“ਇਸ ਸਾਰੇ ਕੁਝ ਦਾ ਕਾਰਨ ਬੇਸਮਝੀ ਤਾਂ ਥੋੜ੍ਹੀ ਜਿਹੀ ਹੈ ਪਰ ਵੱਡਾ ਕਾਰਨ ...”
(4 ਮਈ 2026)
ਇਸ ਵਾਰ ਐੱਲ ਨੀਨੋ ਪਿਛਲੇ ਸਾਲ ਤੋਂ ਵੀ ਵਧ ਗਰਮੀ ਦਾ ਕਹਿਰ ਵਰਤਾਏਗਾ। ਐੱਲ ਨੀਨੋ ਕੀ ਹੁੰਦਾ ਹੈ, ਕਿਉਂ ਬਣਦਾ ਹੈ ਅਤੇ ਕਿਵੇਂ ਬਣਦਾ ਹੈ, ਇਸ ਕਾਰਨ ਗਰਮੀ ਕਿਉਂ ਵਧ ਜਾਂਦੀ ਹੈ, ਮੈਂ ਇਸਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ, ਬੱਸ ਐਨਾ ਹੀ ਸਮਝ ਲਓ ਕਿ ਮੌਸਮ ਵਿਭਾਗ ਵੱਲੋਂ ਆ ਰਹੀਆਂ ਸੂਚਨਾਵਾਂ ਅਨੁਸਾਰ ਇਸ ਵਾਰ ਗਰਮੀ ਪਿਛਲੇ ਸਾਲ ਤੋਂ ਵੀ ਵੱਧ ਪਵੇਗੀ। ਕੇਵਲ ਗਰਮੀ ਹੀ ਵੱਧ ਨਹੀਂ ਪਵੇਗੀ ਬਲਕਿ ਸੰਸਾਰ ਦਾ ਔਸਤ ਤਾਪਮਾਨ ਵੀ ਪਹਿਲਾਂ ਨਾਲੋਂ ਅੱਧਾ ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵਧ ਜਾਵੇਗਾ, ਜਿਸ ਨਾਲ ਗਰੀਨ ਲੈਂਡ, ਐਂਟਾਰਕਟਿਕਾ, ਅਲਾਸਕਾ, ਪਟਾਗੋਨਿਆ ਅਤੇ ਆਰਕਟਿਕ ਦੀ ਬਰਫ ਅਤੇ ਪਹਾੜਾਂ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣਗੇ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ; ਜਿਸ ਕਾਰਨ ਕੁਝ ਨੀਵੇਂ ਦੇਸ਼ ਪਾਣੀ ਹੇਠਾਂ ਜਾਣ ਦਾ ਖਤਰਾ ਹੈ।
ਇਸ ਅੱਤ ਦੀ ਗਰਮੀ ਕਾਰਨ ਖੇਤਾਂ ਅਤੇ ਬਾਗ਼ ਬਗ਼ੀਚਿਆਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੋਵੇਗੀ। ਜਿੱਥੇ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਦਾ, ਉੱਥੇ ਧਰਤੀ ਹੇਠਲਾ ਪਾਣੀ ਪਹਿਲਾਂ ਨਾਲੋਂ ਵੀ ਜ਼ਿਆਦਾ ਕੱਢਿਆ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ (ਵਾਟਰ ਟੇਬਲ) ਹੋਰ ਜ਼ਿਆਦਾ ਹੇਠਾਂ ਚਲਾ ਜਾਵੇਗਾ। ਇਸ ਨਾਲ ਬਿਜਲੀ ਦੀ ਖਪਤ ਹੋਰ ਵਧ ਜਾਏਗੀ ਅਤੇ ਸਭਨਾਂ ਨੂੰ ਬਿਜਲੀ ਦੇਣ ਲਈ ਬਿਜਲੀ ਕੱਟ ਜ਼ਿਆਦਾ ਲੱਗਣਗੇ।
ਜੇਕਰ ਘਰ ਤੋਂ ਬਾਹਰ ਕਿਸੇ ਨੇ ਕੰਮਕਾਰ ਲਈ ਜਾਣਾ ਹੋਵੇ ਜਾਂ ਖੁੱਲ੍ਹੇ ਸਥਾਨ ਜਾਂ ਖੇਤਾਂ ਵਿੱਚ ਕੰਮ ਕਰਨਾ ਹੋਵੇ ਤਾਂ ਅੱਤ ਦੀ ਗਰਮੀ ਤੋਂ ਬਚਣ ਲਈ ਘਰੋਂ ਕੋਈ ਠੰਢਾ ਸ਼ਰਬਤ, ਠੰਢੀ ਲੱਸੀ, ਸੱਤੂ ਜਾਂ ਠੰਢਾ ਪਾਣੀ ਪੀ ਕੇ ਹੀ ਨਿਕਲੋ। ਸਿਰ ਉੱਤੇ ਗਿੱਲਾ ਤੌਲੀਆ ਜਾਂ ਕੋਈ ਹੋਰ ਕੱਪੜਾ ਰੱਖਣਾ ਵੀ ਕਾਫੀ ਫਾਇਦੇਮੰਦ ਹੈ। ਹੋ ਸਕੇ ਤਾਂ ਛਤਰੀ ਲੈ ਕੇ ਚਲੋ। ਜੇਕਰ ਗਰਮੀ ਤੋਂ ਬਚਾ ਲਈ ਉਪਰਾਲੇ ਨਾ ਕੀਤੇ ਜਾਣ ਤਾਂ ਬਹੁਤ ਜ਼ਿਆਦਾ ਗਰਮੀ ਸਰੀਰ ਦੇ ਠੰਢ ਤੰਤਰ (ਪਸੀਨਾ ਆਉਣਾ, ਖੂਨ ਸੰਚਾਰ) ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਡੀਹਾਈਡਰੇਸ਼ਨ, ਥਕਾਵਟ, ਚੱਕਰ ਆਉਂਦੇ ਹਨ ਅਤੇ ਮਹੱਤਵਪੂਰਨ ਅੰਗਾਂ ’ਤੇ ਦਬਾਅ ਪੈਂਦਾ ਹੈ। ਗੰਭੀਰ ਮਾਮਲਿਆਂ ਵਿੱਚ ਗਰਮੀ ਦੀ ਥਕਾਵਟ, ਭਾਰੀ ਪਸੀਨਾ ਆਉਣਾ, ਸਿਰ ਦਰਦ, ਮਤਲੀ ਹੋਣਾ ਅਤੇ ਜਾਨਲੇਵਾ ਹੀਟਸਟ੍ਰੋਕ ਹੋ ਜਾਂਦਾ ਹੈ, ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਗਰਮੀ ਤੋਂ ਆਪ ਤਾਂ ਬਚਣਾ ਹੀ ਹੈ, ਹੋਰਨਾਂ ਨੂੰ ਵੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਭਾਵੇਂ ਇਨ੍ਹਾਂ ਨੂੰ ਪੁੰਨ ਦਾ ਕੰਮ ਹੀ ਸਮਝ ਲਓ। ਜੇਕਰ ਤੁਹਾਡੀ ਗਲੀ ਵਿੱਚੋਂ ਜਾਂਦਾ ਕੋਈ ਰਾਹੀ ਪਾਣੀ ਮੰਗੇ ਤਾਂ ਉਸ ਨੂੰ ਜ਼ਰੂਰ ਪਿਆਓ, ਪਾਣੀ ਦੀ ਛਬੀਲ ਲਾਓ। ਕੋਈ ਜ਼ਰੂਰੀ ਨਹੀਂ ਕਿ ਕਿਸੇ ਧਾਰਮਿਕ ਦਿਵਸ ’ਤੇ ਹੀ ਛਬੀਲ ਲਾਈ ਜਾਵੇ, ਕੋਈ ਜ਼ਰੂਰੀ ਨਹੀਂ ਕਿ ਉਸ ਵਿੱਚ ਕੋਈ ਸ਼ਰਬਤ ਮਿਲਾਇਆ ਜਾਵੇ, ਬੱਸ ਠੰਢਾ ਪਾਣੀ ਜ਼ਰੂਰ ਪਿਆਇਆ ਜਾਏ। ਯਾਦ ਰੱਖੋ, ਅਸੀਂ ਉਸ ਪੰਜਾਬ ਦੇ ਵਾਸੀ ਹਾਂ ਜਿਸ ਵਿੱਚ ਜਦੋਂ ਕੋਈ ਪਾਣੀ ਮੰਗਦਾ ਸੀ ਤਾਂ ਸਾਡੇ ਬਜ਼ੁਰਗ ਲੱਸੀ ਜਾਂ ਦੁੱਧ ਪਿਆਉਂਦੇ ਸਨ। ਸੜਕਾਂ ਜਾਂ ਕੱਚੇ ਰਾਹਾਂ ’ਤੇ ਖੂਹ ਖੋਦੇ ਜਾਂਦੇ ਸਨ ਤਾਂਕਿ ਗਰਮੀ ਵਿੱਚ ਆਉਂਦਾ ਜਾਂਦਾ ਵਿਅਕਤੀ ਆਪਣੀ ਪਿਆਸ ਬੁਝਾ ਸਕੇ। ਖੂਹ ਦੇ ਨਾਲ ਛਾਂ ਦਾਰ ਦਰਖਤ ਅਤੇ ਠੰਢੀ ਛਾਂ ਹੇਠ ਆਰਾਮ ਕਰਨ ਦੀ ਜਗ੍ਹਾ ਵੀ ਬਣਾਈ ਜਾਂਦੀ ਸੀ।
ਅੱਜਕਲ ਕਾਫ਼ੀ ਲੋਕਾਂ ਦੇ ਘਰਾਂ ਵਿੱਚ ਏ. ਸੀ. ਲੱਗੇ ਹੋਏ ਹਨ। ਕਈਆਂ ਦੇ ਘਰਾਂ ਵਿੱਚ ਦੋ ਜਾਂ ਦੋ ਤੋਂ ਵੱਧ ਏ. ਸੀ. ਵੀ ਹਨ। ਦਫਤਰਾਂ ਅਤੇ ਦੁਕਾਨਾਂ ਵਿੱਚ ਏ. ਸੀ. ਲੱਗੇ ਹੋਏ ਹਨ ਅਤੇ ਲੋਕ ਠੰਢੀ ਹਵਾ ਦਾ ਅਨੰਦ ਲੈ ਰਹੇ ਹਨ। ਅਸੀਂ ਆਪਣੇ ਏ. ਸੀ. ਤੋਂ ਜਿੰਨੀ ਜ਼ਿਆਦਾ ਠੰਢੀ ਹਵਾ ਲੈਂਦੇ ਹਾਂ, ਏ.ਸੀ. ਉੰਨੀ ਹੀ ਜ਼ਿਆਦਾ ਗਰਮੀ ਹਵਾ (ਵਾਤਾਵਰਣ) ਵਿੱਚ ਛੱਡਦਾ ਹੈ। ਜ਼ਰਾ ਸੋਚੋ, ਜਿਨ੍ਹਾਂ ਲੋਕਾਂ ਕੋਲ ਏ.ਸੀ. ਨਹੀਂ ਹੈ, ਇੱਥੇ ਤਕ ਕਿ ਬਿਜਲੀ ਦਾ ਪੱਖਾ ਵੀ ਨਹੀਂ ਹੈ, ਅਜਿਹੇ ਲੋਕਾਂ ਕੋਲ ਸਾਡੇ ਵਾਲੀ ਗਰਮ ਕੀਤੀ ਗਈ ਹਵਾ ਪਹੁੰਚ ਰਹੀ ਹੈ। ਭਾਵੇਂ ਅਜਿਹੇ ਲੋਕ ਐਨਾ ਕਹਿ ਕੇ ਹੀ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਨ ਕਿ ਇਸ ਵਾਰ ਬਹੁਤ ਗਰਮੀ ਪੈ ਰਹੀ ਹੈ ਪਰ ਉਹਨਾਂ ਨੂੰ ਵੱਧ ਗਰਮੀ ਪਹੁੰਚਾਉਣ ਵਿੱਚ ਸਾਡਾ ਵੀ ਹੱਥ ਹੈ।
ਜੰਗਲਾਂ ਦੀ ਸਫਾਈ ਇੱਕ ਪੱਖ ਹੈ, ਚੌਂਕਾਂ ਵਿੱਚੋਂ ਦਰਖਤ ਗਾਇਬ ਹੋਣੇ ਦੂਜਾ ਪੱਖ ਹੈ ਅਤੇ ਏ. ਸੀਆਂ ਤੋਂ ਪੈਦਾ ਕੀਤੀ ਗਰਮੀ ਤੀਜਾ ਪੱਖ ਹੈ, ਜਿਸ ਨਾਲ ਹਵਾ ਵਿੱਚ ਗਰਮੀ ਵਧ ਰਹੀ ਹੈ। ਸਾਡੇ ਸਰੀਰ ਲਈ 24 ਡਿਗਰੀ ਸੈਲਸੀਅਸ ਤਾਪਮਾਨ ਸੁਹਾਵਣੇ ਮੌਸਮ ਵਰਗਾ ਹੁੰਦਾ ਹੈ, ਜਿਸ ਵਿੱਚ ਸਾਨੂੰ ਨਾ ਗਰਮੀ ਲਗਦੀ ਹੈ ਅਤੇ ਨਾ ਠੰਢ ਲਗਦੀ ਹੈ। ਜੇਕਰ ਹਵਾ ਵਿੱਚ ਨਮੀ ਜ਼ਿਆਦਾ ਹੋਵੇ ਤਾਂ 23 ਡਿਗਰੀ ਦਾ ਤਾਪਮਾਨ ਵੀ 24 ਡਿਗਰੀ ਵਾਲਾ ਮਹਿਸੂਸ ਹੁੰਦਾ ਹੈ। ਆਮ ਦਿਨਾਂ ਲਈ ਏ. ਸੀ. 23 ਜਾਂ 24 ਡਿਗਰੀ ’ਤੇ ਹੀ ਚਲਾਏ ਜਾਣ। ਪਰ ਹੁੰਦਾ ਇਸ ਤੋਂ ਉਲਟ ਹੈ। ਲੋਕ ਗਰਮੀਆਂ ਵਿੱਚ ਵੀ ਕੰਬਲ ਲੈ ਰਹੇ ਹਨ ਅਤੇ ਏ.ਸੀ 18 ਜਾਂ 17 ਡਿਗਰੀ ’ਤੇ ਚਲਾ ਰਹੇ ਹਨ। ਇਸ ਨਾਲ ਇੱਕ ਤਾਂ ਆਪਣਾ ਨੁਕਸਾਨ ਕਰ ਰਹੇ ਹੁੰਦੇ ਹਨ ਕਿਉਂਕਿ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ ਅਤੇ ਦੂਜੇ ਉਹਨਾਂ ਗਰੀਬਾਂ ਦਾ ਨੁਕਸਾਨ ਕਰ ਰਹੇ ਹਨ, ਜਿਨ੍ਹਾਂ ਕੋਲ ਬਿਜਲੀ ਦਾ ਪੱਖਾ ਵੀ ਨਹੀਂ ਹੈ। ਅੱਤ ਦੀ ਗਰਮੀ ਵਿੱਚ ਵਾਤਾਵਰਣ ਹੋਰ ਗਰਮ ਕਰਕੇ ਮਨੁੱਖਤਾ ਨਾਲ ਧ੍ਰੋਹ ਕਮਾ ਰਹੇ ਹਨ।
ਇੱਕ ਹੋਰ ਕਿਸਮ ਦੇ ਨਮੂਨੇ ਵੀ ਹਨ। ਇਹ ਦਫਤਰਾਂ ਦੇ ਵੱਡੇ ਅਫਸਰ ਹਨ ਅਤੇ ਘਰੋਂ ਚੱਲਣ ਵੇਲੇ ਸੇਵਾਦਾਰ ਨੂੰ ਫੋਨ ਕਰ ਦਿੰਦੇ ਹਨ ਕਿ ਏ. ਸੀ. ਚਾਲੂ ਕਰ ਦੇ। ਅਫਸਰ ਦੇ ਦਫਤਰ ਪਹੁੰਚਣ ਤਕ ਏ. ਸੀ. ਅੱਧਾ ਘੰਟਾ ਜਾਂ ਜ਼ਿਆਦਾ ਦੇਰ ਚਲਦਾ ਰਹਿੰਦਾ ਹੈ ਤਾਂਕਿ ਅਫਸਰ ਦੇ ਆਉਣ ਤਕ ਦਫਤਰ ਚੰਗੀ ਤਰ੍ਹਾਂ ਠੰਢਾ ਹੋ ਜਾਵੇ। ਬਿਜਲੀ ਦਾ ਬਿੱਲ ਤਾਂ ਸਰਕਾਰ ਨੇ ਦੇਣਾ ਹੈ। ਅਜਿਹੇ ਅਫਸਰ ਨੂੰ ਕੌਣ ਸਮਝਾਵੇ? ਪਰ ਸਾਨੂੰ ਐਨੀ ਕੁ ਅਕਲ ਤਾਂ ਵਰਤ ਲੈਣੀ ਚਾਹੀਦੀ ਹੈ ਕਿ ਆਪਣਾ ਬਿਜਲੀ ਦਾ ਬਿੱਲ ਘਟਾਉਣ ਲਈ ਏ. ਸੀ. 23/24 ਡਿਗਰੀ ਸੈਲਸੀਅਸ ’ਤੇ ਚਲਾਇਆ ਜਾਵੇ ਤਾਂਕਿ ਗਰੀਬਾਂ ਦਾ ਵੀ ਖਿਆਲ ਰੱਖਿਆ ਜਾ ਸਕੇ ਅਤੇ ਕੰਬਲਾਂ ਦੀ ਬਜਾਏ ਚਾਦਰਾਂ ਵਰਤ ਲਈਆਂ ਜਾਣ।
ਸੰਸਾਰ ਭਰ ਦੇ ਵਾਤਾਵਰਣ ਪ੍ਰੇਮੀ ਮੌਸਮਾਂ ਦੀ ਤਬਦੀਲੀ, ਵਾਤਾਵਰਣ ਦੇ ਗਰਮ ਹੋਣ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਅਤੇ ਇਸ ਪਾਣੀ ਵਿੱਚ ਫੈਕਟਰੀਆਂ ਦੇ ਜ਼ਹਿਰੀਲੇ ਪਦਾਰਥਾਂ ਦੇ ਮਿਲਣ ਅਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਨੀਵੇਂ ਇਲਾਕਿਆਂ ਦੇ ਡੁੱਬ ਜਾਣ ਦੇ ਖਤਰਿਆਂ ਤੋਂ ਚਿੰਤਿਤ ਹਨ ਅਤੇ ਲੋਕਾਂ ਦਾ ਧਿਆਨ ਇਨ੍ਹਾਂ ਸਮੱਸਿਆਵਾਂ ਵੱਲ ਖਿੱਚ ਰਹੇ ਹਨ। ਵਾਤਾਵਰਣ ਪ੍ਰੇਮੀ ਸੰਸਾਰ ਵਿੱਚ ਲੱਗ ਰਹੀਆਂ ਜੰਗਾਂ ਵਿੱਚ ਬਲਣ ਵਾਲੇ ਬਰੂਦ ਤੋਂ ਪੈਦਾ ਹੋ ਰਹੀ ਗਰਮੀ ਅਤੇ ਹਵਾ ਵਿੱਚ ਮਿਲਣ ਵਾਲੇ ਜ਼ਹਿਰੀਲੇ ਪਦਾਰਥਾਂ ਤੋਂ ਵੀ ਚਿੰਤਿਤ ਹਨ। ਇਸ ਸਾਰੇ ਕੁਝ ਦਾ ਕਾਰਨ ਬੇਸਮਝੀ ਤਾਂ ਥੋੜ੍ਹੀ ਜਿਹੀ ਹੈ ਪਰ ਵੱਡਾ ਕਾਰਨ ਸਰਮਾਏਦਾਰਾਨਾ ਲਾਲਚ ਹੈ। ਇਹ ਸਰਮਾਏਦਾਰਾਨਾ ਲਾਲਚ ਹੀ ਹੈ ਜਿਸ ਕਾਰਨ ਜੰਗਲਾਂ ਦੀ ਬੇਤਹਾਸ਼ਾ ਕਟਾਈ ਹੋ ਰਹੀ ਹੈ ਅਤੇ ਮੌਸਮ ਗੜਬੜਾ ਰਹੇ ਹਨ। ਇਹ ਸਰਮਾਏਦਾਰਾਨਾ ਲਾਲਚ ਹੀ ਹੈ ਕਿ ਦੂਜੇ ਦੇਸ਼ਾਂ ਦਾ ਕੱਚਾ ਤੇਲ, ਯੂਰੇਨੀਅਮ ਅਤੇ ਹੋਰ ਪਦਾਰਥਾਂ ’ਤੇ ਕਬਜ਼ਾ ਕਰਨ ਲਈ ਜਾਂ ਦੂਜੇ ਦੇਸ਼ ’ਤੇ ਹੀ ਕਬਜ਼ਾ ਕਰਨ ਲਈ ਲੋਕ ਮਾਰੂ ਜੰਗ ਛੇੜ ਦਿੱਤੀ ਜਾਂਦੀ ਹੈ। ਅਮਰੀਕਾ ਵਰਗੇ ਦੇਸ਼ ਦੀ ਵਾਰ ਇੰਡਸਟਰੀ (ਯੁੱਧ ਸਮਗਰੀ ਉਦਯੋਗ) ਜਿਹੜਾ ਕਿ ਅਰਬਾਂ ਡਾਲਰ ਦਾ ਮੁਨਾਫ਼ਾ ਕਮਾਉਂਦੀ ਹੈ, ਉਸਦੀ ਇੱਛਾ ਹੀ ਇਹ ਹੁੰਦੀ ਹੈ ਕਿ ਸੰਸਾਰ ਵਿੱਚ ਕਿਤੇ ਨਾ ਕਿਤੇ ਜੰਗ ਛਿੜੀ ਰਹੇ ਅਤੇ ਇਸਦਾ ਮਾਲ ਵਿਕਦਾ ਰਹੇ। ਅਮਰੀਕਾ ਦਾ ਕੋਈ ਵੀ ਰਾਸ਼ਟਰਪਤੀ ਇਸ ਇੱਛਾ ਦੇ ਵਿਰੁੱਧ ਨਹੀਂ ਜਾ ਸਕਦਾ। ਇਰਾਕ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕਾ ਨੇ ਆਪਣੇ ਵਰਤੇ ਗਏ ਜੰਗੀ ਸਾਜ਼ੋ ਸਾਮਾਨ ਦੀ ਨੁਮਾਇਸ਼ ਲਾ ਦਿੱਤੀ ਸੀ, ਜਿਸ ਵਿੱਚ ਹਰ ਹਥਿਆਰ ਦੀ ਫੋਟੋ ਨਾਲ ਉਸ ਦੁਆਰਾ ਕੀਤੀ ਗਈ ਤਬਾਹੀ, ਉਸਦੀ ਦੂਰ ਤਕ ਮਾਰ ਸਮਰੱਥਾ ਅਤੇ ਮੁੱਲ ਲਿਖਿਆ ਹੋਇਆ ਸੀ ਅਤੇ ਕਈ ਦੇਸ਼ਾਂ ਨੇ ਉਹ ਹਥਿਆਰ ਖਰੀਦੇ।
ਫੈਕਟਰੀਆਂ ਵੱਲੋਂ ਪੈਦਾ ਕੀਤੇ ਫਾਲਤੂ ਜ਼ਹਿਰੀਲੇ ਪਦਾਰਥ ਬਿਨਾਂ ਟ੍ਰੀਟ ਕੀਤੇ (ਪਾਣੀ ਨੂੰ ਸਾਫ ਕੀਤੇ) ਕੇਵਲ ਇਸ ਲਾਲਚ ਕਾਰਨ ਧਰਤੀ ਹੇਠ ਭੇਜੇ ਜਾ ਰਹੇ ਹਨ ਕਿ ਟਰੀਟਮੈਂਟ ਪਲਾਂਟ ਲਵਾਉਣ ਦਾ ਖਰਚਾ ਬਚਾਇਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































