SurinderDhanjal7ਇਸ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ... ਅਨੁਸ਼ਾਸਨ-ਬੱਧ ਤਰੀਕੇ ਨਾਲ ਚਲਾਉਣ ਦੀ ਪੁਰ-ਜ਼ੋਰ ਸ਼ਲਾਘਾ ਕਰਦੇ ਹਾਂ ...
(8 ਦਸੰਬਰ 2020)

 

ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ-ਵਿਰੋਧੀ ਕਾਰਕੁੰਨਾਂ, ਤਰਕਸ਼ੀਲਾਂ, ਮਜ਼ਦੂਰਾਂ, ਸਮਾਜ-ਸੇਵੀਆਂ ਅਤੇ ਔਰਤਾਂ ਦੀਆਂ ਪੈਂਤੀ ਜਥੇਬੰਦੀਆਂ ਵੱਲੋਂ ਅੱਜ ਪ੍ਰੈੱਸ ਦੇ ਨਾਮ ਇਹ ਸਾਂਝਾ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਦੂਜੀ ਸੰਸਾਰ ਜੰਗ ਸਮੇਂ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ ‘ਦਿੱਲੀ ਚੱਲੋ’ ਦੇ ਨਾਹਰੇ ਦੀ ਸਪਿਰਟ ਨੂੰ ਸੁਰਜੀਤ ਕਰਦਿਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਖ਼ਿਲਾਫ਼ ਜੱਦੋ-ਜਹਿਦ ਨੂੰ ਸਿਖਰਲਾ ਮੋੜ ਦਿੰਦਿਆਂ 25 ਨਵੰਬਰ 2020 ਨੂੰ ‘ਦਿੱਲੀ ਚੱਲੋ’ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਦੀ ਤਾਦਾਦ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਦੇ ਕਾਫ਼ਲੇ 25 ਨਵੰਬਰ ਤੋਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਿਸਾਨਾਂ ਦੇ ਇਹਨਾਂ ਕਾਫ਼ਲਿਆਂ ਨੂੰ ਹੁਣ ਤਕ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ, ਉੜੀਸਾ, ਮਹਾਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ ਅਤੇ ਗੁਜਰਾਤ ਦੀਆਂ ਅਨੇਕਾਂ ਕਿਸਾਨ ਜਥੇਬੰਦੀਆਂ ਦੀ ਗਹਿਗੱਡਵੀਂ ਸ਼ਮੂਲੀਅਤ ਹਾਸਲ ਹੋ ਚੁੱਕੀ ਹੈ।

ਭਾਰਤ ਦੇ 28 ਦੇ 28 ਸੂਬਿਆਂ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ-ਕਾਫ਼ਲੇ, ਰਾਹਬੰਦੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਚੀਰਦੇ ਹੋਏ ਦਿੱਲੀ ਪਹੁੰਚ ਚੁੱਕੇ ਹਨ, ਅਤੇ ਆਏ ਦਿਨ ਪਹੁੰਚ ਰਹੇ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ ਸੰਸਾਰ ਭਰ ਦੀਆਂ ਮਜ਼ਦੂਰ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਔਰਤ ਜਥੇਬੰਦੀਆਂ, ਤਰਕਸ਼ੀਲ ਜਥੇਬੰਦੀਆਂ, ਸਾਹਿਤਕ-ਸੱਭਿਆਚਾਰਕ ਸਭਾਵਾਂ, ਨਾਟ-ਮੰਡਲੀਆਂ, ਪੱਤਰਕਾਰਾਂ, ਬੁੱਧੀਜੀਵੀਆਂ, ਗੀਤਕਾਰਾਂ, ਗਾਇਕਾਂ, ਵਿੱਦਿਆਵੇਤਾਵਾਂ, ਪ੍ਰੋਫ਼ੈਸਰਾਂ, ਡਾਕਟਰਾਂ, ਨਰਸਾਂ, ਵਕੀਲਾਂ, ਖਿਡਾਰੀਆਂ, ਵਿਗਿਆਨੀਆਂ, ਰਿਸਰਚ ਸਕਾਲਰਾਂ, ਕਰਮਚਾਰੀਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਢਾਬਿਆਂ, ਟ੍ਰੇਡ ਯੂਨੀਅਨਾਂ, ਟੈਕਸੀ ਅਤੇ ਆਟੋ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਜਮਹੂਰੀ ਅਧਿਕਾਰ ਸੰਸਥਾਵਾਂ ਅਤੇ ਸਮਾਜ-ਸੇਵਕ ਸੰਸਥਾਵਾਂ ਵੱਲੋਂ ਭਰਵੀਂ ਹਮਾਇਤ ਦੇਣ ਦੇ ਐਲਾਨ ਜਾਰੀ ਹੋ ਚੁੱਕੇ ਹਨ ਤੇ ਹੋ ਰਹੇ ਹਨ।

ਪੰਜਾਬ ਦੀ ਨੌਜਵਾਨੀ ਨੇ ਇਹ ਦਰਸਾ ਦਿੱਤਾ ਹੈ ਕਿ ਉਹਨਾਂ ਵਿੱਚ ਗ਼ਦਰ ਲਹਿਰ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ, ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਮੁਹੰਮਦ ਸਿੰਘ ਆਜ਼ਾਦ ਦੀ ਸਪਿਰਟ ਜਿਊਂਦੀ ਜਾਗਦੀ ਹੈ। ਭਾਰਤ ਦੇ ਕੋਨੇ ਕੋਨੇ ਵਿੱਚੋਂ ਗੂੰਜਣ ਲੱਗੇ ‘ਕਿਸਾਨ-ਮਜ਼ਦੂਰ ਏਕਤਾ: ਜ਼ਿੰਦਾਬਾਦ’ ਦੇ ਨਾਹਰਿਆਂ ਵਿੱਚੋਂ ਪੂਰੇ ਦੇ ਪੂਰੇ ਭਾਰਤ ਦੀ ਜਗਦੀ ਤੇ ਮਘਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ‘ਖੇਤਾਂ ਦੇ ਪੁੱਤ’ ਕਿਸਾਨਾਂ ਨੂੰ ‘ਧਰਤੀ ਮਾਂ’ ਵਾਂਗ ਅਸ਼ੀਰਵਾਦ ਦੇ ਰਹੀ ਹੈ।

ਇਸ ਸਾਂਝੇ ਬਿਆਨ ਰਾਹੀਂ ਅਸੀਂ ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਪਰ ਜਬਰੀ ਠੋਸੇ ਗਏ ਸਾਰੇ ਖੇਤੀ ਕਾਨੂੰਨਾਂ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹੋਏ ਬਿਨਾਂ-ਸ਼ਰਤ ਇਹਨਾਂ ਸਾਰੇ ਕਾਲ਼ੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।

**

ਸਰਕਾਰ ਦੀਆਂ ਨਿੰਦਣਯੋਗ ਗੱਲਾਂ

* ਭਾਰਤ ਸਰਕਾਰ ਵੱਲੋਂ ਆਪਣੀ ਬਹੁ-ਸੰਮਤੀ ਹੋਣ ਦੇ ਹੈਂਕੜਬਾਜ਼ ਵਤੀਰੇ ਦੀ, ਅਤੇ ਸਮੱਸਿਆ ਦੇ ਹੱਲ ਨੂੰ ਲਮਕਾਉਣ ਦੀ ਟਾਲ-ਮਟੋਲ ਵਾਲੀ ਢੁੱਚਰਬਾਜ਼ ਨੀਤੀ ਦੀ ਪੁਰ-ਜ਼ੋਰ ਨਿੰਦਾ ਕਰਦੇ ਹਾਂ।

* ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਤੇ, ਰਾਹਬੰਦੀ ਦੀਆਂ ਸਾਰੀਆਂ ਅੜਚਨਾਂ (ਲਾਠੀ-ਚਾਰਜ, ਅੱਥਰੂ ਗੈਸ ਦੇ ਗੋਲ਼ੇ, ਕੰਡਿਆਲ਼ੀਆਂ ਵਾੜਾਂ, ਪੱਥਰੀਲੇ ਬੈਰੀਕੇਡ, ਪਾਣੀ ਤੋਪਾਂ, ਟੈਂਟ ਉਖਾੜਨੇ) ਠੋਸਣ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹਾਂ।

* ਭਾਰਤ ਸਰਕਾਰ ਦੇ ਕੰਟਰੋਲ ਵਿੱਚ ਚੱਲ ਰਹੇ ‘ਗੋਦੀ ਮੀਡੀਆ’ ਵੱਲੋਂ ਕਿਸਾਨ ਅੰਦੋਲਨ ਦੀ ਗ਼ਲਤ ਤਸਵੀਰਕਸ਼ੀ ਕਰਨ ਦਾ ਵਿਰੋਧ ਕਰਦੇ ਹਾਂ।

* ਪੰਜਾਬ ਵਿੱਚਲੀਆਂ ਤਿੰਨੇ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ, ਠੋਸ ਐਲਾਨ ਨਾ ਕਰ ਕੇ ਸਿਰਫ਼ ਡੰਗ-ਟਪਾਊ ਬਿਆਨਬਾਜ਼ੀ ਦੀ ਨਿਖੇਧੀ ਕਰਦੇ ਹਾਂ।
**

ਲੋਕਾਈ ਦੀਆਂ ਸ਼ਲਾਘਾਯੋਗ ਗੱਲਾਂ

* ਕਿਸਾਨ ਜਥੇਬੰਦੀਆਂ ਵੱਲੋਂ ਇਸ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ਅਤੇ ਨਿਹਾਇਤ ਹੀ ਅਨੁਸ਼ਾਸਨ-ਬੱਧ ਤਰੀਕੇ ਨਾਲ ਚਲਾਉਣ ਦੀ ਪੁਰ-ਜ਼ੋਰ ਸ਼ਲਾਘਾ ਕਰਦੇ ਹਾਂ।

* ਕਿਸਾਨ ਜਥੇਬੰਦੀਆਂ ਵੱਲੋਂ, ਭਾਰਤੀ ਕਿਸਾਨ ਅੰਦੋਲਨ ਨੂੰ ਮੌਕਾਪ੍ਰਸਤ ਰਾਜਨੀਤਕ ਪਾਰਟੀਆਂ; ਧਾਰਮਿਕ ਅਤੇ ਫਿਰਕੂ ਰੁਝਾਨਾਂ ਤੋਂ ਨਿਰਲੇਪ ਰੱਖ ਕੇ, ਇਸ ਅੰਦੋਲਨ ਨੂੰ ਲੋਕ-ਏਕਤਾ ਦਾ ਪ੍ਰਤੀਕ ਬਣਾ ਕੇ ਚਲਾਉਣ ਦਾ ਪੁਰ-ਜ਼ੋਰ ਸਵਾਗਤ ਕਰਦੇ ਹਾਂ।

* ਕਿਸਾਨ-ਮਜ਼ਦੂਰ ਭਾਈਚਾਰੇ ਦੀਆਂ, ਅੰਦੋਲਨਕਾਰੀਆਂ ਲਈ ਅਤੇ ਲੋੜਵੰਦ ਸਰਕਾਰੀ ਅਮਲੀ-ਫੈਲੇ ਵਾਸਤੇ ਦਿਲ-ਖੋਲ੍ਹਵੇਂ ਲੰਗਰ ਲਾਉਣ ਦੀਆਂ ਨਿਰ-ਵਿਤਕਰਾ ਸੇਵਾਵਾਂ, ਦੀ ਭਰਪੂਰ ਪ੍ਰਸ਼ੰਸਾ ਕਰਦੇ ਹਾਂ।

* ਅੰਤਰ-ਰਾਸ਼ਟਰੀ ਸੰਸਥਾਵਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਮੈਡੀਕਲ ਸਹਾਇਤਾ, ਰੋਸ ਮੁਜ਼ਾਹਰੇ, ਅਤੇ ਮੀਡੀਆ ਰਿਪੋਰਟਾਂ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਦੀ ਪ੍ਰਸ਼ੰਸਾ ਕਰਦੇ ਹਾਂ।

* ਆਗੂ ਜਥੇਬੰਦੀਆਂ ਦੁਆਰਾ, ਸਰਕਾਰੀ ਏਜੰਸੀਆਂ ਵੱਲੋਂ ਘੁਸਪੈਠ ਕਰਕੇ ਅੰਦੋਲਨ ਨੂੰ ਗ਼ਲਤ ਦਿਸ਼ਾ ਵਿੱਚ ਭਟਕਾਉਣ ਤੋਂ ਮੁਕਤ ਰੱਖਣ ਦੀ ਭਰਪੂਰ ਸ਼ਲਾਘਾ ਕਰਦੇ ਹਾਂ।

* ਆਗੂ ਜਥੇਬੰਦੀਆਂ ਦੇ ਜਾਣੀਆਂ-ਪਛਾਣੀਆਂ ਸਰਕਾਰੂ ਚਾਲਾਂ ਤੋਂ ਚੁਕੰਨੇ ਰਹਿਣ ਦੀ ਰਣਨੀਤੀ ਦੀ ਭਰਪੂਰ ਸ਼ਲਾਘਾ ਕਰਦੇ ਹਾਂ:

ਹੈਂਕੜਬਾਜ਼ ਹਕੂਮਤ ‘ਪਾੜੋ ਤੇ ਰਾਜ ਕਰੋ’ ਦੀ ਸਿੱਕੇਬੰਦ ਰਾਜਨੀਤੀ ਦੀ ਬੇਰਹਿਮ ਵਰਤੋਂ ਕਰ ਸਕਦੀ ਹੈ; ਕਿਸੇ ਨਾ ਕਿਸੇ ਬਹਾਨੇ ਅੰਦੋਲਨਕਾਰੀਆਂ ਉੱਤੇ ਅੱਤਵਾਦੀ, ਵੱਖਵਾਦੀ, ਫਿਰਕੂ, ਮਾਓਵਾਦੀ, ਨਕਸਲਵਾਦੀ, ਅਤੇ ਦੇਸ਼-ਧ੍ਰੋਹੀ ਹੋਣ ਦੇ ਇਲਜ਼ਾਮ ਲਾ ਕੇ ਕਿਸੇ ਵੀ ਸੂਬੇ (ਵਿਸ਼ੇਸ਼ ਤੌਰ ’ਤੇ ਪੰਜਾਬ) ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ; ਦੇਸ਼ ਨੂੰ ਸੈਨਾ ਜਾਂ ਸੁਰੱਖਿਆ ਬਲਾਂ ਦੇ ਹਵਾਲੇ ਕਰ ਸਕਦੀ ਹੈ; ਘੇਰਾਬੰਦੀ ਕਰਕੇ ਕਿਸਾਨਾਂ ’ਤੇ ਸਿੱਧਾ ਹਮਲਾ ਕਰ ਸਕਦੀ ਹੈ; ਕਿਸਾਨਾਂ ਦੇ ਚਰਿੱਤਰ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਰਚ ਸਕਦੀ ਹੈ; ਝੂਠੇ ਕੇਸ ਮੜ੍ਹ ਸਕਦੀ ਹੈ।

* ਅਸੀਂ ਆਗੂ ਜਥੇਬੰਦੀਆਂ ਦੁਆਰਾ ਕਿਸਾਨਾਂ ਦੇ ਇਸ ਵਿਆਪਕ ਰੋਹ ਨੂੰ ਇੱਕ ਅਨੁਸ਼ਾਸਨ-ਬੱਧ ਭਾਰਤੀ ਜਨ ਅੰਦੋਲਨ ਵਿੱਚ ਤਬਦੀਲ ਕਰਕੇ ਆਪਣੇ ਅੰਦੋਲਨ ਨੂੰ ਜਿੱਤ ਦੀ ਮੰਜ਼ਲ ਤਕ ਪਹੁੰਚਾਉਣ ਦੇ ਨਿਰੰਤਰ ਤੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ।

* ਸਾਰੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਡਟੀਆਂ ਹੋਈਆਂ ਹੋਰ ਜਥੇਬੰਦੀਆਂ ਤੇ ਯੂਨੀਅਨਾਂ, ਅਤੇ ਇਹਨਾਂ ਦੀ ਹਮਾਇਤ ਵਿੱਚ ਨਿੱਤਰੇ ਜਨ-ਸਧਾਰਨ ਦੀ ਭਰਪੂਰ ਉਪਮਾ ਕਰਦੇ ਹਾਂ।

ਸੰਯੁਕਤ ਕਿਸਾਨ ਮੋਰਚਾ: ਜ਼ਿੰਦਾਬਾਦ!
ਕਿਸਾਨ-ਮਜ਼ਦੂਰ ਏਕਤਾ: ਜ਼ਿੰਦਾਬਾਦ!
ਜਨ ਅੰਦੋਲਨ: ਜ਼ਿੰਦਾਬਾਦ!
ਜੈ ਜਨਤਾ
, ਜੈ ਸੰਘਰਸ਼!

ਵੱਲੋਂ:

1. ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ।
2. ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ।
3. ਵਤਨੋਂ ਦੂਰ ਆਰਟ ਫਾਊਂਡੇਸ਼ਨ, ਸਰੀ।
4. ਸ਼ਬਦ-ਲੋਕ, ਸਰੀ।
5. ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ, ਸਰੀ।
6. ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ।
7. ਗਲੋਬਲ ਪੰਜਾਬ ਫਾਊਂਡੇਸ਼ਨ, ਵੈਨਕੂਵਰ ਚੈਪਟਰ।
8. ਈਸਟ ਇੰਡੀਅਨ ਡੀਫੈਂਸ ਕਮੇਟੀ।
9. ਪੰਜਾਬ ਸਪੋਰਟਸ ਕਲੱਬ, ਕੈਮਲੂਪਸ।
10. ਕੈਮਲੂਪਸ ਫਰੈਂਡਜ਼ ਕਲੱਬ, ਕੈਮਲੂਪਸ।
11. ਇੰਡੀਆ ਕਿਸਾਨ: ਇੱਕ, ਕੈਮਲੂਪਸ।
12. ਪ੍ਰੌਗਰੈਸਿਵ ਆਰਟਸ ਕਲੱਬ, ਸਰੀ।
13. ਵਤਨ (ਔਨਲਾਈਨ ਪੰਜਾਬੀ ਮੈਗਜ਼ੀਨ)
14. ਵੈਨਕੂਵਰ ਵਿਚਾਰ ਮੰਚ।
15. ਦਿਸ਼ਾ (ਕੈਨੇਡੀਅਨ ਪੰਜਾਬੀ ਔਰਤਾਂ ਦੀ ਜਥੇਬੰਦੀ)
16. ਦ ਲਿਟ੍ਰੇਰੀ ਰਿਫਲੈਕਸ਼ਨਜ਼, ਟੋਰਾਂਟੋ।
17. ਮਮਤਾ ਫਾਊਂਡੇਸ਼ਨ ਆਫ ਕੈਨੇਡਾ, ਸਰੀ।
18. ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ।
19. ਸਿੱਖ ਵਿਰਸਾ ਇੰਟਰਨੈਸ਼ਨਲ (ਮਾਸਕ), ਕੈਲਗਰੀ।
20. ਕੈਲਗਰੀ ਬੱਸ ਅਪਰੇਟਰਜ਼ ਸੁਸਾਇਟੀ, ਕੈਲਗਰੀ।
21. ਅਰਪਨ ਲਿਖਾਰੀ ਸਭਾ, ਕੈਲਗਰੀ।
22. ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਆਫ ਬੀ ਸੀ, ਐਬਟਸਫੋਰਡ।
23. ਪ੍ਰੌਗਰੈਸਿਵ ਆਰਟਸ ਐਸੋਸੀਏਸ਼ਨ ਆਫ ਅਲਬਰਟਾ, ਐਡਮਿੰਟਨ।
24. ਮੇਪਲ ਲੀਫ ਰਾਈਟਰਜ਼ ਫਾਊਂਡੇਸ਼ਨ ਆਫ ਐਡਮਿੰਟਨ।
25. ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ।
26. ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ ਅਲਬਰਟਾ, ਐਡਮਿੰਟਨ।
27. ਪੰਜਾਬੀ ਕਲਚਰਲ ਐਸੋਸੀਏਸ਼ਨ, ਐਡਮਿੰਟਨ।
28. ਕਹਾਣੀ ਵਿਚਾਰ ਮੰਚ, ਟੋਰਾਂਟੋ।
29. ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ।
30. ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ, ਟੋਰਾਂਟੋ।
31. ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ।
32. ਰੇਡੀਓ ਧਮਾਲ, ਵਿਨੀਪੈੱਗ।
33. ਗੁਰਸ਼ਰਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ, ਵੈਨਕੂਵਰ।
34. ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ।
35. ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ), ਸਰੀ।

(ਉਪਰੋਕਤ ਜਥੇਬੰਦੀਆਂ ਦਾ ਇਹ ਸਾਂਝਾ ਪ੍ਰੈੱਸ ਰਿਲੀਜ਼, ਡਾ. ਸੁਰਿੰਦਰ ਧੰਜਲ, ਕਨਵੀਨਰ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਸੰਪਰਕ ਨੰ: +1 (250) 572-7973 ਵੱਲੋਂ 7 ਦਸੰਬਰ 2020 ਨੂੰ ਜਾਰੀ ਕੀਤਾ ਗਿਆ।)

*****

About the Author

ਡਾ. ਸੁਰਿੰਦਰ ਧੰਜਲ

ਡਾ. ਸੁਰਿੰਦਰ ਧੰਜਲ

Kamloops, British Columbia, Canada.
Mobile: (250 -572 - 7973)
Email: (surinder.dhanjal@yahoo.ca)