Vishvamitter 7ਵਿਗਿਆਨੀਆਂ ਦਾ ਮੰਨਣਾ ਹੈ ਕਿ ਔਰਤਾਂ ਵਿੱਚ ਬਾਂਝਪਨ ਦੇ ਵਧਣ ਅਤੇ ਮਰਦਾਂ ਵਿੱਚ ...
(11 ਮਈ 2026)


ਸਾਈਲੈਂਟ ਫਰਟੀਲੀਟੀ ਸੰਕਟ ਤੋਂ ਭਾਵ ਉਹ ਸੰਕਟ ਹੈ ਜਿਸਦਾ ਸਾਨੂੰ ਪਤਾ ਨਹੀਂ ਲਗਦਾ ਪਰ ਇਸ ਨਾਲ ਇਨਸਾਨੀ ਅਤੇ ਦੂਜੇ ਜੀਵਾਂ ਦੇ ਬੱਚੇ ਪੈਦਾ ਹੋਣੇ ਘਟਣੇ ਸ਼ੁਰੂ ਹੋ ਜਾਣਗੇ ਅਤੇ ਘਟਦੇ ਘਟਦੇ ਐਨੇ ਘਟ ਜਾਣਗੇ ਕਿ ਬੱਚੇ ਪੈਦਾ ਹੋਣੇ ਹੀ ਰੁਕ ਜਾਣਗੇ
, ਜਿਸ ਬਾਰੇ ਵਿਗਿਆਨੀ ਲਗਾਤਾਰ ਚਿਤਾਵਣੀ ਦੇ ਰਹੇ ਹਨ ਕਿ ਨਸਲਾਂ ਖਤਮ ਹੋ ਜਾਣਗੀਆਂ। ਇਹ ਕਿਸੇ ਡਰਾਉਣੀ (Horror) ਤਸਵੀਰ ਦੀ ਕਹਾਣੀ ਨਹੀਂ ਬਲਕਿ ਜੇਕਰ ਵੇਲੇ ਸਿਰ ਨਾ ਸੰਭਲਿਆ ਗਿਆ ਤਾਂ ਇਹ ਅਸਲੀਅਤ ਹੋਵੇਗੀ।

ਵਿਗਿਆਨਕਾਂ ਨੇ ਚਿਤਾਵਣੀ ਦਿੱਤੀ ਹੈ ਕਿ ਕੀੜੇਮਾਰ ਦਵਾਈਆਂ, ਪਲਾਸਟਿਕ ਅਤੇ ‘ਪੀ ਐੱਫ ਏ ਐੱਸ’ ਵਰਗੇ ਰਸਾਇਣ ਮਿਲਕੇ ਇਨਸਾਨਾਂ ਅਤੇ ਜਾਨਵਰਾਂ ਦੀ ਪ੍ਰਜਣਨ ਸਮਰੱਥਾ ਨੂੰ ਚੁੱਪ ਚਪੀਤੇ ਨਸ਼ਟ ਕਰ ਰਹੇ ਹਨ। ਜੰਗਲੀ ਜਾਨਵਰਾਂ ਦੀ ਅਬਾਦੀ ਤੇਜ਼ੀ ਨਾਲ ਘਟ ਰਹੀ ਹੈ ਅਤੇ ਔਰਤਾਂ ਵਿੱਚ ਵੀ ਬਾਂਝਪਨ ਵਧ ਰਿਹਾ ਹੈ। ਸੰਸਾਰ ਵਿੱਚ ਹਜ਼ਾਰਾਂ ਕਿਸਮਾਂ ਦੀਆਂ ਕੀੜੇ ਮਾਰ ਦਵਾਈਆਂ, ਪਲਾਸਟਿਕ ਅਤੇ ਗੈਸਾਂ ਸਾਡੀ ਪ੍ਰਜਣਨ ਸਮਰੱਥਾ ਨੂੰ ਚੁੱਪ ਚਾਪ ਘਟਾ ਰਹੀਆਂ ਹਨ ਅਤੇ ਪੀ ਐੱਫ ਏ ਐੱਸ ਪ੍ਰਜਣਨ ਸਮਰੱਥਾ ਘਟਾਉਣ ਦੇ ਨਾਲ ਨਾਲ ਕੈਂਸਰ ਦਾ ਕਾਰਨ ਵੀ ਬਣ ਰਹੇ ਹਨ। ਅਸੀਂ ਘਰਾਂ ਵਿੱਚ ਜਿਹੜੇ ਨਾਨ ਸਟਿੱਕ ਬਰਤਨ ਬੜੀ ਸ਼ਾਨ ਅਤੇ ਚਾਅ ਨਾਲ ਵਰਤ ਰਹੇ ਹਾਂ, ਉਹਨਾਂ ਵਿੱਚ ਨਾਨ ਸਟਿੱਕ ਦੀ ਪਰਤ ਨੂੰ ਪੋਲੀ ਫਲੋਰੋਸ ਏਲਕਾਈਲ ਸਬਸਟੈਂਸ ਕਹਿੰਦੇ ਹਨ, ਜਿਨ੍ਹਾਂ ਨੂੰ ਸ਼ੁਰੂ ਵਿੱਚ ਪੀ ਐੱਫ ਏ ਐੱਸ ਲਿਖਿਆ ਗਿਆ ਹੈ ਅਤੇ ਇਹ ਸੱਤਰ ਲੱਖ ਪ੍ਰਕਾਰ ਦੇ ਹੁੰਦੇ ਹਨ। ਇਨ੍ਹਾਂ ਉੱਤੇ ਪਾਣੀ ਅਤੇ ਗਰਮੀ ਦਾ ਕੋਈ ਅਸਰ ਨਹੀਂ ਹੁੰਦਾ, ਛੇਤੀ ਕੋਈ ਝਰੀਟ ਨਹੀਂ ਪੈਂਦੀ ਅਤੇ ਵਾਤਾਵਰਣ ਵਿੱਚ ਇਨ੍ਹਾਂ ਦੇ ਅਣੂ ਛੇਤੀ ਨਹੀਂ ਟੁੱਟਦੇ। ਇਹ ਹੌਲੀ ਹੌਲੀ ਸਾਡੇ ਸਰੀਰ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ, ਕੈਂਸਰ ਪੈਦਾ ਕਰ ਸਕਦੇ ਹਨ, ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਨੁਕਸਾਨ ਪੁਚਾ ਸਕਦੇ ਹਨ ਅਤੇ ਸਾਡੇ ਹਾਰਮੋਨ ਵਿੱਚ ਗੜਬੜ ਪੈਦਾ ਕਰ ਸਕਦੇ ਹਨ।

ਵੈਸੇ ਪਲਾਸਟਿਕ ਜਾਂ ਪੋਲੀਥੀਨ ਵੀ ਘੱਟ ਖਤਰਾ ਪੈਦਾ ਨਹੀਂ ਕਰ ਰਹੇ। ਪੋਲੀਥੀਨ ਲਿਫਾਫਿਆਂ ਵਿੱਚ ਲਿਆਂਦਾ ਕਿਰਿਆਨਾ, ਸਬਜ਼ੀ ਅਤੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੀਣ ਵਾਲੇ ਪਦਾਰਥਾਂ ਰਾਹੀਂ ਥੋੜ੍ਹਾ ਥੋੜਾ ਪਲਾਸਟਿਕ ਸਾਡੇ ਅੰਦਰ ਜਾਂਦਾ ਰਹਿੰਦਾ ਹੈ। ਹੋਰ ਤਾਂ ਹੋਰ, ਅਸੀਂ ਘਰਾਂ ਵਿੱਚ ਜਿਹੜੀਆਂ ਚਾਹ ਪੁਣਨੀਆਂ ਰੋਜ਼ਾਨਾ ਚਾਹ ਪੁਣਨ ਲਈ ਵਰਤਦੇ ਹਾਂ, ਉਹਨਾਂ ਦੀ ਜਾਲੀ ਵੀ ਪਲਾਸਟਿਕ ਦੀ ਹੁੰਦੀ ਹੈ ਅਤੇ ਇਹ ਪਲਾਸਟਿਕ ਥੋੜ੍ਹਾ ਥੋੜਾ (ਭਾਵੇਂ ਨਿਗੂਣਾ ਜਿਹਾ ਹੁੰਦਾ ਹੈ) ਸਾਡੇ ਅੰਦਰ ਜਾਂਦਾ ਰਹਿੰਦਾ ਹੈ। ਹਰ ਸੋਮੇ ਤੋਂ ਸਾਡੇ ਅੰਦਰ ਗਏ ਪਲਾਸਟਿਕ ਦਾ ਨਤੀਜਾ ਵਿਗਿਆਨੀਆਂ ਨੇ ਸਾਹਮਣੇ ਲੈ ਆਂਦਾ ਹੈ, ਜਿਸ ਅਨੁਸਾਰ ਮਾਵਾਂ ਦੇ ਦੁੱਧ ਵਿੱਚ ਵੀ ਪਲਾਸਟਿਕ ਦੇ ਅੰਸ਼ ਪਾਏ ਗਏ।

ਪਿਛਲੇ 50 ਸਾਲਾਂ ਵਿੱਚ ਧਰਤੀ ’ਤੇ ਜੰਗਲੀ ਜੀਵਾਂ ਦੀ ਅਬਾਦੀ ਦੋ ਤਿਹਾਈ ਤੋਂ ਵੱਧ ਘਟੀ ਹੈ। ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਨੂੰ ਇਸਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਔਰਤਾਂ ਵਿੱਚ ਬਾਂਝਪਨ ਦੇ ਵਧਣ ਅਤੇ ਮਰਦਾਂ ਵਿੱਚ ਸ਼ੁਕਰਾਣੂਆਂ ਦੇ ਘਟਣ ਅਤੇ ਉਹਨਾਂ ਦੀ ਗਤੀ ਘੱਟ ਹੋਣ ਲਈ ਹਾਰਮੋਨ ਵਿਘਨ ਪਾਉਣ ਵਾਲੇ ਰਸਾਇਣ (EDCs) ਮੁੱਖ ਦੋਸ਼ੀ ਹੋ ਸਕਦੇ ਹਨ। ਅੱਜ ਬਜ਼ਾਰ ਵਿੱਚ 1,000 ਤੋਂ ਵੱਧ ਅਜਿਹੇ ਰਸਾਇਣ ਹਨ ਜਿਜੜੇ ਸਾਡੇ ਸਰੀਰ ਦੇ ਕੁਦਰਤੀ ਹਾਰਮੋਨਾਂ ਦੀ ਨਕਲ ਕਰਦੇ ਹਨ ਜਾਂ ਉਨ੍ਹਾਂ ਨੂੰ ਰੋਕਦੇ ਹਨ। ਹਾਰਮੋਨ ਅਸੰਤੁਲਨ ਪੈਦਾ ਕਰਨ ਵਾਲੇ ਮੁੱਖ ਰਸਾਇਣ ਅਤੇ ਉਨ੍ਹਾਂ ਦੇ ਸਰੋਤ ਪਲਾਸਟਿਕ ਅਤੇ ਭੋਜਨ ਪੈਕਜਿੰਗ: ਬਿਸਫੇਨੋਲ ਏ (ਬੀਪੀਏ) ਅਤੇ ਇਸਦੇ ਬਦਲ, ਫਥਾਲੇਟਸ ਦੇ ਨਾਲ ਡੱਬਾਬੰਦ ਭੋਜਨ ਦੀ ਅੰਦਰਲੀ ਪਰਤ, ਪਲਾਸਟਿਕ ਦੀਆਂ ਬੋਤਲਾਂ, ਭੋਜਨ ਸਟੋਰੇਜ ਕੰਟੇਨਰਾਂ ਅਤੇ ਲਪੇਟਣ ਲਈ ਪਲਾਸਟਿਕ ਵਿੱਚ ਆਮ ਹਨ। ਨਿੱਜੀ ਦੇਖਭਾਲ ਅਤੇ ਖਪਤਕਾਰ ਉਤਪਾਦਾਂ ਵਿੱਚ ਫਥਾਲੇਟਸ, ਪੈਰਾਬੇਨ ਅਤੇ ਟ੍ਰਾਈਕਲੋਸਨ ਕਾਸਮੈਟਿਕਸ, ਸਾਬਣ, ਲੋਸ਼ਨ, ਸ਼ੈਂਪੂ ਅਤੇ ਖੁਸ਼ਬੂਆਂ ਵਿੱਚ ਪਾਏ ਜਾਂਦੇ ਹਨ।

ਹਾਰਮੋਨ-ਵਿਘਨ ਪਾਉਣ ਵਾਲੇ ਰਸਾਇਣਾਂ ਤੋਂ ਬਚਣ ਲਈ ਪਲਾਸਟਿਕ ਦੀ ਬਜਾਏ ਕੱਚ ਜਾਂ ਸਟੀਲ ਦੇ ਡੱਬਿਆਂ ਦੀ ਵਰਤੋਂ ਕਰੋ। ਹਾਰਮੋਨ-ਵਿਘਨ ਪਾਉਣ ਵਾਲੇ ਰਸਾਇਣਾਂ ਤੋਂ ਮੁਕਤ ਨਿੱਜੀ ਦੇਖਭਾਲ ਉਤਪਾਦ ਚੁਣੋ। ਪੈਰਾਬੇਨ ਅਤੇ ਫਥਾਲੇਟ ਤੋਂ ਮੁਕਤ ਨਿੱਜੀ ਦੇਖਭਾਲ ਉਤਪਾਦ ਚੁਣੋ। ਕਈ ਵਾਰ ਨਿੱਜੀ ਦੇਖਭਾਲ ਦੇ ਉਤਪਾਦਾਂ ਉੱਤੇ ਪੈਰਾਬੇਨ ਅਤੇ ਫਥਾਲੇਟ ਲਿਖਿਆ ਨਹੀਂ ਹੁੰਦਾ, ਪਰ ਤੁਸੀਂ ਗੂਗਲ ਉੱਤੇ ਸਰਚ ਕਰਕੇ ਇਸਦੀ ਸੰਰਚਨਾ ਪਤਾ ਕਰ ਸਕਦੇ ਹੋ। ਡੱਬਾਬੰਦ ਭੋਜਨ ਦਾ ਸੇਵਨ ਸੀਮਿਤ ਕਰੋ। ਚਾਹ ਪੁਣਨ ਲਈ ਚਾਹ ਛਾਣਨੀ ਪਲਾਸਟਿਕ ਦੀ ਬਜਾਏ ਸਟੀਲ ਦੀ ਵਰਤੋ। ਲੋੜ ਤੋਂ ਵੱਧ ਸਰੀਰ ਨੂੰ ਸੁਗੰਧਿਤ ਕਰਨ ਵਾਲੇ ਰਸਾਇਣ ਨਾ ਵਰਤੇ ਜਾਣ। ਅੱਵਲ ਤਾਂ ਵਰਤੇ ਹੀ ਨਾ ਜਾਣ। ਮੱਖੀ, ਮੱਛਰ ਮਾਰਨ ਜਾਂ ਭਜਾਉਣ ਲਈ ਰਸਾਇਣ ਨਾ ਵਰਤੇ ਜਾਣ ਕਿਉਂਕਿ ਇਨ੍ਹਾਂ ਵਿੱਚ ਵੀ ਹਾਰਮੋਨ-ਵਿਘਨ ਪਾਉਣ ਵਾਲੇ ਰਸਾਇਣ ਹੁੰਦੇ ਹਨ। ਇਸਦੀ ਬਜਾਏ ਸਫਾਈ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇ ਜਾਂ ਮੱਖੀ ਮੱਛਰ ਨੂੰ ਮਾਰਨ ਵਾਲੇ ਬਿਜਲਈ ਝਟਕਾ ਦੇਣ ਵਾਲੇ ਯੰਤਰ ਵਰਤੇ ਜਾਣ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author