। ਇੰਜ ਜਾਪਦਾ ਸੀ ਕਿ ਇਸ ਇਲਾਕੇ ਵਿੱਚ ਫੁੱਟਬਾਲ ਦੀ ਖੇਡ ਦਾ ਬਹੁਤ ਸ਼ੌਕ ਹੈ। ਉਨ੍ਹਾਂ ਵਿੱਚੋਂ ਕਈ ਖਿਡਾਰੀ ਬੰਗਾਲ ਵਿੱਚ ਖੇਡਣ ਆਉਂਦੇ ਰਹੇ ਸਨ ਅਤੇ ਮੇਰੇ ਨਾਲ ਉਨ੍ਹਾਂ ਨੇ ਪੰਜਾਬ ਦੇ ਦੋ ਨਾਮਵਰ ਖਿਡਾਰੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚੋਂ ਇੱਕ ਸੀ ਜਰਨੈਲ ਸਿੰਘ ਅਤੇ ਉਨ੍ਹਾਂ ਨੂੰ ਉਸਦੀ ਮੌਤ ਦਾ ਪਤਾ ਸੀ, ਉਹ ਉਸਦੀ ਕਾਫ਼ੀ ਸਿਫਤ ਕਰਦੇ ਸਨ। ਮੈਂ ਵੀ ਜਰਨੈਲ ਸਿੰਘ ਹੁਰਾਂ ਨੂੰ ਮਿਲਦਾ ਰਿਹਾ ਸਾਂ। ਦੂਸਰਾ ਨਾਂਅ ਸੀ ਇੰਦਰ ਸਿੰਘ। ਉਸ ਬਾਰੇ ਉਹ ਜਾਣਦੇ ਸਨ, ਪਰ ਮੈਂ ਕਦੀ ਇੰਦਰ ਸਿੰਘ ਨੂੰ ਮਿਲਿਆ ਨਹੀਂ ਸਾਂ ਭਾਵੇਂ ਕਿ ਮੈਂ ਉਨ੍ਹਾਂ ਦਾ ਨਾਂਅ ਸੁਣਿਆ ਹੋਇਆ ਸੀ। ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਉਹ ਆਪਣੀ ਖੇਡ ਨਾਲ ਸੰਬੰਧਿਤ ਹੋਣ ਕਰਕੇ ਭਾਰਤ ਦੇ ਖਿਡਾਰੀਆਂ ਬਾਰੇ ਵੀ ਇੰਨਾ ਕੁਝ ਜਾਣਦੇ ਸਨ।

ਉਸ ਦਿਨ ਸ਼ਾਮ ਦੀ ਕੋਈ ਮੀਟਿੰਗ ਨਹੀਂ ਸੀ ਅਤੇ ਵਿਹਲ ਹੀ ਵਿਹਲ ਸੀ। ਮੈਂ ਇਹ ਜ਼ਿਆਦਾ ਠੀਕ ਸਮਝਿਆ ਕਿ ਅੱਜ ਈਦੀ ਸਾਹਿਬ ਨੂੰ ਮਿਲ ਲੈਣਾ ਚਾਹੀਦਾ ਹੈ। ਮੇਰੇ ਕੋਲ ਜੋ ਡਾ. ਇੰਦਰਜੀਤ ਕੌਰ ਵੱਲੋਂ ਦਿੱਤੇ ਹੋਏ ਨੰਬਰ ਸਨ, ਮੈਂ ਉਨ੍ਹਾਂ ਨੰਬਰਾਂ ’ਤੇ ਕਾਲ ਕੀਤੀ ਤਾਂ ਉਨ੍ਹਾਂ ਦੇ ਇੱਕ ਸੈਕਟਰੀ ਨੇ ਮੇਰਾ ਫ਼ੋਨ ਚੁੱਕਿਆ। ਉਸਨੇ ਫਿਰ ਮੇਰੀ ਕਿਸੇ ਲੜਕੀ ਨਾਲ ਗੱਲ ਕਰਵਾਈ ਤਾਂ ਉਸਨੂੰ ਮੈਂ ਜਦੋਂ ਆਪਣੀ ਵਾਕਫ਼ੀ ਕਰਵਾਈ ਅਤੇ ਦੱਸਿਆ ਕਿ ਮੈਂ ਈਦੀ ਸਾਹਿਬ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਉਸਨੇ ਮੇਰੀ ਗੱਲ ਈਦੀ ਸਾਹਿਬ ਨਾਲ ਕਰਵਾ ਦਿੱਤੀ। ਈਦੀ ਸਾਹਿਬ ਦੇ ਪੁੱਛਣ ’ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਹੋਟਲ ਬੀਚ ਪਲੀਅਜ਼ਰ ਤੋਂ ਬੋਲ ਰਿਹਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਆਉਣ ਲਈ ਕੋਈ ਸਵਾਰੀ ਹੈ? ਭਾਵੇਂ ਮੇਰੇ ਕੋਲ ਕੋਈ ਸਵਾਰੀ ਨਹੀਂ ਸੀ, ਪਰ ਮੈਂ ਕਹਿ ਦਿੱਤਾ ਕਿ ਹਾਂ ਮੇਰੇ ਕੋਲ ਸਵਾਰੀ ਹੈ। ਮੇਰਾ ਮਤਲਬ ਇਹ ਸੀ ਕਿ ਸਵਾਰੀ ਨਾ ਹੋਣਾ ਕਹਿ ਦੇਣ ਨਾਲ ਉਹ ਇਹ ਨਾ ਕਹਿ ਦੇਣ ਕਿ ਨਾ ਆਉ। ਉਨ੍ਹਾਂ ਮੈਨੂੰ ਸਮਝਾ ਦਿੱਤਾ ਕਿ ਉਕਤ ਪੁਲ ਲੰਘ ਕੇ ਟਾਵਰ ਦੇ ਨਾਲ ਸਾਡਾ ਹੈੱਡ ਕੁਆਰਟਰ ਹੈ, ਉੱਥੇ ਆ ਜਾਓ।

ਮੈਂ ਟੈਕਸੀ ਲਈ ਅਤੇ ਡਰਾਈਵਰ ਨੂੰ ਪੁੱਛਿਆ ਕਿ ਕੀ ਉਹ ਟਾਵਰ ਦੇ ਨਾਲ ਦੇ ਈਦੀ ਸਾਹਿਬ ਦੇ ਹੈੱਡ ਕੁਆਰਟਰ ਨੂੰ ਜਾਣਦਾ ਹੈ। ਉਹ ਕਹਿਣ ਲੱਗਾ ਕਿ ਉਹ ਈਦੀ ਸਾਹਿਬ ਦੇ ਸਭ ਕੇਂਦਰਾਂ ਦਾ ਵਾਕਫ ਹੈਉਸਨੇ ਮੇਰੇ ਕੋਲੋਂ ਸਿਰਫ 70 ਰੁਪਏ ਮੰਗੇ ਅਤੇ ਕੋਈ 4,5 ਮਿੰਟਾਂ ਵਿੱਚ ਹੀ ਉਹ ਮੈਨੂੰ ਉਸ ਦਫਤਰ ਦੇ ਬਾਹਰ ਛੱਡ ਗਿਆ। ਉੱਥੇ ਬਾਹਰ ਇੱਕ ਬਜ਼ੁਰਗ ਚਿੱਟਾ ਕੁੜਤਾ-ਪਜਾਮਾ ਪਾਈ ਖੜ੍ਹਾ ਸੀ। ਮੈਂ ਅਜੇ ਟੈਕਸੀ ਵਿੱਚੋਂ ਉੱਤਰਿਆ ਹੀ ਸਾਂ ਤਾਂ ਉਹ ਕਹਿਣ ਲੱਗਾ, “ਆਉ ਸਰਦਾਰ ਜੀ, ਮੈਂ ਤੁਹਾਨੂੰ ਹੀ ਉਡੀਕ ਰਿਹਾ ਸਾਂ।”

ਮੈਂ ਉਸਦੀ ਇਸ ਗੱਲ ਤੋਂ ਹੈਰਾਨ ਸਾਂ ਤਾਂ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਇਹੋ ਹੀ ਈਦੀ ਸਾਹਿਬ ਹਨ ਤਾਂ ਮੈਂ ਪੁੱਛਿਆ, “ਤੁਸੀਂ ਈਦੀ ਸਾਹਿਬ ਹੋ?” ਤਾਂ ਉਹ ਕਹਿਣ ਲੱਗੇ, “ਨਹੀਂ, ਮੈਂ ਤਾਂ ਉਨ੍ਹਾਂ ਦਾ ਸੈਕਟਰੀ ਹਾਂ। ਮੇਰਾ ਨਾਂ ਅਨਵਰ ਕਾਜ਼ਮੀ ਹੈ ਅਤੇ ਈਦੀ ਸਾਹਿਬ ਦਾ ਫ਼ੋਨ ਆਇਆ ਸੀ ਕਿ ਕੋਈ ਸਰਦਾਰ ਸਾਹਿਬ ਮਿਲਣ ਆ ਰਹੇ ਹਨ ਅਤੇ ਇਸ ਵਕਤ ਤਾਂ ਸਾਰੇ ਕਰਾਚੀ ਵਿੱਚ ਤੁਸੀਂ ਹੀ ਉਹ ਸਰਦਾਰ ਸਾਹਿਬ ਹੋ ਅਤੇ ਮੈਨੂੰ ਤੁਹਾਡੀ ਪਛਾਣ ਵਿੱਚ ਕੋਈ ਮੁਸ਼ਕਿਲ ਨਹੀਂ ਆਈ।”

ਮੈਂ ਉਸਦੇ ਮਗਰ-ਮਗਰ ਉਸਦੇ ਦਫਤਰ ਵਿੱਚ ਪਹਿਲੀ ਮੰਜ਼ਲ ’ਤੇ ਪਹੁੰਚ ਗਿਆ ਅਤੇ ਉਸਦਾ ਦਫਤਰ ਛੋਟਾ ਜਿਹਾ ਸੀ। ਮੈਂ ਹੈਰਾਨ ਸਾਂ ਕਿ ਇਹ ਈਦੀ ਸਾਹਿਬ ਦਾ ਦਫਤਰ ਹੈ ਪਰ ਅਨਵਰ ਕਾਜ਼ਮੀ ਨੇ ਦੱਸਿਆ ਕਿ ਇਹ ਤਾਂ ਈਦੀ ਸਾਹਿਬ ਦਾ ਇੱਕ ਕੇਂਦਰ ਹੈ। ਉਨ੍ਹਾਂ ਦਾ ਦਫਤਰ ਤਾਂ ‘ਮੀਠਾਦਾਰ’ ਹੈ, ਜੋ ਇੱਥੋਂ 7,8 ਕਿਲੋਮੀਟਰ ਹੋਵੇਗਾ। ਮੈਨੂੰ ਉਨ੍ਹਾਂ ਕਿਹਾ ਸੀ ਕਿ ਮੈਂ ਤੁਹਾਨੂੰ ਲੈ ਕੇ ਉੱਥੇ ਪਹੁੰਚ ਜਾਵਾਂ। ਫਿਰ ਉਸਨੇ ਮੈਨੂੰ ਦੱਸਿਆ ਕਿ ਜਿਹੜਾ ਉਨ੍ਹਾਂ ਨੇ ਤੁਹਾਨੂੰ ਪੁੱਛਿਆ ਸੀ ਕਿ ਕੀ ਤੁਹਾਡੇ ਕੋਲ ਸਵਾਰੀ ਹੈ ਤਾਂ ਉਨ੍ਹਾਂ ਦਾ ਮਤਲਬ ਇਹ ਸੀ ਕਿ ਉਹ ਤੁਹਾਨੂੰ ਆਪਣੀ ਸਵਾਰੀ ਭੇਜ ਦੇਣ। ਇਸ ਲਈ ਤੁਹਾਡੇ ਹੋਟਲ ਤੋਂ ਸਭ ਤੋਂ ਨੇੜੇ ਇਹ ਕੇਂਦਰ ਹੋਣ ਕਰਕੇ ਉਨ੍ਹਾਂ ਨੇ ਇੱਥੋਂ ਦਾ ਐਡਰੈੱਸ ਦੇ ਦਿੱਤਾ ਸੀ।

ਅਸੀਂ ਚਾਹ ਪੀ ਕੇ ਈਦੀ ਸਾਹਿਬ ਨੂੰ ਮਿਲਣ ਲਈ ਉਨ੍ਹਾਂ ਦੀ ਫਾਊਂਡੇਸ਼ਨ ਦੀ ਗੱਡੀ ਵਿੱਚ ਬੈਠ ਗਏ। ਗੱਡੀ ਕਰਾਚੀ ਦੇ ਪੁਰਾਣੇ ਸ਼ਹਿਰ ਵੱਲ ਜਾ ਰਹੀ ਸੀ, ਜਿਸ ਵਿੱਚ ਸੜਕਾਂ ਬਹੁਤ ਤੰਗ ਸਨ ਅਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਕਈ ਵਾਰ ਚਾਰ-ਪੰਜ ਮਿੰਟ ਖੜ੍ਹੇ ਰਹਿਣਾ ਪੈਂਦਾ ਸੀਅਖ਼ੀਰ ਸਾਡੀ ਗੱਡੀ ਇੱਕ ਹੋਰ ਤੰਗ ਗਲੀ ਵਿੱਚ ਮੁੜ ਗਈ, ਜਿਸ ਵਿੱਚ ਮੁਨਿਆਰੀ, ਕਰਿਆਨਾ ਅਤੇ ਕੱਪੜੇ ਦੀਆਂ ਦੁਕਾਨਾਂ ਸਨ। ਸੜਕ ’ਤੇ ਬੜੀ ਚਹਿਲ-ਪਹਿਲ ਸੀ ਅਤੇ ਇਹ ਬਜ਼ਾਰ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਰਗਾ ਬਜ਼ਾਰ ਸੀ ਅਤੇ ਫਿਰ ਸਾਡੀ ਗੱਡੀ ਇੱਕ ਬਹੁਤ ਹੀ ਛੋਟੀ ਜਿਹੀ ਇਮਾਰਤ ਦੇ ਅੱਗੇ ਖੜ੍ਹੀ ਹੋ ਗਈਇਹ ਈਦੀ ਫਾਊਂਡੇਸ਼ਨ ਦੇ ਹੈੱਡ ਕੁਆਰਟਰ ਦਾ ਮੁੱਖ ਦਫਤਰ ਸੀ, ਜਿੱਥੇ ਈਦੀ ਸਾਹਿਬ ਰਹਿੰਦੇ ਸਨ।

ਮੈਂ ਜਦੋਂ ਅੰਦਰ ਗਿਆ ਤਾਂ ਈਦੀ ਸਾਹਿਬ ਇੱਕ ਲੱਕੜ ਦੀ ਕੁਰਸੀ ’ਤੇ ਬੈਠੇ ਹੋਏ ਸਨ। ਉਨ੍ਹਾਂ ਦੇ ਸਾਹਮਣੇ ਇੱਕ ਸਧਾਰਨ ਮੇਜ਼ ਸੀ ਅਤੇ ਉਸਦੇ ਸਾਹਮਣੇ ਪਏ ਬੈਂਚ ’ਤੇ ਮੈਂ ਅਤੇ ਮੇਰੇ ਨਾਲ ਗਏ ਪਾਪਾ ਜੀ ਸ. ਇੰਦਰਜੀਤ ਸਿੰਘ ਬੈਠ ਗਏ। ਇਹ ਇੱਕ ਬੜਾ ਹੀ ਛੋਟਾ ਜਿਹਾ ਕਮਰਾ ਸੀ ਅਤੇ ਮੇਰੇ ਵੱਲੋਂ ਈਦੀ ਸਾਹਿਬ ਦੇ ਹੈੱਡ ਕੁਆਰਟਰ ਦੀ ਕੀਤੀ ਕਲਪਨਾ ਦੇ ਬਿਲਕੁਲ ਉਲਟ ਸੀ। ਮੈਂ ਤਾਂ ਮਹਿਸੂਸ ਕਰਦਾ ਸਾਂ ਕਿ ਈਦੀ ਸਾਹਿਬ ਦਾ ਦਫਤਰ ਇੱਕ ਬਹੁਤ ਵੱਡਾ ਦਫਤਰ ਹੋਵੇਗਾ। ਉਸਦੇ ਬਾਹਰ ਵੱਡਾ ਸਾਰਾ ਲਾਅਨ ਹੋਵੇਗਾ। ਹਾਲ ਅਤੇ ਬਰਾਂਡਾ ਹੋਵੇਗਾ ਪਰ ਇਹ ਤਾਂ ਇੱਕ ਛੋਟਾ ਜਿਹਾ ਕਮਰਾ ਸੀ। ਉਨ੍ਹਾਂ ਦੇ ਖੱਬੇ ਹੱਥ ਇੱਕ ਲੜਕੀ ਬੈਠੀ ਸੀ ਅਤੇ ਉਸਦੇ ਨਾਲ ਹੀ ਇੱਕ ਨਰਸ ਬੈਠੀ ਹੋਈ ਸੀ। ਜਦੋਂ ਮੈਂ ਉਨ੍ਹਾਂ ਨੂੰ ਡਾ. ਇੰਦਰਜੀਤ ਕੌਰ ਵੱਲੋਂ ਦਿੱਤੀ ਹੋਈ ਚਿੱਠੀ ਅਤੇ ਪੁਸਤਕਾਂ ਦਾ ਸੈੱਟ ਦਿੱਤਾ ਤਾਂ ਉਹ ਕਹਿਣ ਲੱਗੇ ਇਹ ਪੁਸਤਕਾਂ ਤਾਂ ਮੇਰੇ ਕੋਲ ਪਹਿਲਾਂ ਹੀ ਪਹੁੰਚੀਆਂ ਹੋਈਆਂ ਹਨ। ਮੈਂ ਉਨ੍ਹਾਂ ਬਾਰੇ ਸੁਣਿਆ ਹੈ ਅਤੇ ਮੇਰੀ ਪਤਨੀ ਬਿਲਕਿਅਸ ਉਨ੍ਹਾਂ ਨੂੰ ਮਿਲੀ ਵੀ ਸੀ। ਉਨ੍ਹਾਂ ਨੇ ਮੇਰੀ ਉਹ ਚਿੱਠੀ ਉੱਥੇ ਬੈਠੀ ਲੜਕੀ ਨੂੰ ਫੜਾ ਦਿੱਤੀ ਅਤੇ ਆਪ ਪੁਸਤਕਾਂ ਦੇਖਣ ਲੱਗ ਪਏ ਅਤੇ ਫਿਰ ਮੈਨੂੰ ਕਹਿਣ ਲੱਗੇ ਕਿ ਮੈਂ ਬਾਹਰ ਬਹੁਤ ਘੱਟ ਜਾਂਦਾ ਹਾਂ। ਅਸਲ ਵਿੱਚ ਕੰਮ ਹੀ ਬਹੁਤ ਰਹਿੰਦਾ ਹੈਪਰ ਹਾਂ, ਮੈਂ ਅੰਮ੍ਰਿਤਸਰ ਜ਼ਰੂਰ ਜਾਣਾ ਚਾਹੁੰਦਾ ਹਾਂ ਅਤੇ ਜ਼ਰੂਰ ਹੀ ਕੋਸ਼ਿਸ਼ ਕਰਾਂਗਾ ਅਤੇ ਤੁਹਾਡੇ ਕੋਲ ਵੀ ਆਵਾਂਗਾ। ਈਦੀ ਸਾਹਿਬ ਨੇ ਅੱਧੀਆਂ ਬਾਹਾਂ ਵਾਲੀ ਕਮੀਜ਼ ਪਹਿਨੀ ਹੋਈ ਸੀ ਅਤੇ ਪਜਾਮਾ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੇ ਪੈਰੀਂ ਚੱਪਲਾਂ ਸਨ ਅਤੇ ਸਿਰ ’ਤੇ ਇੱਕ ਟੋਪੀ ਪਾਈ ਹੋਈ ਸੀਉਹ ਮੈਨੂੰ ਪੁੱਛ ਰਹੇ ਸਨ ਕਿ ਮੈਂ ਕਿਵੇਂ ਪਾਕਿਸਤਾਨ ਆਇਆ ਹਾਂ। ਫਿਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ ਵੀ ਇਹੋ ਹੈ ਅਤੇ ਦਫਤਰ ਵੀ ਇਹੋ ਹੈ ਅਤੇ ਉਨ੍ਹਾਂ ਨੇ ਕੋਈ ਵੱਖਰਾ ਘਰ ਨਹੀਂ ਬਣਾਇਆ।

ਮੈਂ ਉਨ੍ਹਾਂ ਦੀ ਸਾਦਗੀ ਦੇਖ ਕੇ ਬਹੁਤ ਹੈਰਾਨ ਹੋ ਰਿਹਾ ਸਾਂ। ਇੰਨੀ ਪ੍ਰਸਿੱਧੀ ਵਾਲਾ ਵਿਅਕਤੀ ਜੋ ਸਿਰਫ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਤੌਰ ’ਤੇ ਪ੍ਰਸਿੱਧ ਹੈ, ਉਸਦਾ ਆਪਣਾ ਜੀਵਨ ਕਿੰਨਾ ਸਾਦਾ ਹੈ। ਫਿਰ ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਕਿਸੇ ਮਰੀਜ਼ ਨੂੰ ਦੇਖਣ ਗਈ ਹੈ, ਨਹੀਂ ਤਾਂ ਉਹ ਵੀ ਤੁਹਾਨੂੰ ਮਿਲਦੀ। ਇੰਨੇ ਚਿਰ ਨੂੰ ਉਨ੍ਹਾਂ ਦੇ ਸੈਕਟਰੀ ਸ੍ਰੀ ਕਾਜ਼ਮੀ ਨੇ ਮੈਨੂੰ ਦੋ ਪੁਸਤਕਾਂ ਦਿੱਤੀਆਂ। ਉਨ੍ਹਾਂ ਵਿੱਚੋਂ ਇੱਕ ਪਾਕਿਸਤਾਨ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਤਹਿਮੀਨਾ ਦੁੱਰਾਨੀ ਵੱਲੋਂ ਲਿਖੀ ਹੋਈ ਈਦੀ ਸਾਹਿਬ ਦੀ ਸਵੈਜੀਵਨੀ ਸੀ। ਤਹਿਮੀਨਾ ਦੁੱਰਾਨੀ ਇੱਕ ਬਹੁਤ ਅਮੀਰ ਔਰਤ ਹੈ। ਉਸਨੇ ਆਪਣੀ ਇੱਕ ਪੁਸਤਕ ‘ਮਾਈ ਫਿਊਡਲ ਲਾਰਡ’ ਲਿਖ ਕੇ ਦੁਨੀਆਂ ਦੇ ਕੁਝ ਜਾਣੇ-ਮਾਣੇ ਹੋਏ ਲੇਖਕਾਂ ਵਿੱਚ ਆਪਣਾ ਨਾਂਅ ਬਣਾ ਲਿਆ ਹੈ। ਉਸਦੀ ਪੁਸਤਕ ਦਾ ਦੁਨੀਆਂ ਦੀਆਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ 18 ਬੋਲੀਆਂ ਵਿੱਚ ਤਰਜਮਾ ਹੋ ਚੁੱਕਾ ਹੈ। ਉਸਨੇ ਸ੍ਰੀ ਈਦੀ ਸਾਹਿਬ ਨਾਲ ਮੁਲਾਕਾਤ ਦੇ ਆਧਾਰ ’ਤੇ ਸਾਰੀ ਗੱਲਬਾਤ ਨੂੰ ਕੈਸਟਾਂ ਵਿੱਚ ਰਿਕਾਰਡ ਕਰ ਲਿਆ ਸੀ ਤੇ ਉਸਦੇ ਆਧਾਰ ’ਤੇ ਈਦੀ ਸਾਹਿਬ ਦੀ ਉਹ ਸਵੈਜੀਵਨੀ ਸੀ। ਦੂਸਰੀ ਪੁਸਤਕ ਵਿੱਚ ਈਦੀ ਫਾਊਂਡੇਸ਼ਨ ਦੇ ਕੰਮਾਂ ਬਾਰੇ ਤਸਵੀਰਾਂ ਸਹਿਤ ਵੇਰਵਾ ਦਿੱਤਾ ਗਿਆ ਸੀ। ਦੋਵੇਂ ਹੀ ਪੁਸਤਕਾਂ ਬਹੁਤ ਦਿਲਚਸਪ ਲਗਦੀਆਂ ਸਨ। ਮੈਂ ਉਹ ਲੈ ਲਈਆਂ। ਫਿਰ ਮੈਂ ਉਨ੍ਹਾਂ ਨੂੰ ਡਾ. ਇੰਦਰਜੀਤ ਕੌਰ ਦਾ ਸੁਨੇਹਾ ਦਿੱਤਾ ਕਿ ਉਨ੍ਹਾਂ ਵੱਲੋਂ ਤੁਹਾਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਹੈ ਅਤੇ ਜ਼ਰੂਰ ਸਮਾਂ ਕੱਢਣਾ। ਅਸੀਂ ਉਨ੍ਹਾਂ ਕੋਲੋਂ ਛੁੱਟੀ ਲਈ। ਉਨ੍ਹਾਂ ਨੇ ਆਪਣੇ ਸੈਕਟਰੀ ਕਾਜ਼ਮੀ ਸਾਹਿਬ ਨੂੰ ਕਿਹਾ ਕਿ ਇਨ੍ਹਾਂ ਨੂੰ ਇਨ੍ਹਾਂ ਦੇ ਹੋਟਲ ਛੱਡ ਆਉ ਅਤੇ ਰਸਤੇ ਵਿੱਚ ਇਨ੍ਹਾਂ ਕਿਤੇ ਹੋਰ ਜਾਣਾ ਹੋਵੇ ਤਾਂ ਇਨ੍ਹਾਂ ਨੂੰ ਉੱਥੇ ਵੀ ਲੈ ਜਾਣਾ।

ਮੇਰੇ ਨਾਲ ਸ. ਇੰਦਰਜੀਤ ਸਿੰਘ ਜੀ ਕਰਾਚੀ ਤੋਂ ਦੋ ਟਾਰਚਾਂ ਖਰੀਦਣੀਆਂ ਚਾਹੁੰਦੇ ਸਨ, ਜੋ ਚਾਰਜ ਹੋ ਜਾਂਦੀਆਂ ਸਨ। ਉਨ੍ਹਾਂ ਨੂੰ ਕਿਸੇ ਨੇ ਉਨ੍ਹਾਂ ਟਾਰਚਾਂ ਬਾਰੇ ਦੱਸਿਆ ਹੋਇਆ ਸੀ ਕਿ ਉਹ ਬਹੁਤ ਚੰਗੀਆਂ ਹਨ ਅਤੇ ਸਸਤੀਆਂ ਵੀ ਹਨ। ਜਦੋਂ ਅਸੀਂ ਗੱਡੀ ਵਿੱਚ ਬੈਠ ਕੇ ਅਜੇ ਚੱਲੇ ਹੀ ਸਾਂ ਤਾਂ ਸਾਡੇ ਮਗਰ ਈਦੀ ਸਾਹਿਬ ਬੜੀ ਤੇਜ਼ੀ ਨਾਲ ਆ ਰਹੇ ਸਨ ਅਤੇ ਡਰਾਇਵਰ ਨੂੰ ਗੱਡੀ ਠਹਿਰਾਉਣ ਲਈ ਕਹਿ ਰਹੇ ਸਨ। ਅਸੀਂ ਦੇਖਿਆ ਕਿ ਉਨ੍ਹਾਂ ਦੇ ਪਿੱਛੇ ਇੱਕ ਔਰਤ ਕਾਫ਼ੀ ਤੇਜ਼ੀ ਨਾਲ ਆ ਰਹੀ ਸੀ ਤਾਂ ਕਾਜ਼ਮੀ ਸਾਹਿਬ ਨੇ ਦੱਸਿਆ ਕਿ ਇਹ ਬਿਲਕਿਅਸ ਹੈ। ਅਸੀਂ ਗੱਡੀ ਤੋਂ ਥੱਲੇ ਆ ਗਏ ਅਤੇ ਸ੍ਰੀਮਤੀ ਬਿਲਕਿਅਸ ਨੂੰ ਸਤਿਕਾਰ ਪੇਸ਼ ਕੀਤਾ ਤਾਂ ਉਨ੍ਹਾਂ ਨੇ ਡਾ. ਇੰਦਰਜੀਤ ਕੌਰ ਦਾ ਹਾਲ-ਚਾਲ ਪੁੱਛਿਆ ਅਤੇ ਦੱਸਣ ਲੱਗੇ ਕਿ ਉਹ ਦੋ ਵਾਰ ਡਾ. ਇੰਦਰਜੀਤ ਕੌਰ ਨੂੰ ਮਿਲੇ ਹਨ। ਇੱਕ ਵਾਰ ਤਾਂ ਪਿਛਲੇ ਸਾਲ ਦਿੱਲੀ ਵਿੱਚ ਸ੍ਰੀਮਤੀ ਨਿਰਮਲਾ ਦੇਸ਼ਪਾਂਡੇ ਨੇ ਕਿਸੇ ਸਮਾਗਮ ’ਤੇ ਬੁਲਾਇਆ ਸੀ। ਮੈਨੂੰ ਸ੍ਰੀਮਤੀ ਨਿਰਮਲਾ ਦੇਸ਼ਪਾਂਡੇ ਦਾ ਨਾਂਅ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਉਸਨੂੰ ਲੋਕ ਹਰ ਸ਼ਹਿਰ ਵਿੱਚ ਹੀ ਜਾਣਦੇ ਹਨ। ਉਹ ਮੈਨੂੰ ਪੁੱਛਣ ਲੱਗੇ ਕਿ ਕੀ ਤੁਸੀਂ ਵੀ ਸ੍ਰੀਮਤੀ ਪਾਂਡੇ ਨੂੰ ਜਾਣਦੇ ਹੋ ਅਤੇ ਮੇਰੇ ਵੱਲੋਂ ਇਹ ਦੱਸਣ ’ਤੇ ਕਿ ਉਹ ਮੇਰੇ ਬਹੁਤ ਚੰਗੀ ਤਰ੍ਹਾਂ ਵਾਕਿਫ ਹਨ ਤਾਂ ਉਹ ਕਹਿਣ ਲੱਗੀ ਕਿ ਉਸਨੂੰ ਅਤੇ ਉਨ੍ਹਾਂ ਦੀ ਪੀ.ਏ. ਬਬੀਤਾ ਨੂੰ ਵੀ ਮੇਰਾ ਸਤਿਕਾਰ ਦੇਣਾ। ਉਹ ਬਜ਼ਾਰ ਬੜਾ ਤੰਗ ਸੀ ਅਤੇ ਇੱਕ ਗੱਡੀ ਅੱਗੋਂ ਆਉਣ ਕਰਕੇ ਅਸੀਂ ਮਹਿਸੂਸ ਕੀਤਾ ਕਿ ਉੱਥੇ ਟ੍ਰੈਫਿਕ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਅਸੀਂ ਇਜਾਜ਼ਤ ਲੈ ਕੇ ਚੱਲ ਪਏ।

ਰਸਤੇ ਵਿੱਚ ਪਾਪਾ ਜੀ (ਸ. ਇੰਦਰਜੀਤ ਸਿੰਘ) ਨੇ ਡਰਾਈਵਰ ਨਾਲ ਜਾ ਕੇ ਦੋ ਬੈਟਰੀਆਂ ਖਰੀਦ ਲਈਆਂ। ਮੈਂ ਅਤੇ ਕਾਜ਼ਮੀ ਸਾਹਿਬ ਗੱਡੀ ਵਿੱਚ ਹੀ ਰਹੇ ਤਾਂ ਉੱਥੇ ਉਨ੍ਹਾਂ ਦੱਸਿਆ ਕਿ ਈਦੀ ਸਾਹਿਬ ਵੰਡ ਤੋਂ ਬਾਅਦ ਗੁਜਰਾਤ (ਭਾਰਤ) ਤੋਂ ਇੱਧਰ ਆਏ ਹਨ ਅਤੇ ਉਹ ਆਪਣੀ ਵਿੱਦਿਆ ਵੀ ਪੂਰੀ ਨਹੀਂ ਸਨ ਕਰ ਸਕੇ। ਪਰ ਇਸ ਕੰਮ ਵਿੱਚ ਤਾਂ ਉਹ ਦੁਨੀਆਂ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੂੰ ਬਾਹਰ-ਅੰਦਰ ਜਾਣ ਜਾਂ ਸ਼ੋਹਰਤ ਦਾ ਕੋਈ ਸ਼ੌਕ ਨਹੀਂ ਅਤੇ ਉਹ ਆਮ ਇਹ ਗੱਲ ਕਹਿੰਦੇ ਹਨ ਕਿ ‘ਧਰਮ ਦਾ ਆਧਾਰ ਹੈ ਇਨਸਾਨੀਅਤ’ ਅਤੇ ‘ਰਾਜਨੀਤੀ ਦਾ ਅਰਥ ਹੈ ਲੋਕ-ਕਲਿਆਣ।’ ਜੇ ਇਨ੍ਹਾਂ ਦੋਵਾਂ ਹੀ ਵਿਚਾਰਾਂ ਨੂੰ ਅਪਨਾ ਲਿਆ ਜਾਵੇ ਤਾਂ ਨਾ ਤਾਂ ਧਰਮ ਦੇ ਆਧਾਰ ’ਤੇ ਦੁਨੀਆਂ ਵਿੱਚ ਨਫਰਤ ਹੋ ਸਕਦੀ ਹੈ ਨਾ ਹੀ ਕੋਈ ਫਰਕ; ਅਤੇ ਜੇ ਰਾਜਨੀਤੀ ਨੂੰ ਲੋਕ-ਕਲਿਆਣ ਲਈ ਵਰਤਿਆ ਜਾਵੇ ਤਾਂ ਰਿਸ਼ਵਤਖੋਰੀ ਨਹੀਂ ਰਹਿ ਸਕਦੀ। ਪਰ ਉਨ੍ਹਾਂ ਦੇ ਅਨੁਸਾਰ ਇਹ ਦੋਵੇਂ ਗੱਲਾਂ ਹੀ ਆਮ ਨਹੀਂ ਮਿਲਦੀਆਂ। ਇਸ ਕਰਕੇ ਹੀ ਸਾਰੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।

ਈਦੀ ਸਾਹਿਬ ਅਨੁਸਾਰ ਜੋ ਉਹ ਕੰਮ ਕਰ ਰਹੇ ਹਨ, ਉਹ ਸਰਕਾਰ ਦਾ ਕੰਮ ਹੈ, ਉਹ ਤਾਂ ਸਰਕਾਰ ਦੀ ਮਦਦ ਕਰ ਰਹੇ ਹਨ। ਸਮਾਜਿਕ ਸੁਰੱਖਿਆ ਤਾਂ ਸਰਕਾਰ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਸੈਕਟਰੀ ਦੱਸ ਰਿਹਾ ਸੀ ਕਿ ਇੱਕ ਵਾਰ ਜਨਰਲ ਜ਼ਿਆ ਉਲ ਹੱਕ ਨੇ ਉਨ੍ਹਾਂ ਨੂੰ ਆਪਣੀ ਵਜ਼ਾਰਤੀ ਕੌਂਸਲ ਦਾ ਮੈਂਬਰ ਬਣਾ ਲਿਆ। ਉਹ ਮੈਂਬਰ ਤਾਂ ਬਣ ਗਏ ਪਰ ਨਾ ਉਨ੍ਹਾਂ ਕੋਈ ਸਹੂਲਤ ਲਈ, ਨਾ ਪੀ.ਏ., ਨਾ ਭੱਤਾ ਅਤੇ ਕਿਸੇ ਜਗ੍ਹਾ ਵੀ ਫਜ਼ੂਲਖਰਚੀ ਨਹੀਂ ਕੀਤੀ ਅਤੇ ਉਸ ਕੌਂਸਲ ਵਿੱਚ ਘੁਟਣ ਜਿਹੀ ਮਹਿਸੂਸ ਕਰਦੇ ਰਹੇ ਅਤੇ ਛੇਤੀ ਹੀ ਅਸਤੀਫ਼ਾ ਦੇ ਦਿੱਤਾ। ਇੱਕ ਗੱਲ ਉਨ੍ਹਾਂ ਈਦੀ ਸਾਹਿਬ ਬਾਰੇ ਹੋਰ ਦੱਸੀ ਕਿ ਇੱਕ ਵਾਰ ਇੰਡੋਨੇਸ਼ੀਆ ਦੇ ਪ੍ਰਧਾਨ ਨੇ ਕਰਾਚੀ ਦੇ ਹਵਾਈ ਅੱਡੇ ’ਤੇ ਆਉਣਾ ਸੀ ਅਤੇ ਉਨ੍ਹਾਂ ਦੇ ਸਵਾਗਤ ਕਰਨ ਲਈ ਈਦੀ ਸਾਹਿਬ ਨੂੰ ਵੀ ਸੱਦਾ ਮਿਲਿਆ। ਉਹ ਚਲੇ ਤਾਂ ਗਏ, ਉੱਥੇ ਬਹੁਤ ਸਮਾਂ ਲੱਗ ਗਿਆ ਅਤੇ ਇਹ ਗੱਲ ਉਨ੍ਹਾਂ ਨੂੰ ਬਹੁਤ ਮਾੜੀ ਲੱਗੀ ਕਿ ਸਮੇਂ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਸੀ ਕਰਨਾ ਚਾਹੀਦਾ। ਜਦੋਂ ਉਹ ਉੱਥੇ ਆਪਣੇ ਰਵਾਇਤੀ ਕੱਪੜਿਆਂ ਕਮੀਜ਼-ਪਜਾਮਾ ਅਤੇ ਚੱਪਲਾਂ ਵਿੱਚ ਖੜ੍ਹੇ ਸਨ ਤਾਂ ਇੱਕ ਸਰਕਾਰੀ ਅਫਸਰ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਉਸ ਵਕਤ ਲਈ ਰਵਾਇਤੀ ਡਰੈੱਸ ਪਹਿਨਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਡਰੈੱਸ ਵਿੱਚ ਸਵਾਗਤ ਕਰਨਗੇ ਅਤੇ ਦੂਸਰਾ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸਤੋਂ ਅੱਗੇ ਇਹੋ ਜਿਹੇ ਕੰਮਾਂ ਲਈ ਕਦੀ ਨਾ ਸੱਦਿਆ ਜਾਵੇ। ਇਹ ਤਾਂ ਸਮੇਂ ਦੀ ਬਰਬਾਦੀ ਹੈ, ਇੰਨੇ ਸਮੇਂ ਵਿੱਚ ਤਾਂ ਕਈ ਕੰਮ ਹੋ ਸਕਦੇ ਹਨ।

ਅਸੀਂ ਉਸ ਦਿਨ ਜਦੋਂ ਹੋਟਲ ਵਿੱਚ ਆਏ ਤਾਂ ਉੱਥੇ ਕਾਫ਼ੀ ਰੌਣਕ ਸੀ। ਸਾਨੂੰ ਪਤਾ ਲੱਗਾ ਕਿ ਕਰਾਚੀ ਦੇ ਹਿੰਦੂ ਲੋਕ ਇਸ ਹੋਟਲ ਵਿੱਚ ਹੋਲੀ ਮਨਾਉਣ ਲਈ ਆਏ ਹੋਏ ਸਨ। ਉਸ ਦਿਨ ਹੋਲੀ ਦਾ ਤਿਉਹਾਰ ਸੀ ਅਤੇ ਹੋਟਲ ਦੇ ਇੱਕ ਤਰਫ ਔਰਤਾਂ ਅਤੇ ਮਰਦ ਭਜਨ ਗਾ ਰਹੇ ਸਨ ਅਤੇ ਉਨ੍ਹਾਂ ਦੇ ਸਾਜ਼ ਅਤੇ ਆਵਾਜ਼ ਬਿਲਕੁਲ ਇਸ ਤਰ੍ਹਾਂ ਹੀ ਆ ਰਹੇ ਸਨ, ਜਿਵੇਂ ਅਸੀਂ ਪੰਜਾਬ ਦੇ ਸ਼ਹਿਰਾਂ ਵਿੱਚ ਦੇਖਦੇ ਹਾਂ ਅਤੇ ਸਾਨੂੰ ਉੱਥੇ ਖੜ੍ਹੇ ਲੋਕ ਦੱਸ ਰਹੇ ਸਨ ਕਿ ਇੱਥੇ ਹੋਲੀ ਦਾ ਤਿਉਹਾਰ ਬੜੇ ਹੀ ਜੋਸ਼ ਨਾਲ ਮਨਾਇਆ ਜਾਂਦਾ ਹੈ ਅਤੇ ਸ਼ਾਮ ਨੂੰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਇਸ ਦਿਨ ਸੋਮਨਾਥ ਦੇ ਮੰਦਰ ਕਾਫ਼ੀ ਲੋਕ ਮੱਥਾ ਟੇਕਣ ਵੀ ਜਾਂਦੇ ਹਨ। ਇੰਜ ਹੀ ਇੱਥੇ ਰਹਿਣ ਵਾਲੇ ਸਿੱਖ ਇੱਥੋਂ ਦੇ ਦੋ ਗੁਰਦੁਆਰਿਆਂ ਇੱਕ ਸੋਲਜਰ ਬਜ਼ਾਰ ਅਤੇ ਦੂਸਰਾ ਰਾਮਾਸਵਾਮੀ ਬਜ਼ਾਰ ਵਿੱਚ ਹੈ, ਮੱਥਾ ਟੇਕਣ ਜਾਂਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਡਾ. ਐੱਸ ਐੱਸ ਛੀਨਾ

ਡਾ. ਐੱਸ ਐੱਸ ਛੀਨਾ

Phone: (91 - 78890 - 39596)
Email: (sarbjitchhina@yahoo.co.in)