“ਡੀਲੀਟ ਹੋਣ ਵਾਲਾ ਕੁਮੈਂਟ/ਅੱਪਡੇਟ/ਚੈਟਿੰਗ ... ਚੇਤਿਆਂ ’ਚ ਕਿੰਜ ਵਸੇਗਾ ਤੇ ਹਰਫ਼ਾਂ ਨੂੰ ਕਿੰਜ ਦੁੱਖ ਦੱਸੇਗਾ ...”
(ਦਸੰਬਰ 24, 2015)
1.
ਖ਼ਤ ਦੀ ਖ਼ੁਦਕੁਸ਼ੀ
ਖ਼ਤ ਦੀ ਖ਼ੁਦਕੁਸ਼ੀ ਦੀ ਖਬਰ
ਚੌਗਿਰਦੇ ਵਿਚ ਧੁਖ ਰਹੀ ਏ
ਖ਼ਤ
ਆਪੇ ਨੂੰ ਹਰਫ਼ਾਂ ’ਚ ਉਲਥਾਉਣਾ
ਅੰਤਰੀਵ ਨੂੰ ਸ਼ਬਦ-ਜੂਨੇ ਪਾਉਣਾ
ਅਰਥਾਂ ’ਚ ਸੁਖਦ-ਸੁਨੇਹਾ ਟਿਕਾਉਣਾ
’ਵਾਵਾਂ ਨੂੰ ਇਸਦੀ ਉਂਗਲ ਫੜਾਉਣਾ
ਤੇ ਇਸਨੂੰ ਪੜ੍ਹਦਿਆਂ ਪੜ੍ਹਦਿਆਂ
ਹਰਫ਼ ਹਰਫ਼ ਹੋ ਜਾਣਾ
ਖ਼ਤ
ਭਾਵਨਾਵਾਂ ਦੀ ਵਸੀਹ ਫ਼ਸੀਲ
ਮਾਸੂਮ ਚਾਵਾਂ ਦੀ ਕਲਾ-ਨਿਕਾਸ਼ੀ
ਪਿੰਡਾ ਤੜਪਾਉਂਦੇ ਕੋਸੇ ਸਾਹ
ਧੁੱਪ ਦਾ ਹੇਰਵਾ
ਕੰਧਾਂ ’ਤੇ ਉੱਗਦੀਆਂ ਲਕੀਰਾਂ ਦਾ ਰੁਦਨ
ਵੰਗਾਂ ਦਾ ਛਣਕਾਟਾ
ਰਾਤ ਦੀ ਖਾਮੋਸ਼ੀ
ਸੰਧੂਰੀ ਰੁੱਤ ’ਤੇ ਪੱਤਝੜ ਦੀ ਮਾਰ
ਤੇ ਸਮਿਆਂ ਦਾ ਬਿਰਤਾਂਤ
ਪਿੰਡੇ ’ਤੇ ਉਕਰਾਉਂਦੇ ਸਨ
ਕਈ ਵਾਰ ਖ਼ਤ
ਸੁਪਨਿਆਂ ਨੂੰ ਲੱਗੀ ਸੰਨ੍ਹ
ਪੀੜਤ ਮਨ
ਅਤੇ ਲੀਰਾਂ ਹੋਏ ਤਨ ਦਾ
ਮਾਤਮੀ ਸੁਨੇਹਾ ਵੀ ਬਣਦੇ ਸਨ
ਕਰਜ਼ੇ ਨੇ ਗਲ ’ਚ ਪਾਇਆ ਬਾਪ ਦਾ ਸ਼ਮਲਾ
ਧਰੇਕ ਬਣੀ ਭੈਣ ਦਾ ਫ਼ਿਕਰ
ਬੁੱਢੇ ਘਰ ਦੇ ਹਟਕੋਰੇ ਭਰਦੇ ਚਿਰਾਗ
ਮਾਂ ਦੀਆਂ ਉਦਾਸ ਅਸੀਸਾਂ
ਸਿਰ ’ਤੇ ਸੁੰਗੜਦੀ ਛੱਤ
ਵੀ ਤਾਂ ਖ਼ਤ ਹੀ ਬਣਦੇ ਸਨ
ਪਰ ਹੁਣ ਅਸੀਂ ਖ਼ਤ ਨਹੀਂ ਬਣਦੇ
ਸਗੋਂ
ਫੇਸਬੁੱਕ ’ਤੇ ਹਰ ਪਲ ਬਦਲਦੀ ਅੱਪਡੇਟ
ਟਵਿੱਟਰ ’ਤੇ ਪੇਤਲੀ ਪ੍ਰੀਕਿਰਿਆ
ਵੱਟਸਐਪ ’ਤੇ ਪਾਏ ਕੁਮੈਂਟ
ਦੋ ਹਰਫ਼ੀ ਈ-ਮੇਲ
ਜਾਂ ਯੈਸ-ਨੋ ’ਚ ਸਿਮਟੀ ਚੈਟਿੰਗ ਬਣ ਗਏ ਹਾਂ
ਖ਼ਤ ਤਾਂ ਅਤੀਤ ਹੋ ਕੇ ਵੀ
ਸ਼ਬਦ-ਸੰਵੇਦਨਾ ਸਾਂਭੀ ਰੱਖਦੇ ਨੇ
ਭਲਾ
ਪਲ ਕੁ ਬਾਅਦ
ਡੀਲੀਟ ਹੋਣ ਵਾਲਾ ਕੁਮੈਂਟ/ਅੱਪਡੇਟ/ਚੈਟਿੰਗ
ਚੇਤਿਆਂ ’ਚ ਕਿੰਜ ਵੱਸੇਗਾ
ਤੇ ਹਰਫ਼ਾਂ ਨੂੰ ਕਿੰਜ ਦੁੱਖ ਦੱਸੇਗਾ
ਜਦ
ਖ਼ਤ ’ਚ ਸਮੋਈ ਭਾਵਕਤਾ
ਬੀਤੇ ਦਾ ਤਸ਼ਬੀਹੀ ਵਰਨਣ
ਹਰਫ਼ ਦਰ ਹਰਫ਼ ਧੜਕਦਾ ਪਿਆਰ
ਤੇ ਖ਼ਤ ਪੜ੍ਹਨ ਦਾ ਵਿਸਮਾਦ
ਮਰਸੀਆ ਬਣ ਜਾਵੇ ਜਦੋਂ
ਤਾਂ
ਖ਼ਤ
ਕੁਝ ਅਣਕਿਆਸਿਆ ਕਰ ਹੀ ਜਾਂਦੇ ਨੇ
ਤੇ ਖੁਦਕੁਸ਼ੀ ਕਰ ਹੀ ਜਾਂਦੇ ਨੇ
**
2.
ਆਲ੍ਹਣੇ ਬੈਠੀ ਸਿਸਕੀ
ਤੀਲੇ ਸਮੇਟ
ਬੋਟਾਂ ਨੂੰ ਉਡਾਰੂ ਬਣਾ
ਆਲ੍ਹਣੇ ਦੀ ਵਿਸਮਾਦੀ ਲੋਰ
ਜਦ ਬੇਦਾਵਾ ਦੇ ਜਾਵੇ
ਫਿਰ ਤੋਂ ਤੀਲੇ ਇਕੱਠੇ ਕਰਦਿਆਂ
ਆਲ੍ਹਣਾ ਸਿਰਜਣ ਦਾ ਕਰਮ
ਨਿੱਤਨੇਮ ਬਣ ਜਾਵੇ ਤਾਂ
ਗੁੰਮਸੁੰਮ ਆਲ੍ਹਣਾ
ਸਿਸਕੀ ਬਣ ਜਾਂਦਾ
ਤੀਲਿਆਂ ਦੇ ਪਿੰਡੇ ’ਤੇ ਗ਼ਮ ਫੈਲਦਾ
ਆਲ੍ਹਣੇ ਦੀ ਕੁੱਖ ਸੰਤਾਪੀ ਜਾਂਦੀ
ਫ਼ਿਜ਼ਾ ’ਚ ਹਿਚਕੀ ਫੈਲਦੀ
ਅਤੇ
ਆਲ੍ਹਣੇ ’ਚ ਸੰਤੋਖੀਆਂ ਕਿੱਲਕਾਰੀਆਂ
ਰੁਦਨ ਕਰੇਂਦੀਆਂ
ਪ੍ਰਵਾਜ਼ ਭਰੇਂਦੇ ਬੋਟ
ਬਣ ਜਾਂਦੇ
ਅਦਬ ਦਾ ਬਰੇਤਾ
ਬੇਗ਼ਰਜ਼ੀ ਦਾ ਮਾਰੂਥਲ
ਬੇਸ਼ੁਕਰੀ ਦਾ ਗੁੰਗਾਪਣ
ਤੇ ਨਿੱਜ ਦਾ ਧੁਖਦਾ ਗੋਹੜਾ
ਉੱਚੇ ਅੰਬਰਾਂ ਦੀ
ਮਨ-ਨਿਆਈਂ ਬਣ ਜਾਂਦੀ ਰੱਕੜ
ਨਿੱਘ-ਨਿਉਂਦੇ ’ਚ ਉੱਤਰਦੀ ਸੁੰਨ
ਹਾਕ-ਹੁੰਗਾਰੇ ’ਚ ਉੱਗਦੀ ਖਾਮੋਸ਼ੀ
ਮਨ-ਮੱਥੇ ’ਚ ਪਨਪਦੀ ਕੋਫ਼ਤ
ਤੇ ਖ਼ੁਦ ਤੋਂ ਝਲਕਦੀ ਖ਼ੁਦੀ
ਆਲ੍ਹਣਾ ਤ੍ਰਭਕਦਾ
ਚਾਅ ਸੁੰਗੜਦੇ
ਤੇ ਆਸਾਂ ਝਰੀਟੀਆਂ ਜਾਂਦੀਆਂ
ਪਰ
ਆਲ੍ਹਣਾ ਧਰਮ ਪਾਲਣ ਤੋਂ
ਕੁਤਾਹੀ ਨਾ ਕਰੇ
ਉਸਦੀ ਸੋਚ ’ਚ ਹਮੇਸ਼ਾ
ਆਪਣਿਆਂ ਦਾ ਮੋਹ ਤਰੇ
ਅਤੇ ਦਿੱਤੀਆਂ ਦੁਆਵਾਂ ਸੰਗ
ਸਭ ਦੀ ਖਾਲੀ ਝੋਲ ਭਰੇ
ਆਲ੍ਹਣਾ
ਆਖਰੀ ਸਫ਼ਰਨਾਮਾ ਬਣ ਕੇ ਵੀ
ਕੰਬਦੇ ਹੱਥਾਂ ਨਾਲ
ਬੋਟਾਂ ਲਈ ਦੁਆ ਮੰਗਦਾ
ਆਲ੍ਹਣਾ
ਆਲ੍ਹਣਾ ਜੁ ਹੋਇਆ।
**
3.
ਚਾਨਣ-ਗੁਫ਼ਤਗੂ
ਨ੍ਹੇਰ-ਨਗਰੀ ’ਚ ਚਾਨਣ ਦੀ ਗੱਲ ਕਰੀਏ
ਜ਼ਿੰਦਗੀ ਦੀ ਤਲੀ ’ਤੇ ਅਲੂਆਂ ਸੁਪਨਾ ਧਰੀਏ
ਇੰਨੀ ਚੁੱਪ ਹੈ ਕਿ ਸਾਹ ਵੀ ਕਬਰਾਂ ਜਾਪਣ,
ਸੀਤੇ ਹੋਠਾਂ ਦੇ ਨਾਂ ਕੁਝ ਬਲਦੇ ਬੋਲ ਕਰੀਏ
ਘਰਾਂ ’ਚ ਕੈਦ ਸਾਇਆਂ ਦੀ ਬੰਦ-ਖਲਾਸੀ ਲਈ,
ਮੁੱਦਤਾਂ ਤੋਂ ਬੰਦ ਦਰਾਂ ਨੂੰ ਇਕ ਦਸਤਕ ਵਰੀਏ
ਹਰ ਰਾਤ ਹੀ ਕਿਉਂ ਮੱਸਿਆ ਬਣ ਜਾਂਦੀ ਏ,
ਟੁੱਟਿਆ ਤਾਰਾ ਹੀ ਇਸਦੀ ਕੁੱਖ ’ਚ ਧਰੀਏ
ਕਾਗਜ਼ ’ਤੇ ਫੈਲੇ ਹਰਫ਼ਾਂ ’ਚ ਮਾਤਮ ਹੀ ਗੁੰਜਦਾ,
ਕਦੇ ਤਾਂ ਅਰਥਾਂ ’ਚ ਮਾਸੂਮ ਗੁਟਕਣੀ ਭਰੀਏ
ਕਦੇ ਤਾਂ ਮਰ ਕੇ ਜਿਊਣ ਦਾ ਅਹਿਦ ਕਰੋ ਯਾਰੋ,
ਕਾਹਤੋਂ ਅਸੀਂ ਪਲ-ਪਲ ਜਿਉਂਦੇ ਹੀ ਮਰੀਏ
**
4.
ਧੁਖਦਾ ਗੋਹੜਾ
ਵਿਚ ਪ੍ਰਦੇਸੀਂ ਧੁੱਖਦਾ ਗੋਹੜਾ ਸਾਹਾਂ ਦਾ
ਸੀ ਸਿਰਲੇਖ ਜੋ ਚਾਨਣ ਦੇ ਦਰਿਆਵਾਂ ਦਾ
ਨੀਂਦਰ ਵਿਚ ਵੀ ਉਸਨੂੰ ਚੇਤਾ ਭੁੱਲਦਾ ਨਾ,
ਕਦੇ ਹੰਢਾਏ ਸਭ ਮੁਕੱਦਸ ਥਾਵਾਂ ਦਾ
ਪੌਣਾਂ ਹੱਥ ਸੁਨੇਹਾ ਵੀ ਨਾ ਘੱਲ ਸਕਿਆ
ਰਹੇ ਧੜਕਦਾ ਚੇਤਾ ਪਿੰਡ ਦੀਆਂ ਰਾਹਵਾਂ ਦਾ
ਮਨ ਦੀ ਬਸਤੀ ਚੁੱਪ ਦੇ ਬੋਲੀਂ ਜਿਉਂਦੀ ਏ
ਸੋਚਾਂ ਪੱਲੂ ਫੜਿਆ, ਉਦਾਸ ਫ਼ਿਜਾਵਾਂ ਦਾ
ਬੁੱਢੇ ਘਰ ਵਿਚ ਸੁੰਨੇਪਣ ਦਾ ਵਾਸਾ ਹੈ
ਬਣ ਨਾ ਹੋਇਆ ਸੁਪਨਾ, ਮਾਂ ਦੇ ਚਾਵਾਂ ਦਾ
ਸ਼ਬਦ-ਜ਼ਮੀਨ ’ਚ ਅਰਥਾਂ ਦੀ ਲੋਅ ਬੀਜਦਾ ਏ
ਨੂਰ ਜਿਹਾ ਇਕ ਚਾਨਣ ਬਜ਼ੁਰਗ-ਦੁਆਵਾਂ ਦਾ
ਮੈਂਨੂੰ ਭਾਵੇਂ ਪਿੰਡ ਤੂੰ ਮਨੋਂ ਵਿਸਾਰ ਦਈਂ
ਰੱਖੀਂ ਸਦਾ ਖਿਆਲ ਤੂੰ, ਭੈਣਾਂ-ਮਾਵਾਂ ਦਾ।
**
5.
ਅੰਬਰ ਜੂਹ
ਅੰਬਰ-ਜੂਹੇ ਚੋਂਦੀਆਂ, ਰਿਸ਼ਮਾਂ ਸੁਖਨ-ਸੁਨੇਹੇ
ਗਲ ਲੱਗ ਅੱਲ੍ਹੇ ਜਖਮਾਂ ਦੇ ਇਹ ਧਰਦੀਆਂ ਫੇਹੇ
ਤਾਰੇ ਕੱਠੇ ਬਹਿ ਕੇ ਪਾਉਂਦੇ ਚਾਨਣ-ਬਾਤਾਂ
ਧਰਤ ਵਿਹੜਿਉਂ ਹੂੰਝੀਏ ਕਿੰਝ ਕਾਲੀਆਂ ਰਾਤਾਂ
ਧਰਤ ਦੀ ਬੀਹੀ ਜਾ ਕੇ ਚਾਨਣੀ ਹੋਕਰਾ ਲਾਵੇ
ਕੋਈ ਕਿਰਨ-ਸੰਧਾਰਾ ਮੱਸਿਆ ਦੀ ਝੋਲੀ ਪਾਵੇ
ਵੇ ਅੰਬਰਾ ਸੂਰਜ ਕਤੇਂਦਿਆ, ਧਰਤੀ ਤਰਲੇ ਪਾਵੇ
ਨਿੱਘ-ਵਿਗੁੱਤੀ ਰੁੱਤ ਨਾ ਸਾਡੇ ਵਿਹੜਿਉਂ ਜਾਵੇ।
ਅੰਬਰ ਜੇਡ ਹੋਰ ਨਾ ਨਾ ਕਿਸੇ ਅੰਬਰ ਬਣਨਾ
ਹਰ ਬੀਹੀ ਵਿਚ ਚਾਨਣ ਦਾ ਚੰਦੋਆ ਤਣਨਾ
ਮਨਾਂ ਤੂੰ ਅੰਬਰ ਬਣਿਆ ਨਹੀਂ ਨਾ ਬਣਿਆ ਜਾਣਾ
ਭੁੱਲੀਂ ਕਦੇ ਨਾ ਸੋਚਾਂ ’ਚ, ਜਾਗ ਚੰਨ ਦਾ ਲਾਉਣਾ।
ਦੇਖੀਂ! ਇਕ ਦਿਨ ਤੂੰ ਫੈਲ ਕੇ ਅੰਬਰ ਬਣ ਜਾਣਾ
ਤੇ ਖ਼ੁਦ ਨੇ ਖ਼ੁਦੀ ਵਿਸਾਰ ਕੇ ਤਾਰਾ ਬਣ ਜਾਣਾ।
*****
(135)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)