“ਉਹ ਅੱਖਾਂ ਵਿੱਚੋਂ ਅੱਥਰੂ ਕੇਰਨ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਕਹਿਣ ਲੱਗਾ, “ਸਰਦਾਰ ...”
(25 ਮਾਰਚ 2026)
ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵੱਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਕੀਤੀ ਜਾਂਦੀ ਸੀ ਕਿ ਸਾਡੇ ਘਰ ਦੇ ਇੱਕ ਬਜ਼ੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਂਦਾ ਸੀ, ਉਹਨਾਂ ਨੂੰ ‘ਭਾਈ ਜੀ’ ਕਿਹਾ ਕਰੋ। ਜਦੋਂ ਕਦੀ ਸਾਡੇ ਮੂਹੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵੱਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿੱਚ ਤਾਂ ਭਾਵੇਂ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਗੁਰਾ ਅਤੇ ਫੀਕਾਂ ਵੀ ਤਾਂ ਇਸ ਤਰ੍ਹਾਂ ਦੇ ਹੀ ਨੌਕਰ ਹਨ, ਉਹਨਾਂ ਬਾਰੇ ਤਾਂ ਕਦੀ ਨਹੀਂ ਕਿਹਾ। ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰ੍ਹਾਂ ਕਿਹਾ ਜਾਂਦਾ ਹੈ। ਪਰ ਜਦੋਂ ਅਸੀਂ ਹੋਸ਼ ਸੰਭਾਲਿਆ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀਂ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ, ਜਿਸਦੀ ਮਿਸਾਲ ਬਹੁਤ ਹੀ ਘੱਟ ਮਿਲਦੀ ਹੈ।
1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪਰਿਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹੱਦ ਪਾਰ ਕਰ ਗਿਆ ਜਦੋਂ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗੱਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋਂ ਗੱਡਾ ਤੁਰਨ ਲੱਗਾ ਤਾਂ ਭਾਈ ਨਿਹਾਲ ਮਸੀਹ, ਜੋ ਸਾਡੇ ਘਰ ਵਿੱਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇਂ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸਦਾ 12 ਕੁ ਸਾਲ ਦਾ ਲੜਕਾ ਆਪਣੇ ਕੁਝ ਕੱਪੜੇ ਇੱਕ ਵੱਡੇ ਸਾਰੇ ਕੱਪੜੇ ਦੇ ਝੋਲੇ ਵਿੱਚ ਪਾ ਕੇ ਗੱਡੇ ਦੇ ਲਾਗੇ ਖੜ੍ਹੇ ਸਨ। ਇਨ੍ਹਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜ੍ਹਾ ਦੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਇਸਾਈ ਪਰਿਵਾਰ ਤਾਂ ਅਰਾਮ ਨਾਲ ਇਨ੍ਹਾਂ ਜਾਣ ਵਾਲਿਆਂ ਵਲ ਦੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦੋਂ ਭਾਪਾ ਜੀ ਹਰ ਇੱਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸਦੇ ਜਵਾਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ। ਉਹਨੇ ਕਿਹਾ ਕਿ ਉਹ ਵੀ ਉਹਨਾਂ ਦੇ ਨਾਲ ਹੀ ਜਾਵੇਗਾ। ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ ਕਿ ਨਿਹਾਲ ਮਸੀਹ ਹਾਲਾਤ ਬਹੁਤ ਖਤਰਨਾਕ ਹਨ, ਸਾਨੂੰ ਵੀ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈਣਾ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਾਣਾ ਕਿੱਥੇ ਹੈ, ਅਤੇ ਪਹੁੰਚਣਾ ਵੀ ਹੈ ਕਿ ਨਹੀਂ, ਰੋਜ਼ਾਨਾ ਬੜੀਆਂ ਭੈੜੀਆਂ ਭੈੜੀਆਂ ਖਬਰਾਂ ਸਣਦੇ ਰਹਿੰਦੇ ਹਾਂ, ਤੂੰ ਆਪਣੀ ਜ਼ਿੰਦਗੀ ਨੂੰ ਕਿਉਂ ਖਤਰੇ ਵਿੱਚ ਪਾ ਰਿਹਾ ਹੈਂ। ਤੁਸੀਂ ਹਿੰਦੂ ਸਮਝ ਕੇ ਵੀ ਮਾਰੇ ਜਾ ਸਕਦੇ ਹੋ ਅਤੇ ਤੁਸੀਂ ਮੁਸਲਮਾਨ ਸਮਝ ਕੇ ਵੀ ਮਾਰੇ ਜਾ ਸਕਦੇ ਹੋ।” ਭਾਪਾ ਜੀ ਨੇ ਉਹਨਾਂ ਨੂੰ ਆਪਣੇ ਨਾਲ ਨਾ ਜਾਣ ਦੀ ਹਰ ਦਲੀਲ ਦੇ ਕੇ ਉੱਥੇ ਹੀ ਰਹਿਣ ਦੀ ਸਲਾਹ ਦਿੱਤੀ। ਸਗੋਂ ਭਾਪਾ ਜੀ ਨੇ ਪਿੰਡ ਦੇ ਲੋਕਾਂ ਕੋਲੋਂ ਵੀ ਉਹਨਾਂ ਨੂੰ ਨਾਲ ਨਾ ਜਾਣ ਦੀਆਂ ਸਲਾਹਾਂ ਦਿਵਾਈਆਂ ਪਰ ਨਿਹਾਲ ਮਸੀਹ ਦੀਆਂ ਅੱਖਾਂ ਵਿੱਚ ਅੱਥਰੂ ਸਨ ਅਤੇ ਉਸਦਾ ਇੱਕ ਹੀ ਜਵਾਬ ਸੀ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਅਸੀਂ ਨੰਬਰਦਾਰ ਦਾ ਦੇਣ ਨਹੀਂ ਦੇ ਸਕਦੇ, ਹਜ਼ਾਰਾਂ ਵਾਰ ਉਸਨੇ ਸਾਡੀ ਮਦਦ ਕੀਤੀ, ਹਜ਼ਾਰਾਂ ਮੁਸੀਬਤਾਂ ਵਿੱਚੋਂ ਉਸਨੇ ਸਾਨੂੰ ਕੱਢਿਆ, ਅੱਜ ਜਦੋਂ ਤੁਸੀਂ ਮੁਸੀਬਤ ਵਿੱਚ ਹੋ ਤਾਂ ਤੁਹਾਨੂੰ ਛੱਡ ਕੇ ਚਲਾ ਜਾਵਾਂ? ਲਾਹਨਤ ਹੈ ਅਜਿਹੀ ਜ਼ਿੰਦਗੀ ’ਤੇ। ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀਂ ਇਸ ਨੂੰ ਗਨੀਮਤ ਸਮਝਾਂਗੇ। ਮੈਂ ਤੁਹਾਨੂੰ ਇਕਲਿਆਂ ਨੂੰ ਨਹੀਂ ਜਾਣ ਦੇਣਾ।” ਉਹ ਪ੍ਰਾਣੀ ਲੈ ਕੇ ਗੱਡੇ ਦੇ ਅੱਗੇ ਬੈਠ ਗਿਆ ਅਤੇ ਭਾਪਾ ਜੀ ਅਤੇ ਵਧਾਵਾ ਗੱਡੇ ਦੇ ਪਿੱਛੇ ਬੈਠ ਗਏ।
ਰਸਤੇ ਵਿੱਚ ਜਦੋਂ ਉਹ ਪਿੰਡ ਤੋਂ 8,10 ਪੈਲੀਆਂ ਦੂਰ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਹਨਾਂ ਨੂੰ ਵੱਖਰਿਆਂ ਕਰ ਕੇ ਫਿਰ ਵਾਪਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਇਸ ਹਾਲਤ ਵਿੱਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਪਛਾਣਦੇ, ਤੁਸੀਂ ਕਿਉਂ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਰਹੇ ਹੋ? ਜਾਉ, ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ। ਪਰ ਨਿਹਾਲ ਮਸੀਹ ਬਾਜ਼ਿਦ ਸੀ।
ਰਸਤੇ ਵਿੱਚ ਸਿੱਖਾਂ, ਹਿੰਦੂਆਂ ਦੇ ਵਾਕਿਫ ਮੁਸਲਿਮ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਮਿਲ ਰਹੇ ਸਨ। ਕਿਸੇ ਨੂੰ ਮਾਹੌਲ ਦੀ ਸਮਝ ਨਹੀਂ ਸੀ ਲੱਗ ਰਹੀ। ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ ਪਰ ਹਰ ਇੱਕ ਨੂੰ ਇਸ ਤਰ੍ਹਾਂ ਦੀ ਉਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਅਤੇ ਉਹ ਵਾਪਸ ਮੁੜ ਆਉਣਗੇ, ਅਤੇ ਉਹ ਜਾਣ ਵਾਲੇ ਫਿਰ ਉਹਨਾਂ ਘਰਾਂ ਵਿੱਚ ਵਾਪਸ ਮੁੜ ਆਉਣਗੇ, ਜਿਹੜੇ ਉਹ ਆਪ ਛੱਡਕੇ ਜਾਰਹੇ ਹਨ। ਘੱਟੋ ਘੱਟ ਇਹ ਤਾਂ ਹਰ ਇੱਕ ਨੂੰ ਹੀ ਉਮੀਦ ਸੀ ਕਿ ਉਹ ਅਸਾਨੀ ਨਾਲ ਇੱਕ ਦੂਜੇ ਨੂੰ ਮਿਲਦੇ ਤਾਂ ਰਹਿਣਗੇ ਹੀ। ਜਾਂਦੇ ਹੋਏ ਉਹ ਪਿੱਛੇ ਮੁੜ-ਮੜ ਕੇ ਆਪਣੇ ਘਰਾਂ ਦੀਆਂ ਛੱਤਾਂ ਵਲ ਦੇਖ ਲੈਂਦੇ ਅਤੇ ਫਿਰ ਅੱਗੇ ਤੁਰ ਪੈਂਦੇ।
ਇਸੇ ਹੀ ਉਮੀਦ ਵਿੱਚ ਭਾਈ ਜੀ ਤਿੰਨ ਚਾਰ ਮਹੀਨੇ ਸਾਡੇ ਇੱਧਰ ਵਾਲੇ ਨਵੇਂ ਘਰ ਵਿੱਚ ਰਹੇ ਅਤੇ ਇਸ ਸਮੇਂ ਵਿੱਚ ਉਹ ਅਸਾਨੀ ਨਾਲ ਵਾਪਸ ਜਾ ਸਕਦੇ ਸਨ। ਪਰ ਫਿਰ ਆਉਣਾ ਜਾਣਾ ਪਰਮਿਟ ’ਤੇ ਸ਼ੁਰੂ ਹੋ ਗਿਆ। ਪਰ ਇਹ ਵੀ ਮੁਸ਼ਕਿਲ ਨਹੀਂ ਸੀ ਅਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲੱਗੇ, “ਭਾਈ ਜੀ, ਉੱਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਨੀ ਹੈ ਅਤੇ ਇੱਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇੱਥੇ ਹੀ ਰਹਿ ਪਉ।” ਅਤੇ ਭਾਈਆ ਜੀ ਨੇ ਉਹਨਾਂ ਨੂੰ ਅਲਾਟ ਹੋਏ ਘਰਾਂ ਵਿੱਚੋਂ ਇੱਕ ਕਨਾਲ ਜਗ੍ਹਾ, ਕੁਝ ਹੋਰ ਨਿਕਸੁਕ ਅਤੇ ਪੈਸੇ ਦੇ ਕੇ ਉਨ੍ਹਾਂ ਦਾ ਘਰ ਬਣਵਾ ਦਿੱਤਾ। ਉਹ ਉੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ, ਪਰ ਫਿਰ ਉਹਨਾਂ ਨੂੰ ਆਪਣੇ ਘਰ ਅਤੇ ਭਰਾਵਾਂ ਦੀ ਯਾਦ ਆਉਣ ਲੱਗ ਪਈ।
ਉਸਨੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ, ਕਦੀ ਜਨਮ ਤਰੀਕ ਦੀ ਗਲਤੀ, ਕਦੀ ਕੋਈ ਤਰੁਟੀ ਅਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਹਨਾਂ ਦਿਨਾਂ ਵਿੱਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ। ਫਿਰ ਉਹ ਭੁੱਲ ਜਾਂਦਾ ਪਰ ਕੋਈ ਚਾਰ ਮਹੀਨੇ ਬਾਦ ਫਿਰ ਕਹਿਣ ਲੱਗ ਪੈਂਦਾ, “ਰਾਤੀਂ ਸੁਪਨੇ ਵਿੱਚ ਮੈਨੂੰ ਮੇਰੇ ਅੱਬਾ ਮਿਲੇ ਸਨ। ਉਹ ਕਹਿੰਦੇ ਸਨ, ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ। ਆਪਣੇ ਭਰਾਵਾਂ ਕੋਲ ਕਿਉਂ ਨਹੀਂ ਜਾਂਦਾ? ਜਾ ਅਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿੱਚ ਅਰਾਮ ਕਰ।” ਫਿਰ ਸਭ ਕੁਝ ਭੁੱਲ ਜਾਂਦਾ ਕੁਝ ਦਿਰ ਬਾਦ ਫਿਰ ਮਿਲਣ ਦੀ ਖਾਹਿਸ਼ ਪੈਦਾ ਹੁੰਦੀ, ਪਾਸਪੋਰਟ ਬਣਾਉਣਾ ਸ਼ੁਰੂ ਹੁੰਦਾ, ਪਰ ਅੱਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿੱਚ ਹੀ ਛੱਡ ਦਿੱਤੀ ਜਾਂਦੀ ਅਤੇ ਅਖੀਰ ਉਸਨੇ ਜਿਵੇਂ ਇਸ ਤਰ੍ਹਾਂ ਦੀ ਆਪਣੇ ਵਿਛੜੇ ਪਰਿਵਾਰ ਨੂੰ ਮਿਲਣ ਦੀ ਖਾਹਿਸ਼ ਨੂੰ ਛੱਡ ਹੀ ਦਿੱਤਾ। ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸਦੇ ਦਿਲ ਤਕ ਹੀ ਸੀ, ਉਸਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਦੀ ਖਾਹਿਸ਼ ਬਾਰੇ ਨਾ ਦੱਸਿਆ ਸੀ ਅਤੇ ਨਾ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।
1971 ਦੇ ਦਸੰਬਰ ਵਿੱਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ। ਉਹਨਾਂ ਦਾ ਮੰਜਾ ਬਾਹਰ ਵਿਹੜੇ ਵਿੱਚ ਧੁੱਪੇ ਡਾਹ ਦਿੱਤਾ। ਮੈਂ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜਵਾਬ ਦੇ ਗਿਆ। ਭਾਈਆ ਜੀ ਹਰ ਇੱਕ ਵਲ ਟਿਕਟਿਕੀ ਲਾ ਕੇ ਦੇਖਦੇ ਸਨ ਪਰ ਉਹ ਬੋਲ ਨਹੀਂ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦੋਂ ਨਿਹਾਲ ਮਸੀਹ ਨੂੰ ਪਤਾ ਲੱਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁੱਟਣ ਲੱਗ ਪਿਆ। ਭਾਈਆ ਜੀ ਵੀ ਉਸ ਵਲ ਟਿਕਟਿਕੀ ਲਾ ਕੇ ਦੇਖਣ ਲੱਗੇ। ਮੈਂ ਦੇਖਿਆ, ਭਾਈਆ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਵਗਣ ਲੱਗ ਪਏ ਸਨ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿੱਚ ਅੱਥਰੂ ਵੇਖੇ ਸਨ। ਜ਼ਿੰਦਗੀ ਵਿੱਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿੱਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਣਾਉਣੀ, ਉਹ ਘਰ ਜਿਸਦੇ ਬਰਾਂਡੇ ਵਿੱਚ ਹੀ 100 ਮੰਜੀ ਡਹਿ ਜਾਂਦੀਆਂ ਹੁੰਦੀਆਂ ਸਮ। ਹਵੇਲੀਆਂ, ਘੋੜੀਆਂ, ਨੌਕਰ-ਚਾਕਰ ਅਤੇ ਉਸ ਸਮੇਂ ਜਦੋਂ ਅਜੇ ਟਰੈਕਟਰ ਸ਼ੁਰੂ ਨਹੀਂ ਸਨ ਹੋਏ, 11 ਹਲਾਂ ਦੀ ਵਾਹੀ ...।
ਰਾਤ ਨੂੰ ਮੰਜਾ ਅੰਦਰ ਲੈ ਗਏ। 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ। ਉਸਦੇ ਹੱਥ ਵਿੱਚ ਬਾਈਬਲ ਸੀ ਜਿਸ ਨੂੰ ਉਹਨੇ ਬਹੁਤ ਖੂਬਸੂਰਤ ਕੱਪੜੇ ਵਿੱਚ ਲਪੇਟਿਆ ਹੋਇਆ ਸੀ। ਉਹ ਬਾਰ ਬਾਰ ਬਾਈਬਲ ਨੂੰ ਸਿਰ ’ਤੇ ਰੱਖਦਾ ਅਤੇ ਮੂੰਹ ਵਿੱਚ ਕੁਝ ਬੋਲਦਾ। ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀਂ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿੱਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ’ਤੇ ਜਾਂ ਕੁਰਸੀ ’ਤੇ ਬੈਠ ਜਾਵੇ ਪਰ ਉਹ ਨਾਂਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਸਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ, ਉਹ ਤਕਰੀਬਨ 100 ਸਾਲ ਦੇ ਕਰੀਬ ਸੀ। ਉਹ ਭਾਈਆ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸਨੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛੱਡ ਦਿੱਤੀ ਸੀ। ਜੇ ਕੋਈ ਉਸ ਨੂੰ ਪੁੱਛਦਾ ਵੀ ਤਾਂ ਉਹ ਕਹਿ ਦਿੰਦਾ ਕਿ ਪਤਾ ਨਹੀਂ ਉਹਨਾਂ ਵਿੱਚੋਂ ਕੋਈ ਹੋਵੇਗਾ ਵੀ ਕਿ ਨਹੀਂ, ਹੁਣ ਉਹਨਾਂ ਨੂੰ ਕੀ ਮਿਲਣਾ ਹੈ, ਹੁਣ ਤਾਂ ਕਈ ਸਾਲਾਂ ਤੋਂ ਕੋਈ ਚਿੱਠੀ ਪੱਤਰ ਵੀ ਨਹੀਂ ਆਇਆ। ਚਲੋ ਜੇ ਹੋਣ ਤਾਂ ਸੁਖੀ ਰਹਿਣ, ਹੁਣ ਤਾਂ ਮੈਂ ਉਹਨਾਂ ਨੂੰ ਪਛਾਣ ਵੀ ਨਹੀਂ ਸਕਦਾ।
ਪਿੱਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਅਤੇ ਉਹਨਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ’ਤੇ ਵਧਾਵੇ ਨੂੰ ਸੱਦਿਆ। ਉਸਦੇ ਚਾਚਿਆਂ ਅਤੇ ਉਹਨਾਂ ਦੇ ਪੁੱਤਰਾਂ ਦੇ ਨਾਂ ਆਪਣੀ ਡਾਇਰੀ ਵਿੱਚ ਲਿਖੇ। ਵਧਾਵੇ ਨੇ ਵੀ ਮੈਨੂੰ ਜ਼ਰੂਰੀ ਤਾਕੀਦ ਕੀਤੀ ਕਿ ਮੈਂ ਜ਼ਰੂਰ ਉਸਦੇ ਚਾਚਿਆਂ ਅਤੇ ਉਹਨਾਂ ਦੇ ਪੁੱਤਰਾਂ ਨੂੰ ਮਿਲ ਕੇ ਆਵਾਂ ਅਤੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚੱਕ ਨੰਬਰ 96 ਵਿੱਚ ਜਦੋਂ ਮੈਂ ਪਿੰਡ ਦੇ ਚੌਕ ਵਿੱਚ ਹੋਰ ਵਿਅਕਤੀਆਂ ਦੇ ਨਾਂ ਦੱਸੇ ਅਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਅਤੇ ਭਤੀਜਿਆਂ ਬਾਰੇ ਪੁੱਛਿਆ, ਪਤਾ ਲੱਗਾ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਪਰ ਉਸਦੇ ਭਤੀਜੇ ਹਨ ਅਤੇ ਇੱਕ ਆਦਮੀ ਉਹਨਾਂ ਨੂੰ ਲੈਣ ਚਲਾ ਗਿਆ। ਉਹਨਾਂ ਵਿੱਚੋਂ ਅਜ਼ੀਜ਼ ਮਸੀਹ, ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨ੍ਹਾਂ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਤਾਏ ਬਾਰੇ ਅਤੇ ਵਧਾਵਾ ਮਸੀਹ ਬਾਰੇ ਪੁੱਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀਂ ਆਪਣੇ ਅੱਬਾ ਅਤੇ ਚਾਚਿਆਂ ਕੋਲੋਂ ਤੁਹਾਡੇ ਬਾਰੇ ਅਤੇ ਤਾਏ ਬਾਰੇ ਸੁਣਦੇ ਰਹੇ ਹਾਂ। ਅੱਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪਰਿਵਾਰ ਦੇ ਨਾਲ ਗਿਆ ਹੈ, ਉਹ ਉਹਨੂੰ ਫੁੱਲਾਂ ਵਾਂਗ ਰੱਖਣਗੇ। ਮੈਂ ਜਦੋਂ ਉਸ ਨੂੰ ਉਸਦੇ ਤਾਏ ਦੀ ਮੌਤ ਬਾਰੇ ਦਸਿਆਂ ਤਾਂ ਉਹ ਆਪ ਹੀ ਕਹਿਣ ਲੱਗਾ ਕਿ ਜਦੋਂ ਉਹ ਇੱਧਰੋਂ ਗਿਆ ਸੀ, ਉਦੋਂ ਹੀ ਉਸਦੀ ਉਮਰ 60 ਸਾਲ ਤੋਂ ਉੱਪਰ ਸੀ, ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸਦੀ ਹਿੰਮਤ ਅਤੇ ਹੌਸਲੇ ਦੀਆਂ ਗੱਲਾਂ ਕਰਦਾ ਹੁੰਦਾ ਸੀ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਅਤੇ ਇਹ ਗੱਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉੱਧਰ ਗਿਆ ਹੀ ਕਿਉਂ? ਸਾਰੀ ਉਮਰ ਹੀ ਪਰਿਵਾਰ ਨੂੰ ਨਹੀਂ ਮਿਲਿਆ। ਇੱਧਰ ਉਸਦੇ ਪਰਿਵਾਰ ਦੇ 70-80 ਜੀਅ ਹਨ।
ਮੈਂ ਅਜ਼ੀਜ਼ ਦੇ ਨਾਲ ਉਹਨਾਂ ਦੇ ਘਰ ਚਲਾ ਗਿਆ। ਉਹਨਾਂ ਦੇ ਘਰ ਦੀਆਂ ਔਰਤਾਂ ਅਤੇ ਬੱਚੇ ਮੈਨੂੰ ਦੇਖ ਕੇ ਹੈਰਾਨ ਸਨ। ਪਰ ਜਦੋਂ ਅਜ਼ੀਜ਼ ਨੇ ਉਹਨਾਂ ਨੂੰ ਦੱਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪੀਵਾਰ ਮੇਰੇ ਇਰਦ ਗਿਰਦ ਜਮ੍ਹਾਂ ਹੋ ਗਿਆ। ਇਹ ਘਰ ਵੀ ਸਧਾਰਨ ਜਿਹਾ ਕੱਚਾ ਪੱਕਾ ਘਰ ਸੀ, ਜਿਸ ਤਰ੍ਹਾਂ ਦਾ ਇੱਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛਣ ਚਾਹੁੰਦੇ ਸਨ। ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਬਾਰੇ ਅਤੇ ਫਿਰ ਵਧਾਵੇ ਬਾਰੇ, ਉਸਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਿਹਾ ਸੀ। ਔਰਤਾਂ ਵੀ ਬਹੁਤ ਕੁਝ ਪੁੱਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸਦਾ ਪੀਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ। ਉਸਦੇ ਤਾਂ ਪੋਤਰੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਹਨਾਂ ਦੇ ਸਵਾਲ ਜ਼ਿਆਦਾ ਸਨ ਅਤੇ ਜਵਾਬ ਦੇਣ ਵਾਲਾ ਮੈਂ ਇਕੱਲਾ ਸਾਂ। ਉਹ ਤਾਂ ਜਿਵੇਂ 60 ਸਾਲਾਂ ਦੀਆਂ ਗੱਲਾਂ ਹੀ ਪੁੱਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸਾਂ ਕਿ ਇਨ੍ਹਾਂ ਵਿੱਚੋਂ ਘੱਟ ਹੀ ਪੜ੍ਹੇ ਲਿਖੇ ਸਨ ਅਤੇ ਜ਼ਿਆਦਾਤਰ ਹੱਥੀਂ ਕਿਰਤ ’ਤੇ ਨਿਰਭਰ ਕਰਦੇ ਸਨ। ਇੰਨੇ ਨੂੰ ਅਜ਼ੀਜ਼ ਅੰਦਰੋਂ ਦੋ ਥਾਲੀਆਂ ਅਤੇ ਦੋ ਗਲਾਸ ਲੈ ਆਇਆ ਅਤੇ ਉਸਨੇ ਉਰਦੂ ਵਿੱਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸਾਂ ਕਿ ਪਿਛਲੇ 60 ਸਾਲਾਂ ਤੋਂ ਇਨ੍ਹਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦੱਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇੱਧਰ ਛੱਡ ਗਿਆ ਸੀ। ਘਰ, ਮੰਜੇ, ਬਿਸਤਰੇ, ਭਾਂਡੇ ਸਭ ਕੁਝ। ਬੜਾ ਚਿਰ ਤਾਏ ਦੇ ਆਉਣ ਨੂੰ ਉਸਦੇ ਭਰਾ ਉਡੀਕਦੇ ਰਹੇ। ਰੋਜ਼ ਤਾਏ ਦੇ ਸੁਪਨੇ ਆਉਂਦੇ ਸਨ। ਤਾਏ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ ਜਾਣਾ ਇੰਨਾ ਮੁਸ਼ਕਿਲ, ਜ਼ਿੰਦਗੀ ਵਿੱਚ ਫਿਰ ਕਦੀ ਵੀ ਨਾ ਮਿਲ ਸਕੇ। ਮੈਂ ਅਜ਼ੀਜ਼ ਨੂੰ ਕਿਹਾ ਕਿ ਉਹ ਇਹ ਭਾਂਡੇ ਮੈਨੂੰ ਦੇ ਦੇਵੇ, ਮੈਂ ਵਧਾਵੇ ਨੂੰ ਦਿਖਾਵਾਂਗਾ। ਉਸਦੀ ਪਤਨੀ ਅੰਦਰੋਂ ਇੱਕ ਬਹੁਤ ਹੀ ਖੂਬਸੂਰਤ ਫੁੱਲਾਂ ਦਾ ਕੱਢਿਆ ਹੋਇਆ ਝੋਲਾ ਲੈ ਆਈ ਅਤੇ ਉਸਨੇ ਭਾਂਡੇ ਉਸ ਵਿੱਚ ਪਾ ਦਿੱਤੇ। ਮੈਂ ਕਲਪਨਾ ਕਰ ਰਿਹਾ ਸਾਂ ਕਿ ਜਦੋਂ ਭਾਈ ਨਿਹਾਲ ਝੋਲੇ ਵਿੱਚ ਕੱਪੜੇ ਪਾ ਕੇ ਗੱਡੇ ਕੋਲ ਖੜ੍ਹਾ ਹੋਵੇਗਾ ਤਾਂ ਉਹ ਵੀ ਇਸ ਤਰ੍ਹਾਂ ਦਾ ਹੀ ਫੁੱਲਾਂ ਵਾਲਾ ਝੋਲਾ ਹੋਵੇਗਾ।
ਹੁਣ ਅਜ਼ੀਜ਼ ਚੁੱਪ ਸੀ। ਜਦੋਂ ਮੈਂ ਕੋਈ ਗੱਲ ਅਜ਼ੀਜ਼ ਤੋਂ ਪੁੱਛਦਾ ਤਾਂ ਜਿਵੇਂ ਉਸਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿੱਚ ਆ ਗਏ ਸਨ। ਕੁਝ ਲੋਕ ਕੋਠਿਆਂ ’ਤੇ ਬੈਠੇ ਸਨ। ਅਜ਼ੀਜ਼ ਦੀ ਘਰਵਾਲੀ ਉਹਨਾਂ ਨੂੰ ਦੱਸ ਰਹੀ ਸੀ, “ਇਹ ਤਾਏ ਦੇ ਪਿੰਡੋਂ ਆਏ ਨੇ।” ਅਤੇ ਅਖੀਰ ਫਰੂਕ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਮੁਲਤਾਨ ਵਾਲੀ ਬੱਸ ਇੱਕ ਵਜੇ ਜਾਣੀ ਹੈ ਅਤੇ ਉਸ ਤੋਂ ਬਾਅਦ ਮੁਲਤਾਨ ਨਹੀਂ ਜਾਇਆ ਜਾ ਸਕਣਾ। ਉਸ ਦਿਨ ਹੀ ਮੁਲਤਾਨ ਪਹੁੰਚਣਾ ਮੇਰੀ ਮਜਬੂਰੀ ਸੀ ਕਿਉਂ ਜੋ ਮੈਂ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਸੀ। ਮੈਂ ਦੇਖ ਰਿਹਾ ਸਾਂ ਕਿ ਅਜ਼ੀਜ਼ ਬਿਲਕੁਲ ਹੀ ਚੁੱਪ ਸੀ।
ਅਜ਼ੀਜ਼ ਨੇ ਮੇਰਾ ਹੱਥ ਫੜਿਆ ਹੋਇਆ ਸੀ। ਅਖੀਰ ਮੈਂ ਉਸ ਤੋਂ ਛੁੱਟੀ ਲਈ ਅਤੇ ਝੋਲਾ ਹੱਥ ਵਿੱਚ ਫੜ ਕੇ ਬੂਹੇ ਵਲ ਹੋਇਆ। ਫਿਰ ਜਫੀ ਪਾ ਲਈ ਪਰ ਮੈਂ ਦੇਖਿਆ, ਉਹ ਅੱਖਾਂ ਵਿੱਚੋਂ ਅੱਥਰੂ ਕੇਰਨ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਕਹਿਣ ਲੱਗਾ, “ਸਰਦਾਰ ਜੀ, ਇਹ ਭਾਂਡੇ ...ਇਹ ਤਾਏ ਦੀ ਨਿਸ਼ਾਨੀ ਹੈ। ਅਸੀਂ ਤਾਂ ਇਨ੍ਹਾਂ ਨੂੰ ਦੇਖ ਕੇ ਤਾਏ ਨੂੰ ਯਾਦ ਕਰਦੇ ਹਾਂ।” ਅਤੇ ਫਿਰ ਉਹ ਕੁਝ ਨਾ ਬੋਲ ਸਕਿਆ। ਮੇਰੇ ਕੋਲੋਂ ਵੀ ਹੋਰ ਕੋਈ ਗੱਲ ਨਾ ਹੋਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































