SurinderDhanjal7ਪਰ ਹੌਲ਼ੀ ਹੌਲ਼ੀ ਉਹੀ ਲਹਿਰਾਂ, ਚੱਟਾਨਾਂ ਵਿੱਚ ਚੀਰ ਪਾ ਕੇ, ਕਿਸੇ ਦਿਨ ...
(13 ਅਪ੍ਰੈਲ 2019)

 

Dhanjal Dhaliwal2ਜਲ੍ਹਿਆਂ ਵਾਲਾ ਬਾਗ਼ ਹੱਤਿਆਕਾਂਡ ਦੀ ਸ਼ਤਾਬਦੀ (13 ਅਪ੍ਰੈਲ 1919 -13 ਅਪ੍ਰੈਲ 2019) ਨੂੰ ਸਮਰਪਿਤ ਡਾ. ਸੁਰਿੰਦਰ ਧੰਜਲ (ਕਵੀ, ਚਿੰਤਕ ਅਤੇ ਕੰਪਿਊਟਰ ਵਿਗਿਆਨੀ) ਦਾ ਪਲੇਠਾ ਨਾਟਕ ‘ਜਲ੍ਹਿਆਂ ਵਾਲਾ, ਇਸ ਸਾਲ ਦੇ ਅੰਤ ਤੱਕ ਪ੍ਰਕਾਸ਼ਿਤ ਹੋ ਰਿਹਾ ਹੈ। ਅੱਜ ਦੇ ਦਿਨ, ਅਸੀਂ ਆਪਣੇ ਪਾਠਕਾਂ ਲਈ ਇਸ ਨਾਟਕ ਵਿੱਚੋਂ ਇੱਕ ਦ੍ਰਿਸ਼ ਛਾਪ ਰਹੇ ਹਾਂ। ਇਸ ਨਾਟਕ ਨੂੰ ਕੈਨੇਡਾ ਭਰ ਵਿੱਚ ਖੇਡੇ / ਖਿਡਵਾਏ ਜਾਣ ਦੀਆਂ ਯੋਜਨਾਵਾਂ ਤਿਆਰੀ ਅਧੀਨ ਹਨ ਜਾਣਕਾਰੀ ਅਤੇ ਸੁਝਾਵਾਂ ਲਈ ਲੇਖਕ ਨੂੰ This email address is being protected from spambots. You need JavaScript enabled to view it. ਅਤੇ ਨਾਟਕ ਨਿਰਦੇਸ਼ਕ ਭੂਪਿੰਦਰ ਧਾਲੀਵਾਲ ਨੂੰ This email address is being protected from spambots. You need JavaScript enabled to view it. ’ਤੇ ਸੰਪਰਕ ਕੀਤਾ ਜਾ ਸਕਦਾਹੈ। - ਸੰਪਾਦਕ)

(ਪਰਦੇ ਪਿੱਛੋਂ ਆਵਾਜ਼: ਸਮਾਂ, ਜਲ੍ਹਿਆਂ ਵਾਲਾ ਕਾਂਡ ਤੋਂ ਦੋ ਕੁ ਮਹੀਨੇ ਬਾਅਦ: ਜੂਨ 1919 ਦਾ ਮੱਧ!

ਬਾਰਾਂ ਚੌਦਾਂ ਸਾਲ ਦੀ ਉਮਰ ਦਾ ਇੱਕ ਸ਼ਗਿਰਦ (ਸਾਗਰ), ਬਾਕੀ ਸ਼ਗਿਰਦਾਂ - ਦੀਪਕ, ਗਿਆਨ, ਰੋਸ਼ਨੀ, ਕ੍ਰਾਂਤੀ, ਵਿੱਦਿਆ, ਜੀਵਨ, ਜੋਤੀ, ਉਜਾਗਰ, ਕਿਰਨ, ਪ੍ਰਭਾਤ, ਅੰਬਰ, ਸੂਰਜ, ਚੰਦਰ, ਤਾਰਾ - ਨੂੰ ਇੱਕ ਬੋਤਲ ਦਿਖਾਉਂਦਾ ਹੈ, ਜਿਸ ਵਿੱਚ ਲਹੂ ਰੰਗੀ ਮਿੱਟੀ ਭਰੀ ਹੋਈ ਹੈ।)

**

(ਰੋਸ਼ਨੀ ਖੱਬੇ ਖੂੰਜੇ ’ਤੇ ਪੈਂਦੀ ਹੈ)

ਲੇਖਕ: (ਖੱਬੇ ਖੂੰਜਿਓਂ)

‘ਡਬਲਯੂ’ ਫਾਰ writers ਦੀ ਗੱਲ ਸਾਹਮਣੇ ਆਈ ਹੈ, ਤਾਂ ਕੁਝ ਲੇਖਕਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ! ਅੰਮ੍ਰਿਤਸਰ ਵਿੱਚ ਜਦੋਂ ਮਾਵਾਂ ਦੇ ਸੈਂਕੜੇ ਪੁੱਤ ਨਿਹੱਥੇ ਮਰ ਰਹੇ ਸਨ, ਅੰਮ੍ਰਿਤਸਰ ਸ਼ਹਿਰ ਦੇ ਵਿੱਚੇ ਬੈਠਾ ਲੇਖਕ ਭਾਈ ਵੀਰ ਸਿੰਘ ਲਿਖ ਰਿਹਾ ਸੀ: ‘ਗੁਲਦਾਉਦੀਆਂ ਆਈਆਂ’ ਪਰ ਦੂਰ ਬੰਗਾਲ ਵਿੱਚ ਬੈਠਾ ਰਬਿੰਦਰਨਾਥ ਟੈਗੋਰ ਜਲ੍ਹਿਆਂ ਵਾਲੇ ਹੱਤਿਆ ਕਾਂਡ ਤੋਂ ਦੁਖੀ ਹੋ ਕੇ 31 ਮਈ 1919 ਨੂੰ ਇੰਡੀਆ ਦੇ ਵਾਇਸਰਾਏ ‘ਜੇਮਜ਼ ਚੈਮਸਫੋਰਡ’ ਨੂੰ ਚਿੱਠੀ ਲਿਖ ਕੇ ‘ਸਰ’ ਦਾ ਖਿਤਾਬ ਵਾਪਸ ਕਰ ਦਿੰਦਾ ਹੈਲੇਖਕ ਦੀ ਜ਼ਮੀਰ ਦਾ ਜਾਗਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈਬੇਜ਼ਮੀਰੇ ਲੇਖਕ ਦਾ ਜਿਊਂਦੇ ਰਹਿਣਾ, ਮੌਤ ਤੋਂ ਵੀ ਬਦਤਰ ਹੁੰਦਾ ਹੈ ...!

ਚੌਕੀਦਾਰ:

ਬਈ ਲੇਖਕ ਗੱਭਰੂਆ! ਆਹ ਜਿਹੜਾ ਕੁਸ਼ ਮੁਨਸ਼ੀ ਜੀ ਸ਼ਗਿਰਦਾਂ ਨੂੰ ਪੜ੍ਹਾ ਰਹੇ ਨੇ ਇਹੋ ਜਿਹਾ ਤਾਂ ਕਦੇ ਸੁਣਿਆਂ ਈ ਨ੍ਹੀਂ? ਸ਼ਗਿਰਦਾਂ ਨੂੰ ਕੀ ਉਲਟੀਆਂ ਪੱਟੀਆਂ ਪੜ੍ਹਾਈ ਜਾਂਦੇ ਨੇ ਥੋਡੇ ਮੁਨਸ਼ੀ ਜੀ?

ਤਾਇਆ ਹਸਮੁਖ ਸਿੰਘ ਅਮਲੀ:

ਛੋਟੇ ਭਾਈ ਚੌਕੀਦਾਰਾ! ਇਹਦੇ ਵਿੱਚ ਹੈਰਾਨ ਹੋਣ ਆਲ਼ੀ ਕੋਈ ਗੱਲ ਨ੍ਹੀਂਟੀਵੀ ਦੇਖਦਾ ਹੁੰਨੈ ਕਦੇ ਕਿ ਨਹੀਂ …? ਆਚਾਰੀਆ ਚਾਣਕਯਾ ਦਾ ਕਥਨ ਹੈ: ‘ਅਧਿਆਪਕ ਜਾਂ ਉਸਤਾਦ ਕੋਈ ਸਧਾਰਨ ਆਦਮੀ ਨਹੀਂ ਹੁੰਦਾ - ਨਿਰਮਾਣ ਅਤੇ ਤਬਾਹੀ ਉਹਦੀ ਬੁੱਕਲ ਵਿੱਚ ਪਲਦੇ ਨੇ‘ਜਿਹੋ ਜਿਹਾ ਇਹ ਖ਼ੁਫ਼ੀਆ ਸਕੂਲ ਤੂੰ ਦੇਖ ਰਿਹੈਂ, ਮੇਰਾ ਬਾਪੂ ਵੀ ਦੱਸਦਾ ਹੁੰਦਾ ਸੀ, ਬਈ ਹੁਸ਼ਿਆਰਪੁਰ ਵਿੱਚ ਇਸ ਤਰ੍ਹਾਂ ਦਾ ਇੱਕ ਆਸ਼ਰਮ ਹੁੰਦਾ ਸੀ - ਕਿਉਂ ਬਈ ਲੇਖਕ ਗੱਭਰੂਆ ...?

ਲੇਖਕ:

ਹਾਂ ਤਾਇਆ ਹਸਮੁਖ ਸਿਆਂ ਤੇ ਚਾਚਾ ਚੌਕੀਦਾਰਾ! ਆਪਣੇ ਮਦਰੱਸੇ ਦੇ ਸ਼ਗਿਰਦ ਭਗਤ ਦੇ ਚਾਚਾ ਜੀ, ‘ਪਗੜੀ ਸੰਭਾਲ ਜੱਟਾ’ ਲਹਿਰ ਦੀ ਰੂਹੇ-ਰਵਾਂ, ਸਰਦਾਰ ਅਜੀਤ ਸਿੰਘ ਵਰਗੇ ਦੇਸ਼-ਭਗਤਾਂ ਨੇ ਹੁਸ਼ਿਆਰਪੁਰ ਵਿੱਚ, ਤਿਲਕ ਆਸ਼ਰਮ ਸਥਾਪਿਤ ਕੀਤਾ ਸੀ, ਉੱਨੀ ਸੌ ਅੱਠ ਵਿੱਚ ਸਰਦਾਰ ਅਜੀਤ ਸਿੰਘ ਦੇ ਆਪਣੇ ਸ਼ਬਦਾਂ ਵਿੱਚ ‘ਇਹ ਆਸ਼ਰਮ ਕੌਮੀ ਰਾਜਨੀਤੀ ਦੀ ਇੱਕ ਛੋਟੀ ਜਿਹੀ ਯੂਨੀਵਰਸਿਟੀ ਬਣ ਜਾਣੀ ਚਾਹੀਦੀ ਹੈ, ਇੱਥੇ ਵਧੀਆ ਵਧੀਆ ਅਖ਼ਬਾਰ-ਨਵੀਸ, ਵਧੀਆ ਵਧੀਆ ਬੁਲਾਰੇ ਤੇ ਵਧੀਆ ਵਧੀਆ ਲੇਖਕ ਪੈਦਾ ਹੋਣੇ ਚਾਹੀਦੇ ਨੇ - ਜਿਹੜੇ ਲੋਕਾਂ ਵਿੱਚ ਨਵੇਂ ਨਰੋਏ ਰਾਜਨੀਤਕ ਵਿਚਾਰ ਫੈਲਾ ਸਕਣ‘ਮੁਨਸ਼ੀ ਜੀ ਵੀ ਇਹੀ ਕੰਮ ਕਰ ਰਹੇ ਨੇ ...

(ਰੋਸ਼ਨੀ ਸੱਜੇ ਖੂੰਜੇ ਮੁਨਸ਼ੀ ਜੀ ’ਤੇ ਪੈਂਦੀ ਹੈ।)

ਮੁਨਸ਼ੀ ਜੀ:

ਜਦੋਂ ਜਲ੍ਹਿਆਂ ਵਾਲਾ ਬਾਗ਼ ਵਿੱਚ ਸੈਂਕੜੇ ਨਿਹੱਥੇ ਗੋਲ਼ੀਆਂ ਨਾਲ ਭੁੰਨੇ ਜਾਂਦੇ ਨੇ, ਤੇ ਹਜ਼ਾਰਾਂ ਫੱਟੜ ਕੀਤੇ ਜਾਂਦੇ ਨੇ, ਉਦੋਂ ਸ਼ਗਿਰਦਾਂ ਨੂੰ ਅੰਗਰੇਜ਼ਾਂ ਦੇ ਦੱਸੇ ‘ਏ’ ਫ਼ਾਰ apple, ‘ਬੀ’ ਪਾਰ banana, ‘ਸੀ’ ਫਾਰ cat ਅਤੇ ‘ਆਰ’ ਫਾਰ rat ਨਹੀਂ ਪੜ੍ਹਾਏ ਜਾਂਦੇ, ਸਗੋਂ ਇਨਕਲਾਬ ਵਿੱਚੋਂ ਨਿੱਕਲੀ ਨਵੀਂ ਜ਼ੁਬਾਨ ਦੇ ਨਵੇਂ ਲਫ਼ਜ਼ ਪੜ੍ਹਾਏ ਜਾਂਦੇ ਨੇ - ਜਿਵੇਂ ‘ਏ’ ਫਾਰ Amritsar ਤੇ ‘ਬੀ’ ਫਾਰ Bomb ਤੇ ‘ਜੇ’ ਪਾਰ ਜਲ੍ਹਿਆਂ ਵਾਲਾ ...! ਅਜਿਹੇ ਸੰਕਟ ਸਮੇਂ ਕੁਛ ਨਵਾਂ ਪੜ੍ਹਾਉਣ ਤੋਂ ਬਗ਼ੈਰ ਕੌਮਾਂ ਜਿਊਂਦੀਆਂ ਨਹੀਂ ਰਹਿ ਸਕਦੀਆਂ ... ਹਾਲਾਤ ਮੁਤਾਬਕ ਲਫ਼ਜ਼ ਵੀ ਬਦਲਣੇ ਪੈਂਦੇ ਨੇ, ਤਾਂ ਜੋ ਕੌਮਾਂ ਜਿਊਂਦੀਆਂ ਵਸਦੀਆਂ ਰਹਿ ਸਕਣ!

ਸ਼ਗਿਰਦ:

ਮੁਨਸ਼ੀ ਜੀ, ਤੁਸੀਂ ਸਾਡੇ ਵਿੱਚੋਂ ਬਹੁਤਿਆਂ ਦੇ ਨਾਮ ਵੀ ਬਦਲ ਕੇ ਨਵੇਂ ਰੱਖ ਦਿੱਤੇ ਨੇ: ਗਿਆਨ, ਕ੍ਰਾਂਤੀ, ਸਾਗਰ, ਜੀਵਨ, ਜੋਤੀ, ਉਜਾਗਰ, ਦੀਪਕ, ਕਿਰਨ, ਰੋਸ਼ਨੀ, ਪ੍ਰਭਾਤ, ਵਿੱਦਿਆ, ਅੰਬਰ, ਸੂਰਜ, ਚੰਦਰ, ਤਾਰਾ ...

ਮੁਨਸ਼ੀ ਜੀ:

ਸਾਗਰ, ਦੀਪਕ, ਗਿਆਨ, ਰੋਸ਼ਨੀ! ਮੈਂ ਅੱਜ ਤੁਹਾਡੇ ਨਾਵਾਂ ਦੇ ਹਵਾਲੇ ਨਾਲ ਗੱਲ ਕਰਾਂਗਾਦੀਪਕ, ਇਹ ਸੱਚ ਹੈ ਕਿ ਇੱਕ ਦੀਪਕ ਪੂਰੇ ਦੇ ਪੂਰੇ ਘਰ ਦਾ ਹਨੇਰਾ ਨਹੀਂ ਮਿਟਾ ਸਕਦਾ, ਪਰ ਜਦੋਂ ਉਹ ਹੋਰ ਦੀਪਕਾਂ ਨੂੰ ਰੋਸ਼ਨ ਕਰ ਦਿੰਦਾ ਹੈ, ਤਾਂ ਪੂਰੇ ਦਾ ਪੂਰਾ ਘਰ ਜਗਮਗਾ ਉੱਠਦਾ ਹੈਇਸੇ ਤਰ੍ਹਾਂ, ਗਿਆਨ ਅਤੇ ਹੌਸਲੇ ਦੀ ਚਿਣਗ ਆਰੰਭ ਤਾਂ ਭਾਵੇਂ ਕਿਸੇ ਇੱਕ ਤੋਂ ਹੀ ਹੁੰਦੀ ਹੈ, ਪਰ ਉਹ ਹੌਲ਼ੀ ਹੌਲ਼ੀ ਇੱਕ ਤੋਂ ਅਨੇਕ ਤੱਕ ਫੈਲਦੀ ਫੈਲਦੀ ਅਨਿਆਂ ਦੇ ਗਹਿਰੇ ਤੋਂ ਗਹਿਰੇ ਹਨੇਰੇ ਨੂੰ ਵੀ ਮਿਟਾ ਦਿੰਦੀ ਹੈ

ਦੀਪਕ, ਗਿਆਨ, ਰੋਸ਼ਨੀ, ਕ੍ਰਾਂਤੀ: (ਇਕੱਠੇ)

ਮੁਨਸ਼ੀ ਜੀ! ਅਸੀਂ ਵੀ ਇਕੱਠੇ ਹੋਵਾਂਗੇ - ਕ੍ਰਾਂਤੀ ਦੇ ਦੀਪਕ ਜਗਾਵਾਂਗੇ!!

ਗਿਆਨ ਨਾਲ ਅਗਿਆਨਤਾ ਦੇ ਹਨੇਰੇ ਕੋਨਿਆਂ ਨੂੰ ਰੋਸ਼ਨ ਕਰਾਂਗੇ!!

ਗ਼ੁਲਾਮੀ ਦਾ, ਜ਼ੁਲਮ ਦਾ ਹਨੇਰਾ ਕਿਸੇ ਦਿਨ ਚੀਰ ਕੇ ਰੱਖ ਦੇਵਾਂਗੇ!

ਮੁਨਸ਼ੀ ਜੀ:

ਸਾਗਰ, ਹੁਣ ਗੱਲ ਕਰਦੇ ਹਾਂ ਤੇਰੇ ਨਾਮ ਦੀ! ਸਾਗਰ ਦੀਆਂ ਲਹਿਰਾਂ ਚੁੱਪ ਚਾਪ, ਦਿਨ ਰਾਤ, ਸਾਗਰ ਦੇ ਕੰਢੇ ਪਈਆਂ ਚੱਟਾਨਾਂ ਵਿੱਚ ਵੱਜਦੀਆਂ ਰਹਿੰਦੀਆਂ ਨੇਲੱਗਦਾ ਹੈ ਪਾਣੀ ਦੀਆਂ ਇਹ ਛੱਲਾਂ ਪਥਰੀਲੀਆਂ ਚੱਟਾਨਾਂ ਦਾ ਕੀ ਵਿਗਾੜ ਦੇਣਗੀਆਂ? ਪਰ ਹੌਲ਼ੀ ਹੌਲ਼ੀ ਉਹੀ ਲਹਿਰਾਂ, ਚੱਟਾਨਾਂ ਵਿੱਚ ਚੀਰ ਪਾ ਕੇ, ਕਿਸੇ ਦਿਨ ਉਹਨਾਂ ਨੂੰ ਦੋਫਾੜ ਕਰ ਦਿੰਦੀਆਂ ਨੇ

ਸਾਗਰ, ਵਿੱਦਿਆ: (ਇਕੱਠੇ)

ਮੁਨਸ਼ੀ ਜੀ! ਇਸੇ ਤਰ੍ਹਾਂ ਤੁਹਾਡੇ ਸ਼ਿਸ਼ ਵੀ ਕਿਸੇ ਦਿਨ ਵਿੱਦਿਆ ਦੇ ਸਾਗਰ ਦੀਆਂ ਛੱਲਾਂ ਬਣਨਗੇ!

ਗ਼ੁਲਾਮੀ ਦੀਆਂ ਪਥਰੀਲੀਆਂ ਚੱਟਾਨਾਂ ਨੂੰ ਚੀਰ ਕੇ ਦੋਫਾੜ ਕਰ ਦੇਣਗੇ!!

ਮੁਨਸ਼ੀ ਜੀ:

ਅੰਮ੍ਰਿਤਸਰ ਦੇ ਅਨਾਥ ਆਸ਼ਰਮ ਵਿੱਚ ਮੇਰਾ ਇੱਕ ਸ਼ਿਸ਼ ਹੁੰਦਾ ਸੀ ਊਧਮ ਸਿੰਘ - ਊਧੋ ਊਧੋ ਕਹਿੰਦੇ ਸੀ ਉਸਨੂੰ ਸਾਰੇ! ਪਤਾ ਨਹੀਂ ਅੱਜ-ਕੱਲ੍ਹ ਉਹ ਕਿੱਥੇ ਹੈ? ਨਾ ਤਾਂ ਮੈਂਨੂੰ ਊਧੋ ਭੁੱਲਦਾ ਹੈ, ਤੇ ਨਾ ਹੀ ਉਸ ਤੋਂ ਤਿੰਨ ਚਾਰ ਸਾਲ ਵੱਡਾ, ਕਰਤਾਰ ਸਿੰਘ ਸਰਾਭਾ, ਜਿਹੜਾ ਫ਼ੌਜੀਆਂ ਵਿੱਚ ਗ਼ਦਰ ਦਾ ਪ੍ਰਚਾਰ ਕਰਨ ਆਉਂਦਾ ਹੁੰਦਾ ਸੀ! ਤੇ ਤੀਜਾ, ਆਪਣੇ ਸਕੂਲ ਦਾ ਵਿਦਿਆਰਥੀ, ਬਾਰਾਂ ਕੁ ਸਾਲਾਂ ਦਾ ਭਗਤ ਸਿੰਘ! ਤਿੰਨਾਂ ਵਿੱਚ ਵੱਖ ਵੱਖ ਸਮਿਆਂ ’ਤੇ ਬੜੀ ਅੱਗ, ਬੜੀ ਚਿਣਗ ਨਜ਼ਰ ਆਈ ਹੈ ਮੈਂਨੂੰ - ਜ਼ਰੂਰ ਤੁਹਾਡੇ ਵਰਗੇ ਸਾਰੇ ਅਜਿਹੇ ਗੱਭਰੂ ਕਿਸੇ ਨਾ ਕਿਸੇ ਦਿਨ ਹਿੰਦ ਦੀ ਗ਼ੁਲਾਮੀ ਦਾ ਹਨੇਰਾ ਚੀਰ ਦੇਣਗੇ!

(ਸਾਰੇ ਸ਼ਿਸ਼ ਉਤਸ਼ਾਹ ਨਾਲ ਇਕੱਠੇ ਹੋ ਕੇ, ਮੁਨਸ਼ੀ ਜੀ ਸਮੇਤ ਗੋਲ਼ ਦਾਇਰਾ ਬਣਾਉਂਦੇ ਹਨ, ਅਤੇ ਗਾਉਣ ਲੱਗਦੇ ਹਨ।)

ਗਹਿਰਾ ਹੁੰਦਾ ਜਾਂਦਾ ਹਰ ਦਿਨ
ਗਿਆਨ ਕ੍ਰਾਂਤੀ ਸਾਗਰ ਨੀ

ਜੀਵਨ ਜੋਤੀ ਅਰਥ ਸੁਨਹਿਰੀ
ਹੁੰਦੇ ਜਾਣ ਉਜਾਗਰ ਨੀ
ਹਿੰਦ ’ਤੇ ਘੋਰ ਗ਼ੁਲਾਮੀ ਵਾਲ਼ੀ
ਗਹਿਰੀ ਜ਼ੁਲਮੀ ਰਾਤ ਪਈ
ਦੀਪਕ ਕਿਰਨ ਰੋਸ਼ਨੀ ਮਿਲਕੇ
ਆਉਂਦੀ ਨਵ-ਪ੍ਰਭਾਤ ਪਈ
ਜਦ ਵਿੱਦਿਆ ਅੰਬਰ ’ਤੇ ਚਮਕੇ
ਸੂਰਜ ਚੰਦ ਸਿਤਾਰੇ ਨੀ
ਤੇਰਾ ਸੂਰਜ ਡੁੱਬ ਜਾਵੇਗਾ
ਜ਼ੁਲਮ ਦੀਏ ਸਰਕਾਰੇ ਨੀ
(ਇਹ ਸਾਰੇ ਗਾਉਂਦੇ ਗਾਉਂਦੇ ਅਲੋਪ ਹੋ ਜਾਂਦੇ ਹਨ! ਹਨੇਰਾ! ਰੋਸ਼ਨੀ ਖੱਬੇ ਖੂੰਜੇ ’ਤੇ ਪੈਂਦੀ ਹੈ
)

ਚੌਕੀਦਾਰ: (ਚੌਕੀਦਾਰਨੀ ਨੂੰ)

ਛੇਤੀ ਕਰ ਭਾਗਵਾਨੇ, ਅੱਜ ਹੰਟਰ ਕਮਿਸ਼ਨ ਵਾਲਾ ਸੀਨ ਦੱਸਣੈ, ਲੇਖਕ ਗੱਭਰੂ ਨੇ ਆਪਾਂ ਨੂੰ!

ਤਾਇਆ ਹਸਮੁਖ ਸਿੰਘ ਅਮਲੀ:

ਚੌਕੀਦਾਰਾ, ਭਲਾ ਐਂ ਦੱਸ ਮੈਂਨੂੰ, ਬਈ ਹੰਟਰ ਜਾਣੀ ਸ਼ਿਕਾਰੀ; ਉਹ ਵੀ ਭਲਾ ਕਿਸੇ ਨੂੰ ਕਮਿਸ਼ਨ ਦਿੰਦੇ ਆ? ਵੱਧ ਤੋਂ ਵੱਧ ਇਹ ਭਾਵੇਂ ਕਰ ਦੇਣ, ਬਈ ਪੰਦਰਾਂ ਦਾ ਸ਼ਿਕਾਰ ਕਰਨਾ ਸੀ, ਤੇ ਕਮਿਸ਼ਨ ਕੱਟ ਕੇ ਹੁਣ ਪੰਜਾਂ ਦਾ ਸ਼ਿਕਾਰ ਕਰ ਦੇਣ!

ਚੌਕੀਦਾਰਨੀ: (ਹੱਸਦੀ ਹੋਈ)

ਅਮਲੀਆ, ਅੱਜ ਸਵੇਰੇ ਸਵੇਰੇ ਚਾਹ ਦੀ ਥਾਂ ਭੰਗ ਪੀ ਆਇਐਂ?

ਤਾਇਆ ਅਮਲੀ:

ਚੌਕੀਦਾਰਨੀਏਂ, ਥੋੜ੍ਹੀ ਬਹੁਤ ’ਗਰੇਜੀ ਤਾਂ ਮੈਂਨੂੰ ਵੀ ਆਉਂਦੀ ਐ ਹੁਣ - ਬਈ ਹੰਟਰ ਸ਼ਿਕਾਰੀ ਨੂੰ ਕਹਿੰਦੇ ਆ, ਤੇ ਕਮਿਸ਼ਨ ਕਹਿੰਦੇ ਆ ਛੋਟ ਨੂੰ ਜਲ੍ਹਿਆਂ ਵਾਲਾ ਨਾਟਕ ਦੇ ਨਾਲ ਨਾਲ਼ ਲੇਖਕ ਗੱਭਰੂ ਤੋਂ ਮੈਂ ’ਗਰੇਜੀ ਵੀ ਸਿੱਖਦਾ ਰਹਿਨੈਂ ...

ਚੌਕੀਦਾਰਨੀ:

ਪਤਾ ਮੈਂਨੂੰ ਤੇਰਾ, ਵੱਡੇ ਬੀ.ਆ. ਪਾਸ ਦਾ

ਤਾਇਆ ਅਮਲੀ:

ਬਾਕੀ ਭਾਗਵਾਨੇ, ਇੱਕ ਹੰਟਰ ਉਹ ਵੀ ਹੁੰਦੇ ਆ, ਜਿਹੜੇ ਮੌਰਾਂ ਵਿੱਚ ਪੈਂਦੇ ਹੁੰਦੇ ਨੇ ...!

ਚੌਕੀਦਾਰਨੀ:

ਮੈਂ ਤਾਂ ਕਹਿੰਨੀ ਆਂ ਹੰਟਰ ਹੁੰਟਰ ਪੈਣੇ ਈ ਚਾਹੀਦੇ ਆ, ਤੇਰੇ ਅਰਗੇ ਜੱਬਲੀਆਂ ਮਾਰਨ ਆਲ਼ੇ ਦੇ …!

ਚੌਕੀਦਾਰ:

ਬਾਈ ਅਮਲੀਆ, ਤੂੰ ਨਾ ਹਟਿਆ ਗਪੌੜ ਮਾਰਨੋ!

ਤਾਇਆ ਅਮਲੀ:

ਨਾ ਤੇਰਾ ਮਤਬਲ, ਬਈ ਹੰਟਰ ਕਮਿਸ਼ਨ ਦਾ ਮਤਬਲ, ਬਈ ਜਾਣੀ ਮੇਰੇ ਅਰਗੇ ਦੇ ਕਿਸੇ ਦੇ ਸਮਝ ਲੋ ਜਾਣੀ, ਜਾਣੀ ਕਿ 50 ਹੰਟਰ ਪੈਣੇ ਸੀ - ਹੁਣ ਕਮਿਸ਼ਨ ਕੱਟ ਕੇ ਸਮਝ ਲੋ ਕਿ 25 ਹੰਟਰ ਪੈਣੇ ਆ?

ਚੌਕੀਦਾਰ:

ਓਏ ਕਾਹਨੂੰ ਭਲਿਆ ਲੋਕਾਂ! ਲੇਖਕ ਦੱਸਦਾ ਸੀ ਬਈ ਜਲ੍ਹਿਆਂ ਵਾਲੇ ਗੋਲੀ ਕਾਂਡ ਤੋਂ ਮਗਰੋਂ, ਕੋਈ ਛੇ ਸਾਢੇ ਛੇ ਮਹੀਨੇ ਮਗਰੋਂ, ਕਮੇਟੀ ਬਣੀ ਸੀ ਇੱਕ, ਤੇ ਕਮੇਟੀ ਦਾ ਨਾ ਸੀ ‘ਹੰਟਰ ਕਮੇਟੀ’ ... ਜੀਹਦਾ ਆਗੂ ਸੀ, ਰੱਬ ਤੇਰਾ ਭਲਾ ਕਰੇ, ‘ਵਿਲੀਅਮ ਹੰਟਰ’ ... ਬਾਅਦ ਵਿੱਚ ਇਸੇ ਕਮੇਟੀ ਨੂੰ ‘ਹੰਟਰ ਕਮਿਸ਼ਨ’ ਕਹਿਣ ਲੱਗ ਪੇ, ਤੇ ਕਮੇਟੀ ਕੋਈ ਡੇੜ ਮੀਨ੍ਹਾ ਲੋਕਾਂ ਦੇ ਬਿਆਨ ਲੈਂਦੀ ਰਹੀ, ਕਦੇ ਦਿੱਲੀ ਤੇ ਕਦੇ ਅਹਿਮਦਾਬਾਦ; ਕਦੇ ਬੰਬਈ ਤੇ ਕਦੇ ਲਹੌਰ; ਤੇ ਨੌਂ ਮੈਂਬਰ ਹੋਰ ਸੀ ਕਮੇਟੀ ਦੇ, ਪੰਜ ਅੰਗਰੇਜ਼ ਤੇ ਚਾਰ ਆਪਣੇ ਭਾਰਤੀ ...!

ਚੌਕੀਦਾਰਨੀ:

ਬਈ ਅਮਲੀਆ, ਜਾਣੀ ਦਾ, ਪੱਕਾ ਪਤਾ ਲੱਗ ਜੇ, ਬਈ ਆਹ ਮਾਵਾਂ ਦੇ ਪੁੱਤ ਗੋਲ਼ੀਆਂ ਨਾਲ ਭੁੰਨਣ ਆਲ਼ੀ ਕਰਤੂਤ ਕੀਹਨੇ ਕੀਤੀ ਕਰਵਾਈ ਆ

ਤਾਇਆ ਅਮਲੀ:

ਚੌਕੀਦਾਰਨੀਏਂ, ਇਹੀ ਤਾਂ ਮੈਂ ਕਹਿੰਨਾਂ ਬਈ ਸ਼ਿਕਾਰ ਕਰਨ ਵਾਲੇ ਹੰਟਰਾਂ ਹੁੰਟਰਾਂ ਨੇ, ਮੇਰੇ ਅਰਗਿਆਂ ਦੇ ਹੰਟਰਾਂ ਨਾਲ ਮੌਰ ਈ ਸੇਕਣੇ ਹੁੰਦੇ ਆ, ਜਾਂ ਭੁੰਨਣਾ ਹੁੰਦੈ ਨਿਹੱਥਿਆਂ ਨਿਰਦੋਸ਼ਿਆਂ ਨੂੰ ਗੋਲ਼ੀਆਂ ਨਾਲ! ਕਹਿੰਦੇ ਨੇ, ਗੋਲੀਆਂ ਚਲਾਉਣ ਆਲ਼ਿਆਂ ਵਿੱਚ ਕਿਸੇ ‘ਫੌਜੀ ਅਪਸਰ ਡੈਰ ਡੂਰ’ ਦਾ ਨਾ ਬੋਲਦੈਤੇ ਮੈਂ ਕਹਿਨੈਂ ਬਈ ਕਾਹਨੂੰ ਕਮੇਟੀ ਮੂਹਰੇ ਬਿਆਨਾਂ-ਬਿਊਨਾਂ ਦਾ ਗਿੱਲਾ ਪੀਹਣ ਪਾ ਕੇ ਬਹਿ ਗੇ! ‘ਡੈਰ’ ਕੰਜਰ ਨੂੰ ਆਥਣੇ ਜੇ ਮੇਰੇ ਤੇ ਸਾਡੇ ਪਿੰਡ ਆਲੇ਼ ਭਿੰਦੇ ਅਮਲੀ ਦੇ ਕਰਨ ਹਵਾਲੇ, ਪਹਿਲਾਂ ਤਾਂ ਮਾਰ ਮਾਰ ਘੋਟਣੇ ਟੰਗਾਂ ਭੰਨੀਏ ਵੱਡੇ ਸੂਰਮੇ ਦੀਆਂ, ਪੁੱਛੀਏ ਪੁੱਤ ਮੇਰੇ ਨੂੰ ਬਈ ਬੰਦੂਕਾਂ ਦੇ ਸਿਰ ਤੇ ਈ ਅੱਕਦੜਾ ਸੀ ਨਾ ਓਦੋਂ ...

ਚੌਕੀਦਾਰ: (ਵਿਚਾਲਿਓਂ ਕੱਟ ਕੇ)

ਓ ਅਮਲੀਆ, ਬੰਦ ਕਰ ਆਪਣੀ ਗੱਲਾਂ ਦੀ ਮਾਲ-ਗੱਡੀ ਹੁਣ ...

ਤਾਇਆ ਅਮਲੀ: (ਚੌਕੀਦਾਰ ਦੀ ਪਰਵਾਹ ਕਰੇ ਤੋਂ ਬਗੈਰ)

ਪਹਿਲਾਂ ਤਾਂ ਮਾਰ ਮਾਰ ਘੋਟਣੇ ਭੰਨੀਏ ਸਕੜੰਜਾਂ ਮੇਰੇ ਸਾਲੇ ਦੀਆਂ, ਤੇ ਫਿਰ ਕੂੰਡੇ ਵਿੱਚ ਘੋਟ ਘੋਟ ਕੇ ਚਾਹ ਆਲ਼ੇ ਪਤੀਲੇ ਵਿੱਚ ਉਬਾਲ਼ ਉਬਾਲ਼ ਕੇ ਪੀਈਏ - ਜਦੋਂ ਨਿਕਲਣ ਚੀਕਾਂ ਮੇਰੇ ਪਤਿਔਰੇ ਦੀਆਂ, ਤਾਂ ਫਿਰ ਪਤਾ ਲੱਗੇ ਬਈ ਨਿਹੱਥਿਆਂ ’ਤੇ ਗੋਲ਼ੀ ਕਿਵੇਂ ਚਲਾਈ ਦੀ ਆ ...!

(ਚੱਬ ਕੇ ਗੱਲ ਕਰਦਾ ਹੋਇਆ) ਅਖੇ ਮੈਂ ਆਂ ‘ਜਰਨਲ ਡੈਰ’ ... ਜਦੋਂ ਕੂਕਿਆਂ ਦੇ ਡੋਲ ਆਂਗੂੰ ਮਾਂਜਿਆ ਨਾ ਫੇਰੇ ਦੇਣੇ ਨੂੰ ਜੇ ਸਾਰੀਆਂ ਜਰਨੈਲੀਆਂ ਜਰਨੂਲੀਆਂ ਝਾੜੀਆਂ ਵਿੱਚ ਨਾ ਰੁਲਦੀਆਂ ਫਿਰਨ, ਤਾਂ ਨਾ ਬਟਾ ਦਿਓ ਸਾਡਾ ਅਮਲੀਆਂ ਦਾ ... ਹੈਂਅ, ਕੋਈ ਗੋਤ ਪੁੱਛਣ ਆਲ਼ਾ ਈ ਨ੍ਹੀ ਨਾ ਭੈਣ ਦੇਣਿਆਂ ਨੂੰ ...!

*****

ਫ਼ੋਟੋ ਕੈਪਸ਼ਨ: ਡਾ. ਸੁਰਿੰਦਰ ਧੰਜਲ (ਨਾਟਕਕਾਰ), ਭੂਪਿੰਦਰ ਧਾਲੀਵਾਲ (ਨਿਰਦੇਸ਼ਕ)

About the Author

ਡਾ. ਸੁਰਿੰਦਰ ਧੰਜਲ

ਡਾ. ਸੁਰਿੰਦਰ ਧੰਜਲ

Kamloops, British Columbia, Canada.
Mobile: (250 -572 - 7973)
Email: (surinder.dhanjal@yahoo.ca)