InderjitChugavan7ਰਕੇਲ ਤੇ ਬੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਸਨ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਇੱਕ ਵੱਖਰਾ ਜਿਹਾ ਸਰੂਰ ...
(5 ਅਕਤੂਬਰ 2021)

 

InderjitChugavanTwoਟਰੱਕ ਡਰਾਈਵਰ ਦੀ ਜ਼ਿੰਦਗੀ ਅਜਿਹੀ ਹੈ ਕਿ ਕੁਝ ਵੀ ਤੈਅ ਨਹੀਂ ਹੁੰਦਾਘਰੋਂ ਤੁਰਨ ਵੇਲੇ ਦਾ ਪ੍ਰੋਗਰਾਮ ਕਿਹੜੀ ਘੜੀ ਬਦਲ ਜਾਵੇ, ਕੋਈ ਪਤਾ ਨਹੀਂ ਹੁੰਦਾ ਪਰਿਵਾਰ ਨਾਲ ਬਣਾਇਆ ਪ੍ਰੋਗਰਾਮ ਬਹੁਤੀ ਵਾਰ ਧਰਿਆ-ਧਰਾਇਆ ਰਹਿ ਜਾਂਦਾ ਹੈਅਜਿਹੇ ਹਾਲਾਤ ਦਾ ਸਾਹਮਣਾ ਤਾਂ ਦੇਰ ਤੋਂ ਹੀ ਕਰਦੇ ਆ ਰਹੇ ਹਾਂ ਪਰ ਅਮਰੀਕਾ ਆ ਕੇ ਜਦ ਇਸਦਾ ਸਾਹਮਣਾ ਕਰਨਾ ਪਿਆ ਤਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਅਕੇਵੇਂ ਦਾ ਅਹਿਸਾਸ ਹੋਇਆ ਸੀ ਪਰ ਹੁਣ ਆਦਤ ਪੈਂਦੀ ਜਾ ਰਹੀ ਐਫਿਰ ਵੀ ਮਨੁੱਖ ਹਾਂ ਆਖਰ, ਦੋ ਘੜੀ ਚੈਨ ਨਾਲ ਪਰਿਵਾਰ ਵਿੱਚ ਮਿਲ-ਬੈਠਣ ਨੂੰ ਦਿਲ ਤਾਂ ਕਰਦਾ ਹੀ ਹੈ ਨਾ!

ਆਮ ਵਰਤਾਰਾ ਇਹ ਹੈ ਕਿ ਸਵੇਰ ਦੇ ਪ੍ਰੋਗਰਾਮ ਦਾ ਸ਼ਾਮ ਨੂੰ ਜਾਂ ਦੇਰ ਸ਼ਾਮ ਪਤਾ ਲੱਗ ਜਾਂਦਾ ਹੈਕੰਪਨੀ ਮਾਲਕ, ਜੋ ਮੇਰੇ ਬੱਚਿਆਂ ਸਮਾਨ ਹੈ, ਦਾ ਫ਼ੋਨ ਆ ਗਿਆ ਕਿ ਭਲ਼ਕ ਦਾ ਕੋਈ ਲੋਡ ਨਹੀਂ ਹੈ, ਤੁਸੀਂ ਚਿੱਲ ਕਰੋ! ਮਤਲਬ ਇਹ ਕਿ ਮਸਤੀ ਮਾਰੋ! ਹਮਸਫ਼ਰ ਪੰਮ ਨੂੰ ਸਵੇਰੇ ਕੰਮ ’ਤੇ ਛੱਡਣ ਦੀ ਜ਼ਿੰਮੇਵਾਰੀ ਕੁਦਰਤੀ ਤੌਰ ’ਤੇ ਮੇਰੀ ਸੀਸਵੇਰੇ ਉੱਠੇ, ਚਾਹ ਦਾ ਕੱਪ ਪੀ ਕੇ ਪੰਮ ਨੂੰ ਕੰਮ ’ਤੇ ਛੱਡਣ ਲਈ ਤਿਆਰ ਹੋਇਆ ਹੀ ਸੀ ਕਿ ਫ਼ੋਨ ਆ ਗਿਆ, ”ਅੰਕਲ, ਕਿੱਥੇ ਓਂ? ਬੁਰਾ ਨਾ ਮੰਨਿਓਂ, ਇੱਕੋ ਲੋਡ ਐਆਪਣੇ ਯਾਰਡ ਦੇ ਬਿਲਕੁਲ ਨਾਲਹੁਣੇ ਆ ਜਾਓ, ਫੇਰ ਤੁਸੀਂ ਵਿਹਲੇ!” ਮੈਂ ਦੱਸਿਆ ਕਿ ਅਜੇ ਚਾਹ ਦਾ ਕੱਪ ਹੀ ਲਿਐ ਕੁਝ ਖਾ ਪੀ ਲਵਾਂ, ਫੇਰ ਆਉਨਾਪਰ ਨਹੀਂ, ਉਸ ਮੁਤਾਬਕ ਸਿਰਫ ਘੰਟੇ-ਡੇਢ ਘੰਟੇ ਦੀ ਸਾਰੀ ਗੱਲ ਐ

ਪੰਮ ਨੂੰ ਕੰਮ ’ਤੇ ਛੱਡ ਮੈਂ ਯਾਰਡ ਵਿੱਚ ਜਾ ਪਹੁੰਚਾ ਤੇ ਲੋਡ ਸੱਚਮੁੱਚ ਸਵਾ ਕੁ ਮੀਲ ’ਤੇ ਲਾਹੁਣਾ ਸੀਵਿਹਲਾ ਵੀ ਦੋ ਘੰਟੇ ਵਿੱਚ ਹੋ ਗਿਆਇੱਕ ਸਵਾ ਇੱਕ ਵਜੇ ਘਰ ਪਹੁੰਚਾ ਹੀ ਸੀ ਕਿ ਫੇਰ ਫ਼ੋਨ ਆ ਗਿਆ, “ਅੰਕਲ, ਕਿੱਥੇ ਓਂ? … ਹੈ ਤਾਂ ਤੁਹਾਨੂੰ ਪਰੇਸ਼ਾਨੀ ਪਰ ਇੱਕ ਨਿੱਕਾ ਜਿਹਾ ਕੰਮ ਐਂ, ਤੁਹਾਨੂੰ ਈ ਕਰਨਾ ਪੈਣਾ, ਹੋਰ ਡਰਾਈਵਰ ਕੋਈ ਹੈ ਨਹੀਂ।” ਮੇਰੇ ਕੋਲ ਨਾਂਹ ਕਰਨ ਦਾ ਕੋਈ ਕਾਰਨ ਨਹੀਂ ਸੀਕਾਹਲੀ ਵਿੱਚ ਇੱਕ ਸੇਬ ਹੱਥ ਵਿੱਚ ਲੈ ਕੇ ਤੁਰ ਪਿਆਇਹ ਕੰਮ ਵੀ ਦੋ ਮੀਲ ਦੇ ਅੰਦਰ ਅੰਦਰ ਹੀ ਸੀਫੂਡ ਬੈਂਕ ਵਿੱਚ ਦਾਨ ਵਜੋਂ ਖਾਣ-ਪੀਣ ਦਾ ਸਾਮਾਨ ਦੇ ਕੇ ਆਉਣਾ ਸੀ

ਦਰਅਸਲ ਨਿਊ ਯਾਰਕ ਤੋਂ ਕਾਸਕੋ ਲਈ ਇੱਕ ਟ੍ਰੇਲਰ ਚਿਕਨ ਮੀਟ ਲੈ ਕੇ ਆਏ ਸੀ ਤੇ ਉਸ ਵਿੱਚ ਬਰੋਕਰ ਨੇ ਡੇਢ ਪੈਲਟ ਵੱਧ ਮੀਟ ਲੋਡ ਕਰ ਦਿੱਤਾ ਸੀ ਜੋ ਕਾਸਕੋ ਮੈਨੇਜਮੈਂਟ ਨੇ ਲੈਣ ਤੋਂ ਨਾਂਹ ਕਰ ਦਿੱਤੀ ਸੀਇਸ ਮੀਟ ਨੂੰ ਸੁੱਟਿਆ ਤਾਂ ਜਾ ਨਹੀਂ ਸੀ ਸਕਦਾ, ਇਸ ਲਈ ਉਨ੍ਹਾਂ ਫੂਡ ਬੈਂਕ ਨੂੰ ਦੇਣ ਦਾ ਫੈਸਲਾ ਕਰ ਲਿਆਮੈਂ ਟ੍ਰੇਲਰ ਡੋਰ ’ਤੇ ਲਾ ਕੇ ਫੂਡ ਬੈਂਕ ਦੇ ਕਰਿੰਦੇ ਵੱਲ ਗਿਆ, ਜਿਸ ਨੇ ਇਹ ਲੋਡ ਉਤਾਰਨਾ ਸੀਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਕਹਿਣ ਲੱਗਾ, “ਇਹ ਟ੍ਰੇਲਰ ਕੱਲ੍ਹ ਵੀ ਆਇਆ ਸੀਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇਅਸੀਂ ਸਿਰਫ ਫਰੋਜ਼ਨ ਚਿਕਨ ਹੀ ਲੈਂਦੇ ਹਾਂ, ਫਰੈੱਸ਼ ਨਹੀਂ।” ਕੰਪਨੀ ਮਾਲਕ ਨੂੰ ਦੱਸਿਆ ਤਾਂ ਉਹ ਵੀ ਪਰੇਸ਼ਾਨ ਹੋ ਉੱਠਿਆਉਸ ਨੇ ਸੋਚਿਆ ਸੀ ਕਿ ਰਾਤ ਭਰ ਰੀਫ਼ਰ ਮਨਫੀ ਟੈਂਪਰੇਚਰ ’ਤੇ ਚਲਾ ਕੇ ਚਿਕਨ ਫਰੀਜ਼ ਹੋ ਜਾਵੇਗਾ ਪਰ ਫੂਡ ਬੈਂਕ ਵਾਲੇ ਟੱਸ ਤੋਂ ਮੱਸ ਨਾ ਹੋਏ… ਤੇ ਮੈਂਨੂੰ ਵਾਪਸ ਯਾਰਡ ਵਿੱਚ ਆਉਣ ਲਈ ਕਹਿ ਦਿੱਤਾ ਗਿਆਉਸ ਵੇਲੇ ਬਾਅਦ ਦੁਪਹਿਰ ਦੇ ਤਿੰਨ ਵੱਜ ਚੁੱਕੇ ਸਨ

ਯਾਰਡ ਕੋਲ ਪਹੁੰਚਿਆ ਹੀ ਸੀ ਕਿ ਫੇਰ ਫ਼ੋਨ ਆ ਗਿਆ, “ਅੰਕਲ, ਤੁਹਾਨੂੰ ਇੱਕ ਹੋਰ ਐਡਰੈੱਸ ਭੇਜਿਐ, ਉੱਥੇ ਲਾਹ ਕੇ ਆਓ ਪਲੀਜ਼, ਦਰਅਸਲ ਇਹ ਟ੍ਰੇਲਰ ਆਪਾਂ ਨੂੰ ਸਵੇਰੇ ਤੜਕੇ ਚਾਹੀਦਾ ਹੈ।” ਭੁੱਖ ਨਾਲ ਬੁਰਾ ਹਾਲ ਪਰ ਨਾਂਹ ਵੀ ਨਹੀਂ ਸੀ ਕਰ ਸਕਦਾਰਸਤੇ ਵਿੱਚੋਂ ਹੀ ਟਰੱਕ ਦੱਸੀ ਗਈ ਥਾਂ ਵੱਲ ਮੋੜ ਲਿਆਫਰਿਜ਼ਨੋ ਦੇ ਅੰਦਰ ਹੀ ਕੋਈ ਘੰਟੇ ਕੁ ਦੀ ਦੂਰੀ ’ਤੇ ਸੀ ਇਹ ਟਿਕਾਣਾ

ਦੱਸੇ ਗਏ ਟਿਕਾਣੇ ’ਤੇ ਪਹੁੰਚਿਆ ਹੀ ਸੀ ਕਿ ਇੱਕ ਜੋੜਾ ਨਜ਼ਰੀਂ ਪਿਆਉਨ੍ਹਾਂ ਰੁਕਣ ਲਈ ਇਸ਼ਾਰਾ ਕੀਤਾਮੈਂ ਸਮਝ ਗਿਆ ਕਿ ਸਾਮਾਨ ਇਨ੍ਹਾਂ ਨੂੰ ਹੀ ਦੇਣਾ ਹੈਮੈਂ ਥੱਲੇ ਉੱਤਰਿਆ ਹੀ ਸੀ ਕਿ ਦੋਵੇਂ ਮੀਆਂ-ਬੀਵੀ ਭੱਜ ਕੇ ਆਏ ਤੇ ਮੇਰੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆਪਹਿਲੀ ਨਜ਼ਰੇ ਉਹ ਮੈਂਨੂੰ ਜਪਾਨੀ ਮੂਲ ਦੇ ਜਾਪੇ ਤੇ ਉਨ੍ਹਾਂ ਲਈ ਮੈਂ ਅਫ਼ਗ਼ਾਨ ਸੀਜਦ ਮੈਂ ਆਪਣੇ ਪੰਜਾਬੀ ਹੋਣ ਬਾਰੇ ਦੱਸਿਆ ਤਾਂ ਉਹ ਹੋਰ ਖੁਸ਼ ਹੋ ਗਏ, ”ਯੂ ਆਰ ਅਵਰ ਏਸ਼ੀਅਨ ਬ੍ਰਦਰ …!” ਉਨ੍ਹਾਂ ਦੱਸਿਆ ਕਿ ਉਹ ਲਾਓਸ ਤੋਂ ਹਨਬੀਵੀ ਦਾ ਨਾ ਰਕੇਲ ਵੂ ਤੇ ਮੀਆਂ ਦਾ ਨਾ ਬੀ ਵੂ ਸੀ

ਇਹ ਜੋੜਾ ਪੰਦਰਾਂ-ਸੋਲਾਂ ਸਾਲ ਤੋਂ ਇੱਕ ਲੋਕ ਭਲਾਈ ਸੰਸਥਾ ਚਲਾ ਰਿਹਾ ਹੈਉਨ੍ਹਾਂ ਕੋਲ ਨਾ ਤਾਂ ਸਾਮਾਨ ਰੱਖਣ ਲਈ ਥਾਂ ਸੀ ਤੇ ਨਾ ਸਾਮਾਨ ਉਤਾਰਨ ਲਈ ਕੋਈ ਢੁਕਵਾਂ ਪ੍ਰਬੰਧ ਸੀਸੋਚ ਰਿਹਾ ਸੀ ਕਿ ਇਹ ਇੰਨਾ ਚਿਕਨ ਰੱਖਣਗੇ ਕਿੱਥੇ! ਉਹ ਹੱਥੀਂ ਸਾਮਾਨ ਉਤਾਰਨ ਲੱਗੇ ਤਾਂ ਮੈਂ ਵੀ ਉਨ੍ਹਾਂ ਦਾ ਹੱਥ ਵੰਡਾਉਣ ਲੱਗ ਪਿਆਮੇਰੀ ਇੰਨੀ ਕੁ ਮਦਦ ਨਾਲ ਉਹ ਇੰਨਾ ਖੁਸ਼ ਹੋਏ ਕਿ ਮੈਂਨੂੰ ਵਾਰ ਵਾਰ ਜੱਫੀਆਂ ਪਾਈ ਜਾਣ, ”ਓ ਮਾਈ ਫ਼੍ਰੈਂਡ … ਯੂ ਆਰ ਸੋ ਗੁੱਡ!” ਮੈਂ ਉਨ੍ਹਾਂ ਨੂੰ ਦੱਸਿਆ ਵੀ ਕਿ ਮੈਂ ਤਾਂ ਡਰਾਈਵਰ ਹਾਂ ਭਾਈ, ਸ਼ੁਕਰੀਆ ਤਾਂ ਮਾਲਕ ਦਾ ਕਰੋ ਜਿਹਨੇ ਇਹ ਸਮੱਗਰੀ ਭੇਜੀ ਹੈ। ਪਰ ਨਹੀਂ … ਉਨ੍ਹਾਂ ਲਈ ਮੈਂ ਵੀ ਬਰਾਬਰ ਸਤਿਕਾਰ ਦਾ ਪਾਤਰ ਸੀ

ਉਨ੍ਹਾਂ ਆਸ-ਪਾਸ ਦੇ ਲੋਕਾਂ ਨੂੰ ਪਹਿਲਾਂ ਹੀ ਫ਼ੋਨ ਕਰ ਰੱਖੇ ਸਨਵੱਖੋ-ਵੱਖ ਭਾਈਚਾਰਿਆਂ ਦੇ ਲੋਕ ਆ ਕੇ ਆਪੋ ਆਪਣਾ ਹਿੱਸਾ ਲੈ ਕੇ ਤੁਰਦੇ ਜਾ ਰਹੇ ਸਨ ਇੰਨੇ ਨੂੰ ਰਕੇਲ ਨੇ ਮੇਰੇ ਨਾਲ ਇੱਕ ਫੋਟੋ ਖਿਚਵਾਉਣ ਦੀ ਇੱਛਾ ਜ਼ਾਹਰ ਕੀਤੀਦੋਵੇਂ ਮੀਆਂ-ਬੀਵੀ ਆਸ-ਪਾਸ ਖੜ੍ਹੇ ਹੋ ਗਏਮੈਂ ਅਜਿਹੇ ਕੋਨ ਤੋਂ ਫੋਟੋ ਖਿਚਵਾਈ ਕਿ ਉਸ ਵਿੱਚ ਦਾਨ ਕੀਤਾ ਸਾਮਾਨ ਬਿਲਕੁਲ ਨਜ਼ਰ ਨਾ ਆਵੇਇਸ ਪਲ ਮੈਂਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਨਾਮ ਨਿਹਾਦ ਸਮਾਜ-ਸੇਵੀ ਸੰਸਥਾਵਾਂ ਦੇ ਲੋਕ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਫਲ ਵੰਡਣ ਦੀਆਂ ਤਸਵੀਰਾਂ ਖਿਚਵਾ ਕੇ ਅਖਬਾਰ ਵਿੱਚ ਛਪਵਾਉਣ ਲਈ ਤਰਲੋਮੱਛੀ ਹੋਇਆ ਕਰਦੇ ਸਨਚਿਕਨ ਲੈਣ ਆਏ ਲੋਕਾਂ ਵੱਲ ਦੇਖ ਕੇ ਮੈਂਨੂੰ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਭੱਠਾ ਮਜ਼ਦੂਰਾਂ ਅਤੇ ਗੁੱਜਰਾਂ ਦੇ ਉਹ ਨਿਆਣੇ ਵੀ ਯਾਦ ਆਏ ਜੋ ਛਬੀਲ ਮੌਕੇ ਵੰਡੇ ਜਾ ਰਹੇ ਕੜਾਹ-ਛੋਲਿਆਂ ਦਾ ਪ੍ਰਸ਼ਾਦ ਲੈਣ ਲਈ ਬੇਚਾਰੇ ਜਿਹੇ ਬਣ ਕੇ ਖੜ੍ਹੇ ਹੁੰਦੇ ਸਨ

ਰਕੇਲ ਹਰ ਇੱਕ ਨੂੰ ਉਸ ਦੀ ਇੱਛਾ ਮੁਤਾਬਕ ਚਿਕਨ ਵੰਡੀ ਜਾ ਰਹੀ ਸੀਰਕੇਲ ਤੇ ਬੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਸਨ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਇੱਕ ਵੱਖਰਾ ਜਿਹਾ ਸਰੂਰ ਨਜ਼ਰ ਆ ਰਿਹਾ ਸੀ

ਮੈਂ ਸ਼ਾਮ ਅੱਠ ਵਜੇ ਦੇ ਕਰੀਬ ਘਰ ਪੁੱਜਾਪੰਮ ਨੂੰ ਫਿਕਰ ਸੀ ਕਿ ਸਵੇਰ ਦਾ ਕੁਝ ਵੀ ਖਾਧਾ-ਪੀਤਾ ਨਹੀਂ ਸੀਬਾਹਰੋਂ ਖਾਣ ਦੀ ਆਦਤ ਨਹੀਂ ਹੈ ਪਰ ਬੀ ਵੂ ਤੇ ਰਕੇਲ ਦੀਆਂ ਜੱਫੀਆਂ ਨੇ ਮੇਰੀ ਭੁੱਖ ਗਾਇਬ ਕਰ ਦਿੱਤੀ ਸੀਉਨ੍ਹਾਂ ਦੀ ਇਸ ਮਿਲਣੀ ਦੇ ਨਾਲ ਹੀ ਮੈਂ ‘ਨਵਾਂ ਜ਼ਮਾਨਾ’ ਵੀ ਜਾ ਆਇਆ ਸਾਂ ਤੇ ਆਪਣੇ ਪਿੰਡ ਦੇ ਨੇੜਲੇ ਭੱਠਾ ਮਜ਼ਦੂਰਾਂ ਅਤੇ ਗੁੱਜਰਾਂ ਦੇ ਨਿਆਣਿਆਂ ਨੂੰ ਵੀ ਮਿਲ ਆਇਆ ਸਾਂ ਜੋ ਮੇਰੇ ਪਿੰਡ ਦੇ ਸਕੂਲੇ ਪੜ੍ਹਨ ਆਇਆ ਕਰਦੇ ਸਨ, ਜਿਨ੍ਹਾਂ ਦਾ ਮੈਂ “ਅਖਬਾਰ ਵਾਲਾ ਅੰਕਲ” ਸੀ, ਉਹ ਅੰਕਲ ਜਿਸਦੇ ਘਰ ਵੀ ਉਹ ਬਿਨਾ ਰੋਕ-ਟੋਕ ਆ ਸਕਦੇ ਸਨ

ਅਪਾਰਟਮੈਂਟ ਵਿੱਚ ਆ ਕੇ, ਨਹਾ-ਧੋ ਕੇ ਮੈਂ ਸਵੇਰ ਦੇ ਟਰਿੱਪ ’ਤੇ ਜਾਣ ਦੀ ਤਿਆਰੀ ਵਿੱਚ ਜੁਟ ਗਿਆ, ਇੱਕ ਵੱਖਰਾ ਜਿਹਾ ਸਕੂਨ ਲਈ। ਭੁੱਖ ਦਾ ਅਜੇ ਵੀ ਕੋਈ ਥਹੁ-ਪਤਾ ਨਹੀਂ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3059)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author