InderjitChugavan7ਜਮਾਤ-ਜਾਤ ਤੇ ਲਿੰਗੀ ਵਿਤਕਰੇ ਤੋਂ ਰਹਿਤ ਇੱਕ ਸੈਕੂਲਰ ਤੇ ਜਮਹੂਰੀ ਸਮਾਜ ਦੀ ਸਿਰਜਣਾ ਵਿੱਚ ...”, 
(10 ਜਨਵਰੀ 2018)

 

ShambhuLal1ਸਫੇਦ ਰੰਗ ਦੀ ਪੈਂਟ, ਰਾਣੀ ਕਲਰ ਦੀ ਕਮੀਜ਼ ਪਹਿਨੀ ਇੱਕ ਵਿਅਕਤੀ ਸਕੂਟਰ ਦੇ ਪਾਇਦਾਨ ਤੋਂ ਇੱਕ ਸਫੇਦ ਪਲਾਸਟਿਕ ਦੀ ਬੋਰੀ ਉਠਾਉਂਦਾ ਹੈ। ਉਸ ਦੇ ਦੂਸਰੇ ਹੱਥ ਵਿੱਚ ਇੱਕ ਗੈਂਤੀ ਹੈ। ਉਹ ਇੱਕ ਹੋਰ ਵਿਅਕਤੀ ਨੂੰ, ਜਿਸ ਦੇ ਸਿਰ ’ਤੇ ਟੋਪੀ ਨਜ਼ਰ ਆਉਂਦੀ ਪਰ ਚਿਹਰਾ ਨਹੀਂ ਦਿਸਦਾ, ਚੱਲਣ ਲਈ ਆਖਦਾ ਹੈ। ਉਨ੍ਹਾਂ ਦੇ ਅੱਗੇ ਦਰਖਤ ਤੇ ਝਾੜੀਆਂ ਨਜ਼ਰੀਂ ਪੈਂਦੀਆਂ ਹਨ, ਜਿਵੇਂ ਕੋਈ ਜੰਗਲੀ ਇਲਾਕਾ ਹੋਵੇ। ਟੋਪੀ ਵਾਲਾ ਵਿਅਕਤੀ ਪੁੱਛਦਾ ਹੈ, ਕਾਂਟਾ ਲਗੇ ਨਾ।” ਸ਼ਾਇਦ ਉਸ ਦਾ ਭਾਵ ਇਹ ਹੋਵੇ ਕਿ ਇਨ੍ਹਾਂ ਝਾੜੀਆਂ ਵਿੱਚ ਕੰਡੇ ਤਾਂ ਨਹੀਂ, ਉਸ ਦੇ ਪੈਰ ਵਿੱਚ ਨਾ ਲੱਗ ਜਾਣ। ਇਹ ਦੋਨੋਂ ਤੁਰਨ ਲੱਗਦੇ ਹਨ। ਅਚਾਨਕ ਪਿੱਛੇ ਤੁਰ ਰਿਹਾ ਵਿਅਕਤੀ ਸਫੇਦ ਬੋਰੀ ਹੇਠਾਂ ਸੁੱਟਦਾ ਹੈ ਤੇ ਛੋਹਲੇ ਪੈਰੀਂ ਅੱਗੇ ਤੁਰ ਰਹੇ ਵਿਅਕਤੀ ਦੀ ਪਿੱਠ ’ਤੇ ਗੈਂਤੀ ਨਾਲ ਵਾਰ ਕਰਦਾ ਹੈ। ਅੱਗੇ ਤੁਰ ਰਿਹਾ ਗਰੀਬੜਾ ਜਿਹਾ ਵਿਅਕਤੀ ਏਨਾ ਭੁਚੱਕਾ ਰਹਿ ਜਾਂਦਾ ਹੈ ਕਿ ਗੈਂਤੀ ਦੇ ਵਾਰ ਦੇ ਬਾਵਜੂਦ ਉਸ ਦੇ ਮੂੰਹੋਂ ਆਵਾਜ਼ ਤੱਕ ਨਹੀਂ ਨਿਕਲਦੀ। ਉਹ ਲੜਖੜਾ ਕੇ ਡਿੱਗ ਜਾਂਦਾ ਹੈ। ਡਿੱਗਣ ’ਤੇ ਜਦ ਉਸ ਨੂੰ ਸਮਝ ਆਉਂਦੀ ਹੈ ਤਾਂ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ, ‘ਅਰੇ ਮਰ ਗਏ।’ ਉਹ ਵਾਰ-ਵਾਰ ਉੱਠ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਚੀਖਦਾ ਹੈ। ਆਖਰੀ ਵਾਰ ਉਸ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਜੋ ਸੁਣਾਈ ਦਿੰਦੇ ਹਨ, ਉਹ ਹਨ, ‘ਬਾਬੂ ਜਾਨ ਬਚਾਓਬਾਬੂ ਜਾਨ ਬਚਾਓ ...’ ਇਹ ਹਾੜ੍ਹਾ ਉਹ ਕਿਸੇ ਤੀਸਰੇ ਵਿਅਕਤੀ ਅੱਗੇ ਕੱਢ ਰਿਹਾ ਹੈ। ਉਹ ਤੀਸਰਾ ਵਿਅਕਤੀ ਕੈਮਰੇ ਦੇ ਪਿੱਛੇ ਹੈ, ਜੋ ਨਜ਼ਰ ਨਹੀਂ ਪੈਂਦਾ। ਫਿਰ ਆਵਾਜ਼ ਨਿਕਲਣੀ ਬੰਦ ਹੋ ਜਾਂਦੀ ਹੈ। ਰਾਣੀ ਕਲਰ ਦੀ ਕਮੀਜ਼ ਵਾਲਾ ਵਿਅਕਤੀ ਗੈਂਤੀ ਸੁੱਟ ਕੇ ਸਕੂਟਰ ਦੀ ਡਿੱਗੀ ਵਿੱਚੋਂ ਦਾਤਰ ਕੱਢਦਾ ਹੈ ਤੇ ਡਿੱਗੇ ਪਏ ਬੰਦੇ ਵੱਲ ਜਾਂਦਿਆਂ ਵੀਡੀਓ ਬਣਾਉਣ ਵਾਲੇ ਨੂੰ ਵੀਡੀਓ ਬਣਾਉਂਦੇ ਰਹਿਣ ਦੀ ਹਦਾਇਤ ਦਿੰਦਾ ਹੈਫਿਰ ਉਹ ਜ਼ਮੀਨ ’ਤੇ ਨਿੱਸਲ ਪਏ ਵਿਅਕਤੀ ’ਤੇ ਦਾਤਰ ਨਾਲ ਵਾਰ ਕਰਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਕਿਤੇ ਕੋਈ ਸਾਹ ਬਚਿਆ ਨਾ ਰਹਿ ਗਿਆ ਹੋਵੇ। ਫਿਰ ਉਹ ਪੈਟਰੋਲ ਦੀ ਇੱਕ ਬੋਤਲ ਲੈ ਕੇ ਆਉਂਦਾ ਹੈ ਤੇ ਜ਼ਮੀਨ ’ਤੇ ਪਏ ਵਿਅਕਤੀ ਉੱਤੇ ਛਿੜਕ ਕੇ ਉਸ ਉੱਪਰ ਤੀਲੀ ਬਾਲ ਕੇ ਸੁੱਟਦਾ ਹੈ ਤੇ ਆਪਣੀ ਸੁਰੱਖਿਆ ਦਾ ਪੂਰਾ ਖਿਆਲ ਰੱਖਦਾ ਹੈ ਕਿ ਅੱਗ ਉਸ ਨੂੰ ਨਾ ਪੈ ਜਾਵੇ। ਜ਼ਮੀਨ ’ਤੇ ਪਿਆ ਆਦਮੀ ਭਾਂਬੜ ਵਿੱਚ ਬਦਲ ਜਾਂਦਾ ਹੈ। ਫਿਰ ਰਾਣੀ ਕਲਰ ਦੀ ਕਮੀਜ਼ ਤੇ ਸਫੇਦ ਪੈਂਟ ਵਾਲਾ ਆਦਮੀ, ਆਦਮੀ ਹੀ ਕਹਿਣਾ ਪਵੇਗਾ ਕਿਉਕਿ ਸ਼ਕਲ-ਸੂਰਤ ਤੋਂ ਉਹ ਆਦਮੀ ਹੀ ਤਾਂ ਜਾਪਦਾ ਹੈ, ਹਫਦਾ ਹੋਇਆ ਤੁਹਾਡੇ ਅੱਗੇ ਆਉਂਦਾ ਹੈ ਤੇ ਆਖਦਾ ਹੈ, ਜਿਹਾਦੀਓ, ਯੇ ਤੁਮਾਹਰੀ ਹਾਲਤ ਹੋਗੀ। ਯੇ ਲਵ ਜਿਹਾਦ ਫੈਲਾਓਗੇ ਹਮਾਰੇ ਦੇਸ਼ ਮੇ, ਯੇ ਤੁਮਾਹਰੀ ਹਾਲਤ ਹੋਗੀ। ਜਿਹਾਦੀਓ ਹਮਾਰੇ ਦੇਸ਼ ਸੇ ਹਟ ਜਾਓ - ਯੇ ਤੁਮਾਹਰਾ ਅੰਜਾਮ ਹੋਗਾ।”

ਇਹ ਕਿਸੇ ਫ਼ਿਲਮ ਦਾ ਦ੍ਰਿਸ਼ ਨਹੀਂ ਹੈ, ਨਾ ਹੀ ਟੀ ਵੀ ’ਤੇ ਦਿਖਾਏ ਜਾਂਦੇ ਕਿਸੇ ਲੜੀਵਾਰ ਨਾਟਕ ਦਾ ਕੋਈ ਹਿੱਸਾ। ਇਹ ਇੱਕ ਆਦਮੀ ਦੇ ਕਤਲ ਦਾ ਨਾਲੋ-ਨਾਲ (ਲਾਈਵ) ਬਣਾਇਆ ਹੋਇਆ ਵੀਡਿਓ ਹੈ, ਜਿਹੜਾ ਸੋਸ਼ਲ ਮੀਡੀਆ ’ਤੇ ਵਰੋਲੇ ਵਾਂਗ ਪੂਰੇ ਦੇਸ਼ ਅੰਦਰ ਘੁੰਮ ਰਿਹਾ ਹੈ। ਇਹ ਬੇਰਹਿਮ ਕਤਲ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਕੀਤਾ ਗਿਆ ਹੈ। ਸ਼ੰਭੂ ਲਾਲ ਰੈਗਰ ਉਰਫ ਸ਼ੰਭੂ ਭਵਾਨੀ ਨਾਂਅ ਦੇ ਹਤਿਆਰੇ ਨੇ ਮੁਹੰਮਦ ਅਫਰਾਜ਼ੁਲ ਨਾਂਅ ਦੇ 50 ਵਰ੍ਹਿਆਂ ਦੇ ਪ੍ਰਵਾਸੀ ਮਜ਼ਦੂਰ ਦਾ ‘ਲਵ ਜਿਹਾਦ’ ਦੇ ਨਾਂਅ ’ਤੇ ਕਤਲ ਕਰਕੇ ਉਸ ਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਜਲਾ ਵੀ ਦਿੱਤਾ।

ਇਹ ਭਿਆਨਕ ਵੀਡਿਓ ਦੇਖ ਕੇ ਹਰ ਇਨਸਾਨ ਦੀ ਰੂਹ ਕੰਬ ਉੱਠਦੀ ਹੈ। ਪੌਣੇ ਚਾਰ ਮਿੰਟ ਦਾ ਇਹ ਵੀਡਿਓ ਤੁਸੀਂ ਇੱਕੋ ਸਾਹੇ ਨਹੀਂ ਦੇਖ ਸਕਦੇ। ਪੂਰੇ ਦੇਸ਼ ਵਿੱਚ ਇਸ ਕਰਤੂਤ ਦੀ ਜਿੱਥੇ ਨਿਖੇਧੀ ਹੋ ਰਹੀ ਹੈ, ਉੱਥੇ ਸੋਸ਼ਲ ਮੀਡੀਆ ਵਿੱਚ ਮੌਜੂਦ ਕੱਟੜ ਹਿੰਦੂਤਵ ਦੇ ਪੈਰੋਕਾਰ ਇਸ ਅਣਮਨੁੱਖੀ ਕਤਲ ਦਾ ਨਾ ਕੇਵਲ ਸਮਰਥਨ ਕਰ ਰਹੇ ਹਨ, ਬਲਕਿ ਕਾਤਲ ਨੂੰ ‘ਲਵ ਜਿਹਾਦੀਆਂ’ ਨੂੰ ਸਬਕ ਸਿਖਾਉਣ ਵਾਲੇ ਇੱਕ ਯੋਧੇ ਵਜੋਂ ਪੇਸ਼ ਕਰਨ ਲਈ ਵੀ ਪੂਰੀ ਵਾਹ ਲਾ ਰਹੇ ਹਨ। ਉਸਦਾ ਕੇਸ ਲੜਨ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਇਸ ਜਸ਼ਨ ਦੀ ਵੰਨਗੀ ਦੇਖਣ ਲਈ ‘ਸਵੱਛ ਰਾਜਸਮੰਦ - ਸਵੱਛ ਭਾਰਤ’ ਨਾਂਅ ਦੇ ਵੱਟਸਐਪ ਗਰੁੱਪ ਨੂੰ ਦੇਖਣਾ ਜ਼ਰੂਰੀ ਹੈ, ਜਿਸ ਨਾਲ ਰਾਜਸਮੰਦ ਭਾਜਪਾ ਦੇ ਸੰਸਦ ਮੈਂਬਰ ਹਰੀਓਮ ਸਿੰਘ ਰਾਠੌਰ ਤੇ ਵਿਧਾਇਕ ਕਿਰਨ ਮਹੇਸ਼ਵਰੀ ਵੀ ਜੁੜੇ ਹੋਏ ਹਨ। ਇਸ ਗਰੁੱਪ ’ਤੇ ਮੈਸੇਜ ਪ੍ਰਸਾਰਿਤ ਹੋ ਰਹੇ ਹਨ, ਲਵ ਜਿਹਾਦੀਓ ਸਾਵਧਾਨ, ਜਾਗ ਉਠਾ ਹੈ ਸ਼ੰਭੂ ਲਾਲ - ਜੈ ਸ੍ਰੀਰਾਮ, ਸ਼ੰਭੂ ਲਾਲ ਕਾ ਕੇਸ ਸੁਖਦੇਵ ਲੜੇਗਾ ਔਰ ਸ਼ੰਭੂ ਲਾਲ ਕੋ ਨਿਆਏ ਦਿਲਾਏਗਾ।” ਭਾਜਪਾ ਵਰਕਰਾਂ ਨੂੰ ਆਪਸ ਵਿੱਚ ਜੋੜਨ ਦਾ ਦਾਅਵਾ ਕਰਨ ਵਾਲੇ ਗਰੁੱਪ ਵਿੱਚ ਲਿਖਿਆ ਵੀ ਗਿਆ ਹੈ, ਸ਼ੇਅਰ, ਕੱਟ, ਕਾਪੀ, ਪੇਸਟ ਕੁਝ ਵੀ ਕਰ ਸਕਦੇ ਹੋ, ਬੱਸ ,ਗੱਲ ਦੂਰ ਤੱਕ ਜਾਣੀ ਚਾਹੀਦੀ ਹੈ।”

ਇੱਕ ਬੇਦੋਸ਼ੇ ਨਾਗਰਿਕ ਦਾ ਇਸ ਤਰ੍ਹਾਂ ਬੇਰਹਿਮੀ ਨਾਲ ਕੀਤਾ ਗਿਆ ਵਹਿਸ਼ੀਆਨਾ ਕਤਲ ਕੋਈ ਇਕੱਲੀਕਾਰੀ ਘਟਨਾ ਨਹੀਂ ਹੈ, ਇਹ ਦਹਾਕਿਆਂ ਤੋਂ ਦੇਸ਼ ਭਰ ਵਿੱਚ ਚਲਾਈ ਜਾ ਰਹੀ ਜ਼ਹਿਰੀਲੀ ਮੁਹਿੰਮ ਦਾ ਸਿੱਟਾ ਹੈ, ਜਿਸ ਨੇ ਜਨ-ਸਧਾਰਨ ਦੇ ਮਨਾਂ ਅੰਦਰ ਇਹ ਜ਼ਹਿਰ ਭਰਨੀ ਸ਼ੁਰੂ ਕੀਤੀ ਹੋਈ ਹੈ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੁਸਲਮਾਨ ਹੀ ਹਨ, ਜਿਹੜੇ ਇਸ ਦੇਸ਼ ਦੇ ਵਾਸੀ ਨਹੀਂ, ਜਿਨ੍ਹਾਂ ਲਈ ਇਸ ਦੇਸ਼ ਅੰਦਰ ਕੋਈ ਥਾਂ ਨਹੀਂ ਹੈ। ਇਹ ਕਤਲ ਉਸ ਵਿਚਾਰਧਾਰਾ ਤੇ ਸਮੂਹ ਦੀ ਸਾਜ਼ਿਸ਼ੀ ਯੋਜਨਾਬੰਦੀ ਦਾ ਹਿੱਸਾ ਹੈ, ਜਿਹੜਾ ਇਸ ਤਰ੍ਹਾਂ ਦੇ ਕਤਲ ਨੂੰ ਬਹਾਦਰੀ ਤੇ ਮਰਦਾਨਗੀ ਵਜੋਂ ਪੇਸ਼ ਕਰਕੇ ਘੱਟ ਗਿਣਤੀ ਵਰਗ ਦੇ ਲੋਕਾਂ ਦੇ ਕਤਲਾਂ ਲਈ ਉਕਸਾਉਂਦਾ ਹੈ।

ਬਹੁਤੀ ਦੇਰ ਨਹੀਂ ਹੋਈ, ਇਲੈਕਟ੍ਰਾਨਿਕ ਮੀਡੀਆ ’ਤੇ ਇਸਲਾਮੀ ਕੱਟੜਪੰਥੀ ਸੰਗਠਨ ਆਈ.ਐੱਸ.ਆਈ.ਐੱਸ. (ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ), ਜੋ ਆਈ ਐੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੇ ਅਜਿਹੇ ਵੀਡੀਓਜ਼ ਦੀ ਭਰਮਾਰ ਸੀ, ਜਿਨ੍ਹਾਂ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਜਿਉਂਦਾ ਜਲਾਉਂਦੇ ਸਨ, ਜਿਨ੍ਹਾਂ ਦੀ ਸਮੁੱਚੇ ਸੰਸਾਰ ਦੇ ਇਨਸਾਫਪਸੰਦ ਲੋਕਾਂ ਵਲੋਂ ਜ਼ੋਰਦਾਰ ਨਿਖੇਧੀ ਕੀਤੀ ਜਾਂਦੀ ਰਹੀ ਹੈ। ਇਹ ਵੀਡਿਓ ਆਈ ਐੱਸ ਦੇ ਵੀਡਿਓ ਨਾਲੋਂ ਘੱਟ ਨਹੀਂ, ਸਗੋਂ ਉਸ ਤੋਂ ਵੀ ਅੱਗੇ ਹੈਆਈ ਐੱਸ ਦੇ ਵੀਡੀਓ ਵਿੱਚ ਕਾਤਲਾਂ ਨੇ ਚਿਹਰੇ ’ਤੇ ਕਾਲਾ ਨਕਾਬ ਪਾਇਆ ਹੁੰਦਾ ਸੀ, ਪਰ ਇੱਥੇ ਕਾਤਲ ਆਪਣਾ ਚਿਹਰਾ ਨਹੀਂ ਛੁਪਾਉਂਦਾ, ਸਗੋਂ ਫ਼ਖਰ ਨਾਲ ਇੱਕ ਨਹੀਂ, ਕਈ ਵੀਡਿਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਂਦਾ ਹੈ। ਫਰਕ ਕੁਝ ਵੀ ਨਹੀਂ ਹੈ, ਬੱਸ ਏਨਾ ਕਿ ਆਈ ਐੱਸ (ਇਸਲਾਮਿਕ ਸਟੇਟ) ਦੀ ਥਾਂ ਐੱਚ ਐੱਸ (ਹਿੰਦੂ ਸਟੇਟ) ਨੇ ਲੈ ਲਈ ਹੈ।

ਇਹ ਕਤਲ ਕਿਸੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਸਹਿਵਨ ਕਤਲ ਨਹੀਂ ਹੈ, ਸਗੋਂ ਇੱਕ ਯੋਜਨਾਬੱਧ ਕਤਲ ਹੈ। ਮਾਰਨ ਵਾਲੇ ਦੀ ਮਰਨ ਵਾਲੇ ਨਾਲ ਕੋਈ ਰੰਜਿਸ਼ ਨਹੀਂ ਸੀ। ਲੈਣ-ਦੇਣ ਦਾ ਕੋਈ ਝਗੜਾ ਨਹੀਂ ਸੀ, ਉਹ ਗੁਆਂਢੀ ਵੀ ਨਹੀਂ ਸਨ। ਮਰਨ ਵਾਲੇ ਅਫਰਾਜ਼ੁਲ ਨੇ ਕਾਤਲ ਸ਼ੰਭੂ ਦੇ ਪਰਿਵਾਰ ਦੀ ਕਿਸੇ ਔਰਤ ਨਾਲ ਕੋਈ ਛੇੜਛਾੜ ਵੀ ਨਹੀਂ ਸੀ ਕੀਤੀ, ਨਾ ਹੀ ਕਿਸੇ ਨਾਲ ਵਿਆਹ ਕੀਤਾ। ਪ੍ਰੇਮ ਪ੍ਰਸੰਗ ਜਾਂ ਲਵ ਜਿਹਾਦ ਵਰਗਾ ਕੋਈ ਵੀ ਮਾਮਲਾ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਵੀ ਵੀਡਿਓ ਵਿੱਚ ਕਾਤਲ ਮਾਰੇ ਗਏ ਅਫਰਾਜ਼ੁਲ ਦਾ ਨਾਂਅ ਤੱਕ ਨਹੀਂ ਲੈਂਦਾ। ਜਿਸ ਤਰ੍ਹਾਂ ਅਫਰਾਜ਼ੁਲ ਉਸ ਦੇ ਕਹਿਣ ’ਤੇ ਤੁਰ ਪੈਂਦਾ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਉਸ ਨੂੰ ਦਿਹਾੜੀ ਦੇ ਬਹਾਨੇ ਬੁਲਾਇਆ ਗਿਆ ਹੈ ਤੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਕਾਤਲ ਲਵ ਜਿਹਾਦ ਦੀ ਗੱਲ ਕਰਦਾ ਹੈ, ਉਸ ਤੋਂ ਵੀ ਸਪਸ਼ਟ ਹੈ ਕਿ ਕਾਤਲ ਨੂੰ ਪਤਾ ਹੈ ਕਿ ਅਫਰਾਜ਼ੁਲ ਇੱਕ ਮੁਸਲਮਾਨ ਹੈ।

ਸ਼ੰਭੂ ਰੈਗਰ ਦੇ ਇਸ ਲੜੀ ਵਿੱਚ 5 ਵੀਡਿਓ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਕਤਲ ਤੋਂ ਇੱਕ ਦਿਨ ਪਹਿਲਾਂ ਰਿਕਾਰਡ ਕੀਤੇ ਗਏ ਹਨ, ਇੱਕ ਕਤਲ ਦੌਰਾਨ ਤੇ ਇੱਕ ਕਤਲ ਤੋਂ ਬਾਅਦ ਰਿਕਾਰਡ ਕੀਤਾ ਗਿਆ ਹੈ। ਰਾਜਸਥਾਨ ਪੁਲਿਸ ਕਹਿ ਰਹੀ ਹੈ ਕਿ ਕਾਤਲ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਕਿਸੇ ਵੀ ਕੱਟੜਪੰਥੀ ਸਮੂਹ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਦਾ ਆਰ ਐੱਸ ਐੱਸ ਦੇ ਕਿਸੇ ਵੀ ਸੰਗਠਨ ਨਾਲ ਕੋਈ ਸੰਬੰਧ ਨਹੀਂ ਹੈ, ਪਰ ਕਾਤਲ ਦੀ ਭਾਸ਼ਾ ਸ਼ੈਲੀ, ਉਸ ਦੇ ਕੁਤਰਕ ਕੁਝ ਵੀ ਛੁਪਾਉਂਦੇ ਨਹੀਂ। ਉਸ ਬਾਰੇ ਕਿਹਾ ਗਿਆ ਹੈ ਕਿ ਉਹ ਨਸ਼ੇੜੀ ਹੈ। ਗਾਂਜਾ ਪੀਣ ਦਾ ਆਦੀ ਹੈ ਤੇ ਸਿਰਫ 10ਵੀਂ ਤੱਕ ਪੜ੍ਹਿਆ ਹੋਇਆ ਹੈ, ਪਰ ਉਸ ਵੱਲੋਂ ਤਿੰਨ ਸਫਿਆਂ ਦਾ ਇੱਕ ਹੱਥ ਲਿਖਤ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਦੀ ਲਿਪੀ ਦੇਵਨਾਗਰੀ ਹੈ, ਪਰ ਭਾਸ਼ਾ ਅੰਗਰੇਜ਼ੀ ਹੈ। ਇੱਕ 10ਵੀਂ ਤੱਕ ਪੜ੍ਹਿਆ ਵਿਅਕਤੀ, ਜਿਹੜਾ ਅੰਗਰੇਜ਼ੀ ਦਾ ਇੱਕ ਫਿਕਰਾ ਤੱਕ ਲਿਖ-ਬੋਲ ਨਹੀਂ ਸਕਦਾ, ਅਜਿਹਾ ਪੱਤਰ ਕਿਵੇਂ ਲਿਖ ਸਕਦਾ ਹੈ?

ਸਵਾਲ ਕੀਤਾ ਜਾ ਸਕਦਾ ਹੈ ਕਿ ਇਸ ਕਤਲ ਵਿੱਚ ਨਵੀਂ ਕਿਹੜੀ ਗੱਲ ਹੈ? ਇਹ ਕਤਲ ਤਾਂ ਭਗਵੀਂ ਬ੍ਰਿਗੇਡ ਪਹਿਲਾਂ ਵੀ ਕਰਦੀ ਆ ਰਹੀ ਹੈ। ਨਵੀਂ ਗੱਲ ਹੈ, ਜੋ ਸਭ ਤੋਂ ਫਿਕਰਮੰਦੀ ਵਾਲੀ ਹੈ, ਇਸ ਕਤਲ ਲਈ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਨੂੰ ਵਰਤਿਆ ਗਿਆ ਹੈ। ਇਸ ਕਤਲ ਦੀ ਵੀਡਿਓ ਸ਼ੰਭੂ ਲਾਲ ਰੈਗਰ ਨੇ ਆਪਣੇ ਨਾਬਾਲਗ 14 ਵਰ੍ਹਿਆਂ ਦੇ ਭਾਣਜੇ ਰਾਹੀਂ ਬਣਵਾਈ ਹੈ।

ਪਹਿਲਾਂ ਪਾਰਕਾਂ ਵਿੱਚ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਲੱਗਦੀਆਂ ਸਨ। ਨਿੱਕਰਾਂ ਤੇ ਟੋਪੀਆਂ ਪਾਈ ਸੰਘੀ ਕਾਡਰ ਦੀ ਸ਼ਨਾਖਤ ਕੀਤੀ ਜਾ ਸਕਦੀ ਸੀ, ਪਰ ਹੁਣ ਸ਼ਾਖਾਵਾਂ ਇੰਟਰਨੈੱਟ ’ਤੇ ਫੇਸਬੁੱਕ ਤੇ ਵੱਟਸਐਪ ’ਤੇ ਲੱਗਦੀਆਂ ਹਨ। ਲੋਕਾਂ ਦੇ ਮਨਾਂ ਅੰਦਰ ਸੋਸ਼ਲ ਮੀਡੀਆ ਰਾਹੀਂ ਮੁਸਲਿਮ ਵਿਰੋਧੀ ਜ਼ਹਿਰ ਬਹੁਤ ਤੇਜ਼ੀ ਨਾਲ ਭਰਿਆ ਜਾ ਰਿਹਾ ਹੈ। ਇਸ ਖਤਰਨਾਕ ਮੁਹਿੰਮ ਦੀ ਸ਼ੁਰੂਆਤ ਬਾਬਰੀ ਮਸਜਿਦ ਡੇਗਣ ਦੇ ਦਿਨਾਂ ਤੋਂ ਸ਼ੁਰੂ ਕਰ ਦਿੱਤੀ ਗਈ ਸੀ, ਜੋ ਹੁਣ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਿਖਰਾਂ ਛੂਹ ਰਹੀ ਹੈ। ਜਿਵੇਂ ਹਰ ਕੱਟੜਪੰਥੀ ਵਿਚਾਰਧਾਰਾ ਵਾਲੇ ਸਮੂਹ ਬੇਰੋਜ਼ਗਾਰ, ਘੱਟ ਪੜ੍ਹੇ-ਲਿਖੇ ਤੇ ਲਾਲਸੀ, ਨਿਰਾਸ਼ਾ ਦੇ ਆਲਮ ਵਿੱਚ ਘਿਰੇ ਨੌਜਵਾਨਾਂ ਨੂੰ ਭਰਤੀ ਕਰਦੇ ਹਨ, ਉਨ੍ਹਾਂ ਦੇ ਦਿਮਾਗ਼ ਨੂੰ ਖੋਖਲਾ (ਜਿਸ ਨੂੰ ਅੰਗਰੇਜ਼ੀ ’ਚ ਬਰੇਨਵਾਸ਼ ਕਿਹਾ ਜਾਂਦਾ ਹੈ) ਕਰਕੇ ਜ਼ਹਿਰ ਭਰਦੇ ਹਨ, ਉਸੇ ਤਰ੍ਹਾਂ ਸੰਘ ਨਾਲ ਸੰਬੰਧਤ ਵੱਖ-ਵੱਖ ਗਰੁੱਪ ਅਜਿਹੇ ਨੌਜਵਾਨਾਂ ਦੇ ਦਿਮਾਗਾਂ ’ਤੇ ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਦਾ ਖੋਲ ਚਾੜ੍ਹ ਰਹੇ ਹਨ। ਉਹ ਅਜਿਹੇ ਅਣਮਨੁੱਖੀ ਕੁਕਰਮਾਂ ਲਈ ਕਰਜ਼ੇ ਵਿੱਚ ਡੁੱਬੇ ਤੇ ਨਸ਼ੇੜੀ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਆਪਣਾ ਏਜੰਡਾ ਅੱਗੇ ਤੋਰਦੇ ਹਨ।

ਅਫਰਾਜ਼ੁਲ ਦਾ ਕਾਤਲ ਸ਼ੰਭੂ ਰੈਗਰ ਵੀ ਇਸੇ ਕੱਟੜ ਹਿੰਦੂਤਵੀ ਵਿਚਾਰਧਾਰਾ ਰਾਹੀਂ ਤਿਆਰ ਕੀਤਾ ਮਨੁੱਖੀ ਬੰਬ ਹੈ ਤੇ ਉਹ ਇਕੱਲਾ ਨਹੀਂ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਰੈਗਰ ਤਿਆਰ ਬੈਠੇ ਹਨ, ਜੋ ਧਰਮ ਦੇ ਨਾਂਅ ’ਤੇ, ਇੱਕ ਪਸ਼ੂ ਦੇ ਨਾਂਅ ’ਤੇ ਕਿਸੇ ਵੀ ਮਨੁੱਖ ਦੀ ਜਾਨ ਲੈਣ ਨੂੰ ਤਿਆਰ ਬੈਠੇ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਹੈ ਕਿ ਉਨ੍ਹਾਂ ਨੂੰ ਵਰਤਿਆ ਜਾ ਰਿਹਾ ਹੈਸ਼ੰਭੂ ਰੈਗਰ ਇੱਕ ਮੁਸਲਿਮ ਮਨੁੱਖ ਦਾ ਕਤਲ ਕਰਨ ਤੱਕ ਹੀ ਹਿੰਦੂ ਹੈ, ਪਰ ਜਦ ਉਹ ਕਿਸੇ ਮੰਦਰ ਵਿੱਚ ਦਾਖਲ ਹੋਣਾ ਚਾਹੇਗਾ ਤਾਂ ਉਹ ਇੱਕ ਦਲਿਤ, ਜੋ ਉਸ ਦੀ ਇਸੇ ਹੀ ਮਨੂੰਵਾਦੀ ਸਮੂਹ ਵੱਲੋਂ ਤੈਅ ਕੀਤੀ ਅਸਲ ਪਛਾਣ ਹੈ, ਬਣ ਜਾਵੇਗਾ। ਇਸ ਦੇ ਬਾਵਜੂਦ ਖੋਖਲੇ ਦਿਮਾਗਾਂ ਵਾਲੀ ਫੌਜ ਅਸਲੀਅਤ ਨੂੰ ਸਮਝਣ ਦੀ ਥਾਂ ਹੋਰ ਹਿੰਸਕ ਹੋ ਜਾਂਦੀ ਹੈ, ਹਿੰਦੂ ਗਰੁੱਪਾਂ ਦੇ ਉਕਸਾਵੇ ’ਤੇ ਇਸੇ ਫੌਜ ਨੇ ਰਾਜਸਥਾਨ ਦੇ ਉਦੈਪੁਰ ’ਚ ਸ਼ੰਭੂ ਰੈਗਰ ਦੇ ਸਮਰਥਨ ਵਿੱਚ ਹੁੜਦੰਗ ਮਚਾਉਦਿਆਂ ਜ਼ਿਲ੍ਹਾ ਕਚਹਿਰੀਆਂ ’ਤੇ 15 ਦਸੰਬਰ ਨੂੰ ਭਗਵਾਂ ਝੰਡਾ ਤੱਕ ਲਹਿਰਾ ਦਿੱਤਾ।

ਸ਼ੰਭੂ ਲਾਲ ਰੈਗਰ ਪਹਿਲਾਂ ਮਾਰਬਲ ਦਾ ਛੋਟਾ-ਮੋਟਾ ਕਾਰੋਬਾਰ ਕਰਦਾ ਸੀ ਤੇ ਦੋ ਸਾਲ ਤੋਂ ਉਹ ਬੇਰੋਜ਼ਗਾਰ ਸੀ। ਉਸ ਦੇ ਪਰਿਵਾਰ ਦੀ ਦੇਖਭਾਲ ਵੀ ਉਸ ਦੇ ਭਰਾ ਹੀ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਲੈਬ ਟੈਕਨੀਸ਼ੀਅਨ ਹੈ। ਬੰਗਾਲ ਦੇ ਮਾਲਦਾ ਜ਼ਿਲ੍ਹੇ ਦਾ ਰਹਿਣ ਵਾਲਾ ਪ੍ਰਵਾਸੀ ਕਾਮਾ ਮੁਹੰਮਦ ਅਫਰਾਜ਼ੁਲ ਵੀ ਇੱਕ ਸਧਾਰਨ ਮਜ਼ਦੂਰ ਸੀ। ਉਸ ਦੀ ਕਰਮ ਭੂਮੀ ਤੇ ਜਨਮ ਭੂਮੀ ਤੋਂ ਉਸ ਵਿਰੁੱਧ ਕੋਈ ਵੀ ਅਜਿਹੀ ਕਨਸੋਅ ਨਹੀਂ ਪਈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਹ ਕਿਸੇ ਕਿਸਮ ਦੀ ਗੈਰ-ਸਮਾਜੀ ਸਰਗਰਮੀ ਵਿੱਚ ਸ਼ਾਮਲ ਸੀ। ਆਰਥਿਕ ਪੱਖੋਂ ਦੋਵਾਂ ਦੀ ਜਮਾਤੀ ਸਾਂਝ ਬਣਦੀ ਹੈ। ਇਹ ਸੰਘ ਪਰਵਾਰ ਵੱਲੋਂ ਦਹਾਕਿਆਂ ਤੋਂ ਚਲਾਈ ਜਾ ਰਹੀ ਜ਼ਹਿਰੀਲੀ ਅੰਧ-ਰਾਸ਼ਟਰਵਾਦੀ ਮੁਹਿੰਮ ਦਾ ਹੀ ਸਿੱਟਾ ਹੈ ਕਿ ਸਮਾਜੀ ਅਸਾਵੇਂਪਣ ਦੀ ਅਸਲ ਜੜ੍ਹ ਆਰਥਿਕ ਮੁੱਦੇ ਪਿੱਛੇ ਧੱਕ ਕੇ ਜਮਾਤੀ ਸਾਂਝ ’ਤੇ ਸੱਟ ਮਾਰੀ ਗਈ ਹੈ ਤੇ ਧਾਰਮਿਕ ਮੁੱਦੇ ਅੱਗੇ ਲੈ ਆਂਦੇ ਗਏ ਹਨ।

ਅਜਿਹੇ ਅੰਧ-ਰਾਸ਼ਟਰਵਾਦ ਦੇ ਮੌਲਣ-ਵਿਗਸਣ ਲਈ ਜ਼ਮੀਨ ਤਿਆਰ ਕਰਨ ਦਾ ਕੰਮ ਚਿਰਾਂ ਤੋਂ ਹੋ ਰਿਹਾ ਹੈ। ਯਾਦ ਕਰੋ ਸੰਸਦ ਮੈਂਬਰ ਫੂਲਨ ਦੇਵੀ ਦੇ ਕਾਤਲ ਸ਼ੇਰ ਸਿੰਘ ਰਾਣਾ ਨੂੰ ਰਾਸ਼ਟਰ-ਨਾਇਕ ਬਣਾਉਣ ਤੇ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤੇ ਉਸ ਦੇ ਦੋ ਮਾਸੂਮ ਬੱਚਿਆਂ ਨੂੰ ਜਿਉਂਦੇ ਸਾੜ ਕੇ ਮਾਰਨ ਵਾਲੇ ਦਾਰਾ ਸਿੰਘ ਨੂੰ ‘ਹਿੰਦੂ ਹਿਰਦੇ ਸਮਰਾਟ’ ਬਣਾਉਣ ਵਾਲੀਆਂ ਕਾਰਵਾਈਆਂ। ਜੈਪੁਰ ਤੋਂ ਗਊਆਂ ਲੈ ਕੇ ਜਾ ਰਹੇ ਨੂਹ (ਹਰਿਆਣਾ) ਦੇ ਪਸ਼ੂ-ਪਾਲਕ ਪਹਿਲੂ ਖਾਨ ਦੇ ਕਾਤਲਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਸੰਘ ਦੀ ਆਗੂ ਕਮਲ ਦੀਦੀ ਜੇਲ੍ਹ ਵਿੱਚ ਜਾ ਕੇ ਮਿਲਦੀ ਹੈ ਤੇ ਉਨ੍ਹਾਂ ਨੂੰ ਭਗਤ ਸਿੰਘ ਦਾ ਦਰਜਾ ਦੇਣ ਤੱਕ ਚਲੇ ਜਾਂਦੀ ਹੈ।

ਕਾਤਲਾਂ ਨੂੰ ਜਦ ਹਿੰਦੂ ਹਿਰਦੇ ਸਮਰਾਟ ਤੇ ਰਾਸ਼ਟਰ-ਨਾਇਕ ਦੇ ਦਰਜੇ ਨਾਲ ਨਿਵਾਜਿਆ ਜਾਂਦਾ ਹੈ ਤਾਂ ਖੋਖਲੇ ਦਿਮਾਗਾਂ ਵਾਲੀ ਭੀੜ ਅਜਿਹੀ ਹਿੰਸਾ ਕਰਨ ਲਈ ਪ੍ਰੇਰਿਤ ਹੁੰਦੀ ਹੈ ਤੇ ਸ਼ੰਭੂ ਰੈਗਰ ਵਰਗਾ ਇੱਕ ਦਲਿਤ ਵੀ ਬੇਰਹਿਮ ਕਾਤਲ ਬਣ ਜਾਂਦਾ ਹੈ। ਸਿਤਮ-ਜ਼ਰੀਫੀ ਦੇਖੋ ਕਿ ਇੱਕ ਪਾਸੇ ਗੁਜਰਾਤ ਵਿੱਚ ਮਰੀਆਂ ਹੋਈਆਂ ਗਊਂਆਂ ਦੀ ਖੱਲ ਲਾਹੁਣ ਵਾਲੇ ਦਲਿਤਾਂ ਨੂੰ ਬੇਰਹਿਮੀ ਨਾਲ ਪਸ਼ੂਆਂ ਵਾਂਗ ਕੁੱਟਿਆ ਜਾਂਦਾ ਹੈ ਤੇ ਰਾਜਸਥਾਨ ਵਿੱਚ ਇੱਕ ਮੁਸਲਮਾਨ ਇਨਸਾਨ ਦਾ ਕਤਲ ਕਰਨ ਲਈ ਸ਼ੰਭੂ ਰੈਗਰ ਵਰਗੇ ਇੱਕ ਦਲਿਤ ਨੂੰ ਹੀ ਉਕਸਾਇਆ ਜਾਂਦਾ ਹੈ ਤੇ ਪੂਰੇ ਦਲਿਤ ਭਾਈਚਾਰੇ ਨੂੰ ਭਰਮਾਉਣ ਲਈ ਸ਼ੰਭੂ ਰੈਗਰ ਵਾਸਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ।

ਅਫਰਾਜ਼ੁਲ ਦੇ ਵਹਿਸ਼ੀ ਕਤਲ ’ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅਫਸੋਸ ਜ਼ਾਹਰ ਕੀਤਾ ਹੈ ਤੇ ਸਖਤ ਕਾਰਵਾਈ ਦੀ ਗੱਲ ਵੀ ਕੀਤੀ ਹੈ, ਪਰ ਅਜਿਹੀ ਨਫਰਤੀ ਹਿੰਸਾ ਦੇ ਖਿਲਾਫ ਅਮਲ ਵਿੱਚ ਉਹ ਕਰਦੀ ਕੁਝ ਨਹੀਂ। ਬਿਰਲੋਕਾ ਦੇ ਗਫੂਰ ਖਾਨ, ਨੂਹ ਦੇ ਪਹਿਲੂ ਖਾਨ, ਪ੍ਰਤਾਪਗੜ੍ਹ ਦੇ ਜ਼ਫਰ ਖਾਨ ਦੇ ਮਾਮਲਿਆਂ ਵਿੱਚ ਵਸੁੰਧਰਾ ਰਾਜੇ ਦੀ ਭਾਜਪਾ ਸਰਕਾਰ ਨੇ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਅਫਰਾਜ਼ੁਲ ਦੇ ਕਤਲ ਦੀ ਨੌਬਤ ਨਾ ਆਉਂਦੀ।

ਕਾਤਲ ਸ਼ੰਭੂ ਰੈਗਰ ਆਪਣੇ ਵੀਡਿਓ ਵਿੱਚ ਜਿਹੜੀ ਭਾਸ਼ਾ ਬੋਲਦਾ ਹੈ, ਉਹ ਕਿਸੇ ਦਲਿਤ ਦੀ ਤਾਂ ਛੱਡੋ, ਕਿਸੇ ਆਮ ਵਿਅਕਤੀ ਦੀ ਭਾਸ਼ਾ ਵੀ ਨਹੀਂ ਹੈ। ਇਹ ਉਹ ਭਾਸ਼ਾ ਹੈ, ਜਿਹੜੀ ਨਾਗਪੁਰ ਤੋਂ ਲੈ ਕੇ ਲਾਲ ਕਿਲ੍ਹੇ ਦੀ ਫਸੀਲ ਤੱਕ ਤੋਂ ਬੋਲੀ ਜਾ ਰਹੀ ਹੈ। ਹਤਿਆਰਾ ਇਸ ਕਤਲ ਲਈ ਬਾਬਰੀ ਮਸਜਿਦ ਢਾਹੇ ਜਾਣ ਵਾਲਾ ਦਿਨ ਚੁਣਦਾ ਹੈ, ਜਿਸ ਦਿਨ ਸੰਘ ਦੀ ਔਲਾਦ ਹਿੰਦੂਤਵਵਾਦੀ ਸੰਗਠਨ ‘ਸ਼ੌਰਿਆ ਦਿਵਸ’ ਮਨਾ ਰਹੇ ਸਨ। ਉਹ ਨਕਲੀ ਕਰੰਸੀ ਕਾਰਨ ਭਾਰਤੀ ਅਰਥਚਾਰੇ ਦੇ ਢਹਿ-ਢੇਰੀ ਹੋਣ ਦਾ ਜ਼ਿਕਰ ਕਰਦਾ ਹੈ, ਉਹ ਧਾਰਾ 370 ਦੇ ਖਾਤਮੇ ਦੀ ਮੰਗ ਕਰਦਾ ਹੈ। ਉਹ ਇਸਲਾਮਿਕ ਜੇਹਾਦ ਦੀ ਗੱਲ ਕਰਦਾ ਹੈ। ਇਸਲਾਮੀ ਜੇਹਾਦ ਤੇ ਪਾਕਿਸਤਾਨ ਦਾ ਜ਼ਿਕਰ ਕਰਦਾ ਹੈ। ਦਲਿਤ ਹੋ ਕੇ ਵੀ ਰਾਖਵੇਂਕਰਨ ਵਿਰੁੱਧ ਬੋਲਦਾ ਹੈ, ਲਵ ਜੇਹਾਦ ਦੀ ਗੱਲ ਕਰਦਾ ਹੈ। ਉਹ ਭਾਰਤ ਨੂੰ ਮਾਂ ਭਾਰਤੀ ਬੋਲਦਾ ਹੈ, ਰਾਮ ਮੰਦਰ ਜਲਦੀ ਬਣਾਉਣ ਦੀ ਮੰਗ ਕਰਦਾ ਹੈ। ਉਸ ਦੇ ਪਿੱਛੇ ਸੰਘ ਦੀਆਂ ਸ਼ਾਖਾਵਾਂ, ਦਫਤਰਾਂ ਤੇ ਪ੍ਰੋਗਰਾਮਾਂ ਵਿੱਚ ਲਹਿਰਾਉਣ ਵਾਲਾ ਭਗਵਾਂ ਝੰਡਾ ਨਜ਼ਰ ਆਉਂਦਾ ਹੈ, ਉਸ ਦੇ ਮੱਥੇ ’ਤੇ ਚੰਦਨ ਦਾ ਟਿੱਕਾ ਵੀ ਦੇਖਿਆ ਜਾ ਸਕਦਾ ਹੈ। ਗੱਲ ਕੀ, ਉਸ ਦੀ ਭਾਸ਼ਾ - ਹਾਵਭਾਵ, ਗੱਲਾਂ ਸਭ ਸੰਘੀ ਹਨ, ਪਰ ਇਸ ਦੇ ਬਾਵਜੂਦ ਕਿਹਾ ਜਾ ਰਿਹਾ ਹੈ ਕਿ ਉਸ ਦਾ ਕਿਸੇ ਵੀ ਹਿੰਦੂ ਕੱਟੜਪੰਥੀ ਗਰੁੱਪ ਨਾਲ ਕੋਈ ਸਰੋਕਾਰ ਨਹੀਂ ਹੈ। ਏਨੀ ਬਾਰੀਕੀ ਨਾਲ ਸੰਘ ਦਾ ਹਿੰਦੂਤਵੀ ਏਜੰਡਾ ਪੇਸ਼ ਕਰਦਾ ਵੀਡਿਓ ਕੋਈ ਸਧਾਰਨ ਇਨਸਾਨ ਤਾਂ ਬਣਾ ਨਹੀਂ ਸਕਦਾ।

ਇੱਕ ਧਰਮ ਨਿਰਪੱਖ ਦੇਸ਼ ਅੰਦਰ ਸਰਕਾਰ ਦੀ ਜ਼ਿੰਮੇਵਾਰੀ ਤਾਂ ਇਹ ਬਣਦੀ ਹੈ ਕਿ ਉਹ ਸਮਾਜ ਵਿੱਚ ਨਫਰਤ ਦਾ ਬੀਜ ਬੀਜਣ ਵਾਲੇ ਸੰਗਠਨਾਂ ਨੂੰ ਨੱਥ ਪਾਵੇ, ਪਰ ਮੋਦੀ ਸਰਕਾਰ ਅਜਿਹਾ ਕਰਦੀ ਨਹੀਂ। ਇਕ ਹੀ ਦਿਨ ਵਿਚ ਸ਼ੰਭੂ ਰੈਗਰ ਦੀ ਪਤਨੀ ਦੇ ਖਾਤੇ ਵਿਚ ਤਿੰਨ ਲੱਖ ਰੁਪਏ ਦੇ ਕਰੀਬ ਰਕਮ ਜਮ੍ਹਾਂ ਕਰਵਾਉਣ ਵਾਲੇ 516 ਵਿਅਕਤੀਆਂ ਵਿਰੁੱਧ ਚਾਹੀਦਾ ਤਾਂ ਇਹ ਸੀ ਕਿ ਕਤਲ ਵਿਚ ਮਦਦ ਕਰਨ ਵਾਲਿਆਂ ਵਜੋਂ ਉਨ੍ਹਾਂ ਵਿਰੁੱਧ ਫੌਜਦਾਰੀ ਜਾਬਤੇ ਦੀ ਧਾਰਾ 120-ਬੀ ਅਧੀਨ ਪਰਚਾ ਦਰਜ ਕੀਤਾ ਜਾਂਦਾ, ਪਰ ਅਜਿਹਾ ਕਰਨ ਦੀ ਬਜਾਇ ਧਾਰਾ 151 ਅਧੀਨ ਇਕ ਸਧਾਰਨ ਮੁਕੱਦਮਾ ਬਣਾ ਕੇ ਰਸਮ ਪੂਰੀ ਕਰ ਦਿੱਤੀ ਗਈ ਹੈ। ਇਹ ਗੱਲ ਹੁਣ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਮੋਦੀ ਦੀ ਅਗਵਾਈ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਇਨ੍ਹਾਂ ਸੰਗਠਨਾਂ ਦੀ ਨੰਗੇ-ਚਿੱਟੇ ਢੰਗ ਨਾਲ ਪਿੱਠ ਥਾਪੜ ਰਹੀ ਹੈ। ਉਹ ਜ਼ਹਿਰ ਫੈਲਾਉਣ ਵਾਲੇ ਇਨ੍ਹਾਂ ਸੰਗਠਨਾਂ ਦੇ ਸਿਰ ’ਤੇ ਹਿੰਦੂਤਵ ਦੇ ਮੁੱਦੇ ਉਛਾਲ ਕੇ ਚੋਣਾਂ ਲੜਦੀ ਹੈ। ਉਸ ਨੂੰ ਫਿਰਕੂ ਧਰੁਵੀਕਰਨ ਤੇ ਨਫਰਤ ਦਾ ਫਾਇਦਾ ਮਿਲ ਰਿਹਾ ਹੈ। ਜੇ ਇਸ ਫਾਇਦੇ ਦਾ ਖਿਆਲ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਗੁਜਰਾਤ ਦੀਆਂ ਅਸੰਬਲੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲਾਂਭੇ ਕਰਕੇ ਭਾਜਪਾ ਦੇ ਮੁੱਖ ਪ੍ਰਚਾਰਕ ਦਾ ਰੋਲ ਅਦਾ ਕਰ ਰਹੇ ਸਨ, ਇਸ ਵਹਿਸ਼ੀ ਘਟਨਾ ਦੀ ਨਿਖੇਧੀ ਜ਼ਰੂਰ ਕਰਦੇਕਿਉਂਕਿ ਇਹ ਘਟਨਾ ਗੁਜਰਾਤ ਅਸੰਬਲੀ ਚੋਣਾਂ ਦੌਰਾਨ ਵਾਪਰੀ ਸੀ, ਇਸ ਲਈ ਉਨ੍ਹਾਂ ਇਸ ਦਾ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਿਆ। ਜੇ ਉਹ ਨਿਖੇਧੀ ਕਰਦੇ ਤਾਂ ਫਿਰਕੂ ਧਰੁਵੀਕਰਨ ਰੁਕ ਸਕਦਾ ਸੀ, ਜਿਸ ਦਾ ਨੁਕਸਾਨ ਭਾਜਪਾ ਨੂੰ ਹੋਣਾ ਸੀ ਤੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਦੇ ਹਨ ਤਾਂ ਇਹ ਘਟਨਾਵਾਂ ਰੁਕਦੀਆਂ ਨਹੀਂ, ਸਗੋਂ ਸਿਲਸਿਲਾ ਅੱਗੇ ਵਧ ਤੁਰਦਾ ਹੈ।

ਦੇਸ਼ ਦੇ ਹਾਲਾਤ ਬਹੁਤ ਹੀ ਨਾਜ਼ੁਕ ਦੌਰ ਵਿੱਚ ਹਨ। ਭਗਵੀਂ ਕੱਟੜਪੰਥੀ ਪ੍ਰਯੋਗਸ਼ਾਲਾ ਵਿੱਚ ਹੁਣ ਦਲਿਤ, ਆਦਿਵਾਸੀ ਤੇ ਪਿਛੜੇ ਫਿਰਕਿਆਂ ਦੇ ਨੌਜਵਾਨਾਂ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਅਜਿਹੇ ਕੁਕਰਮ ਕਰਵਾ ਕੇ ਉਨ੍ਹਾਂ ਨੂੰ ‘ਹਿੰਦੂ ਵੀਰ’ ਤੇ ‘ਧਰਮੀ ਯੋਧੇ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਤਿਹਾਸ ਨਾਲ ਛੇੜਛਾੜ ਕਰਕੇ ਆਮ ਲੋਕਾਂ ਦੀ ਬਦਹਾਲੀ ਦੇ ਜ਼ਿੰਮੇਵਾਰ ਮੁਸਲਮਾਨਾਂ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇੱਕ-ਦੂਸਰੇ ਖਿਲਾਫ ਇਸ ਤਰ੍ਹਾਂ ਖੜ੍ਹੇ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿਚ ਦੁਸ਼ਮਣੀ ਦੀ ਭਾਵਨਾ ਸਦੀਆਂ ਤੱਕ ਬਰਕਰਾਰ ਰਹੇ। ਆਮ ਲੋਕਾਂ ਦੇ ਦਿਲ-ਦਿਮਾਗ ਵਿੱਚ ਇਹ ਬਿਠਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਮੁਸਲਮਾਨ ਹਨ। ਸਧਾਰਨ ਹਿੰਦੂ, ਜੋ ਕਿਸੇ ਵੀ ਤਰ੍ਹਾਂ ਕੱਟੜਪੰਥੀਆਂ ਨੂੰ ਮੂੰਹ ਨਹੀਂ ਲਾਉਂਦਾ, ਪਰਿਵਾਰਾਂ ਦੇ ਨੌਜਵਾਨਾਂ ਨੂੰ ਇਸ ਨਫਰਤੀ ਜੰਗ ਵਿੱਚ ਧੱਕਿਆ ਜਾ ਰਿਹਾ ਹੈ।

ਅਜਿਹੇ ਮਾਹੌਲ ਵਿੱਚ ਆਮ ਭਾਰਤੀ ਲੋਕਾਂ, ਖਾਸ ਕਰ ਦਲਿਤਾਂ, ਆਦਿਵਾਸੀਆਂ, ਪਿੱਛੜੀਆਂ ਜਾਤੀਆਂ (ਬੀਸੀਜ਼) ਦੇ ਲੋਕਾਂ ਨੂੰ ਇਸ ਜ਼ਹਿਰੀਲੇ ਫਿਰਕੂ ਜਾਲ ਤੋਂ ਬਚਾਉਣਾ ਹੋਵੇਗਾ। ਇਹ ਕਾਰਜ ਸਧਾਰਨ ਹਿੰਦੂ ਭਾਈਚਾਰੇ ਨੂੰ, ਸਹਿਣਸ਼ੀਲਤਾ ਜਿਸ ਦੀ ਵਿਰਾਸਤ ਰਹੀ ਹੈ, ਨਾਲ ਤੋਰੇ ਬਿਨਾਂ ਨਹੀਂ ਕੀਤਾ ਜਾ ਸਕਦਾ। ਇਹ ਜ਼ਿੰਮੇਵਾਰੀ ਸਿਰਫ ਤੇ ਸਿਰਫ ਖੱਬੀ ਤੇ ਜਮਹੂਰੀ ਧਿਰ ਹੀ ਨਿਭਾ ਸਕਦੀ ਹੈ। ਇਸ ਧਿਰ ਨੂੰ ਵੀ ਆਪਣੇ ਪਾਰਲੀਮਾਨੀ ਹਿਤਾਂ ਨੂੰ ਲਾਂਭੇ ਰੱਖ ਕੇ ਇਸ ਮੋਰਚੇ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਹੋਵੇਗਾ। ਜਮਾਤ-ਜਾਤ ਤੇ ਲਿੰਗੀ ਵਿਤਕਰੇ ਤੋਂ ਰਹਿਤ ਇੱਕ ਸੈਕੂਲਰ ਤੇ ਜਮਹੂਰੀ ਸਮਾਜ ਦੀ ਸਿਰਜਣਾ ਵਿੱਚ ਸੰਘ ਦੇ ਇਸ ਜ਼ਹਿਰੀਲੇ ਫਿਰਕੂ ਹਮਲੇ ਨੂੰ ਨਜ਼ਰ-ਅੰਦਾਜ਼ ਕਰਨਾ ਇੱਕ ਬੱਜਰ ਕੁਤਾਹੀ ਹੋਵੇਗੀ।

*****

ਪਾਠਕ ਇਸੇ ਵਿਸ਼ੇ ਨਾਲ ਸਬੰਧਤ ਸੰਦੀਪ ਅਰੋੜਾ ਦਾ ਇਹ ਲੇਖ ਵੀ ਪੜ੍ਹ ਲੈਣ:

http://sarokar.ca/2015-04-08-03-15-11/2015-05-04-23-41-51/1004-2017-12-17-05-35-55

**

(965)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author