“ਗੌਰੀ ਲੰਕੇਸ਼ ਜ਼ਿੰਦਾ ਹੈ --- ਅਮੋਲਕ ਸਿੰਘ”
(9 ਸਤੰਬਰ 2017)
ਗੌਰੀ ਲੰਕੇਸ਼ ਜ਼ਿੰਦਾ ਹੈ --- ਅਮੋਲਕ ਸਿੰਘ
ਤੂੰ ਸ਼ਬਦਾਂ ਦੀ ਜਨਣੀ ਮਾਂ
ਤੂੰ ਧੁੱਪ ਦੇ ਵਿੱਚ ਠੰਢੜੀ ਛਾਂ
ਤੈਨੂੰ ਦੇਈਏ ਕਿਹੜਾ ਨਾਂ
ਧਰਤੀ ਮਾਂ ਦੀ ਵੀ ਤੂੰ ਮਾਂ
ਉਡਣੇ ਸੱਪ ਢੰਗ ਮਾਰਨ ਪੈਣ
ਮਾਏ! ਨੀ ਤੈਨੂੰ ਕੁੱਤੀ ਕਹਿਣ
ਹਰਫ਼ਾਂ ਦਾ ਇਹ ਸੇਕ ਨਾ ਸਹਿਣ
ਬੜੇ ਬਹਾਦਰ ਡਰਦੇ ਰਹਿਣ
ਮਰਕੇ ਵੀ ਹੈ ਗੌਰੀ ਹੱਸਦੀ
ਗੌਰੀ ਜੀਣ ਦਾ ਰਾਹ ਹੈ ਦੱਸਦੀ
ਗੌਰੀ ਕਲਮ ਦਾ ਤੀਰ ਹੈ ਕੱਸਦੀ
ਗੌਰੀ ਸਾਡੇ ਦਿਲਾਂ ’ਚ ਵਸਦੀ
ਜੇ ਚੁੱਪ ਰਹਿਦੀ ਤਾਂ ਮਰ ਜਾਂਦੀ
ਬਿਨਾਂ ਗੋਲੀ ਦੇ ਹੀ ਠਰ ਜਾਂਦੀ
ਹੁਣ ਹੈ ਜਿਊਂਦੀ ਰਾਹ ਰੁਸ਼ਨਾਂਦੀ
ਸੱਚ ਦਾ ਪਰਚਮ ਹੈ ਲਹਿਰਾਂਦੀ
ਜ਼ਿੰਦ ਨਿਹੱਥੀ ਕਰਦੇ ਫਾਇਰ
ਮਾਰ ਗੋਲੀਆਂ ਭੱਜੇ ਕਾਇਰ
ਇਹਨਾਂ ਦੇ ਵਿੱਚ ਵਸਦਾ ਡਾਇਰ
ਹਿਟਲਰ ਘੁੰਮਦੇ ਸ਼ਹਿਰ ਸ਼ਹਿਰ
ਖੂਨ ਦਬੋਲਕਰ ਦਾ ਪਿਆ ਆਖੇ
ਕਦੇ ਨਾ ਮਰਦੇ ਸੱਚ ਦੇ ਰਾਖੇ
ਕੁਲਬੁਰਗੀ ਵੀ ਜਿਊਂਦਾ ਜਾਪੇ
ਸੋਧਣਗੇ ਉੱਠ ਲੋਕੀਂ ਆਪੇ
ਫਿਰਕੂ ਟੋਲੇ ਨੇ ਸੰਗ ਲਾਹੀ
ਕਹਿੰਦੇ ਕਿਹੜਾ ਮਰ ਗਈ ਗਾਈਂ!
ਗੌਰੀ ਮਰੀ ਕਿਉਂ ਆਫ਼ਤ ਆਈ!
ਨਹੀਂ ਝੁਕੀ ਤਾਂ ਮਾਰ ਮੁਕਾਈ
ਗੌਰੀ ਧਰਤੀ-ਅੰਬਰ ਜਾਈ
ਗੌਰੀ ਲੋਕਾਂ ਵਿੱਚ ਸਮਾਈ
ਲੋਕਾਂ ਕਲਮ, ਬੰਦੂਕ ਉਠਾਈ
ਗੌਰੀ ਦਾ ਯੁੱਗ ਲਿਆਉਣਾ ਭਾਈ
ਜਰਿਆ ਧਰਤੀ ਸਿਤਮ ਬਥੇਰਾ
ਹੂੰਝ ਦਿਆਂਗੇ ਕੂੜ-ਹਨੇਰਾ
ਰੋਕੂ ਕਿਹੜਾ ਸੁਰਖ-ਸਵੇਰਾ
ਗੌਰੀ ਲਹੂ ਬੋਲਦਾ ਤੇਰਾ
ਫਾਸ਼ੀ ਦੌਰ ਕੁੰਡੇ ਖੜਕਾਏ
ਜੇ ਨਾ ਵਿਚ ਮੈਦਾਨੇ ਆਏ
ਕੀ ਬਣਦੈ ਪਿੱਛੋਂ ਪਛਤਾਏ
ਜਿੱਤਾਂਗੇ ਰਲ ਹੱਥ ਮਿਲਾਏ
**
ਗੌਰੀ ਲੰਕੇਸ਼ ਨੂੰ ਦੇਸ਼ ਭਗਤਾਂ ਵੱਲੋਂ ਸ਼ਰਧਾਂਜ਼ਲੀ
(ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਫਿਰਕੂ ਤਾਕਤਾਂ ਖਿਲਾਫ਼ ਸਾਂਝੀ ਆਵਾਜ਼ ਦਾ ਸੱਦਾ)
ਜਲੰਧਰ: 6 ਸਤੰਬਰ : ਕੌਮੀ ਪੱਧਰ ’ਤੇ ਜਾਣੀ-ਪਹਿਚਾਣੀ ਕਰਨਾਟਕਾਂ ਦੀ ਲੇਖਿਕਾ, ਪੱਤਰਕਾਰ, ਕੰਨੜ ਮੈਗਜ਼ੀਨ ‘ਲੰਕੇਸ਼ ਪੱਤ੍ਰਿਕਾ’ ਦੀ ਸੰਪਾਦਕ ਅਤੇ ਨਿਧੜਕ ਸਮਾਜ-ਸੇਵਕਾ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਖਿਲਾਫ਼ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੰਗਾਮੀ ਸ਼ੋਕ ਸਭਾ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਸ਼ੋਕ ਸਭਾ ਵਿੱਚ ਖੜ੍ਹੇ ਹੋ ਕੇ ਇਸ ਸੰਵੇਦਨਸ਼ੀਲ, ਨਿਰਭੈ ਅਤੇ ਸਮਾਜ-ਹਿਤੈਸ਼ੀ ਪੱਤਰਕਾਰ ਨੂੰ ਸ਼ਰਧਾਂਜ਼ਲੀ ਅਰਪਣ ਕਰਦਿਆਂ ਫਿਰਕੂ ਜਨੂੰਨੀਆਂ ਖਿਲਾਫ਼ ਜੂਝਣ ਦਾ ਅਹਿਦ ਲਿਆ ਹੈ।
ਸ਼ੋਕ ਸਭਾ ਦੁਆਰਾ ਪਾਸ ਸ਼ੋਕ ਮਤੇ ਵਿੱਚ ਕਿਹਾ ਗਿਆ ਹੈ ਕਿ ਗੌਰੀ ਲੰਕੇਸ਼ ਪੂਰੀ ਬੇਬਾਕੀ ਨਾਲ ਨਿਰੰਤਰ ਹਿੰਦੂਤਵ ਫਾਸ਼ੀਪੁਣੇ ਖਿਲਾਫ਼ ਲਿਖਦੀ ਆ ਰਹੀ ਸੀ। ਉਹ ਸਮਾਜਕ ਭਾਈਚਾਰਕ ਸਾਂਝ, ਸਦਭਾਵਨਾ ਅਤੇ ਲੋਕ-ਹੱਕਾਂ ਦੀ ਅਡੋਲ ਝੰਡਾਬਰਦਾਰ ਸੀ।
ਮਤੇ ਵਿੱਚ ਕਿਹਾ ਗਿਆ ਹੈ ਕਿ ਜਿਸ ਬੁਜ਼ਦਿਲਾਨਾ ਧੋਖੇਧੜੀ ਨਾਲ ਇਕੱਲਿਆਂ ਵੇਖ ਕੇ ਗੌਰੀ ਲੰਕੇਸ਼ ਉੱਪਰ ਕਾਤਲੀ ਗਰੋਹ ਨੇ ਬੰਗਲੌਰ ਵਿਖੇ ਉਹਨਾਂ ਦੀ ਰਿਹਾਇਸ਼ਗਾਹ ’ਤੇ ਕਾਤਲਾਨਾ ਵਾਰ ਕੀਤਾ, ਇਹ ਅੰਦਾਜ਼, ਵਿਗਿਆਨ ਦਾ ਚਾਨਣ ਵੰਡਣ ਵਾਲੇ ਡਾ. ਦਾਬੋਲਕਰ ਅਤੇ ਡਾ. ਕਲਬੁਰਗੀ ਦੇ ਕਤਲਾਂ ਸਮੇਂ ਵਰਤੇ ਢੰਗ-ਤਰੀਕੇ ਦੀ ਯਾਦ ਦੁਹਰਾਉਂਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮਤੇ ਵਿੱਚ ਸਿੱਧੀ ਉਂਗਲ ਰੱਖਦਿਆਂ ਕਿਹਾ ਹੈ ਕਿ ਹਿੰਦੂਤਵੀ ਫਿਰਕੂ ਤਾਕਤਾਂ ਗੌਰੀ ਦੀ ਹੱਤਿਆ ਦੀਆਂ ਦੋਸ਼ੀ ਹਨ, ਜਿਹੜੀਆਂ ਫਿਰਕੂ ਜ਼ਹਿਰ ਉਗਲਣ ਅਤੇ ਖ਼ੂਨੀ ਗਰੋਹਾਂ ਦੀ ਪੁਸ਼ਤਪਨਾਹੀ ਕਰਨ, ਮੁਲਕ ਅੰਦਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਮੁਕੰਮਲ ਸੰਘੀ ਨੱਪਣ ਲਈ ਅਨੇਕਾਂ ਹੱਥਕੰਡੇ ਅਪਣਾ ਰਹੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਤਰਾਜ਼ ਜਿਤਾਇਆ ਹੈ ਕਿ ਬੰਗਲੌਰ ਪੁਲਸ ਵੱਲੋਂ ਤੱਟ ਫੱਟ ਇਹ ਬਿਆਨ ਕਿ, “ਕਤਲ ਪਿੱਛੇ ਕਿਸਦਾ ਹੱਥ ਹੈ, ਕੁਝ ਵੀ ਕਿਹਾ ਨਹੀਂ ਜਾ ਸਕਦਾ।” ਜਾਰੀ ਕਰਕੇ ਅਸਲ ਵਿੱਚ ਉਹਨਾਂ ਦੋਸ਼ੀਆਂ ਉੱਪਰ ਹਿਫ਼ਾਜਤੀ ਛੱਤਰੀ ਤਾਣੀ ਹੈ, ਜਿਹੜੇ ਯੋਜਨਾਬੱਧ ਢੰਗ ਨਾਲ ਹਰ ਜਾਗਦੀ ਜ਼ਮੀਰ ਨੂੰ ਖ਼ਾਮੋਸ਼ ਕਰਨਾ ਚਾਹੁੰਦੇ ਹਨ।
ਗੌਰੀ ਲੰਕੇਸ਼ ਦੀ ਹੱਤਿਆ ਨੂੰ ਤਿੱਖੀ ਚੁਣੌਤੀ ਵਜੋਂ ਲੈਣ ਦੀ ਅਪੀਲ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੇਖਕਾਂ, ਸਾਹਿਤਕਾਰਾਂ, ਰੰਗ ਕਰਮੀਆਂ, ਬੁੱਧੀਜੀਵੀਆਂ, ਪੱਤਰਕਾਰਾਂ, ਤਰਕਸ਼ੀਲਾਂ, ਜਮਹੂਰੀ ਹੱਕਾਂ ਦੇ ਪਹਿਰੇਦਾਰਾਂ ਅਤੇ ਮਿਹਨਤਕਸ਼ ਲੋਕਾਂ ਦੀ ਪ੍ਰਤੀਨਿਧਤਾ ਕਰਦੀਆਂ ਸਮੂਹ ਸੰਸਥਾਵਾਂ/ਵਿਅਕਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਕ ਜੁੱਟ ਹੋ ਕੇ ਫਿਰਕੂ/ਫਾਸ਼ੀ ਹੱਲਿਆਂ ਖਿਲਾਫ਼ ਆਵਾਜ਼ ਉਠਾਉਣ ਲਈ ਅੱਗੇ ਆਉਣ।
ਸ਼ੋਕ ਸਭਾ ਵਿੱਚ ਕਮੇਟੀ ਦੇ ਸੀਨੀਅਰ ਟਰਸਟੀ ਕਾਮਰੇਡ ਗੰਧਰਵ ਸੇਨ ਕੋਛੜ, ਕਾਮਰੇਡ ਨੌਨਿਹਾਲ ਸਿੰਘ, ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੀਤਲ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਚਰੰਜੀ ਲਾਲ ਕੰਗਣੀਵਾਲ ਅਤੇ ਦੇਵ ਰਾਜ ਨਯੀਅਰ ਹਾਜ਼ਰ ਸਨ।
*****