“ਉੱਥੇ ਕੁਝ ਹੋਰ ਸਿੱਖ ਪਰਿਵਾਰ ਆਏ ਹੋਏ ਸਨ, ਜਿਹੜੇ ਪਿਸ਼ਾਵਰ ਤੋਂ ਸਨ। ਉਹ ...”
(6 ਜੂਨ 2026)
ਉਸ ਦਿਨ ਐਤਵਾਰ ਸੀ। ਸਾਡੀ ਅਮੀਨ ਹੋਟਲ ਵਿੱਚ ਪਿਸ਼ਾਵਰ ਦੀ ਇੱਕ ਸੰਸਥਾ ਦੇ ਪ੍ਰਤੀਨਿਧਾਂ ਨਾਲ ਇੱਕ ਮੀਟਿੰਗ ਸੀ। ਮੀਟਿੰਗ ਵਿੱਚ ਅਜੇ ਕੁਝ ਸਮਾਂ ਰਹਿੰਦਾ ਸੀ, ਇਸ ਲਈ ਅਸੀਂ ਪਿਸ਼ਾਵਰ ਦੇ ਬਜ਼ਾਰਾਂ ਵਿੱਚ ਘੁੰਮਣ ਲੱਗ ਪਏ। ਸਾਡੇ ਗਾਈਡ ਨੇ ਸਾਨੂੰ ਦੱਸਿਆ ਕਿ ਰਸਤੇ ਵਿੱਚ ਤੁਹਾਡੇ ਮਸ਼ਹੂਰ ਐਕਟਰ ਰਾਜਕਪੂਰ ਦਾ ਘਰ ਹੈ, ਉਹ ਦੇਖ ਲਓ। ਉਹ ਸਾਨੂੰ ਉਸ ਘਰ ਦੇ ਅੱਗੇ ਲੈ ਗਿਆ। ਉਹ ਘਰ ਪੁਰਾਣੀ ਕਿਸਮ ਦਾ ਘਰ ਸੀ। ਉਸਦੇ ਤਿੰਨੇ ਪਾਸੇ ਹੀ ਕਮਰੇ ਸਨ ਅਤੇ ਅੱਗੇ ਖੁੱਲ੍ਹਾ ਵਿਹੜਾ ਸੀ। ਅੰਦਰ ਜਾਣ ਲਈ ਡਿਓੜੀ ਸੀ ਜਿਸ ’ਤੇ ਰੰਗਦਾਰ ਸਲੈਬਾਂ ਲੱਗੀਆਂ ਹੋਈਆਂ ਸਨ ਅਤੇ ਦੋਵੇਂ ਪਾਸੇ ਬੈਠਣ ਲਈ ਸੰਗਮਰਮਰ ਦੀਆਂ ਸਲੇਟਾਂ ਲਾ ਕੇ ਜਗ੍ਹਾ ਬਣਾਈ ਹੋਈ ਸੀ। ਅਸੀਂ ਉਸ ਵਕਤ ਦੀ ਕਲਪਨਾ ਕੀਤੀ, ਜਦੋਂ ਪ੍ਰਿਥਵੀ ਰਾਜ ਕਪੂਰ ਨੇ ਜਾਂ ਉਸਦੇ ਬਾਪ ਨੇ ਸਦਾ ਰਹਿਣ ਲਈ ਇਹ ਘਰ ਬਣਾਇਆ ਹੋਵੇਗਾ। ਗਾਈਡ ਨੇ ਦੱਸਿਆ ਕਿ ਦਲੀਪ ਕੁਮਾਰ, ਜਿਸਦਾ ਨਾਂ ਅਸਲ ਨਾਂ ਯੂਸਫ ਖਾਨ ਸੀ, ਉਸਦਾ ਘਰ ਵੀ ਪਿਸ਼ਾਵਰ ਵਿੱਚ ਹੈ ਪਰ ਉੱਥੇ ਜਾਣ ਲਈ ਸਮਾਂ ਲੱਗ ਜਾਵੇਗਾ। ਸੋ ਅਸੀਂ ਉਹ ਰਹਿਣ ਦਿੱਤਾ।
ਸਾਡੇ ਨਾਲ ਮਦਰਾਸ ਤੋਂ ਗਈ ਸ਼੍ਰੀਮਤੀ ਆਈ ਕੁਟੀਜਾਨ ਨੇ ਸਬੂਰ ਨੂੰ ਕਿਸੇ ਗਿਰਜਾ ਘਰ ਵਿੱਚ ਖੜ੍ਹਨ ਲਈ ਕਿਹਾ ਤਾਂ ਕਿ ਉਹ ਐਤਵਾਰ ਦੀ ਪ੍ਰਾਰਥਨਾ ਕਰ ਲਵੇ। ਸਬੂਰ ਸਾਡੀ ਬੱਸ ਨੂੰ ਇੱਕ ਗਿਰਜਾ ਘਰ ਦੇ ਸਾਹਮਣੇ ਲੈ ਗਿਆ। ਅਸਲ ਵਿੱਚ ਉੱਥੇ ਕਾਫੀ ਇਸਾਈ ਵਸੋਂ ਰਹਿੰਦੀ ਸੀ ਅਤੇ ਉਹਨਾਂ ਵੱਲੋਂ ਸਥਾਪਿਤ ਸਕੂਲ ਬਹੁਤ ਪ੍ਰਸਿੱਧ ਸਕੂਲਾਂ ਵਿੱਚੋਂ ਸਨ। ਗਿਰਜਾਘਰ ਦੇ ਨਾਲ ਹੀ ਇੱਕ ਕ੍ਰਿਸਚੀਅਨ ਸਕੂਲ ਦੀ ਦੋ ਮੰਜ਼ਿਲਾ ਵੱਡੀ ਇਮਾਰਤ ਸੀ। ਅਸੀਂ ਸਕੂਲ ਦੇਖਣ ਅੰਦਰ ਚਲੇ ਗਏ। ਇਸਦੀ ਇਮਾਰਤਸਾਜ਼ੀ ਮੇਰੇ ਧਾਰੀਵਾਲ ਵਾਲੇ ਮਿਸ਼ਨ ਸਕੂਲ ਵਰਗੀ ਹੀ ਸੀ ਪਰ ਇਹ ਇਮਾਰਤ ਬਹੁਤ ਵਿਸ਼ਾਲ ਸੀ, ਜਿਹੜੀਆਂ ਲਾਲ ਰੰਗ ਦੀਆਂ ਇੱਟਾਂ ਦੀ ਬਣੀ ਹੋਈ ਸੀ। ਸਾਡੇ ਨਾਲ ਸਰਹੱਦ ਪੁਲਿਸ ਦੀ ਇਸਕਾਰਟ ਵੀ ਜਾ ਰਹੀ ਸੀ।
ਸਾਡੀ ਉਸ ਮੀਟਿੰਗ ਦੇ ਖਤਮ ਹੋਣ ’ਤੇ ਹੋਟਲ ਵਿੱਚ ਹੀ ਲੰਚ ਸੀ ਅਤੇ ਉਸ ਤੋਂ ਬਾਅਦ ਅਸੀਂ ਸੱਚਾ ਸੌਦਾ ਸਾਹਿਬ ਵੱਲ ਚੱਲਣਾ ਸੀ। ਇਸ ਲਈ ਅਸੀਂ ਤਕਰੀਬਨ 1:15 ’ਤੇ ਬੱਸ ਵਿੱਚ ਬੈਠੇ ਤੇ ਚੱਲ ਪਏ। ਇਹ ਵੀ ਲੰਮਾ ਸਫਰ ਸੀ। ਇਸ ਲਈ ਅਸੀਂ ਕੋਈ ਦੋ ਘੰਟਿਆਂ ਵਿੱਚ ਹਸਨ ਅਬਦਾਲ ਸ਼ਹਿਰ ਪਹੁੰਚ ਗਏ। ਉਸ ਦਿਨ ਭਾਵੇਂ ਐਤਵਾਰ ਸੀ ਪਰ ਸ਼ਹਿਰ ਵਿੱਚ ਬਹੁਤ ਚਹਿਲ-ਪਹਿਲ ਸੀ। ਸ਼ਹਿਰ ਵਿੱਚ ਸਾਡੀ ਬੱਸ ਮੁੜ ਕੇ ਗੁਰਦੁਆਰਾ ਪੰਜਾ ਸਾਹਿਬ ਦੇ ਬਾਹਰ ਖੜ੍ਹੀ ਹੋ ਗਈ। ਇਹ ਸੜਕ ਕਾਫ਼ੀ ਖੁੱਲ੍ਹੀ ਸੀ। ਗੁਰਦੁਆਰੇ ਦਾ ਗੇਟ ਬਹੁਤ ਉੱਚਾ ਸੀ। ਉਸ ਦਿਨ ਅੰਦਰ ਕੁਝ ਜ਼ਿਆਦਾ ਯਾਤਰੂ ਨਹੀਂ ਸਨ। ਗੁਰਦੁਆਰੇ ਵਿੱਚ ਪਾਣੀ ਦਾ ਇੱਕ ਚਸ਼ਮਾ ਚੱਲ ਰਿਹਾ ਸੀ। ਸਾਰਿਆਂ ਨੇ ਗੁਰਦੁਆਰੇ ਦੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਗ੍ਰੰਥੀ ਸਿੰਘ ਨੇ ਹਰ ਇੱਕ ਨੂੰ ਪ੍ਰਸ਼ਾਦ ਦਿੱਤਾ ਅਤੇ ਇਹ ਵੀ ਕਿਹਾ ਕਿ ਸਭ ਪਹਿਲਾਂ ਚਾਹ ਦਾ ਲੰਗਰ ਛਕਣ ਅਤੇ ਬਾਅਦ ਵਿੱਚ ਲੰਗਰ ਛੱਕ ਕੇ ਹੀ ਜਾਣ। ਅਸਲ ਵਿੱਚ ਡੈਲੀਗੇਸ਼ਨ ਵਿੱਚ ਅਸੀਂ ਤਿੰਨ ਹੀ ਵਿਅਕਤੀ ਪੰਜਾਬ ਤੋਂ ਸਾਂ ਜੋ ਗੁਰਦੁਆਰੇ ਦਾ ਇਤਿਹਾਸ ਜਾਣਦੇ ਸਾਂ ਅਤੇ ਬਾਕੀ 29 ਵਿਅਕਤੀ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਸਨ, ਜਿਨ੍ਹਾਂ ਵਿੱਚੋਂ ਉਰਦੂ ਵੀ ਥੋੜ੍ਹੇ ਹੀ ਜਾਣਦੇ ਹਨ। ਇਨ੍ਹਾਂ ਵਿੱਚ ਤਾਮਿਲਨਾਡੂ, ਬੰਗਾਲ, ਹੈਦਰਾਬਾਦ, ਕੇਰਲਾ ਆਦਿ ਵਾਲੇ ਜਿਸ ਦਿਨ ਤੋਂ ਅਸੀਂ ਪਾਕਿਸਤਾਨ ਦੇ ਟੂਰ ’ਤੇ ਆਏ ਸਨ, ਪੰਜਾਬੀ ਜਾਂ ਉਰਦੂ ਬੋਲੀ ਦਾ ਗਿਆਨ ਨਾ ਹੋਣ ਕਰਕੇ ਉਹ ਮੁਸ਼ਕਿਲ ਵਿੱਚ ਹੀ ਰਹੇ ਸਨ ਜਦੋਂ ਕਿ ਪਾਕਿਸਤਾਨ ਵਿੱਚ ਭਾਵੇਂ 80 ਫ਼ੀਸਦੀ ਲੋਕ ਪੰਜਾਬੀ ਸਮਝਦੇ ਸਨ ਪਰ ਉਰਦੂ ਨਾਲ ਵੀ ਕੰਮ ਚੱਲ ਜਾਂਦਾ ਸੀ। ਇਸ ਲਈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਨੂੰ ਅੰਗਰੇਜ਼ੀ ਵਿੱਚ ਦੱਸਣਾ ਪਿਆ। ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ।
ਇੰਨੇ ਚਿਰ ਨੂੰ ਅਸੀਂ ਦੇਖਿਆ ਕਿ ਗੁਰਦੁਆਰੇ ਦੇ ਬਾਹਰ ਪੰਜਾਬ ਪੁਲਿਸ ਦੀ ਇੱਕ ਜੀਪ ਖੜ੍ਹੀ ਹੋਈ ਅਤੇ ਉਸ ਵਿੱਚੋਂ ਕੁਝ ਜਵਾਨ ਨਿਕਲੇ, ਜਿਹੜੇ ਸਿਵਲ ਕੱਪੜਿਆਂ ਵਿੱਚ ਸਨ ਅਤੇ ਇੱਕ ਵਿਅਕਤੀ ਦੇ ਹੱਥ ਵਿੱਚ ਮੋਬਾਇਲ ਫੋਨ ਸੀ ਅਤੇ ਉਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਫਿਰ ਉਹ ਅੰਦਰ ਆ ਗਿਆ ਅਤੇ ਸਬੂਰ ਉਸਨੂੰ ਜਾ ਕੇ ਮਿਲਿਆ ਅਤੇ ਉਸਨੇ ਡੈਲੀਗੇਸ਼ਨ ਬਾਰੇ ਉਸਨੂੰ ਵਿਸਥਾਰ ਨਾਲ ਦੱਸਿਆ।
ਉੱਥੇ ਕੁਝ ਹੋਰ ਸਿੱਖ ਪਰਿਵਾਰ ਆਏ ਹੋਏ ਸਨ, ਜਿਹੜੇ ਪਿਸ਼ਾਵਰ ਤੋਂ ਸਨ। ਉਹ ਔਰਤਾਂ ਅਤੇ ਮਰਦ ਸਨ, ਸਾਡੇ ਨਾਲ ਚਾਹ ਪੀ ਰਹੇ ਸਨ। ਇੱਕ ਸਿੱਖ ਲੜਕਾ ਮਨਜੀਤ ਸਿੰਘ ਮੇਰੇ ਕੋਲ ਆਇਆ। ਉਹ ਮਰਦਾਨ ਤੋਂ ਸੀ, ਜਿਹੜਾ ਪਿਸ਼ਾਵਰ ਤੋਂ 40 ਕੁ ਕਿਲੋਮੀਟਰ ’ਤੇ ਹੈ। ਉਸ ਨਾਲ ਗੱਲਾਂ ਕਰਦੇ ਮੈਨੂੰ ਬਾਵਾ ਬੁੱਧ ਸਿੰਘ ਯਾਦ ਆਇਆ, ਜਿਸਦੀ ਇੱਕ ਪੁਸਤਕ ਮੈਂ ਕਾਲਜ ਪੜ੍ਹਦਿਆਂ ਪੜ੍ਹੀ ਸੀ। ਉਹ ਦੱਸ ਰਿਹਾ ਸੀ ਕਿ ਹੋਤੀ ਮਰਦਾਨ ਇੱਕ ਬਹੁਤ ਖੂਬਸੂਰਤ ਇਲਾਕਾ ਹੈ, ਜਿਸ ਵਿੱਚ ਕਈ ਨਿੱਕੀਆਂ-ਨਿੱਕੀਆਂ ਨਦੀਆਂ ਵਗਦੀਆਂ ਹਨ ਅਤੇ ਉਹ ਬਾਅਦ ਵਿੱਚ ਆ ਕੇ ਕਾਬਲ ਦਰਿਆ ਵਿੱਚ ਮਿਲ ਜਾਂਦੀਆਂ ਹਨ। ਉਸ ਇਲਾਕੇ ਵਿੱਚ ਬਹੁਤ ਸਾਰੇ ਫਲਾਂ ਅਤੇ ਫੁੱਲਾਂ ਦੇ ਦਰਖਤ ਹਨ। ਉਹ ਫਲ ਅਤੇ ਫੁੱਲਾਂ ਦੇ ਦਰਖਤਾਂ ਦੀ ਕੋਈ ਕਾਸ਼ਤ ਨਹੀਂ ਕੀਤੀ ਜਾਂਦੀ, ਨਾ ਹੀ ਉਹ ਬੀਜੇ ਜਾਂਦੇ ਹਨ ਪਰ ਉਹ ਬੂਟੇ ਆਪ ਹੀ ਉੱਗ ਕੇ ਵੱਡੇ ਹੋ ਜਾਂਦੇ ਹਨ, ਜਿਹੜੇ ਉਸ ਇਲਾਕੇ ਦੀ ਖੂਬਸੂਰਤੀ ਵਿੱਚ ਵੱਡਾ ਵਾਧਾ ਕਰਦੇ ਹਨ। ਉਹ ਔਰਤਾਂ ਅਤੇ ਮਰਦ ਮੇਰੇ ਕੋਲੋਂ ਪੰਜਾਬ ਬਾਰੇ ਬਹੁਤ ਸਵਾਲ ਪੁੱਛ ਰਹੇ ਸਨ। ਇਸ ਤਰ੍ਹਾਂ ਲਗਦਾ ਸੀ, ਉਹਨਾਂ ਨੂੰ ਪੰਜਾਬ ਬਾਰੇ ਜਾਣਨ ਦੀ ਬਹੁਤ ਹੀ ਖਾਹਿਸ਼ ਸੀ। ਉਹ ਕਹਿ ਰਹੇ ਸਨ ਕਿ ਭਾਰਤ ਤਾਂ ਬਹੁਤ ਵੱਡਾ ਦੇਸ਼ ਹੈ। ਅਸੀਂ ਤਾਂ ਭਾਰਤ ਦੀਆਂ ਖਬਰਾਂ ਨੂੰ ਬੜੇ ਉਤਸ਼ਾਹ ਨਾਲ ਸੁਣਦੇ ਹਾਂ ਅਤੇ ਟੈਲੀਵਿਜ਼ਨ ਵਿੱਚ ਦੇਖਦੇ ਹਾਂ।
ਸਾਨੂੰ ਗੁਰਦੁਆਰੇ ਵਿੱਚ ਆਇਆਂ ਕੋਈ ਇੱਕ ਘੰਟੇ ਦਾ ਸਮਾਂ ਹੋ ਗਿਆ ਸੀ। ਫਿਰ ਅਸੀਂ ਉਸ ਚਸ਼ਮੇ ਦਾ ਵਗਦਾ ਪਾਣੀ ਦੇਖਿਆ। ਗੁਰੂ ਨਾਨਕ ਜੀ ਦੇ ਲੱਗੇ ਪੰਜੇ ਨੂੰ ਦੇਖਿਆ। ਸਾਡੇ ਨਾਲ ਗਏ ਯਾਤਰੀ ਇਸ ਬਾਰੇ ਪੁੱਛ ਰਹੇ ਸਨ। ਗ੍ਰੰਥੀ ਸਿੰਘ ਫਿਰ ਸਾਡੇ ਕੋਲ ਆਏ ਅਤੇ ਸਾਨੂੰ ਲੰਗਰ ਛਕਣ ਲਈ ਫਿਰ ਕਹਿਣ ਲੱਗੇ। ਪਰ ਕਿਉਂ ਜੋ ਅਸੀਂ ਪਿਸ਼ਾਵਰ ਤੋਂ ਹੀ ਲੰਗਰ ਛੱਕ ਕੇ ਆਏ ਸਾਂ, ਲੋੜ ਨਹੀਂ ਸੀ, ਇਸ ਲਈ ਅਸਾਂ ਸਾਰਿਆਂ ਨੇ ਮੁਆਫ਼ੀ ਮੰਗੀ ਭਾਵੇਂ ਉਹਨਾਂ ਨੇ ਕਾਫੀ ਜ਼ੋਰ ਪਾਇਆ।
ਜਦੋਂ ਅਸੀਂ ਬਾਹਰ ਆ ਰਹੇ ਸਾਂ ਤਾਂ ਗੁਰਦੁਆਰੇ ਦੀ ਡਿਊਢੀ ਵਿੱਚ ਇੱਕ ਜਵਾਨ ਵਿਅਕਤੀ, ਜਿਸਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਹੱਥ ਵਿੱਚ ਮੋਬਾਇਲ ਫੜਿਆ ਹੋਇਆ ਸੀ ਅਤੇ ਸਾਫ ਲੱਗ ਰਿਹਾ ਸੀ ਕਿ ਉਹ ਸੀ.ਆਈ.ਡੀ. ਦਾ ਮੁਲਾਜ਼ਮ ਹੈ। ਸਬੂਰ ਉਸ ਨਾਲ ਗੱਲਬਾਤ ਕਰ ਰਿਹਾ ਸੀ। ਅਸੀਂ ਅੱਗੇ ਆਏ ਤਾਂ ਸਬੂਰ ਮੈਨੂੰ ਕਹਿਣ ਲੱਗਾ ਕਿ ਇਸ ਸੀ.ਆਈ.ਡੀ. ਵਾਲੇ ਦਾ ਧੰਨਵਾਦ ਕਰ ਦੇਣਾ। ਮੈਂ ਉਸਨੂੰ ਕਿਹਾ, ਧੰਨਵਾਦ ਤਾਂ ਮੈਂ ਕਰ ਦਿਆਂਗਾ ਪਰ ਕਿਸ ਗੱਲ ਦਾ ਕਰਾਂ? ਤਾਂ ਸਬੂਰ ਅਤੇ ਮਥੁਰਾ ਤੋਂ ਗਏ ਚੱਡਾ ਸਾਹਿਬ ਉੱਚੀ-ਉੱਚੀ ਹੱਸ ਪਏ। ਗੁਰਦੁਆਰੇ ਦੇ ਸਾਹਮਣੇ, ਵਲੀ ਕੰਧਾਰੀ ਦੀ ਉੱਚੀ ਪਹਾੜੀ ਸੀ। ਮੇਰਾ ਮਨ ਤਾਂ ਸੀ ਕਿ ਉਹ ਵੀ ਦੇਖ ਜਾਂਦੇ ਪਰ ਇਸ ਲਈ ਕਾਫੀ ਸਮਾਂ ਲੱਗ ਜਾਣਾ ਸੀ, ਇਸ ਲਈ ਅਸੀਂ ਬੱਸ ਵਿੱਚ ਬੈਠ ਕੇ ਇਸਲਾਮਾਬਾਦ ਵੱਲ ਚੱਲ ਪਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































