“ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਪੰਜਾਬ ਕਮੇਟੀ ਨੇ ਤੁਰੰਤ ਫ਼ੈਸਲਾ ਕੀਤਾ ਹੈ ਕਿ ਹਰ ਸਾਲ ਪੰਜਾਬ ਵਿੱਚ ...”
(29 ਜੁਲਾਈ 2017)
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਇਸ ਦੀ ਪੰਜਾਬ ਕਮੇਟੀ ਦੇ ਮੈਂਬਰਾਨ ਅਤਰਜੀਤ ਕਹਾਣੀਕਾਰ, ਡਾ. ਪਰਮਿੰਦਰ ਸਿੰਘ, ਕਾਮਰੇਡ ਗੁਰਮੀਤ, ਜਗੀਰ ਜੋਸਣ, ਡਾ. ਅਰੀਤ, ਡਾ. ਭੀਮਇੰਦਰ ਸਿੰਘ, ਕੰਵਲਜੀਤ ਖੰਨਾ, ਮੋਹਨ ਬੱਲ, ਸੁੱਚਾ ਸੰਧੂ, ਇਕਬਾਲ ਉਦਾਸੀ, ਕਾਮਰੇਡ ਅਮੋਲਕ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਪ੍ਰਵਾਸੀ ਮੈਂਬਰਾਨ ਸੁਖਦੇਵ ਸਿੱਧੂ ਅਤੇ ਭਾਰਤ ਭੂਸ਼ਨ (ਯੂ.ਕੇ.), ਸੁਖਵਿੰਦਰ ਕੰਬੋਜ ਅਤੇ ਪੰਮੀ ਸੰਧੂ ਗਿੱਲ (ਯੂ.ਐੱਸ.ਏ.), ਅਤੇ ਟ੍ਰਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ (ਕੈਨੇਡਾ) ਵੱਲੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ, ਰਿਸਰਚ ਐਂਡ ਟ੍ਰੇਨਿੰਗ (ਐੱਨ. ਸੀ. ਈ. ਆਰ. ਟੀ.) ਦੀ ਪੁਸਤਕ ਵਿੱਚੋਂ ਪਾਸ਼ ਦੀ ਪ੍ਰਸਿੱਧ ਕਵਿਤਾ ‘ਸਭ ਤੋਂ ਖ਼ਤਰਨਾਕ’ ਹਟਾਉਣ ਦੀ ਸਿਫ਼ਾਰਸ਼, ਆਰ. ਐੱਸ. ਐੱਸ. ਦੇ ਵਿਚਾਰਧਾਰਕ ਦੀਨਾ ਨਾਥ ਬੱਤਰਾ ਵੱਲੋਂ ਕੀਤੇ ਜਾਣ ਦੀ, ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਾਸ਼ ਦੀ ਇਸ ਪੰਜਾਬੀ ਕਵਿਤਾ ਦਾ ਹਿੰਦੀ ਅਨੁਵਾਦ, ਗਿਆਰ੍ਹਵੀਂ ਹਿੰਦੀ ਦੇ ਪਾਠਕ੍ਰਮ ਦਾ ਹਿੱਸਾ ਹੈ। ਕੌਂਸਲ ਦੀ ਪਾਠ ਪੁਸਤਕ ਵਿੱਚ ਸ਼ਾਮਲ ਕੀਤਾ ਜਾਣ ਵਾਲਾ ਪਾਸ਼ ਇਕਲੌਤਾ ਪੰਜਾਬੀ ਕਵੀ ਹੈ।
ਜਿੱਥੇ ਬੱਤਰਾ ਜੀ ਦੀ ਵੰਨਗੀ ਦੇ ਫਿਰਕਾਪ੍ਰਸਤ ਪਾਸ਼ ਦੀ ਰਚਨਾ ਨੂੰ ਭਾਰਤੀ ਸਟੇਟ ਵਾਸਤੇ ਖ਼ਤਰਨਾਕ ਸਮਝਦੇ ਹੋਏ, ਪਾਸ਼ ਦੀ ਕਵਿਤਾ ਨੂੰ ਪਾਠ-ਪੁਸਤਕ ਵਿੱਚੋਂ ਹਟਾਉਣ ਦੀ ਸਿਫ਼ਾਰਸ਼ ਕਰ ਰਹੇ ਹਨ, ਉੱਥੇ ਪੰਜਾਬ ਦੀ ਇੱਕ ਹੋਰ ਵੰਨਗੀ ਦੇ ਫਿਰਕਾਪ੍ਰਸਤ “ਪਾਸ਼ ਤਾਂ ਭਾਰਤੀ ਸਟੇਟ ਨੂੰ ਸਭ ਤੋਂ ਵੱਧ ਫਿੱਟ ਬੈਠਦਾ ਹੈ।” ਵਰਗੇ ਤਰਕਹੀਣ ਬਿਆਨ ਦੇ ਰਹੇ ਹਨ। ਇਸ ਤੋਂ ਸਪਸ਼ਟ ਸਾਬਤ ਹੋ ਜਾਂਦਾ ਹੈ ਕਿ ਪਾਸ਼ ਦੀ ਰਚਨਾ ਹਰ ਤਰ੍ਹਾਂ ਦੀ ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਸਮਰਥਕਾਂ ਨੂੰ ਇੱਕੋ ਜਿੱਨੀ ਸ਼ਿੱਦਤ ਨਾਲ ਬੇਚੈਨ ਕਰਦੀ ਰਹਿੰਦੀ ਹੈ। ਪਾਸ਼ ਦੀ ਇਸ ਰਚਨਾ ਵਿਚਲੀ ਸ਼ਕਤੀ, ਸਾਰਥਕਤਾ, ਸੁੰਦਰਤਾ, ਸਾਦਗੀ, ਗਹਿਰਾਈ ਅਤੇ ਉਚਾਈ, ਵਿਰੋਧੀ ਧਿਰ ਦੀ ਇਸੇ ਬੇਚੈਨੀ ਅਤੇ ਬੁਖ਼ਲਾਹਟ ਵਿੱਚੋਂ ਹੀ ਲਗਾਤਾਰ ਸਾਬਤ ਹੁੰਦੀ ਰਹਿੰਦੀ ਹੈ।
ਸਮਝਣਯੋਗ ਨੁਕਤਾ ਇਹ ਹੈ ਕਿ ਬੱਤਰਾ ਜੀ ਦੀ ਇਹ ਸਿਫ਼ਾਰਸ਼ ਅਸਲ ਵਿੱਚ ਉਸੇ ਘਿਣਾਉਣੀ ਯੋਜਨਾ ਦੀ ਕੜੀ ਹੈ, ਜਿਸ ਅਧੀਨ ਸਮੁੱਚੇ ਭਾਰਤ ਦੇ ਪ੍ਰਗਤੀਸ਼ੀਲ ਅਤੇ ਜਮਹੂਰੀ ਕਲਮਕਾਰਾਂ ਅਤੇ ਕਲਾਕਾਰਾਂ ਨੂੰ ਤਿੱਖੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅਨੇਕਾਂ ਹੋਰ ਲੇਖਕਾਂ, ਚਿੰਤਕਾਂ, ਸਾਹਿਤਕ/ਸੱਭਿਆਚਾਰਕ ਸੰਸਥਾਵਾਂ ਨੇ ਬੱਤਰਾ ਜੀ ਦੀ ਪਾਸ਼ ਦੀ ਕਵਿਤਾ ਨੂੰ ਹਟਾਉਣ ਦੀ ਇਸ ਸਿਫ਼ਾਰਸ਼ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਹੈ। ਅਸੀਂ ਇਹਨਾਂ ਸਭਨਾਂ ਸਾਹਿਤ ਪਾਰਖੂਆਂ ਦਾ ਹਾਰਦਿਕ ਧੰਨਵਾਦ ਕਰਦੇ ਹੋਏ, ਸੰਸਾਰ-ਭਰ ਦੇ ਸਾਹਿਤ-ਪ੍ਰੇਮੀਆਂ ਨੂੰ ਇਸ ਤਰਕਹੀਣ ਸਿਫ਼ਾਰਸ਼ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੰਦੇ ਹਾਂ।
ਯਾਦ ਰਹੇ ਕਿ ਪਾਸ਼ ਦੀ 1987 ਵਿੱਚ ਲਿਖੀ ਗਈ ਇਹ ਅਮਰ ਰਚਨਾ, ਪੁਸਤਕ ਰੂਪ ਵਿੱਚ ਪਹਿਲੀ ਵਾਰ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਪਹਿਲੀ ਪ੍ਰਕਾਸ਼ਨਾ ‘ਖਿਲਰੇ ਹੋਏ ਵਰਕੇ’ ਵਿੱਚ, ਸਤੰਬਰ 1989 ਵਿੱਚ ਪ੍ਰਕਾਸ਼ਿਤ ਹੋਈ ਸੀ।
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਪੰਜਾਬ ਕਮੇਟੀ ਨੇ ਤੁਰੰਤ ਫ਼ੈਸਲਾ ਕੀਤਾ ਹੈ ਕਿ ਹਰ ਸਾਲ ਪੰਜਾਬ ਵਿੱਚ ਸਤੰਬਰ ਵਿੱਚ ਕਰਵਾਇਆ ਜਾਣ ਵਾਲਾ ‘ਪਾਸ਼ ਯਾਦਗਾਰੀ ਸਾਹਿਤਕ ਸਮਾਗਮ’, ਇਸ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਆਯੋਜਿਤ ਕੀਤਾ ਜਾਵੇਗਾ, ਜੋ ਮੁੱਖ ਤੌਰ ’ਤੇ ਪ੍ਰਗਤੀਸ਼ੀਲ ਕਲਮਕਾਰਾਂ/ਕਲਾਕਾਰਾਂ ਉੱਤੇ ਹੋ ਰਹੇ ਅਜਿਹੇ ਫਿਰਕੂ ਹਮਲਿਆਂ ਉੱਤੇ ਹੀ ਕੇਂਦਰਿਤ ਹੋਵੇਗਾ।
ਡਾ. ਸੁਰਿੰਦਰ ਧੰਜਲ (ਕਨਵੀਨਰ: ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ)
*****