“ਲਿਖਿਆ ਬੋਲਿਆ ਛਪਿਆ ਕਰ ਤੂੰ ਸੋਚ ਸਮਝ ਕੇ ਕਵੀਆ
ਹਥਿਆਰਾਂ ਦਾ ਮੁੱਲ ਸੈਂਕੜੇ ਜ਼ਿੰਦਗੀ ਦਾ ਮੁੱਲ ਧੇਲੇ।”
(26 ਅਗਸਤ 2016)
ਜਵਾਰਭਾਟੇ ਤੋਂ ਬਾਅਦ
ਤੇ ਹੁਣ, ਜਦੋਂ ਸਮੁੰਦਰੀ ਛੱਲਾਂ
ਪਲ ਪਲ ਥੱਲੇ ਲਹਿ ਰਹੀਆਂ ਹਨ
ਚਲੋ ਯਾਰੋ, ਆਪਣੇ ਗੁਆਚੇ ਅੰਗ ਲੱਭ ਕੇ
ਫਿਰ ਪਰਲੇ ਕੰਢੇ ਵੱਲ ਤੁਰੀਏ
ਕਦੋਂ ਕਲਪਿਆ ਸੀ:
ਇੰਞ ਖਿੰਡ-ਪੁੰਡ ਜਾਵੇਗੀ ਕੂੰਜਾਂ ਦੀ ਡਾਰ
ਉਂਗਲ਼ੀ ਲੱਗ ਤੁਰਿਆ ਜਾਂਦਾ ਗੁੱਟ
ਹੜੱਪ ਜਾਵੇਗੀ ਕੋਈ ਸ਼ਾਰਕ,
ਕੰਢੇ ’ਤੇ ਝੂਮਦੇ ਖੇਤਾਂ ਨੂੰ
ਡੱਸ ਜਾਵੇਗਾ ਕੋਈ ਤੂਫ਼ਾਨੀ ਫਰਾਟਾ,
ਯਾਦਾਂ ਦੇ ਦਿਸਹੱਦੇ ਤੱਕ
ਫੈਲ ਜਾਵੇਗੀ ਰੁਦਨ-ਮਈ ਝਲਕ,
ਕਦੋਂ ਕਲਪਿਆ ਸੀ ...
ਜਵਾਰਭਾਟੇ ਸਮੇਂ
ਬੜਾ ਹੀ ਕੋਝਾ ਮੌਸਮ ਸੀ
ਅਸਮਾਨ-ਛੋਂਹਦੀਆਂ ਮਕਰੀ ਲਾਟਾਂ ’ਚ
ਝੁਲ਼ਸੇ ਗਏ ਸੂਰਜ ਅਤੇ ਕਹਿਕਸ਼ਾਂ
ਜਵਾਰਭਾਟੇ ਤੋਂ ਬਾਅਦ
ਟੁੱਟੀ ਬੇੜੀ ’ਚ ਫਸਿਆ ਸਿਰ ਕੂਕਦਾ ਹੈ:
ਭੰਵਰ ’ਚ ਕੇਵਲ ਮੈਂ ਹੀ ਫਸਿਆ ਸੀ
ਪਰਲੇ ਕੰਢੇ ਦੀ ਖ਼ਾਹਸ਼ ਨਹੀਂ।
ਬਰੇਤੇ ’ਚ ਤੜਫਦੀ ਤਲ਼ੀ ਕੂਕਦੀ ਹੈ:
ਸਿਰਾ, ਮੈਂ ਆਈ ਝਨਾਂ ਨੂੰ ਚੀਰ ਕੇ
ਦਿਲ ਦੇ ਸਹਿਕਦੇ ਟੁਕੜਿਆਂ ਦਾ
ਪੈਗ਼ਾਮ ਹੈ ਬਾਕੀ ਅੰਗਾਂ ਦੇ ਨਾਂ:
ਸਾਨੂੰ ਨਾ-ਮਨਜ਼ੂਰ ਹੈ
ਖਲੋਤੇ ਪਾਣੀ ਜਿਉਂ ਤਰੱਕਣਾ ਤੇ ਸੁੱਕ ਜਾਣਾ
ਜਵਾਰਭਾਟੇ ਤੋਂ ਪਹਿਲਾਂ
ਬੜਾ ਹੁਸੀਨ ਮੌਸਮ ਸੀ
ਪ੍ਰੇਮਿਕਾ ਦੇ ਚੁੰਮਣ ਜਿਹਾ
ਜਵਾਰਭਾਟੇ ਸਮੇਂ
ਬੜਾ ਹੀ ਕੋਝਾ ਮੌਸਮ ਸੀ
ਕਬਰਸਤਾਨ ਦੇ ਮਾਤਮੀ-ਸ਼ੋਰ ਜਿਹਾ
ਜਵਾਰਭਾਟੇ ਤੋਂ ਬਾਅਦ
ਫਿਰ ਓਹੀ ਮੌਸਮ ਹੈ
ਜ਼ਿੰਦਗੀ ਦੇ ਅਣ-ਮੁੱਕ ਸਫ਼ਰ ਜਿਹਾ
ਤੇ ਹੁਣ
ਜਦੋਂ ਯਾਦਾਂ ਦੇ ਦਿਸਹੱਦੇ ਨਾਲ਼ ਟਕਰਾ ਕੇ
ਅਜਨਬੀ ਆਵਾਜ਼ ਪਰਤੀ ਹੈ:
‘ਜ਼ਿੰਦਗੀ ਇੱਕ ਸਫ਼ਰ ਹੈ
ਤੇ ਸਫ਼ਰ ਇੱਕ ਜ਼ਿੰਦਗੀ’
ਚਲੋ ਯਾਰੋ, ਆਪਣੇ ਟੁੱਟੇ ਅੰਗ ਜੋੜ ਕੇ
ਫਿਰ ਪਰਲੇ ਕੰਢੇ ਵੱਲ ਤੁਰੀਏ
ਤੇ ਹੁਣ, ਜਦੋਂ ਸਮੁੰਦਰੀ ਛੱਲਾਂ
ਪਲ ਪਲ ਥੱਲੇ ਲਹਿ ਰਹੀਆਂ ਹਨ
ਚਲੋ ਯਾਰੋ, ਆਪਣੇ ਗੁਆਚੇ ਅੰਗ ਲੱਭ ਕੇ
ਫਿਰ ਪਰਲੇ ਕੰਢੇ ਵੱਲ ਤੁਰੀਏ।
**
ਅਸੀਂ ਸਵੈ ਵਿੱਚ ਉਲਝੇ ਭੁੱਲੇ
ਹਰ ਦਿਨ ਕੱਲ੍ਹ ਨੂੰ ਵਿਦਿਆ ਕਰਕੇ
ਸੱਜਰੇ ਸੂਰਜ ਦੀ ਬੁੱਕਲ਼ ’ਚੋਂ
ਅੱਜ ਦਾ ਮੂੰਹ ਸਿਰ ਨਵਾਂ ਸਿਰਜਦਾ।
ਹਰ ਇੱਕ ਸਾਜ਼ ਆਪਣੇ ਅੰਦਰੋਂ
ਬੁੱਲ੍ਹਾਂ, ਪੋਟਿਆਂ, ਰੂਹਾਂ ਦਾ ਸੰਗੀਤ ਨਵਾਂ ਕੋਈ ਜਨਮੇਂ।
ਕੱਲ੍ਹ ਦੇ ਨਿਊਟਨ ਦੇ ਸੱਚ ਅੱਗੇ
ਅੱਜ ਦਾ ਆਈਨਸਟਾਈਨ ਪ੍ਰਸ਼ਨ-ਚਿੰਨ੍ਹ ਹੈ ਲਾਉਂਦਾ।
ਕੱਲ੍ਹ ਦੀਆਂ ਚਿੱਠੀਆਂ ਅਤੇ ਉਡੀਕਾਂ
ਅੱਜ ਦੇ ਜੇਬੀ-ਫ਼ੋਨ ’ਚ ਬਹਿ ਕੇ
ਤੁਰਤ ਫੁਰਤ ਦੀ ‘ਟੈਕਸਟ’ ਬਣੀਆਂ।
ਕੱਲ੍ਹ ਦੇ ਬੇਹੇ ਫੁੱਲ ਦੇ ਸਾਹਵੇਂ
ਅੱਜ ਦੇ ਸੱਜਰੇ ਫੁੱਲ ਦਾ ਜੋਬਨ
ਦੁਲਹਨ ਵਰਗੀ ਮਹਿਕ ਖਿਲਾਰੇ।
ਅਸੀਂ ਕਮਲ਼ਿਆਂ,
ਹੈਂਕੜ ਦੇ ਘੋੜੇ ’ਤੇ ਚੜ੍ਹਕੇ
ਸੂਰਜ, ਸਾਜ਼, ਸੰਗੀਤ, ਤੇ ਸਾਇੰਸ,
ਫੁੱਲਾਂ ਕੋਲ਼ੋਂ ਕੁਝ ਨਾ ਸਿੱਖਿਆ
ਅਸੀਂ ਸਵੈ ਵਿੱਚ ਉਲਝੇ ਭੁੱਲੇ
ਆਪਣੇ ਆਪਣੇ ਦਾਇਰਿਆਂ ਅੰਦਰ
ਮੈਂ ਨਾ ਮਾਨੂੰ ਖੇਡ ਰਹੇ ਹਾਂ।
**
ਜੰਗ
ਪੌਣਾਂ ਦੇ ਵਿੱਚ ਪਾਣੀ ਦੇ ਵਿੱਚ ਕੈਸੀ ਬਦਬੂ ਮੇਲ੍ਹੇ
ਪੁਲ਼ ਦੀ ਇੱਟ ਨਾਲ਼ ਇੱਟ ਵਜਾਉਂਦੇ ਪਾਣੀ ਨਵੇਂ ਨਵੇਲੇ
ਟਾਹਲੀ ਦੀ ਮਿੱਠੜੀ ਛਾਂ ਕਿੱਥੇ ਵਿਹੜੇ ਵਿੱਚ ਨਿੰਮ ਉੱਗੀ
ਨਿੰਮ ਦੇ ਉੱਤੇ ਚੜ੍ਹੇ ਕਰੇਲੇ ਬਣ ਬਣ ਬੈਠਣ ਕੇਲੇ
ਮਹਿਲਾਂ ਵਾਲ਼ੇ ਜੰਗ ਸੰਗ ਖੇਡਣ, ਖ਼ਬਰਾਂ ਸੰਗ ਅਖ਼ਬਾਰਾਂ
ਮੇਰੀ ਬੁੱਕਲ਼ ਖੇਡਣ ਖ਼ਬਰਾਂ, ਧੀ ਕਿਸ ਬੁੱਕਲ਼ ਖੇਲ੍ਹੇ
ਕਿਸ ਨੇ ਪਾਣੀ ਗੰਦਾ ਕੀਤੈ ਕਿਸ ਨੇ ਕੱਢੀਐਂ ਗਾਲ਼ਾਂ
ਖਚਰੇ ਬਘਿਆੜਾਂ ਨੇ ਢਾਅ ਲਏ ਦੁਨੀਆਂ ਭਰ ਦੇ ਲੇਲੇ
ਵਿੱਚ ਝਨਾਵਾਂ, ਬੰਸਰੀਆਂ ਤੇ ਬੱਕੀਆਂ ਦੇ ਨਾਲ਼ ਸੜ ਗਏ
ਸੋਹਣੀ, ਹੀਰ, ਤੇ ਸਾਹਿਬਾਂ; ਪੱਤਣ, ਬੇਲੇ ਅਤੇ ਤਬੇਲੇ
ਮਰਿਆ ਹੋਇਆ ਲਹੂ ਤੜਫ ਕੇ ਜੱਫੀਆਂ ਪਾ ਪਾ ਮਿਲ਼ਿਆ
ਜਿਊਂਦਿਆਂ ਏਸ ਲਹੂ ਦੇ ਹੋਏ ਨਾ ਆਪਸ-ਵਿੱਚ ਮੇਲੇ
ਤੋਤੇ ਤੇਰਾ ਬਾਗ਼ ਖਾ ਗਏ ਬਾਜ਼ਾਂ ਖਾ ਲਏ ਤੋਤੇ
ਤੂੰ ਤਿਤਲੀ ਦੇ ਬੱਚਿਆਂ ਉੱਤੇ ਤਾਣੀ ਫਿਰੇਂ ਗੁਲੇਲੇ
ਧਰਮ ਸਰੋਵਰ ਨ੍ਹਾ ਕੇ ਲੋਕੀਂ ਸੁੱਕੀ ਇੱਟ ਜਿਉਂ ਮੁੜਦੇ
ਕਿੱਥੇ ਐਸੇ ਲੋਕ ਨੇ ਸੁਖੀਏ, ਕੀ ਪਰਲੋਕ ਸੁਹੇਲੇ
ਕੋਈ ਗੁਰੂ ਕੋਈ ਮਹਾਂ ਗੁਰੂ, ਕੋਈ ਗੁਰੂਆਂ ਦਾ ਪਰਛਾਵਾਂ
ਗੁਰੂਆਂ ਦੀ ਬਸਤੀ ’ਚੋਂ ਕਵਿਤਾ ਲੱਭਦੀ ਫਿਰਦੀ ਚੇਲੇ
ਕਾਤਲ ਮੇਰੀ ਕਵਿਤਾ ਕੋਹੇ ਸਿਰ ਪਰਨੇ ਲਟਕਾ ਕੇ
ਕਹਿੰਦਾ: ਚੁੱਪ ਕਰ ਜਾ ਜਾਂ ਵਿਕ ਜਾ, ਜਾਂ ਪਾ ਝੂਠ ਝੁਮੇਲੇ
ਲਿਖਿਆ ਬੋਲਿਆ ਛਪਿਆ ਕਰ ਤੂੰ ਸੋਚ ਸਮਝ ਕੇ ਕਵੀਆ
ਹਥਿਆਰਾਂ ਦਾ ਮੁੱਲ ਸੈਂਕੜੇ ਜ਼ਿੰਦਗੀ ਦਾ ਮੁੱਲ ਧੇਲੇ
ਕਵਿਤਾ ਦੇ ਕਾਤਲ ਨਾਲ਼ ਮੇਰੀ ਜੰਗ ਰਹੇਗੀ ਜਾਰੀ
ਉਹਦੇ ਕੋਲ਼ ਜੇ ਬੰਬ ਨਵੇਂ ਨੇ ਬਿੰਬ ਮੇਰੇ ਅਲਬੇਲੇ।
**
ਪਾਣੀ ਅਤੇ ਪੁਲ਼
(15 ਅਗਸਤ ਦੇ ਨਾਂ)
ਬਹੁਤ ਅਰਸਾ ਦੰਭ ਅੰਦਰ ਲੰਘ ਚੁੱਕਾ ਹੈ
ਸਾਡੇ ਹੱਥ ਸਾਡੇ ਖ਼ੂਨ ਸੰਗ ਹੀ ਰੰਗ ਚੁੱਕਾ ਹੈ
ਕੁਝ ਹੱਥ ਏਸ ਕੰਢੇ ’ਤੇ
ਕੁਝ ਹੱਥ ਓਸ ਕੰਢੇ ’ਤੇ
ਮਿਲਣ ਲਈ ਵਿਲਕਦੇ ਹੁੰਦੇ
ਪੁਲ਼ਾਂ ਦਾ ਕੰਮ ਹੁੰਦੈ
ਮਿਲਣੇ ਦੀ ਦੁਆ ਦੇਵਣ
ਜ਼ਖ਼ਮਾਂ ਨੂੰ ਦਵਾ ਦੇਵਣ
ਨਦੀ ਨੂੰ ਨਵੀਂ ਫ਼ਿਜ਼ਾ ਦੇਵਣ
ਪੁਲ਼ਾਂ ਜੇ ਸਾਜ਼ਿਸ਼ਾਂ ਰਚ ਕੇ
ਰਸਤੇ ਬੰਦ ਕਰਨੇ ਨੇ
ਢੌਂਗ ਰਚਾਕੇ ਰਾਖੀ ਦਾ
ਜੇ ਬਦਨੀਤ ਸੰਗੀਨਾਂ ਨਾਲ਼
ਲਹੂ ਦੇ ਸਾਗਰ ਭਰਨੇ ਨੇ
ਤਾਂ ਪਾਣੀ ਤੜਫ ਉੱਠੇਗਾ
ਪਾਣੀ ਤੜਫ ਹੀ ਉੱਠਦੈ
ਜੇਕਰ ਰੰਗ ਉਸਦਾ
ਦੋਸਤਾਂ ਦੇ ਖ਼ੂਨ ਦੇ ਸੰਗ ਲਾਲ ਹੋ ਜਾਵੇ
ਤੇ ਰੂਹ ਪਾਣੀ ਦੀ
ਬੁੱਚੜ ਹੱਥਾਂ ਕੋਲ਼ੋਂ ਹਲਾਲ ਹੋ ਜਾਵੇ
ਪਾਣੀ ਫਿਰ ਧਾਰ ਲੈਂਦਾ
ਸ਼ਕਲ ਹੈ ਖ਼ੂਨੀ ਤੂਫ਼ਾਨਾਂ ਦੀ
ਨਵੇਂ ਇਤਿਹਾਸ ਦੀ ਨੀਂਹ
ਤੇ ਕਥਾ ਸੂਹੇ ਅਰਮਾਨਾਂ ਦੀ
ਨਿੱਤ ਮੈਂ ਮਚਲਦੀਆਂ ‘ਲਹਿਰਾਂ’ ਦਾ
ਅੱਖੀਂ ਨਾਚ ਤੱਕਦਾ ਹਾਂ
ਰੋਹ ਦੇ ਹੋਠਾਂ ਉੱਤੇ ਦਹਿਕਦਾ
ਅਹਿਸਾਸ ਤੱਕਦਾ ਹਾਂ:
ਅਸੀਂ ਇੱਕ ਜਾਨ ਬਣ ਜਾਣਾ
ਅਸੀਂ ਤੂਫ਼ਾਨ ਬਣ ਜਾਣਾ
ਜੋ ਬਦਨੀਤ ਸੰਗੀਨਾਂ
ਦੋਸਤੀ ਦੀ ਮੌਤ ਬਣੀਆਂ ਨੇ
ਉਹਨਾਂ ਦੀ ਮੌਤ ਦਾ ਹੁਣ
ਖ਼ੁਦ ਅਸੀਂ ਐਲਾਨ ਬਣ ਜਾਣਾ
ਕਿਉਂਕਿ ਬਹੁਤ ਅਰਸਾ
ਦੰਭ ਅੰਦਰ ਲੰਘ ਚੁੱਕਾ ਹੈ
ਤੇ ਹੱਥ ਦੋਸਤਾਂ ਦੇ
ਖ਼ੂਨ ਦੇ ਸੰਗ ਰੰਗ ਚੁੱਕਾ ਹੈ।
*****
(405)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)