“... ਮੈਨੂੰ ਕਿਧਰੇ ਵੀ ਉਹ ਕੱਚੀ ਕੰਧ ਅਤੇ ਠੰਢਾ ਬੁਰਜ ਦਿਖਾਈ ਨਹੀਂ ਦਿੰਦੇ ਜੋ ਮੈਂ 1975-77 ਵਿੱਚ ...”
(24 ਦਸੰਬਰ 2023)
ਇਸ ਸਮੇਂ ਪਾਠਕ: 395.
ਮੈਂ ਪਿਛਲੇ ਸਾਲ ਆਪਣੇ ਅਮਰੀਕਾ ਦੇ ਜੰਮਪਲ ਦੋਹਤੇ-ਦੋਹਤਰੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਗਿਆ। ਬੱਚਿਆਂ ਨੂੰ ਬਹੁਤ ਉਤਸੁਕਤਾ ਸੀ ਕੱਚੀ ਕੰਧ ਨੂੰ ਦੇਖਣ, ਉਸ ਨੂੰ ਸਪਰਸ਼ ਕਰਨ ਅਤੇ ਸਾਹਿਬਜ਼ਾਦਿਆਂ ਦੀ ਛੋਹ ਮਾਨਣ ਵਾਲੀ ਕੰਧ ਵਿੱਚੋਂ ਸਾਹਿਬਜ਼ਾਦਿਆਂ ਦੀ ਦੀਦਾ-ਦਲੇਰੀ, ਬੇਬਾਕੀ ਅਤੇ ਬਹਾਦਰੀ ਦੀ ਮਹਿਕ ਨੂੰ ਮਹਿਸੂਸ ਕਰਨ ਦੀ। ਉਨ੍ਹਾਂ ਨੇ ਪੜ੍ਹਿਆ ਸੀ ਕਿ ਇੰਨੀ ਛੋਟੀ ਉਮਰ ਵਿੱਚ ਵਕਤ ਦੀ ਹਕੂਮਤ ਸਾਹਵੇਂ ਇੰਝ ਵੀ ਡਟਿਆ ਜਾ ਸਕਦਾ ਅਤੇ ਹਾਕਮ ਦੀ ਕਮੀਨਗੀ ਅਤੇ ਕਰੂਰਤਾ ਦਾ ਹੱਸ ਕੇ ਮੁਕਾਬਲਾ ਕੀਤਾ ਜਾ ਸਕਦਾ।
ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦੇ ਹਾਂ ਤਾਂ ਮੈਨੂੰ ਕਿਧਰੇ ਵੀ ਉਹ ਕੱਚੀ ਕੰਧ ਅਤੇ ਠੰਢਾ ਬੁਰਜ ਦਿਖਾਈ ਨਹੀਂ ਦਿੰਦੇ ਜੋ ਮੈਂ 1975-77 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ’ਕੇਰਾਂ ਦੇਖੇ ਸਨ। ਸੇਵਾਦਾਰ ਨੂੰ ਕੰਧ ਬਾਰੇ ਪੁੱਛਦਾ ਹਾਂ ਤਾਂ ਉਹ ਸੰਗਮਰਮਰ ਦੀ ਕੰਧ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਇਹੀ ਹੈ ਉਹ ਕੰਧ। ਮਨ ਇਕਦਮ ਸਕਤੇ ਵਿੱਚ ਆ ਗਿਆ। ਚਿੱਤ ਬਹੁਤ ਉਦਾਸ ਹੋਇਆ। ਕੱਚੀ ਕੰਧ ਨੂੰ ਸੰਗਮਰਮਰ ਵਿੱਚ ਤਬਦੀਲ ਕਰਨ ਵਾਲਿਆਂ ਨੇ ਇੱਡਾ ਵੱਡਾ ਕਹਿਰ ਕਿਉਂ ਕਮਾਇਆ? ਕੀ ਇਤਿਹਾਸਕ ਮਾਣਮੱਤੀਆਂ ਨਿਸ਼ਾਨੀਆਂ ਨੂੰ ਇਉਂ ਮਲੀਆਮੇਟ ਕਰਕੇ ਨਵੀਂ ਪੀਹੜੀ ਨੂੰ ਆਪਣੇ ਵਿਰਸੇ ਤੋਂ ਦੂਰ ਕਰਨ ਦੀ ਕੋਈ ਚਾਲ ਹੈ? ਸਾਹਿਬਜ਼ਾਦਿਆਂ ਦੀ ਛੋਹ ਮਾਨਣ ਵਾਲੀਆਂ ਨਿੱਕੀਆਂ ਨਿੱਕੀਆਂ ਇੱਟਾਂ ਨੂੰ ਤਾਂ ਬੜਾ ਮਾਣ ਹੋਵੇਗਾ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਦਾ ਸਾਥ ਮਾਣਿਆ। ਪਰ ਅਸੀਂ ਉਨ੍ਹਾਂ ਦੀ ਵੇਦਨਾ ਤੋਂ ਕੋਰੇ ਪਤਾ ਨਹੀਂ ਉਹ ਇੱਟਾਂ ਕਿਹੜੇ ਖੂਹ-ਖਾਤੇ ਵਿੱਚ ਦੁਰਕਾਰ ਦਿੱਤੀਆਂ।
ਮੈਂਨੂੰ ਕਿਧਰੇ ਨਜ਼ਰ ਨਹੀਂ ਆਇਆ ਮਾਂ ਗੁਜਰੀ ਦਾ ਠੰਢਾ ਬੁਰਜ, ਜਿਸ ਵਿੱਚ ਮਾਂ ਗੁਜਰੀ ਨੇ ਆਪਣੇ ਪੋਤਰਿਆਂ ਨੂੰ ਬੁੱਕਲ ਵਿੱਚ ਲੈ ਕੇ ਪੋਹ-ਮਾਘ ਦੀਆਂ ਰਾਤਾਂ ਗੁਜ਼ਾਰੀਆਂ ਸਨ ਅਤੇ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਸੁਣਾਈਆਂ ਹੋਣਗੀਆਂ। ਠੰਢੇ ਬੁਰਜ ਦੀਆਂ ਕੰਧਾਂ ਨੇ ਜਿਹੜਾ ਸੰਵਾਦ ਮਾਤਾ ਗੁਜਰੀ ਨਾਲ ਰਚਾਇਆ ਅਤੇ ਸਾਹਿਬਾਜ਼ਾਦਿਆਂ ਦੀ ਦੀਦ ਆਪਣੇ ਨੈਣਾਂ ਵਿੱਚ ਧਰੀ ਸੀ। ਠੰਢੀਆਂ ਰਾਤਾਂ ਦੀਆਂ ਚਸ਼ਮਦੀਦ ਗਵਾਹ ਕੰਧਾਂ ਕਿੰਝ ਧਾਂਹਾਂ ਮਾਰ ਕੇ ਰੋਈਆਂ ਹੋਣਗੀਆਂ ਜਦੋਂ ਇਨ੍ਹਾਂ ਨੂੰ ਤੋੜਿਆ ਗਿਆ ਹੋਵੇਗਾ? ਸਾਹਿਬਾਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਛੋਹ ਤੋਂ ਮਹਿਰੂਮ ਹੋਣ ਦਾ ਦਰਦ ਕੰਧਾਂ ਦੀ ਹਿਚਕੀ ਬਣ ਕੇ ਫਤਹਿਗੜ੍ਹ ਸਾਹਿਬ ਦੇ ਚੌਗਿਰਦੇ ਵਿੱਚ ਹੁਣ ਵੀ ਸੁਣਿਆ ਜਾ ਸਕਦਾ ਹੈ। ਅਜੋਕੇ ਕਥਾ ਵਾਚਕ ਤਾਂ ਅਜਿਹੇ ਅਕ੍ਰਿਤਘਣ ਹੋ ਗਏ ਹਨ ਕਿ ਮਾਂ ਗੁਜਰੀ ਨੂੰ ਵੀ ਗੁਜ਼ਰ ਕੌਰ ਬਣਾ ਦਿੱਤਾ। ਕੀ ਇਹ ਇਤਿਹਾਸ ਨਾਲ ਛੇੜਛਾੜ ਤਾਂ ਨਹੀਂ? ਦਰਅਸਲ ਉਹੀ ਕੌਮਾਂ ਆਪਣੇ ਆਪ ’ਤੇ ਮਾਣ ਕਰਦੀਆਂ ਹਨ, ਜਿਹੜੀਆਂ ਆਪਣੇ ਇਤਿਹਾਸਕ ਧਰੋਹਰਾਂ ਨੂੰ ਸੰਭਾਲ ਕੇ ਰੱਖ ਸਕਦੀਆਂ ਹਨ, ਤਾਂ ਜੁ ਆਉਣ ਵਾਲੀਆਂ ਨਸਲਾਂ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਕੀ ਇਹ ਸਿੱਖ ਸੰਸਥਾਵਾਂ ਦਾ ਅਵੇਸਲਾਪਣ ਹੈ ਜਾਂ ਜਾਣ-ਬੁੱਝ ਕੇ ਸਿੱਖ ਇਤਿਹਾਸ ਨੂੰ ਮਿਟਾਉਣ ਦੀ ਕੋਈ ਸਾਜ਼ਿਸ਼?
ਜਦੋਂ ਇਸ ਜਗ੍ਹਾ ’ਤੇ ਬੀਤਿਆ ਹੋਇਆ ਘਟਨਾਕ੍ਰਮ ਮਨ ਵਿੱਚ ਖ਼ੌਰੂ ਪਾਉਣ ਲੱਗਾ, ਮੈਂ ਅੱਖਰਾਂ ਦੀ ਪਨਾਹ ਵਿੱਚ ਜਾ ਕੇ ਇਸਦੀਆਂ ਪਰਤਾਂ ਫਰੋਲਣ ਲੱਗ ਪਿਆ:
ਮੈਂ ਸੋਚਣ ਲੱਗਾ ਕਿ
ਉਹ ਕੇਹਾ ਵਕਤ ਹੋਵੇਗਾ
ਅਤੇ ਕਿੰਝ ਰੁਕ ਗਏ ਹੋਣਗੇ ਸਮੇਂ ਦੇ ਪਲ
ਜਦੋਂ ਚੜ੍ਹਦੀ ਕਲਾ ਵਿੱਚ ਦਾਦੀ ਨੇ
ਪੋਤਿਆਂ ਨਾਲ ਕੀਤੀ ਹੋਵੇਗੀ ਗੱਲ
ਕਿ ਬੱਚਿਓ
ਤੁਹਾਡੇ ਲਈ ਪਰਖ ਦੀ ਘੜੀ ਆਉਣੀ ਹੈ ਕੱਲ੍ਹ
ਜਿਸਨੇ ਦਿਖਾਉਣਾ ਹੈ ਸਿਰ ਉੱਚਾ ਕਰਕੇ ਜਿਊਣ ਦਾ ਵੱਲ।
ਭਲਾ!
ਕੀ ਹਾਲਾਤ ਹੋਵੇਗੀ ਮਾਂ ਗੁਜਰੀ ਦੇ ਮਨ ਦੀ
ਜਦੋਂ ਸੁਣਾਈ ਹੋਵੇਗੀ ਪਤੀ ਦੀ ਸ਼ਹਾਦਤ ਦੀ ਕਹਾਣੀ
ਨੈਣਾਂ ਵਿੱਚ ਸਿੰਮਿਆ ਤਾਂ ਹੋਵੇਗਾ ਰੋਹ ਦਾ ਪਾਣੀ
ਜਾਣਦਿਆਂ ਕਿ ਪੋਤਰੇ ਵੀ ਸਿਰਜਣਗੇ ਅਜਿਹੀ ਬੇਬਾਕ ਵਾਣੀ
ਕਿ ਆਉਣ ਵਾਲੇ ਵਕਤ ਕੋਲ ਤਾਂ ਸੁਣਾਈ ਵੀ ਨਹੀਂ ਜਾਣੀ।
ਪੇਸ਼ੀ ਵਾਲੇ ਦਿਨ
ਕਿੰਨੇ ਲਾਡਾਂ ਤੇ ਚਾਵਾਂ ਨਾਲ ਦਾਦੀ ਨੇ
ਪੋਤਰਿਆਂ ਨੂੰ ਕਚਹਿਰੀ ਵਿੱਚ ਜਾਣ ਲਈ ਕੀਤਾ ਹੋਵੇਗਾ ਤਿਆਰ
ਕਿਹੜੀਆਂ ਤਮੰਨਾਵਾਂ ਨਾਲ ਲਡਾਏ ਹੋਣਗੇ ਦੁਲਾਰ
ਮਨ ਹੀ ਮਨ ਆਏ ਹੋਣਗੇ ਲਾਡਲਿਆਂ ਦੀ ਸ਼ਹੀਦੀ ਦੇ ਵਿਚਾਰ
ਤੇ ਜਿਉਂਦੀ ਜੀਅ ਕੀਤੇ ਹੋਣਗੇ ਬੱਚਿਆਂ ਦੇ ਭਰਵੇਂ ਦੀਦਾਰ।
ਕਿੰਨੇ ਜਿਗਰੇ ਅਤੇ ਮਮਤਾਈ ਮੋਹ ਨਾਲ
ਸਾਹਿਬਜ਼ਾਦਿਆਂ ਨੂੰ ਬੁੱਕਲ ਵਿੱਚ ਲੈ
ਸ਼ਹਾਦਤ ਦੀ ਗੁੜ੍ਹਤੀ ਦੇ
ਅਤੇ ਸ਼ਹੀਦੀ ਗਾਨੇ ਬੰਨ੍ਹ ਕੇ
ਆਖ਼ਰੀ ਫਤਹਿ ਬੁਲਾਈ ਹੋਵੇਗੀ।
ਵਕਤ ਵੀ ਦਹਿਲ ਗਿਆ ਹੋਵੇਗਾ
ਇਸ ਪਲ ਨੂੰ ਦੇਖ ਕੇ
ਕਿ ਮਾਵਾਂ ਦੇ ਦਿਲ ਵੀ ਕਿੰਨੇ ਵੱਡੇ ਹੁੰਦੇ
ਕਿ
ਉਹ ਆਪਣੇ ਲਾਡਲਿਆਂ ਨੂੰ ਸ਼ਹੀਦ ਹੋਣ ਲਈ
ਇੰਜ ਵੀ ਹੱਥੀਂ ਤੋਰ ਸਕਦੀਆਂ?
ਸਿਰ ਉੱਚਾ ਕਰਕੇ ਤੁਰੇ ਜਾਂਦੇ
ਸਾਹਿਬਜ਼ਾਦਿਆਂ ਦੀ ਮਟਕਣੀ ਤੋਰ ਨਾਲ
ਲਰਜ਼ਾਈ ਤਾਂ ਹੋਵੇਗੀ ਧੂੜ
ਛੋਹ ਮਾਣਦੀ ਧਰਤ ਦਾ ਭਰਿਆ ਤਾਂ ਹੋਵੇਗਾ ਮਨ
ਕਿ
ਮੈਂ ਇਹ ਮਨਮੋਹਕ ਚਿਹਰੇ ਫਿਰ ਨਹੀਂ ਤੱਕਣੇ
ਪਰ
ਸਦੀਆਂ ਤੀਕ ਮੇਰੇ ਅੰਗ-ਸੰਗ ਰਹੇਗੀ ਪੈਰਾਂ ਦੀ ਛੋਹ
ਅਤੇ ਮੜਕਵੀਂ ਚਾਲ ਵਿਚਲਾ ਤਾਲ
ਜਿਹੜਾ ਬਣੇਗਾ ਵਕਤ ਦਾ ਸਦੀਵੀ ਖ਼ਿਆਲ
ਕਿ ਮੌਤ ਨੂੰ ਵਿਆਹੁਣ ਲਈ
ਸਾਹਿਬਜ਼ਾਦਿਆਂ ਨੂੰ ਕਿੰਨੀ ਸੀ ਕਾਹਲ?
ਬਾਲਾਂ ਨੂੰ ਲਈ ਜਾਂਦੇ ਸਿਪਾਹੀਆਂ ਨੂੰ ਵੀ
ਭਵਿੱਖਤ ਹੋਣੀ ਨੂੰ ਕਿਆਸ ਕੇ
ਆਪਣੇ ਬੱਚੇ ਜ਼ਰੂਰ ਚੇਤੇ ਆਏ ਹੋਣਗੇ
ਪਿਘਲੀ ਹੋਵੇਗੀ ਉਨ੍ਹਾਂ ਦੀ ਕਰੁਣਾ
ਅਤੇ ਚੁੱਪ ਪਸਰ ਹੋਵੇਗੀ ਉਨ੍ਹਾਂ ਦੇ ਮਨਾਂ ਵਿੱਚ।
ਦਰਬਾਰ ਵਿੱਚ ਦਾਖ਼ਲ ਹੋਣ ਵਕਤ
ਜਦੋਂ ਸਾਹਿਬਜ਼ਾਦੇ ਸਿਰ ਝੁਕਾਉਣ ਦੀ ਬਜਾਏ
ਪਹਿਲਾਂ ਪੈਰ ਧਰ ਅੰਦਰ ਦਾਖ਼ਲ ਹੋਏ ਹੋਣਗੇ
ਤਾਂ ਦਰਬਾਨ ਦੀ ਨਮੋਸ਼ੀ
ਦਰਵਾਜ਼ਿਆਂ ’ਤੇ ਉੱਕਰੀ
ਬਣੀ ਹੋਵੇਗੀ ਰਾਜ ਦਰਬਾਰ ਦੀ ਸ਼ਰਮਸਾਰੀ
ਉਨ੍ਹਾਂ ਦੇ ਚਿਹਰਿਆਂ ਦੇ ਨੂਰ ਨਾਲ
ਚੁੰਧਿਆ ਗਈ ਹੋਵੇਗੀ ਕੂੜ ਦੀ ਕਚਹਿਰੀ।
ਕੇਹਾ ਮੰਜ਼ਰ ਹੋਵੇਗਾ ਕਿ
ਸਾਹਿਬਜ਼ਾਦਿਆਂ ਦੀ ਦਲੇਰੀ ਸਾਹਵੇਂ
ਖੌਫ਼ਜ਼ਦਾ ਹੋ ਗਈ ਹੋਵੇਗੀ ਫ਼ਿਜ਼ਾ
ਕਾਜ਼ੀ ਨੇ ਵੀ ਸ਼ਰਮਸਾਰ ਕੀਤਾ ਹੋਵੇਗਾ ਆਪਣਾ ਅੱਲ੍ਹਾ
ਸ਼ੇਰ ਮੁਹੰਮਦ ਖਾਨ ਦਾ ਸੁਣ ਕੇ ਹਾਅ ਦਾ ਨਾਹਰਾ
ਰੋਇਆ ਤਾਂ ਹੋਵੇਗਾ ਅੰਬਰੀ ਪਸਾਰਾ
ਤੇ ਸੂਬਾ ਸਰਹਿੰਦ ਦੀ ਲਚਾਰਗੀ ਨੇ
ਹਾਕਮੀ ਹਾਰ ਨੂੰ ਛੁਪਾਉਣ ਲਈ
ਕਾਜ਼ੀ ਦੇ ਫਤਵੇ ਦਾ ਲੱਭਿਆ ਹੋਵੇਗਾ ਸਹਾਰਾ।
ਬੇਖੌਫ਼ ਸਾਹਿਬਜ਼ਾਦਿਆਂ ਦੀ ਸੁਣ ਕੇ ਲਲਕਾਰ
ਕੰਬਿਆ ਤਾਂ ਹੋਵੇਗਾ ਰਾਜ-ਦਰਬਾਰ
ਦਰਬਾਰੀਆਂ ਦੇ ਚਿਹਰੇ ਬਣੇ ਹੋਣਗੇ
ਵਕਤ ਦਾ ਤ੍ਰਿਸਕਾਰ
ਅੰਬਰ ਵਿੱਚ ਲਹਿਰਾਉਂਦੇ ਸ਼ਹਾਦਤੀ ਪ੍ਰਚਮ ਨੇ
ਸ਼ਾਹਿਬਜ਼ਾਦਿਆਂ ਦੀ ਬੁਲੰਦਗੀ ਨੂੰ ਕੀਤਾ ਹੋਵੇਗਾ ਸਲਾਮ
ਕਿ ਵਕਤ ਦੀ ਵਹੀ ’ਤੇ ਲਿਖੇ ਜਾਂਦੇ ਨੇ ਇੰਝ ਵੀ ਕੁਝ ਨਾਮ
ਜਿਨ੍ਹਾਂ ਦਾ ਸਦੀਆਂ ਤੀਕ ਰਹਿੰਦਾ ਏ ਇਹ ਪੈਗ਼ਾਮ
ਕਿ ਰੂਹਾਂ ਵਿੱਚ ਹੀ ਗੂੰਜਦਾ ਏ ਅਲਾਹੀ ਅਲਹਾਮ।
ਕੰਧਾਂ ਚਿਣ ਰਹੇ ਮਿਸਤਰੀਆਂ ਦੇ ਦਰਦ ‘ਚ
ਭਰੀ ਹੋਵੇਗੀ ਹਰ ਇੱਟ ਦੀ ਅੱਖ
ਮਜ਼ਦੂਰਾਂ ਦੇ ਗਲੇਡੂਆਂ ਨਾਲ ਬਣੀ ਘਾਣੀ ਨਾਲ
ਚਿਣੀ ਜਾ ਰਹੀ ਦੀਵਾਰ ਦਾ ਹਰ ਰਦਾ
ਬਣ ਰਿਹਾ ਹੋਵੇਗਾ ਇਤਿਹਾਸ ਦਾ ਸੁਰਖ ਪੰਨਾ
ਹੌਲੀ ਹੌਲੀ ਉੱਸਰਦੀਆਂ ਕੰਧਾਂ ਵੀ
ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਵਿੱਚ ਲੈ
ਹੋਈਆਂ ਹੋਣਗੀਆਂ ਸਦਾ ਲਈ ਪਾਕੀਜ਼।
ਜਦੋਂ ਵਾਪਰਿਆ ਹੋਵੇਗਾ ਇਹ ਅਣਕਿਹਾ ਕਹਿਰ
ਤਾਂ ਹਵਾ ਵਿੱਚ ਪਸਰੀ ਹੋਵੇਗੀ ਮਾਤਮੀ ਲਹਿਰ
ਅੰਬਰ ਵਿੱਚ ਚੜ੍ਹੀ ਹੋਵੇਗੀ ਲਾਲ ਗ਼ਹਿਰ
ਸੁੰਨ ਵਿੱਚ ਡੁੱਬਿਆ ਹੋਵੇਗਾ ਸਰਹਿੰਦ ਸ਼ਹਿਰ
ਅਤੇ ਰੋਹੀਲੇ ਜ਼ੈਕਾਰਿਆਂ ਵਿੱਚ ਸਹਿਮੀ ਫਿਜ਼ਾ ਨੂੰ
ਪਤਾ ਤਾਂ ਲੱਗ ਹੀ ਗਿਆ ਹੋਣਾ
ਕਿ ਜਜ਼ਬਾ, ਜ਼ਨੂਨ, ਜ਼ਾਂਬਾਜ਼ੀ ਤੇ ਸ਼ਹਾਦਤ
ਕਦੇ ਵੀ ਕੰਧਾਂ ਵਿੱਚ ਚਿਣੀ ਨਹੀਂ ਜਾਂਦੀ।
ਸੂਬਾ ਸਰਹਿੰਦ ਨੂੰ ਪਤਾ ਹੀ ਨਹੀਂ ਸੀ ਕਿ
ਸਿਰਫ਼ ਜਿਸਮ ਕਤਲ ਕੀਤੇ ਜਾ ਸਕਦੇ
ਪਰ ਵਿਚਾਰ ਤਾਂ ਹੋਰ ਵੀ ਜ਼ਰਖੇਜ਼ ਹੋ ਜਾਂਦੇ
ਅਤੇ ਇਹੀ ਜ਼ਰਖੇਜਤਾ ਕਾਰਨ ਹੀ
ਸਿੱਖੀ ਦੇ ਬੀਜ ਸਦੀਆਂ ਤੀਕ
ਉਸ ਕਤਲਗਾਹ ਵਿੱਚੋਂ ਉੱਗਦੇ ਰਹਿਣਗੇ
ਕੰਧ ’ਚੋਂ ਉੱਠੀ ਨਿਰਭੈਤਾ ਦੀ ਗੂੰਜ
ਵਕਤ ਨੂੰ ਥਰਥਰਾਉਂਦੀ ਰਹੇਗੀ
ਤੇ ਹਰੇਕ ਮਨ-ਮਸਤਕ ’ਤੇ
ਸਿੱਖੀ-ਬੀਰਤਾ ਦਾ ਜਾਗ ਲਾਉਂਦੀ ਰਹੇਗੀ।
ਸਾਹਿਬਜ਼ਾਦਿਆਂ ਦੇ ਕਤਲ ਤੋਂ ਬਾਅਦ
ਸੂਬੇ ਦਾ ਜ਼ਾਲਮਾਨਾ ਹੰਕਾਰ ਬੋਲਿਆ ਤਾਂ ਹੋਣਾ
ਕਿ
ਦੇਖਦਾ ਹਾਂ ਹੁਣ
ਕੌਣ ਲਾਸ਼ਾਂ ਨੂੰ ਚੁੱਕਣ ਦਾ ਹੀਆ ਕਰੇਗਾ
ਅਤੇ ਕਿਹੜਾ ਬਾ-ਅਦਬ ਸਸਕਾਰ ਕਰੇਗਾ?
ਸ਼ਾਇਦ ਉਹ ਭੁੱਲ ਹੀ ਗਿਆ ਹੋਣਾ
ਕਿ ਜਿਹੜਾ ਸਿੱਖ ਗੁਰੂ ਦੇ ਧੜ ਦੇ ਸਸਕਾਰ ਲਈ
ਘਰ ਵਿੱਚ ਸਿਵਾ ਬਾਲ ਸਕਦਾ
ਤੇ ਸੀਸ ਨੂੰ ਦਿਲੀਓਂ ਲਿਆ
ਆਨੰਦਪੁਰ ਵਿੱਚ ਦੂਸਰਾ ਸਿਵਾ ਸੇਕ ਸਕਦਾ
ਉਹ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀਆਂ ਦੇਹਾਂ ਦੀ
ਬੇਅਦਬੀ ਹਰਗਿਜ਼ ਨਹੀਂ ਹੋਣ ਦੇਣਗੇ।
ਜਦੋਂ ਤੀਕ ਦੀਵਾਨ ਟੋਡਰ ਮੱਲ ਵਰਗੇ ਜਿਉਂਦੇ ਨੇ
ਸਸਕਾਰ ਲਈ ਸਭ ਕੁਝ ਨਿਸ਼ਾਵਰ ਕੀਤਾ ਜਾ ਸਕਦਾ।
ਉਹ ਧਰਤ ਕਿੰਨੀ ਹੁਲਾਸੀ ਗਈ ਹੋਵੇਗੀ
ਜਦੋਂ ਉਸਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ
ਆਪਣੀ ਹਿੱਕ ਨਾਲ ਲਾਇਆ ਹੋਵੇਗਾ
ਉਨ੍ਹਾਂ ਦੀ ਪਾਕੀਜ਼ ਛੋਹ ਵਿੱਚ ਲੀਨ ਹੋ
ਮਾਣਮੱਤੀ ਮਿੱਟੀ ਹੋਣ ਦਾ ਸ਼ਰਫ਼
ਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਦਾ ਮਾਣ
ਹਾਸਲ ਕੀਤਾ ਹੋਵੇਗਾ।
ਉਸ ਵਕਤ
ਲਾਸ਼ਾਂ ਨੂੰ ਮਿੱਟੀ ਜਦੋਂ ਮਿਲੀ,
ਤਾਂ ਧਾਹਾਂ ਮਾਰ ਕੇ ਰੋਈ।
ਆਪਣੇ ਕਣ ਕਣ ਦੇ ਵਿੱਚ,
ਨਿੱਕਿਆਂ ਦੀ ਛੋਹ ਸਮੋਈ।
ਲਾਲਾਂ ਤੇ ਮਾਂ ਗੁਜਰੀ ਨੂੰ ਮਿਲ ਕੇ,
ਮਿੱਟੀ ਧੰਨ ਧੰਨ ਹੋਈ।
ਇਸ ਮਿੱਟੀ ਦਾ ਮੁਕਾਮ
ਸਾਰੇ ਤੀਰਥਾਂ ਤੋਂ ਉੱਚਾ।
ਇਸਦੇ ਦਰਾਂ ਵਿੱਚ ਕੀਤਾ ਸੱਜਦਾ
ਹੈ ਸੁੱਚਿਉਂ ਵੀ ਸੁੱਚਾ।
ਇਸਦੇ ਦਰਸ਼ਨ ਕੀਤਿਆਂ,
ਪੈਂਦੀ ਮਨਾਂ ਵਿੱਚ ਖ਼ੋਹ।
ਮੰਜ਼ਰ ਚੇਤੇ ਕੀਤਿਆਂ,
ਨੈਣੀਂ ਵਗਦੇ ਖ਼ਾਰੇ ਚੋਅ।
ਇਸ ਘਟਨਾ ਨੇ ਮਿੱਟੀ ਨੂੰ ਕੇਹਾ ਵਰਸੋਇਆ
ਕਿ ਜਿਸ ਨੂੰ ਨੱਤਮਸਤਕ ਹੋਣ ਲਈ
ਲੋਕਾਂ ਨੇ ਸਦੀਆਂ ਤੀਕ
ਘੱਤ ਵਹੀਰਾਂ ਆਉਂਦੇ ਰਹਿਣਾ
ਮਿੱਟੀ ਦੇ ਗੁਣ ਗਾਉਂਦੇ ਰਹਿਣਾ
ਅਤੇ ਦੀਵਾਨ ਟੋਡਰ ਮੱਲ ਦਾ ਜੱਸ ਗਾਉਣਾ
ਅਜਿਹੀਆਂ ਹੀ ਕੁਝ ਮਿੱਟੀਆਂ
ਇੰਝ ਹੀ ਅਮਰ ਹੋ ਜਾਂਦੀਆਂ
ਜਿਨ੍ਹਾਂ ਦੇ ਦੀਦਿਆਂ ਵਿੱਚ
ਬੀਤਿਆ ਮੰਜ਼ਰ ਸਦਾ ਦ੍ਰਿਸ਼ਟਮਾਨ ਰਹਿੰਦਾ।
ਤੇ ਮੈਂ ਆਪਣੇ ਬੱਚਿਆਂ ਨਾਲ ਫਤਹਿਗੜ੍ਹ ਸਾਹਿਬ ਤੋਂ ਮੁੜਦਿਆਂ ਸਾਰੇ ਰਾਹ ਚੁੱਪ-ਚਾਪ ਹੀ ਰਿਹਾ ਕਿਉਂਕਿ ਮੈਂ ਵਿਵੇਕ ਬੁੱਧ ਵਾਲੇ ਬੱਚਿਆਂ ਦੇ ਉਨ੍ਹਾਂ ਪ੍ਰਸ਼ਨਾਂ ਦਾ ਜਵਾਬ ਨਹੀਂ ਦੇ ਸਕਦਾ ਸੀ ਕਿ ਕਿੱਥੇ ਸੀ ਉਹ ਕੱਚੀ ਕੰਧ ਅਤੇ ਠੰਢਾ ਬੁਰਜ ਜਿਸਦੀਆਂ ਤੁਸੀਂ ਅਕਸਰ ਹੀ ਬਾਤਾਂ ਪਾਉਂਦੇ ਹੁੰਦੇ ਸੀ। ਕੀ ਅਸੀਂ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਅਤੇ ਸਾਬਿਬਜ਼ਾਦਿਆਂ ਨੂੰ ਦੁੱਧ ਪਿਆਵਣ ਵਾਲੇ ਮੋਤੀ ਮਹਿਰਾ ਦਾ ਘਰ ਮੂਲ ਰੂਪ ਵਿੱਚ ਸੰਭਾਲ ਸਕੇ ਹਾਂ, ਜਿਹਨਾਂ ਦਾ ਅਹਿਸਾਨ ਸਿੱਖ ਸਾਰੀ ਉਮਰ ਨਹੀਂ ਚੁੱਕਾ ਸਕਦੇ? ਜੇ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਜਵਾਬ ਬਾਰੇ ਕੁਝ ਦਾ ਪਤਾ ਹੋਵੇ ਤਾਂ ਮੈਂਨੂੰ ਜ਼ਰੂਰ ਦੱਸਣਾ ਤਾਂ ਕਿ ਮੈਂ ਆਪਣੀ ਨਵੀਂ ਪੀਹੜੀ ਨੂੰ ਇਸ ਬਾਰੇ ਦੱਸ ਸਕਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4567)
(ਸਰੋਕਾਰ ਨਾਲ ਸੰਪਰਕ ਲਈ: (