“ਹੁਣ ਦੱਸੋ, ਵਿਗਿਆਨ ਦਾ ਜਾਣਕਾਰ ਅਜਿਹੇ ਊਟ ਪਟਾਂਗ ਅਤੇ ਹਾਸੋਹੀਣੇ ਬਿਆਨਾਂ ’ਤੇ ਹੱਸੇ ਜਾਂ ...”
(1 ਸਤੰਬਰ 2025)
ਪੁਰਾਤਨ ”ਗਿਆਨ” ਬਾਰੇ ਡੂੰਘੀ ਖੋਜ ਤਕ ਪਹੁੰਚਣ ਲਈ ਸਮੁੱਚਾ ਲੇਖ ਪੜ੍ਹਨਾ ਅਤਿਅੰਤ ਜ਼ਰੂਰੀ ਹੈ --- ਸੰਪਾਦਕ।
ਹੁਣ ਤਕ ਜੋ ਭਾਜਪਾ ਦੀ ਕਾਰਗੁਜ਼ਾਰੀ ਰਹੀ ਹੈ ਅਤੇ ਜਿਸ ਪਾਸੇ ਇਹ ਵਧ ਰਹੀ ਹੈ, ਉਸ ਅਨੁਸਾਰ ਦੇਸ਼ ਹਰ ਖੇਤਰ ਵਿੱਚ ਪਛੜ ਗਿਆ ਹੈ ਅਤੇ ਪਛੜ ਰਿਹਾ ਹੈ। ਹਥਲੇ ਇੱਕ ਲੇਖ ਵਿੱਚ ਸਾਰੇ ਖੇਤਰਾਂ ਤੇ ਚਰਚਾ ਨਹੀਂ ਕੀਤੀ ਜਾ ਸਕਦੀ ਕੇਵਲ ਤਿੰਨ ਖੇਤਰਾਂ, ਸੰਸਦੀ ਕੰਮ ਢੰਗ, ਆਰਥਿਕਤਾ ਅਤੇ ਵਿਗਿਆਨ ਬਾਰੇ ਚਰਚਾ ਕਰ ਰਿਹਾ ਹਾਂ। 2014 ਤੋਂ ਲੈ ਕੇ ਹੁਣ ਤਕ ਗਲਤ ਨੀਤੀਆਂ ਕਾਰਨ ਆਰਥਿਕਤਾ ਪਛੜਨ ਦੇ ਕਾਰਨਾਂ ਕਰਕੇ ਕੁਝ ਸਿਆਸਤਦਾਨ ਅਤੇ ਅਰਥ ਸ਼ਾਸਤਰੀ ਸਰਕਾਰ ਨਾਲ ਸਹਿਮਤ ਨਾ ਹੋਣ ਕਾਰਨ ਤਿਆਗ ਪੱਤਰ ਦੇ ਗਏ ਹਨ।
ਜਗਦੀਪ ਧਨਖੜ ਜੀ, ਜਿਹੜੇ ਕਿ ਬੀ. ਐੱਸਸੀ ਅਤੇ ਐੱਲ ਐੱਲ ਬੀ ਸਨ, ਬੰਗਾਲ ਵਿੱਚ ਗਵਰਨਰ ਰਹੇ, ਕੇਂਦਰੀ ਰਾਜ ਮੰਤਰੀ, ਰਾਜਸਥਾਨ ਵਿੱਚ ਵਿਧਾਇਕ ਰਹੇ, ਲੋਕ ਸਭਾ ਦੇ ਮੈਂਬਰ ਰਹੇ, 2022 ਵਿੱਚ ਉਪ ਰਾਸ਼ਟਰਪਤੀ ਬਣੇ ਅਤੇ 21 ਜੁਲਾਈ 2025 ਨੂੰ ਤਿਆਗ ਪੱਤਰ ਦੇ ਗਏ। ਐਨੇ ਤਜਰਬੇਕਾਰ ਵਿਅਕਤੀ ਨੂੰ ਕਿਹੜੇ ਕਾਰਨਾਂ ਕਰਕੇ ਤਿਆਗ ਪੱਤਰ ਦੇਣਾ ਪਿਆ, ਇਸ ਬਾਰੇ ਸਰਕਾਰ ਸਪਸ਼ਟ ਦੱਸਣ ਨੂੰ ਤਿਆਰ ਨਹੀਂ, ਸਰਕਾਰ ਵੱਲੋਂ ਕੇਵਲ ਸਿਹਤ ਦੇ ਅਧਾਰ ’ਤੇ ਤਿਆਗ ਪੱਤਰ ਦੇਣ ਬਾਰੇ ਦੱਸਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਸ ਵੇਲੇ ਧਨਖੜ ਜੀ ਕਿੱਥੇ ਅਤੇ ਕਿਸ ਹਾਲਤ ਵਿੱਚ ਹਨ। ਜਿਹੜਾ ਉਹਨਾਂ ਦੇ ਤਿਆਗ ਪੱਤਰ ਦਾ ਕਾਰਨ ਦਿਖਾਈ ਦੇ ਰਿਹਾ ਹੈ ਪਰ ਸਰਕਾਰ ਮੰਨ ਨਹੀਂ ਰਹੀ, ਉਹ ਇਹ ਹੈ ਕਿ ਸੰਸਦੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਫੈਸਲੇ ਉਸ ਪਟਕਥਾ ਦੇ ਉਲਟ ਸਨ, ਜਿਹੜੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਦਿੱਲੀ ਹਾਈ ਕੋਰਟ ਦੇ ਜੱਜ ਨੂੰ ਹਟਾਉਣ ਲਈ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ 2017 ਵਿੱਚ ਭਾਜਪਾ ਸਾਂਸਦ ਨਾਨਾ ਪਟੋਲੇ ਸਰਕਾਰ ਦੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਨੀਤੀ ਨਾਲ ਸਹਿਮਤ ਨਾ ਹੋਣ ਕਾਰਨ ਭਾਜਪਾ ਅਤੇ ਸੰਸਦ ਤੋਂ ਤਿਆਗ ਪੱਤਰ ਦੇ ਗਏ ਸਨ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਅਤੇ ਪਛੜੀਆਂ ਸ਼੍ਰੇਣੀਆਂ ਪ੍ਰਤੀ ਅਸੰਵੇਦਨਸ਼ੀਲ ਹੈ। ਭਾਜਪਾ ਦੀਆਂ ਨੀਤੀਆਂ ਤੋਂ ਅਸੰਤੁਸ਼ਟ ਤਿਲੰਗਾਨਾ ਦੇ ਭਾਜਪਾ ਵਿਧਾਇਕ ਜੂਨ 2025 ਵਿੱਚ ਭਾਜਪਾ ਦੀ ਮੁਢਲੀ ਮੈਬਰਸ਼ਿੱਪ ਤੋਂ ਤਿਆਗ ਪੱਤਰ ਦੇ ਗਏ ਸਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੇਵਲ ਤਿਆਗ ਪੱਤਰ ਨਹੀਂ ਸਗੋਂ ਮੋਦੀ ਅਤੇ ਸ਼ਾਹ ਵਿਰੁੱਧ ਖੁੱਲ੍ਹੀ ਬਗਾਵਤ ਹੈ। ਮੋਦੀ ਜਾਂ ਸ਼ਾਹ ਦੀ ਕਾਰਗੁਜ਼ਾਰੀ ਵਿਰੁੱਧ ਜਿਹੜਾ ਵੀ ਭਾਜਪਾ ਦਾ ਸਿਆਸਤਦਾਨ ਬੋਲਦਾ ਹੈ, ਉਸ ਨੂੰ ਪਾਰਟੀ ਵਿੱਚੋਂ ਕੱਢਿਆ ਜਾ ਰਿਹਾ ਹੈ ਜਾਂ ਕਿਸੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਢੰਗ ਤੋਂ ਨਰਾਜ਼ ਹੋਰ ਭਾਜਪਾ ਸਿਆਸਤਦਾਨ ਵੀ ਬਗਾਵਤ ਕਰਨ ਦੇ ਮੌਕੇ ਦੀ ਭਾਲ ਵਿੱਚ ਹਨ। ਇਸ ਤੋਂ ਇਲਾਵਾ ਕਿੰਨੇ ਹੀ ਲੇਖਕ, ਕਵੀ, ਪ੍ਰੋਫੈਸਰ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀ, ਜਿਹੜੇ ਭਾਪਜਾ ਦੀਆਂ ਨੀਤੀਆਂ ਵਿਰੁੱਧ ਬੋਲਦੇ ਜਾਂ ਲਿਖਦੇ ਹਨ, ਉਹ ਜੇਲ੍ਹ ਭੇਜੇ ਹਨ ਅਤੇ ਬਿਨਾਂ ਮੁੱਕਦਮਾ ਚਲਾਏ, ਬਿਨਾਂ ਜ਼ਮਾਨਤ ਪੰਜ ਸਾਲ ਜਾਂ ਉਸ ਤੋਂ ਵੱਧ ਸਮਾਂ ਜੇਲ੍ਹ ਵਿੱਚ ਹਨ ਅਤੇ ਇੱਕ ਦੋ ਬਿਮਾਰਾਂ ਦਾ ਇਲਾਜ ਜਾਣਬੁੱਝ ਕੇ ਨਾ ਕਰਵਾਉਣ ਕਾਰਨ ਜੇਲ੍ਹ ਵਿੱਚ ਹੀ ਮੌਤ ਹੋ ਗਈ ਜਾਂ ਕਾਫੀ ਲੰਬੀ ਜੇਲ੍ਹ ਕੱਟ ਕੇ ਬਾਹਰ ਆਉਣ ਤੋਂ ਬਾਅਦ ਛੇਤੀ ਮੌਤ ਹੋ ਗਈ। ਰਾਸ਼ਟਰੀ ਪੱਧਰ ਦੇ ਤਰਕਸ਼ੀਲ ਨਰੇਂਦਰ ਡਾਬੋਲਕਰ, ਐੱਮ. ਐੱਮ. ਕਲਬੁਰਗੀ ਅਤੇ ਗੋਬਿੰਦ ਪਨਸਾਰੇ ਵਰਗੇ ਆਗੂ ਹਿੰਦੂਤਵ ਦੀ ਅੱਤ ਸੱਜੀ ਵਿਚਾਰਧਾਰਾ ਵਾਲੇ ਆਤੰਕੀਆਂ ਨੇ ਲਗਾਤਾਰ ਅਤੇ ਇੱਕ ਹੀ ਢੰਗ ਨਾਲ ਮਾਰ ਦਿੱਤੇ। ਦੱਸ ਸਾਲ ਤੋਂ ਵੱਧ ਸਮਾਂ ਬੀਤਣ ਤਕ ਵੀ ਪਨਸਾਰੇ ਦੇ ਕਤਲ ਦੀ ਜਾਂਚ ਨਹੀਂ ਹੋਈ ਅਤੇ ਕਾਤਲਾਂ ਦੇ ਮਾਸਟਰਮਾਈਂਡ ਦਾ ਪਤਾ ਨਹੀਂ ਲੱਗਾ। ਬਾਕੀ ਕਤਲ ਕੀਤੇ ਗਏ ਤਰਕਸ਼ੀਲਾਂ ਦੀ ਜਾਂਚ ਵੀ ਢਿੱਲੀ ਮੱਠੀ ਰਹੀ। ਇਨ੍ਹਾਂ ਕਤਲਾਂ ਦੀ ਜਾਂਚ ਢਿੱਲੀ ਮੱਠੀ ਇਸ ਲਈ ਰਹੀ ਕਿਉਂਕਿ ਇਹ ਤਰਕਸ਼ੀਲ ਭਾਜਪਾ, ਆਰ ਐੱਸ ਐੱਸ ਦੀਆਂ ਗੈਰ ਵਿਗਿਆਨਿਕ ਨੀਤੀਆਂ ਅਤੇ ਪ੍ਰਚਾਰ ਦਾ ਵਿਰੋਧ ਕਰਦੇ ਸਨ।
ਭਾਜਪਾ ਸਰਕਾਰ ਬਿਲਕੁਲ ਗਲਤ ਆਰਥਿਕ ਨੀਤੀਆਂ ’ਤੇ ਚੱਲੀ। ਬਜਾਏ ਦੇਸ਼ ਦਾ ਧਨ ਰੁਜ਼ਗਾਰ, ਸਿੱਖਿਆ, ਸਿਹਤ ਉੱਤੇ ਖਰਚ ਕਰਨ ਦੇ ਵੱਡੇ ਵਪਾਰਿਕ ਘਰਾਣਿਆਂ ਨੂੰ ਬਿਨਾਂ ਗਰੰਟੀ ਬੈਂਕਾਂ ਤੋਂ ਕਰਜ਼ੇ ਦੁਆਏ ਗਏ ਅਤੇ ਬਾਅਦ ਵਿੱਚ ਘਾਟੇ ਦੇ ਬਹਾਨੇ ਕਰਜ਼ੇ ਮਾਫ਼ ਕਰ ਦਿੱਤੇ ਗਏ। ਵਪਾਰੀਆਂ ਅਤੇ ਸਿਆਸਤਦਾਨਾਂ ਨੇ ਰਲਮਿਲ ਕੇ ਖਾਣ ਵਾਲੀ ਦੇਸ਼ ਦੀ ਇਕਾਨਮੀ ਨੂੰ ਕਰੋਨੀ ਇਕਾਨਮੀ ਬਣਾ ਦਿੱਤਾ। ਇਸ ਵਰਤਾਰੇ ਤੋਂ ਦੁਖੀ ਕਈ ਆਰਥਿਕ ਮਾਹਿਰ ਤਿਆਗ ਪੱਤਰ ਦੇ ਗਏ। ਰਘੂਰਾਮ ਰਾਜਨ, ਜਿਹੜੇ ਕਿ ਆਰਥਿਕ ਮਾਹਿਰ ਅਤੇ ਪ੍ਰੋਫੈਸਰ ਸਨ ਅਤੇ ਆਈ ਐੱਮ ਐੱਫ ਦੇ ਮੁੱਖ ਇਕਾਨੋਮਿਸਟ ਰਹੇ, ਉਹਨਾਂ ਨੂੰ ਸਰਦਾਰ ਮਨਮੋਹਨ ਸਿੰਘ ਜੀ ਨੇ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਸੀ ਅਤੇ ਉਹ ਇਸ ਅਹੁਦੇ ਤੇ 2013 ਤੋਂ 2016 ਤਕ ਰਹੇ। ਆਪਣੇ ਮਨ ਦੀ ਗਲ ਸਾਫ ਸਾਫ਼ ਅਤੇ ਪਬਲਿਕ ਵਿੱਚ ਕਹਿਣ ਵਾਲੇ ਤੋਂ ਮੋਦੀ ਇਸ ਲਈ ਨਰਾਜ਼ ਸੀ ਕਿ ਉਹ ਨੋਟ ਬੰਦੀ ਦੇ ਵਿਰੁੱਧ ਬੋਲਦੇ ਸਨ। ਨਿਰਮਲਾ ਸੀਤਾਰਮਨ ਅਤੇ ਸੁਬਰਾਮਨੀਅਮ ਸਵਾਮੀ ਵੀ ਰਾਜਨ ਵਿਰੁੱਧ ਬੋਲਦੇ ਰਹੇ ਇਸ ਲਈ ਉਹ 2016 ਵਿੱਚ ਤਿਆਗ ਪੱਤਰ ਦੇ ਕੇ ਸ਼ਿਕਾਗੋ ਯੂਨੀਵਰਸਟੀ ਵਿੱਚ ਪੜ੍ਹਾਉਣ ਲਈ ਚਲੇ ਗਏ। ਬਾਅਦ ਵਿੱਚ ਉਹ 2018 ਵਿੱਚ ਚੋਣ ਬਾਂਡਾਂ ਵਿਰੁੱਧ ਵੀ ਬੋਲੇ।
2016 ਵਿੱਚ ਮੋਦੀ ਵੱਲੋਂ ਰਿਜ਼ਰਵ ਬੈਂਕ ਦੇ ਨਿਯੁਕਤ ਕੀਤੇ ਗਏ ਗਵਰਨਰ ਉਰਜਿਤ ਪਟੇਲ ਜੀ 2018 ਵਿੱਚ ਨਿੱਜੀ ਕਾਰਨ ਕਰਕੇ ਤਿਆਗ ਪੱਤਰ ਦੇ ਗਏ। ਤਿਆਗ ਪੱਤਰ ਦਾ ਕਾਰਨ ਭਾਵੇਂ ਨਿੱਜੀ ਦੱਸਿਆ ਪਰ ਅਸਲੀਅਤ ਇਹ ਸੀ ਕਿ ਸੀ ਕਿ ਉਹ ਵੀ ਰਾਜਨ ਜੀ ਦੀ ਤਰ੍ਹਾਂ ਨੋਟ ਬੰਦੀ ਦਾ ਘੋਰ ਵਿਰੋਧੀ ਸੀ ਅਤੇ ਕਈ ਵਾਰ ਮੋਦੀ ਨਾਲ ਟਕਰਾਓ ਵਿੱਚ ਰਿਹਾ। 2018 ਵਿੱਚ ਤਿਆਗ ਪੱਤਰ ਦਾ ਸਭ ਤੋਂ ਵੱਡਾ ਕਾਰਨ ਇਹ ਬਣਿਆ ਕਿ ਉਹ ਰਿਜ਼ਰਵ ਬੈਂਕ ਦੇ 3.6 ਬਿਲੀਅਨ ਰੁਪਏ ਸਰਕਾਰ ਨੂੰ ਉਸਦਾ ਰਾਜਸੀ ਘਾਟਾ ਪੂਰਾ ਕਰਨ ਲਈ ਨਹੀਂ ਦੇਣਾ ਚਾਹੁੰਦੇ ਸਨ ਅਤੇ ਕੇਂਦਰ ਸਰਕਾਰ ਨੇ ਧਮਕੀ ਦਿੱਤੀ ਸੀ ਕਿ ਰਿਜ਼ਰਵ ਬੈਂਕ ਦਾ ਸੈਕਸ਼ਨ 7 ਲਾਗੂ ਕਰਕੇ ਇਹ ਧਨ ਜ਼ਬਰਦਸਤੀ ਲੈ ਲਿਆ ਜਾਵੇਗਾ। ਉਹ ਆਪਣੇ ਕਾਰਜਕਾਲ ਵਿੱਚ ਚੋਣ ਬਾਡਾਂ ਦੀ ਵਿਧੀ ਵਿਰੁੱਧ ਵੀ ਬੋਲਦੇ ਸਨ।
ਵਿਰਾਲ ਅਚਾਰੀਆ ਰਿਜ਼ਰਵ ਬੈਂਕ ਦੀ ਸਿਕਯੋਰਟੀ ਮਾਰਕੀਟ ਅਤੇ ਸਕਿਓਰਟੀ ਐਕਸਚੇਂਜ ਦੇ ਸਲਾਹਕਾਰ 2014 ਤੋਂ ਚਲੇ ਆ ਰਹੇ ਸਨ ਅਤੇ 2017 ਵਿੱਚ ਉਹਨਾਂ ਨੂੰ ਤਿੰਨ ਸਾਲ ਲਈ ਰਿਜ਼ਰਵ ਬੈਂਕ ਦੇ ਉਪ ਗਵਰਨਰ ਲਾ ਦਿੱਤਾ ਗਿਆ। 2018 ਵਿੱਚ ਉਹਨਾਂ ਨੇ ਬੜੇ ਤਿੱਖੇ ਭਾਸ਼ਣ ਵਿੱਚ ਕਿਹਾ ਕਿ ਰਿਜ਼ਰਵ ਬੈਂਕ ਦੀ ਸੁਤੰਤਰਤਾ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਵਾਰਨਿੰਗ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਦੇਸ਼ ਲਈ ਬੜੇ ਤਬਾਹਕੁੰਨ ਨਤੀਜੇ ਨਿਕਲਣਗੇ। ਇਸ ਭਾਸ਼ਣ ਨਾਲ ਅਚਾਰੀਆ ਜੀ ਦੇ ਮੋਦੀ ਨਾਲ ਗਹਿਰੇ ਮਤਭੇਦ ਹੋ ਗਏ ਅਤੇ ਆਪਣਾ ਕਾਰਜਕਾਲ ਪੂਰਾ ਕੀਤੇ ਬਿਨਾਂ ਹੀ 2019 ਵਿੱਚ ਨਿੱਜੀ ਕਾਰਨ ਦੱਸ ਕੇ ਤਿਆਗ ਪੱਤਰ ਦੇ ਗਏ।
ਅਰਵਿੰਦ ਸੁਬਰਾਮਨੀਅਮ 2014 ਤੋਂ 2018 ਤਕ ਭਾਰਤ ਸਰਕਾਰ ਦੇ ਚੀਫ ਇਕਨਾਮਿਕ ਸਲਾਹਕਾਰ ਰਹੇ। ਉਹਨਾਂ ਦੀ ਆਰ ਐੱਸ ਐੱਸ ਨਾਲ ਸਬੰਧਿਤ ਸਵਦੇਸ਼ੀ ਜਾਗਰਣ ਮੰਚ ਨੇ ਕਾਫ਼ੀ ਨੁਕਤਾਚੀਨੀ ਕੀਤੀ ਅਤੇ ਤੰਗ ਆ ਕੇ 2018 ਵਿੱਚ ਤਿਆਗ ਪੱਤਰ ਦੇ ਕੇ ਅਮਰੀਕਾ ਚਲੇ ਗਏ। ਹਾਲਾਂਕਿ ਬਿਮਾਰ ਅਰੁਣ ਜੇਤਲੀ ਨੇ ਉਹਨਾਂ ਨੂੰ ਭਾਰਤ ਵਿੱਚ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕੇ।
2019 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਅਤੇ ਅਮਿਤਸ਼ਾਹ ਨੇ ਆਪਣੇ ਪ੍ਰਚਾਰ ਦੌਰਾਨ ਕਈ ਵਾਰ ਚੋਣ ਜ਼ਾਬਤਿਆਂ ਦੀ ਉਲੰਘਣਾ ਕੀਤੀ ਜਿਸ ਤੋਂ ਚੋਣ ਕਮਿਸ਼ਨਰ ਅਸ਼ੋਕ ਲਾਵਸਾ ਨੇ ਨਰਾਜ਼ਗੀ ਪਰਗਟ ਕੀਤੀ ਅਤੇ ਸਰਕਾਰ ਨੇ ਉਸਦੇ ਪਰਵਾਰਿਕ ਮੈਂਬਰਾਂ ਵਿਰੁੱਧ ਆਮਦਨ ਟੈਕਸ ਦੇ ਛਾਪੇ ਮਰਵਾਉਣੇ ਸ਼ੁਰੂ ਕਰ ਦਿੱਤੇ। ਇਜ਼ਰਾਈਲ ਤੋਂ ਮੰਗਵਾਏ ਹੋਏ ਪੇਗਾਸਸ ਸਪਾਈਵੇਅਰ ਨਾਲ ਵੀ ਸਰਕਾਰ ਨੇ ਅਸ਼ੋਕ ਨੂੰ ਨਿਸ਼ਾਨੇ ’ਤੇ ਰੱਖਿਆ ਸੀ। ਇਸ ਲਈ ਉਹ ਤਿਆਗ ਪੱਤਰ ਦੇ ਕੇ ਏਸ਼ੀਅਨ ਡਿਵੈਲਪਮੈਂਟ ਬੈਂਕ ਵਿੱਚ ਚਲੇ ਗਏ। 2024 ਦੀਆਂ ਲੋਕ ਸਭਾ ਚੋਣਾਂ ਤੋਂ ਥੋੜ੍ਹੇ ਹੀ ਦਿਨ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਤਿਆਗ ਪੱਤਰ ਦੇ ਗਏ। ਉਹਨਾਂ ਦਾ ਕਾਰਜ ਕਾਲ 2027 ਤਕ ਸੀ ਅਤੇ ਛੇਤੀ ਹੀ ਉਹਨਾਂ ਨੇ ਮੁੱਖ ਚੋਣ ਕਮਿਸ਼ਨਰ ਬਣਨਾ ਸੀ। ਉਹਨਾਂ ਦੇ ਤਿਆਗ ਪੱਤਰ ਨੇ ਕਈਆਂ ਨੂੰ ਹੈਰਾਨਗੀ ਵਿੱਚ ਪਾ ਦਿੱਤਾ। ਦਰ ਅਸਲ ਉਹਨਾਂ ਦੇ ਤਿਆਗ ਪੱਤਰ ਦਾ ਕਾਰਨ ਉਹਨਾਂ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨਾਲ ਗਹਿਰੇ ਮਤਭੇਦ ਹੋਣਾ ਸੀ।
ਭਾਜਪਾ ਨੇਤਾ ਗਾਹੇ ਬਗਾਹੇ ਗੈਰ ਵਿਗਿਆਨਿਕ ਬਿਆਨ ਦਿੰਦੇ ਰਹਿੰਦੇ ਹਨ। ਕੇਵਲ ਗੈਰ ਵਿਗਿਆਨਿਕ ਬਿਆਨ ਹੀ ਨਹੀਂ ਦਿੰਦੇ ਬਲਕਿ ਵਿਗਿਆਨ ਜਾਂ ਵਿਗਿਆਨਿਕਾਂ ਨੂੰ ਭੰਡਦੇ ਵੀ ਹਨ। ਮੋਦੀ ਨੇ ਇੱਕ ਵਿਗਿਆਨ ਕਾਨਫਰੰਸ ਵਿੱਚ ਕਿਹਾ ਕਿ ਸ਼ਿਵਜੀ ਸੰਸਾਰ ਦੇ ਸਭ ਤੋਂ ਪਹਿਲੇ ਸਰਜਨ ਸਨ, ਜਿਨ੍ਹਾਂ ਨੇ ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਗਣੇਸ਼ ਦੇ ਧੜ ਉੱਤੇ ਹਾਥੀ ਦਾ ਸਿਰ ਲਾ ਦਿੱਤਾ ਸੀ। ਭਾਜਪਾ ਨੇਤਾ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਕਿ ਗਊ ਮੂਤਰ ਨਾਲ ਕੈਂਸਰ ਠੀਕ ਹੋ ਜਾਂਦਾ ਹੈ। ਉਸਨੇ ਇਹ ਵੀ ਕਿਹਾ ਕਿ ਇੱਕ ਖਾਸ ਢੰਗ ਨਾਲ ਗਊ ਉੱਤੇ ਹੱਥ ਫੇਰਨ ਨਾਲ ਬਲੱਡ ਪ੍ਰੈੱਸ਼ਰ ਘਟ ਜਾਂਦਾ ਹੈ। ਇੱਕ ਹੋਰ ਨੇਤਾ ਨੇ ਕਿਹਾ ਕਿ ਗਊ ਦਾ ਦੁੱਧ, ਗੋਹਾ ਅਤੇ ਪਿਸ਼ਾਬ ਮਿਲਾ ਕੇ ਜਿਹੜਾ ਮਿਸ਼ਰਣ ਬਣਦਾ ਹੈ, ਇਸ ਨਾਲ ਛਾਤੀ ਦਾ ਕੈਂਸਰ ਠੀਕ ਹੋ ਜਾਂਦਾ ਹੈ। ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ. ਨਾਗੇਸ਼ਵਰ ਰਾਓ ਨੇ 106ਵੀਂ ਵਿਗਿਆਨ ਕਾਨਫਰੰਸ ਵਿੱਚ ਕਿਹਾ ਕਿ ਮਹਾਭਾਰਤ ਕਾਲ ਵਿੱਚ ਸਟੈੱਮ ਸੈੱਲ ਤਕਨਾਲੋਜੀ ਮੌਜੂਦ ਸੀ ਜਿਸ ਨਾਲ ਇੱਕ ਮਾਂ ਦੇ ਸੌ ਬੱਚੇ (ਕੌਰਵ) ਪੈਦਾ ਕੀਤੇ ਗਏ। ਨਾਗੇਸ਼ਵਰ ਨੇ ਹੀ ਕਿਹਾ ਕਿ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਗਾਈਡਿਡ ਮਿਜ਼ਾਈਲ ਸੀ ਜਿਹੜਾ ਦੁਸ਼ਮਣ ਦਾ ਪਿੱਛਾ ਕਰਕੇ ਉਸ ਨੂੰ ਮਾਰ ਦਿੰਦਾ ਸੀ ਅਤੇ ਵਾਪਸ ਵਿਸ਼ਣੂ ਜੀ ਦੇ ਕੋਲ ਆ ਜਾਂਦਾ ਸੀ। ਰਾਵਣ ਕੋਲ 24 ਕਿਸਮ ਦੇ ਹਵਾਈ ਜਹਾਜ਼ ਅਤੇ ਕਈ ਏਅਰਪੋਰਟ ਸਨ। ਇਸੇ ਕਾਨਫਰੰਸ ਵਿੱਚ ਇੱਕ ਯੂਨੀਵਰਸਿਟੀ ਦੇ ਜਿਓਔਲੋਜਿਸਟ ਅਸ਼ੋਕ ਖੋਸਲਾ ਨੇ ਕਿਹਾ ਸੀ ਕਿ ਬ੍ਰਹਮਾ ਨੇ ਸਭ ਤੋਂ ਪਹਿਲਾਂ ਡਾਇਨਾਸੋਰ ਦੀ ਖੋਜ ਕੀਤੀ ਅਤੇ ਇਸ ਨੂੰ ਰਾਜਸੌਰਸ ਕਿਹਾ ਜਿਸਦਾ ਜ਼ਿਕਰ ਸਾਡੀਆਂ ਪ੍ਰਾਚੀਨ ਕਿਤਾਬਾਂ ਵਿੱਚ ਮਿਲਦਾ ਹੈ। 2018 ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਕਿਹਾ ਕਿ ਕੁਰੁਖੇਤਰ ਵਿੱਚ ਹੋ ਰਹੇ ਮਹਾਭਾਰਤ ਯੁੱਧ ਦਾ ਹਾਲ ਹਸਤਿਨਾ ਪੁਰ ਵਿੱਚ ਬੈਠ ਕੇ ਸੰਜਯ ਧ੍ਰਿਤਰਾਸ਼ਟਰ ਨੂੰ ਨਾਲ ਦੀ ਨਾਲ ਸੁਣਾਈ ਜਾ ਰਿਹਾ ਸੀ, ਇਸਦਾ ਮਤਲਬ ਕਿ ਉਦੋਂ ਇੰਟਰਨੈੱਟ ਹੁੰਦਾ ਸੀ। ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਨੇ ਕਿਹਾ, “ਵਿਗਿਆਨਿਕ ਸਟੀਫਨ ਹਾਕਿੰਗ ਨੇ ਕਿਹਾ ਕਿ ਹਿੰਦੂ ਵੇਦਾਂ ਦੇ ਸਿਧਾਂਤ ਨੇ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਨੂੰ ਗਲਤ ਸਾਬਤ ਕਰ ਦਿੱਤਾ ਹੈ।” ਕੇਂਦਰੀ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਕਿ ਡਾਰਵਿਨ ਦਾ ਕ੍ਰਮ ਵਿਕਾਸ ਸਿਧਾਂਤ ਬਿਲਕੁਲ ਗਲਤ ਹੈ, ਸਾਡੇ ਕਿਸੇ ਵੀ ਬਜ਼ੁਰਗ ਨੇ ਏਪ (ਬੰਦਰ ਵਰਗੇ) ਤੋਂ ਮਨੁੱਖ ਬਣਦਾ ਨਹੀਂ ਦੇਖਿਆ ਅਤੇ ਨਾ ਹੀ ਸਾਡੀ ਕਿਸੇ ਪ੍ਰਾਚੀਨ ਕਿਤਾਬ ਵਿੱਚ ਇਸਦਾ ਜ਼ਿਕਰ ਆਉਂਦਾ ਹੈ। ਡਾਰਵਿਨ ਸਿਧਾਂਤ ਨੂੰ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਵਿੱਚੋਂ ਹਟਾ ਦੇਣਾ ਚਾਹੀਦਾ ਹੈ। ਰਾਜਸਥਾਨ ਦੇ ਇੱਕ ਜੱਜ ਮਹੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਮੋਰਨੀ ਮੋਰ ਦੇ ਹੰਝੂਆਂ ਨਾਲ ਗਰਭਵਤੀ ਹੁੰਦੀ ਹੈ। ਹਿੰਦੂ ਪੁਜਾਰੀਆਂ ਦਾ ਮੰਨਣਾ ਹੈ ਕਿ ਹਵਨ, ਜਿਸ ਵਿੱਚ ਲੱਕੜੀਆਂ ਅਤੇ ਦੇਸੀ ਘਿਓ ਬਾਲਿਆ ਜਾਂਦਾ ਹੈ, ਉਸ ਨਾਲ ਹਵਾ ਸ਼ੁੱਧ ਹੁੰਦੀ ਹੈ ਜਦਕਿ ਇਸ ਵਿੱਚੋਂ ਹਵਾ ਪ੍ਰਦੂਸ਼ਿਤ ਕਰਨ ਵਾਲੀ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। 2016 ਵਿੱਚ ਜਗਨ ਨਾਥ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਬਿਆਨ ਦਿੱਤਾ ਕਿ ਚਾਰ ਸੌ ਗੀਰ ਗਾਵਾਂ ਦੇ ਪਿਸ਼ਾਬ ਤੋਂ 3 ਤੋਂ ਲੈਕੇ 10 ਮਿਲੀਗ੍ਰਾਮ ਸੋਨਾ ਬਣ ਸਕਦਾ ਹੈ। 102ਵੀਂ ਵਿਗਿਆਨ ਕਾਨਫਰੰਸ 2015 ਵਿੱਚ ਇੱਕ ਰਿਟਾਇਰ ਹੋਏ ਕੈਪਟਨ ਅਨੰਦ ਬੋਦਾਸ ਨੇ ਕਿਹਾ ਕਿ ਹਿੰਦੂ ਸੰਤ ਭਾਰਦਵਾਜ ਨੇ 7000 ਸਾਲ ਪਹਿਲਾਂ ਹਵਾਈ ਜਹਾਜ਼ ਬਣਾਉਣ ਦੀ ਵਿਧੀ ਦੱਸ ਦਿੱਤੀ ਸੀ। ਪਾਈਲਟਾਂ ਦੀ ਖੁਰਾਕ ਵਿੱਚ ਦੁੱਧ ਅਤੇ ਪਾਣੀ ਹੇਠ ਉੱਗਣ ਵਾਲੀ ਵਨਸਪਤੀ ਨਾਲ ਉਹਨਾਂ ਦੇ ਕੱਪੜੇ ਬਣਦੇ ਸਨ। 2014 ਵਿੱਚ ਭਾਜਪਾ ਨੇਤਾ ਰਮੇਸ਼ ਪੋਖਰਿਯਾਲ, ਜਿਹੜਾ ਕਿ ਮੰਤਰੀ ਬਣਨ ਵਾਲਾ ਸੀ, ਉਸਨੇ ਕਿਹਾ ਕਿ ਜੋਤਿਸ਼ ਦੇ ਸਾਹਮਣੇ ਵਿਗਿਆਨ ਵੀ ਬੌਣੀ ਹੈ। ਇਹ ਵੀ ਕਿਹਾ ਕਿ ਇੱਕ ਹਿੰਦੂ ਸੰਤ ਨੇ ਇੱਕ ਲੱਖ ਸਾਲ ਪਹਿਲਾਂ ਪਰਮਾਣੂ ਬੰਬ ਦਾ ਟੈੱਸਟ ਕੀਤਾ ਸੀ। ਇੱਕ ਭਾਜਪਾ ਨੇਤਾ ਨੇ ਕਿਹਾ ਕਿ ਗਊ ਦਾ ਗੋਬਰ ਪਰਮਾਣੂ ਵਿਕੀਰਣ ਰੋਕ ਸਕਦਾ ਹੈ।
ਪਿੱਛੇ ਜਿਹੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸਪੇਸ ਦਿਵਸ ’ਤੇ ਕੁਝ ਸਕੂਲਾਂ ਦੇ ਵਿਦਿਆਰਥੀਆਂ ਦੇ ਇਕੱਠ ਵਿੱਚ ਪੁੱਛਿਆ, “ਸਪੇਸ (ਖਲਾਅ) ਵਿੱਚ ਸਭ ਤੋਂ ਪਹਿਲਾਂ ਕੌਣ ਗਿਆ ਸੀ?” ਕੁਝ ਵਿਦਿਆਰਥੀਆਂ ਨੇ ਕਿਹਾ ਕਿ ਨੀਲ ਆਰਮ ਸਟਰੋਂਗ ਸਭ ਤੋਂ ਪਹਿਲਾਂ ਖਲਾਅ ਵਿੱਚ ਗਿਆ ਸੀ। ਅਜੇ ਕੁਝ ਹੁਸ਼ਿਆਰ ਵਿਦਿਆਰਥੀ ਬੋਲਣ ਵਾਲੇ ਸਨ ਕਿ ਨੀਲ ਆਰਮ ਸਟਰੋਂਗ ਸਭ ਤੋਂ ਪਹਿਲਾਂ ਚੰਨ ’ਤੇ ਗਿਆ ਸੀ ਅਤੇ ਸਭ ਤੋਂ ਪਹਿਲਾਂ ਖਲਾਅ ਵਿੱਚ ਜਾਣ ਵਾਲਾ ਵਿਅਕਤੀ ਰੂਸੀ ਨਾਗਰਿਕ ਯੁਰੀ ਗਗਾਰਨ ਸੀ, ਪਰ ਅਨੁਰਾਗ ਠਾਕੁਰ ਨੇ ਕਿਹਾ, “ਸਭ ਤੋਂ ਪਹਿਲਾਂ ਖਲਾਅ ਵਿੱਚ ਹਨੂੰਮਾਨ ਜੀ ਗਏ ਸਨ। ਵਿਦਿਆਰਥੀਓ ਕੇਵਲ ਪੱਛਮੀ ਲੇਖਕਾਂ ਦੀਆਂ ਕਿਤਾਬਾਂ ਨਾ ਪੜ੍ਹੋ, ਭਾਰਤੀ ਪ੍ਰਾਚੀਨ ਕਿਤਾਬਾਂ ਵੀ ਪੜ੍ਹੋ, ਜਿਨ੍ਹਾਂ ਤੋਂ ਅਸਲ ਗਿਆਨ ਮਿਲਦਾ ਹੈ।”
ਸਰਕਾਰ ਨੇ ਸਕੂਲਾਂ ਕਾਲਜਾਂ ਦੇ ਸਿਲੇਬਸ ਵਿੱਚੋਂ ਤੱਤਾਂ ਦਾ ਪਿਰੀਓਡਿਕ ਟੇਬਲ ਹਟਾ ਦਿੱਤਾ ਹੈ, ਜਿਸ ਵਿੱਚ ਤੱਤਾਂ ਦੀ ਉਹਨਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਅਧਾਰ ’ਤੇ ਗਰੁੱਪਬੰਦੀ ਕੀਤੀ ਹੋਈ ਹੈ, ਸ਼ਾਇਦ ਇਹ ਸੋਚ ਕੇ ਕਿ ਮਨੁੱਖ ਤਾਂ ਕੇਵਲ ਪੰਜ ਤੱਤਾਂ ਦਾ ਬਣਿਆ ਹੈ ਤਾਂ ਇਹ ਸੌ ਤੋਂ ਵੱਧ ਤੱਤਾਂ ਵਾਲਾ ਚਾਰਟ ਕਿੱਥੋਂ ਆ ਗਿਆ? ਹੁਣ ਦੱਸੋ, ਵਿਗਿਆਨ ਦਾ ਜਾਣਕਾਰ ਅਜਿਹੇ ਊਟ ਪਟਾਂਗ ਅਤੇ ਹਾਸੋਹੀਣੇ ਬਿਆਨਾਂ ’ਤੇ ਹੱਸੇ ਜਾਂ ਅਜਿਹੇ ਬਿਆਨਾਂ ਨਾਲ ਵਿਗਿਆਨਕ ਸੁਭਾਅ ਨੂੰ ਲੱਗ ਰਹੇ ਖੋਰੇ ਕਾਰਨ ਰੋਵੇ? ਜੇਕਰ ਇਨ੍ਹਾਂ ਵਿੱਚ ਥੋੜ੍ਹੀ ਜਿੰਨੀ ਵੀ ਸ਼ਰਮ ਹੁੰਦੀ ਤਾਂ ਸੰਵਿਧਾਨ ਦੇ ਅਨੁਛੇਦ 51 ਏ (ਐੱਚ) ਦਾ ਖਿਆਲ ਕਰ ਲੈਂਦੇ ਜਿਸ ਅਨੁਸਾਰ ਹਰ ਭਾਰਤੀ ਦਾ ਫਰਜ਼ ਹੈ ਕਿ ਉਹ ਵਿਗਿਆਨਿਕ ਸੁਭਾਅ ਦਾ ਪ੍ਰਚਾਰ ਪ੍ਰਸਾਰ ਕਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (