“ਹੁਣ ਅੱਖਾਂ ਖੋਲ੍ਹੋ ... ... ਉੁੱਪਰ ਵੱਲ ਦੇਖੋ ... ... ਖੂਬਸੂਰਤ ਚਿੜੀ ਲਈ ... ... ਖੋਲ੍ਹ ਦਿਓ ਪਿੰਜਰਾ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 388.
ਚਿੜੀਆਂ ਦਾ ਚੰਬਾ!
ਓ ਲੋਕੋ!
ਮੇਰੇ ਵਰਗਿਓ ਲੋਕੋ!
ਆਓ ਬੈਠੋ ਤੇ ਕੰਨ ਧਰੋ!
ਜ਼ਰਾ ਅੱਖਾਂ ਬੰਦ ਕਰੋ
ਇੱਕ ਡੂੰਘਾ ਸਾਹ ਲਵੋ
ਮਨ ਹੀ ਮਨ ਕਰੋ ਕਲਪਨਾ
ਇੱਕ ਪਿਆਰੀ ਜਿਹੀ
ਮਾਸੂਮ ਚਿੜੀ ਦੀ
ਜੋ ਆਣ ਉੱਤਰੀ ਹੈ
ਤੁਹਾਡੇ ਵਿਹੜੇ!
ਚਹਿਚਹਾਉਂਦੀ
ਮੁਸਕਰਾਉਂਦੀ
ਸਰਗਮ ਛੇੜਦੀ।
ਇਸ ਚਿੜੀ ਨੇ
ਲਾ ਰੱਖੀ ਹੈ ਰੌਣਕ
ਏਧਰ ਓਧਰ
ਹੇਠਾਂ ਉੱਪਰ
ਹਰ ਥਾਂ ਹੈ
ਇਸ ਦੀ ਕਦਮ ਤਾਲ!
ਬੜੇ ਮਕਰੇ ਹੋ ਤੁਸੀਂ
ਭੁਲਾ ਦਿੱਤਾ ਕਿ
ਇਹ ਚਿੜੀ ਵੀ ਹੈ
ਇੱਕ ਜਿਊਂਦੀ ਜਾਨ।
ਤੁਹਾਡੇ ਲਈ ਤਾਂ ਹੈ
ਇਹ ਇੱਕ ਖਿਡੌਣਾ
ਏਨੇ ਵੀ ਭੋਲੇ ਨਹੀਂ
ਕਿ ਯਾਦ ਨਹੀਂ ਰਿਹਾ
ਇਹ ਵੀ ਹੈ ਕਿਸੇ ਦੀ ਜਾਈ
ਇਸ ਨੂੰ ਵੀ ਚਾਹੀਦੈ
ਸਾਹ ਲੈਣ ਲਈ
ਥੋੜਾ ਕੁ ਸਮਾਂ ਤੇ
ਇੱਕ ਨਿੱਕੀ ਜਿਹੀ ਨੁੱਕਰ!
ਚਲੋ ਛੱਡੋ ਤੇ ਹੁਣ ਚਿਤਵੋ
ਆਪਣੇ ਵਿਹੜੇ ’ਚ
ਕਿਹੜੀ ਹੋਵੇਗੀ ਇਸ ਵਾਸਤੇ
ਕੋਈ ਵੱਖਰੀ ਜਿਹੀ ਥਾਂ!
ਹਾਂ! ਜ਼ਰੂਰ ਫੈਸਲਾ ਕਰੋਗੇ
ਤੇ ਫ਼ੌਰਨ ਲਿਆ ਧਰੋਗੇ
ਸਦੀਆਂ ਪੁਰਾਣਾ
ਵਿਰਸੇ ’ਚ ਮਿਲਿਆ
ਇੱਕ ਖ਼ੂਬਸੂਰਤ ਪਿੰਜਰਾ!
ਆਖਰ ਪਿਆਰ ਜੁ ਕਰਦੇ ਓ
ਇਸ ਚਿੜੀ ਨੂੰ!
ਨਹੀਂ ਚਾਹੋਗੇ ਇਹ ਉਡਾਣ ਭਰੇ
ਖੌਰੇ ਮੁੜ ਕੇ ਈ ਨਾ ਆਵੇ
ਕੁਤਰ ਦਿਓਗੇ ਇਸਦੇ ਪਰ
ਪਿੰਜਰੇ ’ਚ ਰਹਿ ਕੇ
ਉਡਾਰੀ ਦੀ ਭਲਾ ਕੀ ਲੋੜ!
ਤੁਸੀਂ ਚਾਹੋਗੇ ਚਿੜੀ ਗਾਵੇ
ਸਿਰਫ ਤੁਹਾਡੇ ਲਈ ਹੀ ਗੀਤ
ਪਿੰਜਰੇ ‘ਚ ਧਰ ਦਿਓਗੇ
ਇਸ ਵਾਸਤੇ
ਆਪਣੀ ਪਸੰਦ ਦਾ ਚੋਗ਼ਾ।
ਤੁਸੀਂ ਤੈਅ ਕਰੋਗੇ
ਕਿੰਨਾ ਚਾਹੀਦੈ ਇਸ ਨੂੰ ਪਾਣੀ
ਕਿੰਨਾ ਹੈ ਇਸਨੇ ਸੌਣਾ
ਆਖਰ ਇਸ ਦੀ ਰੌਣਕ
ਆਏ ਗਏ ਨੂੰ ਵੀ ਹੈ
ਤਾਂ ਦਰਸਾਉਣੀ!
ਹੁਣ ਜ਼ਰਾ ਹਟ ਕੇ
ਦਿਲ ’ਤੇ ਹੱਥ ਰੱਖੋ
ਤੇ ਚਿਤਵੋ
ਇਸ ਚਿੜੀ ਦੀ ਥਾਂ
ਆਪਣੀ ਹੀ ਜਾਈ!
ਕੱਟੇ ਹੋਏ ਪਰਾਂ ਵਾਲੀ
ਸੁੱਕੀ ਹੋਈ ਚੁੰਝ ਵਾਲੀ
ਉਨੀਂਦਰੇ ਦੀ ਮਾਰੀ
ਪਿੰਜਰੇ ’ਚ ਕੈਦ
ਜਿਊਂਦੇ ਹੋਣ ਦਾ ਭਰਮ ਪਾਲ਼ੀ
ਅੱਖਾਂ ’ਚ ਸੈਲਾਬ ਰੋਕੀ
ਸੀਨੇ ਵਿਚਲਾ ਉਬਾਲ ਠੱਲ੍ਹੀ
ਪਰ “ਮੈਂ ਖੁਸ਼ ਹਾਂ” ਆਖਦੀ
ਜਾਨ ਤੋਂ ਪਿਆਰੀ
ਤੁਹਾਡੀ ਆਪਣੀ ਚਿੜੀ!
ਇਮਾਨ ਨਾਲ
ਮਹਿਸੂਸ ਕਰ ਕੇ ਦੱਸਿਓ
ਕੱਟੇ ਹੋਏ ਪਰ
ਪਿੰਜਰੇ ’ਚ ਬੰਦ
ਆਪਣੀ ਜਾਨ ਨੂੰ ਦੇਖ
ਮੂੰਹ ਨੂੰ ਤਾਂ ਨਹੀਂ ਆ ਗਿਆ
ਤੁਹਾਡਾ ਕਾਲਜਾ?
ਤੇ ਫੇਰ ਵੀ ਕਰਨਾ ਪਵੇ ਤੁਹਾਨੂੰ
ਸ਼ਰੀਕਾਂ ਅੱਗੇ ਖੁਸ਼ ਰਹਿਣ ਦਾ ਨਾਟਕ!
ਹੁਣ ਅੱਖਾਂ ਖੋਲ੍ਹੋ
ਉੁੱਪਰ ਵੱਲ ਦੇਖੋ
ਖੂਬਸੂਰਤ ਚਿੜੀ ਲਈ
ਖੋਲ੍ਹ ਦਿਓ ਪਿੰਜਰਾ
ਨਾਪਣ ਦਿਓ ਇਸਨੂੰ
ਆਪਣਾ ਅੰਬਰ
ਚੁਗਣ ਦਿਓ ਇਸ ਨੂੰ
ਆਪਣੀ ਪਸੰਦ ਦਾ ਚੋਗ਼ਾ
ਯਕੀਨ ਮੰਨੋ
ਅਜਿਹਾ ਕਰਕੇ
ਸਹਿਜ ਸੁਭਾਅ ਆਖੋਗੇ
“ਕਾਲ਼ਜੇ ਠੰਢ ਪੈ ਗਈ ਯਾਰੋ!”
ਕਾਲ਼ਜਾ ਮੂੰਹ ’ਚ ਠੀਕ ਹੈ?
ਜਾਂ ਕਾਲ਼ਜੇ ਠੰਢ ਭਲੀ?
ਫੈਸਲਾ ਤੁਹਾਡੇ ਹੱਥ!
ਤੋੜ ਦਿਓ ਇਹ ਕੈਂਚੀਆਂ
ਜੋ ਕੁਤਰਦੀਆਂ ਹਨ
ਮਾਸੂਮ ਚਿੜੀਆਂ ਦੇ ਪਰ
ਫੂਕ ਦਿਓ ਇਹ ਪਿੰਜਰਾ
ਜੋ ਰੋਕਦੈ ਚਿੜੀਆਂ ਦੀ ਪਰਵਾਜ਼
ਚਿੜੀਆਂ ਦਾ ਚੰਬਾ ਤਾਂ
ਗਗਨ ਚੁੰਬਦਾ ਹੀ
ਚੰਗਾ ਲਗਦੈ ਯਾਰੋ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3921)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)







































































































