InderjitChugavan7ਜੇ ਦੋਸ਼ੀ ਜਿਊਂਦਾ ਫੜਕੇ ਕਾਬੂ ਕਰ ਲਿਆ ਗਿਆ ਹੁੰਦਾ ਤਾਂ ਜਾਂਚ ਦੌਰਾਨ ਸੱਚ ਸਾਹਮਣੇ ਲਿਆਂਦਾ ...
(25 ਦਸੰਬਰ 2021)

 

ਬੇਅਦਬੀ ਦੀਆਂ ਘਟਨਾਵਾਂ ਮੁੜ ਵਾਪਰਨ ਲੱਗੀਆਂ ਹਨ। ਦਰਬਾਰ ਸਾਹਿਬ ਵਿੱਚ ਵਾਪਰੀ ਤਾਜ਼ਾ ਘਟਨਾ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਬਾਅਦ ਵਿੱਚ ਕਪੂਰਥਲਾ ਦੇ ਨਿਜਾਮਪੁਰਾ ਵਿੱਚ ਅਜਿਹੀ ਘਟਨਾ ਵਾਪਰ ਗਈ ਹੈ। ਕੋਈ ਹੈਰਾਨੀ ਨਹੀਂ ਹੋਵੇਗੀ ਜੇ ਹੋਰ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਣ।

ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਤੇ ਇਸ ਤਾਜ਼ਾ ਘਟਨਾ ਨੂੰ ਜੋੜਕੇ ਦੇਖੋ ਤਾਂ ਜ਼ਰਾ! ਉੱਥੇ ਵੀ ਕਥਿੱਤ ਦੋਸ਼ੀ ਮਾਰ ਮੁਕਾਇਆ ਗਿਆ ਸੀ ਤੇ ਦਰਬਾਰ ਸਾਹਿਬ ਵਾਲੀ ਘਟਨਾ ਦਾ ਪ੍ਰਤੱਖ ਦੋਸ਼ੀ ਵੀ ਮਾਰ-ਮੁਕਾ ਦਿੱਤਾ ਗਿਆ ਹੈ।

ਸਿੰਘੂ ਬਾਰਡਰ ਵਾਲੀ ਘਟਨਾ ਦੀ ਜੜ੍ਹ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਨੇ ਛੇਤੀ ਹੀ ਨੰਗੀ ਕਰ ਦਿੱਤੀ ਸੀ। ਤਾਜ਼ਾ ਘਟਨਾ ਵਿੱਚ ਮਾਰਿਆ ਗਿਆ ਦੋਸ਼ੀ ਸ਼ਾਇਦ ਕੋਈ ਪਰਵਾਸੀ ਮਜ਼ਦੂਰ ਹੈ। ਸਿੰਘੂ ਬਾਰਡਰ ’ਤੇ ਮਾਰਿਆ ਜਾਣ ਵਾਲਾ ਇੱਕ ਅਸਲੋਂ ਸਧਾਰਨ ਤੇ ਨਸ਼ੇੜੀ ਬੰਦਾ ਸੀ। ਇਹ ਗੱਲ ਸਾਹਮਣੇ ਆ ਗਈ ਕਿ ਉਸ ਨੂੰ ਤਾਂ ਵਰਤਿਆ ਗਿਆ ਸੀ। ਮਨੋਰਥ ਕਿਸਾਨ ਮੋਰਚੇ ਨੂੰ ਢਾਅ ਲਾਉਣਾ ਸੀ।

ਪਰਵਾਸੀ ਮਜ਼ਦੂਰ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਦਾ ਦਿਲੋਂ ਸਤਿਕਾਰ ਕਰਦੇ ਹਨ। ਉਹ ਜਦ ਵੀ ਕਿਸੇ ਗੁਰਦੁਆਰਾ ਸਾਹਿਬ ਅੱਗੋਂ ਗੁਜ਼ਰਦੇ ਹਨ, ਨਤ ਮਸਤਕ ਹੋਣਾ ਨਹੀਂ ਭੁੱਲਦੇ। ਜਿਸ ਤਰਾਂ ਇਸ ਸ਼ਖਸ ਨੇ ਕੀਤਾ ਹੈ ਜਾਂ ਉਸ ਤੋਂ ਕਰਵਾਇਆ ਗਿਆ ਹੈ, ਉਹ ਕੋਈ ਆਮ ਘਟਨਾ ਨਹੀਂ ਕਹੀ ਜਾ ਸਕਦੀ। ਉਹ ਥਾਂ, ਜੋ ਹਰ ਪਲ ਸ਼ਰਧਾਲੂਆਂ ਨਾਲ ਨੱਕੋ-ਨੱਕ ਭਰੀ ਰਹਿੰਦੀ ਹੈ, ਜਿੱਥੇ ਅਜਿਹੀ ਹਰਕਤ ਕਰਕੇ ਬਚ ਨਿਕਲਣ ਦਾ ਕੋਈ ਰਾਹ ਹੀ ਨਹੀਂ ਹੈ, ਓਥੇ ਅਜਿਹੀ ਹਰਕਤ ਨੂੰ ਇੱਕ ਸ਼ਰਾਰਤੀ ਵੱਲੋਂ ਕੀਤੀ ਗਈ ਕਾਰਵਾਈ ਵਜੋਂ ਲੈਣਾ ਤੇ ਉਸ ਨੂੰ ਮਾਰ-ਮੁੱਕਾ ਕੇ ਇਹ ਸਮਝ ਲੈਣਾ ਕਿ ਦੋਸ਼ੀ ਨੂੰ ਸਜ਼ਾ ਦੇ ਦਿੱਤੀ ਗਈ ਹੈ, ਵੱਡੀ ਭੁੱਲ ਹੋਵੇਗੀ।

ਜ਼ਰਾ ਪਿੱਛੇ ਚੱਲਦੇ ਹਾਂ...!

ਬਰਗਾੜੀ ਤੇ ਬਹਿਬਲ ਕਲਾਂ ਵਾਲੇ ਬੇਅਦਬੀ ਦੇ ਦਿਨ ਯਾਦ ਕਰੋ! ਕਿਸਾਨ ਅੰਦੋਲਨ ਆਪਣੀ ਸਿਖਰ ’ਤੇ ਸੀ। ਕਿਸਾਨਾਂ ਦੀਆਂ ਵਹੀਰਾਂ ਬਾਦਲ ਪਿੰਡ ਨੂੰ ਘੇਰਾ ਪਾਉਣ ਲਈ ਅੱਗੇ ਵਧ ਰਹੀਆਂ ਸਨ। ਇਸ ਜੋਸ਼ ਭਰੇ ਮਾਹੌਲ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਪੂਰਾ ਪੰਜਾਬ ਭੜਕ ਉੱਠਦਾ ਹੈ। ਅਜਿਹਾ ਵਾਪਰਨ ਸਮੇਂ ਇਹ ਭੜਕਾਹਟ ਕੁਦਰਤੀ ਹੈ। ਜਦ ਕਿਸੇ ਦੇ ਬਾਪ ਦੀ ਪੱਗ ਨੂੰ ਹੱਥ ਪਾਓਗੇ ਤਾਂ ਇਹ ਨਾ ਸੋਚੋ ਕਿ ਅੱਗਿਓਂ ਫੁੱਲਾਂ ਦੀ ਬਾਰਸ਼ ਹੋਵੇਗੀ। ਨਤੀਜਾ ਇਹ ਕਿ ਕਿਸਾਨ ਅੰਦੋਲਨ ਮੁਲਤਵੀ ਕਰਨਾ ਪੈ ਗਿਆ।

ਜਿਸ ਢੰਗ ਨਾਲ ਦਰਬਾਰ ਸਾਹਿਬ ਵਿੱਚ ਇਹ ਹਰਕਤ ਕੀਤੀ ਗਈ ਹੈ, ਉਹ ਕੋਈ ਸਧਾਰਨ ਬੰਦਾ ਕਰ ਹੀ ਨਹੀਂ ਸਕਦਾ। ਅੱਜ ਤੱਕ ਅਜਿਹੀ ਹਿਮਾਕਤ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਪਈ। ਹਿੰਮਤ ਤਾਂ ਕੀ ਪੈਣੀ ਹੈ, ਕਿਸੇ ਦੇ ਚਿੱਤ-ਖਿਆਲ ਵਿੱਚ ਹੀ ਨਹੀਂ ਆ ਸਕਦੀ ਅਜਿਹੀ ਨੀਚ ਹਰਕਤ। ... ਤੇ ਇਹ ਹਰਕਤ ਕੀਤੀ ਉਸ ਵਕਤ ਗਈ ਹੈ ਜਦ ਪੂਰਾ ਦੇਸ਼ ਕਿਸਾਨ ਅੰਦੋਲਨ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਇਸ ਅੰਦੋਲਨ ਨੇ ਲੋਕਾਂ ਨੂੰ ਸੋਝੀ ਦਿੱਤੀ ਹੈ ਕਿ ਹੁਕਮਰਾਨਾਂ ਨੂੰ ਸਵਾਲ ਵੀ ਕੀਤੇ ਜਾ ਸਕਦੇ ਹਨ ਤੇ ਉਹ ਹੁਣ ਪਿੰਡਾਂ ਵਿੱਚ ਆਉਣ ਵਾਲੇ ਆਗੂਆਂ ਨੂੰ ਸਵਾਲ ਕਰਨ ਵੀ ਲੱਗੇ ਹਨ। ਇਸ ਅੰਦੋਲਨ ਨੇ ਲੋਕਾਂ ਨੂੰ ਇਹ ਸੇਧ ਦਿੱਤੀ ਹੈ ਕਿ ਕਿਸ ਤਰ੍ਹਾਂ ਸ਼ਾਂਤ ਰਹਿਕੇ ਮੰਜ਼ਲ ਤੱਕ ਪੁੱਜਿਆ ਜਾ ਸਕਦਾ ਹੈ। ਕਿਸਾਨ ਅੰਦੋਲਨ ਨੇ ਜਿੱਥੇ ਸਮੁੱਚੇ ਦੇਸ਼ ਅੰਦਰ ਭਾਈਚਾਰਕ ਤੰਦਾਂ ਮਜ਼ਬੂਤ ਕੀਤੀਆਂ ਹਨ, ਓਥੇ ਇਸ ਨੇ ਸਿੱਖ ਭਾਈਚਾਰੇ ਦਾ ਮਾਣ-ਸਤਿਕਾਰ ਪੂਰੀ ਦੁਨੀਆ ਵਿੱਚ ਬੁਲੰਦ ਕੀਤਾ ਹੈ। ਸਿੱਖੀ ਅਕਸ ਦੇ ਨਾਲ ਨਾਲ ਪੰਜਾਬ ਦਾ ਕੱਦ ਵੀ ਉੱਚਾ ਹੋਇਆ ਹੈ। ਇਹ ਗੱਲ ਪੂਰੀ ਦੁਨੀਆ ਵਿੱਚ ਕੀਤੀ ਜਾਣ ਲੱਗੀ ਹੈ ਕਿ ਪੰਜਾਬ ਤੋਂ ਪੂਰੇ ਜਨ-ਸਮਰਥਨ ਨਾਲ ਸ਼ੁਰੂ ਹੋਇਆ ਅੰਦੋਲਨ ਆਪਣਾ ਨਿਸ਼ਾਨਾ ਹਾਸਲ ਕਰਨ ਵਿੱਚ ਸਫਲ ਰਹਿੰਦਾ ਹੈ। ਇਹ ਤਾਜ਼ਾ ਘਟਨਾ ਪੰਜਾਬ ਵੱਲੋਂ ਸਿਰਜੇ ਗਏ ਮਜ਼ਬੂਤ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਜ਼ਹਿਰੀਲਾ ਕਰਨ ਦੀ ਡੂੰਘੀ ਸਾਜ਼ਿਸ਼ ਜਾਪ ਰਹੀ ਹੈ।

ਇੰਝ ਜਾਪ ਰਿਹਾ ਹੈ ਜਿਵੇਂ ਇਹ ਹਰਕਤ ਕੀਤੀ ਨਹੀਂ, ਕਰਵਾਈ ਗਈ ਹੈ! ਬਾਅਦ ਵਿੱਚ ਮਿਲੀਆਂ ਰਿਪੋਰਟਾਂ ਨੇ ਵੀ ਜ਼ਾਹਰ ਕਰ ਦਿੱਤਾ ਹੈ ਕਿ ਮਾਰਿਆ ਜਾਣ ਵਾਲ ਪੂਰੇ ਯੋਜਨਾਬੱਧ ਢੰਗ ਨਾਲ ਆਇਆ ਸੀ। ਪਰਦੇ ਪਿਛਲਾ ਖਿਡਾਰੀ ਕੋਈ ਆਮ ਨਹੀਂ, ਬਹੁਤ ਸ਼ਾਤਰ ਹੈ। ਉਸ ਨੂੰ ਇਹ ਪਤਾ ਹੈ ਕਿ ਅਜਿਹੀ ਮੁਕੱਦਸ ਥਾਂ ’ਤੇ ਨੀਚ ਹਰਕਤ ਕਰਨ ਵਾਲਾ ਬਚਕੇ ਨਹੀਂ ਨਿਕਲ ਸਕਦਾ, ਇਸ ਲਈ ਉਸ ਵੱਲ ਜਾਂਚ ਦੀ ਸੂਈ ਕਦੇ ਨਹੀਂ ਆ ਸਕਦੀ। ਜੇ ਦੋਸ਼ੀ ਜਿਊਂਦਾ ਫੜਕੇ ਕਾਬੂ ਕਰ ਲਿਆ ਗਿਆ ਹੁੰਦਾ ਤਾਂ ਜਾਂਚ ਦੌਰਾਨ ਸੱਚ ਸਾਹਮਣੇ ਲਿਆਂਦਾ ਜਾ ਸਕਦਾ ਸੀ ਪਰ ਆਸਥਾ ਨੂੰ ਠੇਸ ਕਾਰਨ ਪੈਦਾ ਹੋਏ ਮਾਹੌਲ ਵਿੱਚ ਦਲੀਲ ਤਰਕ ਅਕਸਰ ਮਾਰੇ ਜਾਂਦੇ ਹਨ!

ਦੋਸ਼ੀ ਨੂੰ ਸੋਧਾ ਲਾਉਣ ਪਿੱਛੇ ਦਲੀਲ ਹੈ ਕਿ ਪੁਲਸ ’ਤੇ ਇਤਬਾਰ ਨਹੀਂ ਰਿਹਾ। ਪਰ ਇਹ ਬੇਇਤਬਾਰੀ ਪੈਦਾ ਕਰਨ ਵਾਲੇ ਕੌਣ ਹਨ? ਬਰਗਾੜੀ ਤੇ ਬਹਿਬਲ ਕਲਾਂ ਵਾਲੇ ਕਾਂਡ ਵੇਲੇ ਜੇ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਹੁੰਦੀ ਤਾਂ ਕੀ ਇਹ ਬੇਇਤਬਾਰੀ ਖਤਮ ਨਹੀਂ ਸੀ ਕੀਤੀ ਜਾ ਸਕਦੀ …! ਅਜਿਹੇ ਮਾਮਲਿਆਂ ਵਿੱਚ ਵਿਸ਼ੇਸ਼ ਜਾਂਚ ਟੀਮਾਂ (ਐੱਸ.ਆਈ.ਟੀ.) ਬਣਾ ਕੇ ਲੋਕਾਂ ਨੂੰ ਸ਼ਾਂਤ ਕਰ ਦਿੱਤਾ ਜਾਂਦਾ ਹੈ ਤੇ ਅਜਿਹੀਆਂ ਜਾਂਚ ਟੀਮਾਂ ਦੀਆਂ ਰਿਪੋਰਟਾਂ ਅੱਜ ਤੱਕ ਕਿਸੇ ਤਣ-ਪੱਤਣ ਨਹੀਂ ਲੱਗੀਆਂ। ਤਣ-ਪੱਤਣ ਲੱਗਣ ਵੀ ਕਿਵੇਂ, ਸਾਰੀ ਖੇਡ ਦਾ ਮਦਾਰੀ ਤਾਂ ‘ਘਰ ਦਾ ਬੰਦਾ’ ਹੀ ਹੁੰਦਾ ਹੈ।

ਜ਼ਰਾ ਸੰਭਲ਼ ਕੇ ਪੰਜਾਬੀਓ! … ਦਸੰਬਰ ਮਹੀਨੇ ਦਾ ਦੂਸਰਾ ਅੱਧ ਸਾਡੇ ਲਈ ਵੈਰਾਗਮਈ ਹੁੰਦਾ ਹੈ। ਇਹ ਦਿਨ ਸਾਡੇ ਰਹਿਬਰ, ਮਰਦ ਅਗੰਮੜੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਦੀ ਸ਼ਹਾਦਤ ਦੇ ਮਾਤਮ ਦਾ ਸਮਾਂ ਹੈ। ਕਿਸਾਨ ਅੰਦੋਲਨ ਦੌਰਾਨ ਜਾਨਾਂ ਦੇਣ ਵਾਲੇ ਸੱਤ ਸੌ ਤੋਂ ਵੱਧ ਲੋਕ ਵੀ ਉਸ ਦਸਮ ਪਿਤਾ ਦੀ ਔਲਾਦ ਹੀ ਸਨ ਜਿਨ੍ਹਾਂ ਪੰਜਾਬ ਦੀ ਨਹੀਂ, ਪੂਰੇ ਦੇਸ਼ ਦੇ ਲੋਕਾਂ ਦੀ ਜ਼ਮੀਨ ਦੀ ਰਾਖੀ ਲਈ ਕੁਰਬਾਨੀ ਦਿੱਤੀ ਹੈ। ਇਹ ਸਮਾਂ ਦਸਮ ਪਿਤਾ ਦੇ ਪਰਵਾਰ ਤੇ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਨ ਦਾ ਸਮਾਂ ਹੈ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਭਾਈਚਾਰਕ ਤੰਦਾਂ ਕਮਜ਼ੋਰ ਨਹੀਂ ਹੋਣੀਆਂ ਚਾਹੀਦੀਆਂ।

ਪੰਜਾਬੀਓ, ਸੋਚਣ-ਸੰਭਲ਼ਣ ਦਾ ਵੇਲਾ ਹੈ। ਪੰਜਾਬ ਦੇ ਦੋਖੀਆਂ ਨੂੰ ਪੰਜਾਬ ਦੀ ਪੱਗ ਦਾ ਬੁਲੰਦ ਹੋਇਆ ਸ਼ਮਲਾ ਪਚ ਨਹੀਂ ਰਿਹਾ! ਉਨ੍ਹਾਂ ਜ਼ਹਿਰੀਲੇ ਨਾਗ਼ ਇਸ ਦੀ ਫ਼ਿਜ਼ਾ ਵਿੱਚ ਜ਼ਹਿਰ ਘੋਲਣ ਲਈ ਛੱਡ ਦਿੱਤੇ ਹਨ! ਇਹ ਨਾਗ਼ ਕਿਸ ਨਾਗਪੁਰੀ ਤੋਂ ਆ ਰਹੇ ਹਨ, ਤੁਸੀਂ ਸਭ ਜਾਣਦੇ ਹੋ!

ਆਪੋ-ਆਪਣੀਆਂ ਇਬਾਦਤਗਾਹਾਂ ਦੀ ਰਾਖੀ ਖ਼ੁਦ ਕਰੋ, ਹੁਕਰਮਰਾਨਾਂ ਤੋਂ ਆਸ ਨਾ ਰੱਖੋ ...! ਗੁਰੂ ਗ੍ਰੰਥ ਸਾਹਿਬ, ਕੁਰਾਨ, ਰਮਾਇਣ, ਬਾਈਬਲ ਤੁਹਾਡੇ ਲਈ ਪਵਿੱਤਰ ਗ੍ਰੰਥ ਹਨ, ਤੁਸੀ ਦਿਲੋਂ ਸਤਿਕਾਰਦੇ ਹੋ ਇਨ੍ਹਾਂ ਗ੍ਰੰਥਾਂ ਨੂੰ ਪਰ ਜ਼ਹਿਰੀਲੀ ਤੇ ਖੂਨੀ ਖੇਡ ਖੇਡਣ ਵਾਲਿਆਂ ਲਈ ਇਹ ਸਭ ਤੁਹਾਨੂੰ ਆਪਣੀ ਫਾਹੀ ਵਿੱਚ ਫਸਾਉਣ ਵਾਲੇ ਹਥਿਆਰ ਹਨ। ਇਸ ਹਥਿਆਰ ਰਾਹੀਂ ਉਹ ਤੁਹਾਨੂੰ ਖਿੰਡਾ ਕੇ ਵੋਟਾਂ ਇਕੱਠੀਆਂ ਕਰਦੇ ਹਨ ਤੇ ਸੱਤਾ ਵਿੱਚ ਆ ਕੇ ਤੁਹਾਨੂੰ ਮੰਗਤੇ ਬਣਨ ਲਈ ਮਜਬੂਰ ਕਰਦੇ ਹਨ। ਇਸ ਲਈ ਆਪਣੇ ਪਵਿੱਤਰ ਗ੍ਰੰਥਾਂ ਨੂੰ ਉਨ੍ਹਾਂ ਦੇ ਹਥਿਆਰ ਨਾ ਬਣਨ ਦਿਓ। ਜਦ ਵੀ ਕੋਈ ਸ਼ਰਾਰਤੀ ਅਨਸਰ ਫੜਿਆ ਜਾਂਦਾ ਹੈ ਤਾਂ ਉਸਦੀ ਖ਼ੁਦ ਕੁੱਟ-ਮਾਰ ਕਰਨ ਦੀ ਥਾਂ ਸੰਬੰਧਤ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਵਿਅਕਤੀਆਂ ਹਵਾਲੇ ਕਰੋ। ਭੜਕਾਹਟ ਵਿੱਚ ਆ ਕੇ ਕੋਈ ਅਜਿਹੀ ਹਰਕਤ ਨਾ ਕਰੋ ਕਿ ਉਲਟਾ ਤੁਸੀਂ ਹੀ ਕਾਨੂੰਨ ਦੇ ਲਪੇਟੇ ਵਿੱਚ ਆ ਜਾਓ! ਦਰਬਾਰ ਸਾਹਿਬ ਵਿੱਚ ਮਾਰਿਆ ਜਾਣ ਵਾਲਾ ਵਿਅਕਤੀ ਵੀ ਸਹੀ ਸਲਾਮਤ ਪ੍ਰਬੰਧਕਾਂ ਹਵਾਲੇ ਕੀਤਾ ਜਾ ਸਕਦਾ ਸੀ। ਇੱਥੋਂ ਤੱਕ ਕਿ ਵਾਰਦਾਤ ਤੋਂ ਪਹਿਲਾਂ ਹੀ ਕਾਬੂ ਕੀਤਾ ਜਾ ਸਕਦਾ ਸੀ ਪਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਅਜਿਹਾ ਕੀਤਾ ਨਹੀਂ …! ਕਿਉਂ, ਇਹ ਸੁਆਲ ਇਸ ਫੋਰਸ ਦੇ ਮੁਖੀ ਨੂੰ ਕੀਤਾ ਜਾਵੇ ਤਾਂ ਬਿਹਤਰ ਰਹੇਗਾ।

ਇਸ ਮੌਕੇ ਆਪਣੇ ਸਭਨਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਆਪਾਂ ਪੰਜਾਬ ਨੂੰ ਮੁੜ ਕਤਲਗਾਹ ਨਹੀਂ ਬਣਨ ਦੇਣਾ! ਆਪਣੇ ਆਪ ਨੂੰ ਕੇਵਲ ਇੱਕ ਵਿਅਕਤੀ ਨਹੀਂ ਸਗੋਂ ਪੰਜਾਬ ਹੀ ਸਮਝੋ ਤੇ ਹਰ ਪਲ ਆਪਣੇ ਆਪ ਨੂੰ ਕਹਿੰਦੇ ਰਹੋ, “ਜ਼ਰਾ ਸੰਭਲ਼ਕੇ ਪੰਜਾਬ ਸਿੰਹਾਂ ...! ਬਹੁਤ ਦੇਰ ਬਾਅਦ ਤੇਰਾ ਸ਼ਮਲਾ ਬੁਲੰਦ ਹੋਇਆ ਹੈ। ਆਪਣੀ ਪੱਗ ਦਾ ਖਿਆਲ ਰੱਖ, ਆਪਣੀ ਪੱਗ ਦੂਸਰੇ ਹੱਥ ਨਹੀਂ ਫੜਾਈਦੀ!”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3227)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author