“ਦਰਅਸਲ ਇਹ ਕਿਤਾਬ ਸਿਰਫ਼ ਸਿੱਖ-ਸ਼ਖ਼ਸੀਅਤਾਂ ਦੀਆਂ ਜੀਵਨੀਆਂ ਹੀ ਸਾਡੇ ਸਨਮੁੱਖ ਨਹੀਂ ਕਰਦੀ ਸਗੋਂ ...”
(24 ਮਈ 2024)
ਇਸ ਸਮੇਂ ਪਾਠਕ: 505.
‘ਜਿਨ ਮਿਲਿਆਂ ਰੂਹ ਰੋਸ਼ਨ ਹੋਵੇ’, ਸ. ਪੂਰਨ ਸਿੰਘ ਪਾਂਧੀ ਜੀ ਦੀ 13ਵੀਂ ਕਿਤਾਬ ਹੈ ਜੋ ਰੌਸ਼ਨ ਰੂਹਾਂ ਦੇ ਦਰਸ਼ਨ ਕਰਵਾਉਂਦੀ ਹੈ, ਉਨ੍ਹਾਂ ਦੀਆਂ ਜ਼ਿੰਦਗੀਆਂ ਦੀਆਂ ਬਾਰੀਕ ਪਰਤਾਂ ਫਰੋਲਦੀ, ਉਨ੍ਹਾਂ ਦੇ ਜੀਵਨ ਬਿਰਤਾਂਤ ਰਾਹੀਂ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਦਾ ਬਿਰਤਾਂਤ ਸਿਰਜਦੀ ਹੈ। ਇਨ੍ਹਾਂ ਧਾਰਮਿਕ ਹਸਤੀਆਂ ਨੇ ਆਪਣੇ ਸਮੇਂ ਵਿੱਚ ਗੁਰਮਤਿ ਗਿਆਨ, ਗੁਰਬਾਣੀ ਕੀਰਤਨ, ਸੰਗੀਤ, ਗੁਰਮਤਿ ਦੀ ਵਿਆਖਿਆ ਅਤੇ ਗੁਰਮਤੀ ਚੇਤਨਾ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਹੁਣ ਵੀ ਪਾ ਰਹੀਆਂ ਹਨ।
ਸ. ਪੂਰਨ ਸਿੰਘ ਪਾਂਧੀ ਜੀ ਆਪ ਗੁਰਬਾਣੀ ਦੇ ਬਹੁਤ ਵੱਡੇ ਗਿਆਤਾ, ਸੰਗੀਤ ਦੀਆਂ ਸੁਰਾਂ ਨੂੰ ਸਮਝਣ ਵਾਲੇ, ਕਹਾਣੀ ਲੇਖਕ, ਕਵੀ ਅਤੇ ਵਾਰਤਕ ਲੇਖਕ ਹਨ। ਉਹ ਬਹੁਤ ਹੀ ਨਿਮਰ, ਸਹਿਜ, ਸੂਖਮ, ਸੰਵੇਦਨਸ਼ੀਲ, ਸੰਖੇਪ ਅਤੇ ਸਹਿਜਭਾਵੀ ਹਨ। ਉਨ੍ਹਾਂ ਦੇ ਬੋਲਾਂ ਵਿਚਲੀ ਮਿਠਾਸ, ਠਰ੍ਹੰਮਾ ਅਤੇ ਸ਼ਾਂਤ-ਚਿੱਤ ਬਹੁਤ ਕੁਝ ਮਿਲਣ ਵਾਲੇ ਦੀ ਝੋਲੀ ਪਾਉਂਦਾ ਹੈ ਅਤੇ ਤੁਸੀਂ ਸਰਸ਼ਾਰ ਹੋਏ, ਉਨ੍ਹਾਂ ਦੀ ਸ਼ਖਸੀਅਤ ਤੋਂ ਮੁਤਾਸਰ ਹੋਣੋਂ ਨਹੀਂ ਰਹਿ ਸਕਦੇ।
ਉਨ੍ਹਾਂ ਦੀ ਵਾਰਤਕ ਵਿੱਚ ਸ਼ਬਦ ਰੰਗਾਂ ਵਿੱਚ ਰੰਗੇ, ਵਰਕਿਆਂ ’ਤੇ ਫੈਲਦੇ, ਸੰਗੀਤ ਪੈਦਾ ਕਰਦੇ, ਮਹਿਕਾਂ ਦਾ ਛੱਟਾ ਵੀ ਦਿੰਦੇ ਅਤੇ ਸਪਤ-ਸੁਰਾਂ ਵਾਂਗ ਵਰਕਿਆਂ ਤੇ ਫੈਲ ਕੇ ਸੰਗੀਤਕ ਵਿਸਮਾਦ ਵੀ ਪੈਦਾ ਕਰਦੇ ਹਨ। ਪਾਂਧੀ ਜੀ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ ਤਾਂ ਹੀ ਉਹ ਸ਼ਖ਼ਸੀ ਬਿੰਬ ਸਿਰਜਣ ਵੇਲੇ, ਸੰਗੀਤ ਦੀਆਂ ਬਾਰੀਕੀਆਂ ਦੀ ਬਾਤ ਪਾਉਣ ਵੇਲੇ ਜਾਂ ਉਨ੍ਹਾਂ ਦੀ ਰਹਿਬਰੀ ਵਿੱਚ ਮਾਣੇ ਹੋਏ ਪਲਾਂ ਨੂੰ ਵਿਸਥਾਰ ਦੇਣ ਵਿੱਚ ਅਲੰਕਾਰਾਂ ਅਤੇ ਸ਼ਬਦਾਂ ਦਾ ਸੰਕੋਚ ਨਹੀਂ ਕਰਦੇ।
ਇਸ ਜੀਵਨੀ-ਸੰਗ੍ਰਹਿ ਵਿੱਚ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਸੰਤ ਸਿੰਘ ਮਸਕੀਨ, ਸੰਤ ਸੁਜਾਨ ਸਿੰਘ ਜੀ, ਗਿਆਨੀ ਦਿੱਤ ਸਿੰਘ, ਸੰਤ ਚੰਦਾ ਸਿੰਘ, ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਗਿਆਨੀ ਸ਼ੇਰ ਸਿੰਘ ਅਤੇ ਵੀਰ ਭੁਪਿੰਦਰ ਸਿੰਘ ਬਾਰੇ ਕਮਾਲ ਦੀ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਚੁੰਬਕੀ ਸ਼ਖਸੀਅਤਾਂ ਦੇ ਦਰਸ਼ਨ-ਦੀਦਾਰੇ ਹੁੰਦੇ ਹਨ। ਇਹ ਵੀ ਪਤਾ ਲਗਦਾ ਕਿ ਅਜਿਹੀਆਂ ਸ਼ਖ਼ਸੀਅਤਾਂ ਇੱਕ ਦਿਨ ਵਿੱਚ ਨਹੀਂ ਸਿਰਜੀਆਂ ਜਾਂਦੀਆਂ ਸਗੋਂ ਇਹ ਬਹੁਤ ਜ਼ਿਆਦਾ ਤਪ, ਸਾਧਨਾਂ, ਸਿਰੜ ਅਤੇ ਪ੍ਰਤੀਬੱਧਤਾ ਵਿੱਚੋਂ ਪੈਦਾ ਹੁੰਦੀਆਂ ਹਨ ਜੋ ਸਮਾਜ ਅਤੇ ਕੌਮ ਲਈ ਮਾਣ ਬਣਦੀਆਂ ਹਨ। ਇਨ੍ਹਾਂ ਦਾ ਯੋਗਦਾਨ ਸਮਿਆਂ ਦਾ ਸਭ ਤੋਂ ਵੱਡਾ ਹਾਸਲ ਅਤੇ ਵਕਤ ਉਨ੍ਹਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਿੰਦਾ ਹੈ।
ਇਸ ਪੁਸਤਕ ਨੂੰ ਪੜ੍ਹਦਿਆਂ ਕਈ ਪਰਤਾਂ ਪਾਠਕ ਦੇ ਸਨਮੁੱਖ ਖੁੱਲ੍ਹਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਖ਼ਸੀਅਤਾਂ ਮੋਗਾ/ਮਾਲਵਾ ਖੇਤਰ ਵਿਚਲੇ ਭਿੰਡਰਾਂ ਜਥੇ ਨਾਲ ਸੰਬੰਧਿਤ ਹਨ, ਜਿਨ੍ਹਾਂ ਨਾਲ ਪਾਂਧੀ ਜੀ ਦੇ ਨਿੱਜੀ ਸੰਬੰਧ ਰਹੇ ਹਨ। ਪਾਂਧੀ ਜੀ ਨੇ ਉਨ੍ਹਾਂ ਦੀ ਸੰਗਤ ਵਿੱਚ ਗੁਰਬਾਣੀ ਨੂੰ ਰੂਹ ਵਿੱਚ ਰਮਾਇਆ ਹੈ ਅਤੇ ਗੁਰਮਤਿ ਸੰਗੀਤ ਦੇ ਸੁਰੀਲੇਪਣ ਨੂੰ ਜੀਵਨ ਦਾ ਅੰਗ ਬਣਾਇਆ ਹੈ। ਇਨ੍ਹਾਂ ਵਿੱਚੋਂ ਦੋ ਮਾਣਮੱਤੀਆਂ ਸ਼ਖ਼ਸੀਅਤਾਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਦੀ ਪਦਵੀ ਦਾ ਮਾਣ ਵੀ ਬਣੀਆਂ।
ਇਸ ਪੁਸਤਕ ਵਿੱਚ ਭਿੰਡਰਾਂ ਜਥੇ ਤੋਂ ਸ਼ੁਰੂ ਹੋ ਕੇ ਦਮਦਮੀ ਟਕਸਾਲ ਵਰਗੀ ਵੱਡੀ ਧਾਰਮਿਕ ਸੰਸਥਾ ਤੀਕ ਬਣਨ ਦਾ ਇਤਿਹਾਸ ਵੀ ਅਤੇ ਇਸਦੇ ਯੋਗਦਾਨ ਦਾ ਵਰਣਨ ਵੀ ਹੈ। ਮੋਗੇ ਦੇ ਆਲ਼ੇ ਦੁਆਲੇ ਸਥਾਪਤ ਗੁਰਮਤਿ ਸੰਸਥਾਵਾਂ ਵੱਲੋਂ ਗੁਰਮਤਿ ਸੰਗੀਤ ਵਿੱਚ ਪਾਏ ਯੋਗਦਾਨ ਦੀ ਚਰਚਾ ਵੀ ਹੈ। ਗੁਰਬਾਣੀ ਗਾਇਣ ਸ਼ੈਲੀਆਂ ਵਿੱਚ ਆਏ ਬਦਲਾਅ ਦਾ ਜ਼ਿਕਰ ਹੈ। ਪਾਂਧੀ ਜੀ ਨੂੰ ਇਹ ਦੁੱਖ ਹੈ ਕਿ ਗੁਰਮਤਿ ਸੰਗੀਤ ਤੋਂ ਕੋਰੇ ਕੁਝ ਕੁ ਕੀਰਤਨੀਆਂ ਵੱਲੋਂ, ਗੁਰਬਾਣੀ ਦੇ ਵਿਸਮਾਦੀ ਸੰਗੀਤ ਅਤੇ ਰਾਗਾਂ ਨੂੰ ਵਿਸਾਰਨ ਕਾਰਨ, ਉਹ ਗੁਰਬਾਣੀ ਕੀਰਤਨ ਵਿੱਚ ਆਏ ਹੋਏ ਨਿਘਾਰ ਲਈ ਜ਼ਿੰਮੇਵਾਰ ਹਨ।
ਕਿਤਾਬ ਇਹ ਵੀ ਦੱਸਦੀ ਹੈ ਕਿ ਕਿਵੇਂ ਸਮੇਂ ਨਾਲ ਗੁਰਬਾਣੀ ਦਾ ਕਥਾ-ਪ੍ਰਵਾਹ ਬਦਲਿਆ। ਗਿਆਨੀ ਸੰਤ ਸਿੰਘ ਮਸਕੀਨ ਨੇ ਕਥਾਵਾਚਕਾਂ ਦੀ ਪਰਿਭਾਸ਼ਾ ਨੂੰ ਬਦਲਿਆ ਭਾਵੇਂ ਇਹ ਉਨ੍ਹਾਂ ਦੀ ਦਿੱਖ ਹੋਵੇ, ਵੱਖੋ-ਵੱਖੋ ਧਰਮਾਂ ਦੀਆਂ ਉਦਾਹਰਣਾਂ ਰਾਹੀਂ ਗੁਰਮਤਿ ਗਿਆਨ ਦਾ ਪ੍ਰਕਾਸ਼ ਫੈਲਾਉਣਾ ਹੋਵੇ ਜਾਂ ਆਪਣੇ ਅੰਦਾਜ਼ ਨਾਲ ਸੰਗਤ ਨੂੰ ਮੰਤਰ ਮੁਗਧ ਕਰਨਾ ਹੋਵੇ। ਇਹ ਸਿਰਫ਼ ਗਿਆਨੀ ਸੰਤ ਸਿੰਘ ਮਸਕੀਨ ਵਰਗੇ ਮਹਾਨ ਕਥਾਕਾਰ ਹੀ ਕਰ ਸਕਦੇ ਸਨ। ਇੱਕ ਪ੍ਰਵਚਨਾਂ ਦਾ ਸਰੂਪ ਵੀਰ ਭੁਪਿੰਦਰ ਸਿੰਘ ਨੇ ਵੀ ਬਦਲਿਆ ਹੈ ਕਿ ਕਿਵੇਂ ਉੱਚ-ਦਰਜੇ ਦੀ ਵਿੱਦਿਆ ਪ੍ਰਾਪਤ ਕਰਕੇ, ਕੋਈ ਸੰਗੀਤ, ਸਾਇੰਸ, ਫ਼ਿਲਾਸਫ਼ੀ ਅਤੇ ਅਜੋਕੇ ਸੰਸਾਰਕ ਸਰੋਕਾਰਾਂ ਤੇ ਵਿਧੀਆਂ ਰਾਹੀਂ ਗੁਰਬਾਣੀ ਦਾ ਸੰਦੇਸ਼ ਫੈਲਾਉਣ ਲਈ ਵੱਖੋ-ਵੱਖਰੀਆਂ ਭਾਸ਼ਾਵਾਂ ਵੀ ਬਾਖ਼ੂਬੀ ਵਰਤੀਆਂ ਜਾ ਸਕਦੀਆਂ ਹਨ। ਉਹ ਆਪਣੇ ਆਧੁਨਿਕ ਰੂਪ ਵਿੱਚ ਰਹਿੰਦਿਆਂ, ਧਾਰਮਿਕ ਦਾਰਸ਼ਨਿਕਤਾ ਨੂੰ ਆਪਣੇ ਰੰਗ ਵਿੱਚ ਰੰਗਦਿਆਂ, ਇਸਦੇ ਮੂਲ ਸੰਦੇਸ਼ ਨੂੰ ਕਦੇ ਬੋਲਾਂ ਵਿੱਚੋਂ ਉਹਲੇ ਨਹੀਂ ਕਰਦਾ।
ਦਰਅਸਲ ਇਹ ਕਿਤਾਬ ਸਿਰਫ਼ ਸਿੱਖ-ਸ਼ਖ਼ਸੀਅਤਾਂ ਦੀਆਂ ਜੀਵਨੀਆਂ ਹੀ ਸਾਡੇ ਸਨਮੁੱਖ ਨਹੀਂ ਕਰਦੀ ਸਗੋਂ ਇਹ ਸਾਡੇ ਬੀਤੇ ਨੂੰ ਸਾਡੇ ਸਨਮੁੱਖ ਵੀ ਕਰਦੀ ਹੈ। ਭਾਵੇਂ ਇਹ ਸਾਡੇ ਪੁਰਾਣੇ ਪਿੰਡਾਂ ਦੀ ਤਸਵੀਰ ਹੋਵੇ, ਬਜ਼ੁਰਗ ਬਾਬਿਆਂ ਦੇ ਚੇਤੇ ਨੂੰ ਨਵਿਆਉਣਾ ਹੋਵੇ, ਮਾਲਵੇ ਵਿੱਚ ਡੇਰਿਆਂ ਦਾ ਵੱਡੀ ਗਿਣਤੀ ਵਿੱਚ ਉਗਮਣਾ ਹੋਵੇ, ਸੰਤਾਂ ਵੱਲੋਂ ਬਾਣੀ ਦੀ ਸੰਥਿਆ ਦੇਣਾ, ਗੁਰਮੁਖੀ ਸਿਖਾਉਣੀ, ਬਾਣੀ ਪੜ੍ਹਨ ਦੀਆਂ ਤਰਕੀਬਾਂ ਨੂੰ ਮਨਾਂ ਵਿੱਚ ਵਸਾਉਣਾ ਹੋਵੇ। ਪਰ ਅਚੇਤ ਰੂਪ ਵਿੱਚ ਇਨ੍ਹਾਂ ਵੱਲੋਂ ਬੱਚਿਆਂ ਨਾਲ ਕੀਤੀ ਜ਼ਿਆਦਤੀ ਦਾ ਜ਼ਿਕਰ ਕਰਨੋਂ ਸੰਵੇਦਨਸ਼ੀਲ ਪਾਂਧੀ ਜੀ ਦੀ ਕਲਮ ਨਹੀਂ ਰਹਿ ਸਕੀ, ਜੋ ਬੱਚਿਆਂ ਦੀ ਮਾਨਸਿਕਤਾ ਨੂੰ ਸਦਾ ਲਈ ਪ੍ਰਭਾਵਿਤ ਕਰਦੀ ਹੈ ਅਤੇ ਬੱਚੇ ਮਾਨਸਿਕ ਆਸਾਵਾਂਪਣ ਦੇ ਰੋਗੀ ਹੋ ਜਾਂਦੇ ਹਨ।
ਇਹ ਕਿਤਾਬ ਸਿੱਖ ਧਰਮ ਨੂੰ ਦਰਪੇਸ਼ ਚੁਨੌਤੀਆਂ ਅਤੇ ਵਿਸੰਗਤੀਆਂ ਦਾ ਜ਼ਿਕਰ ਕਰਨ ਲੱਗਿਆਂ, ਆਪਣੀ ਕਲਮੀ ਜ਼ਿੰਮੇਵਾਰੀ ਦੀ ਕੁਤਾਹੀ ਨਹੀਂ ਕਰਦੀ। ਇਸ ਵਿੱਚ ਸਿੰਘ ਸਾਹਿਬਾਨ ਵੱਲੋਂ ਜਾਰੀ ਇਕਪਾਸੜ ਹੁਕਮਨਾਮਿਆਂ ਅਤੇ ਇਨ੍ਹਾਂ ਦੇ ਵਿਰੋਧ ਦਾ ਜ਼ਿਕਰ ਵੀ ਹੈ। ਜਥੇਦਾਰ ਦੀ ਨਿਯੁਕਤੀ ਵਿੱਚ ਆਏ ਨਿਘਾਰ ਦਾ ਫ਼ਿਕਰ ਵੀ ਅਤੇ ਕਈ ਹਿੱਸਿਆਂ ਵਿੱਚ ਵੰਡੀ ਸਿੱਖ ਕੌਮ ਦੀ ਚਿੰਤਾ ਵੀ ਹੈ। ਜਦੋਂ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਕਿਰਪਾਲ ਸਿੰਘ ਇਹ ਬਿਆਨ ਦਿੰਦੇ ਹਨ ਕਿ “ਕੋਠਾ ਸਾਹਿਬ ਠੀਕਠਾਕ ਹੈ”; ਤਾਂ ਇਸ ਠੀਕਠਾਕ ਵਿੱਚ ਅਚੇਤ ਹੀ ਉਹ ਕੁਝ ਵੀ ਸ਼ਾਮਲ ਹੈ ਜੋ ਠੀਕਠਾਕ ਨਹੀਂ ਸੀ। ਇਸੇ ਤਰ੍ਹਾਂ ਇਸ ਪੁਸਤਕ ਵਿੱਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਅਪਰੇਸ਼ਨ ਬਲੂ ਸਟਾਰ ਦੌਰਾਨ ਪਰਿਵਾਰ ਸਮੇਤ ਸਹੇ ਤਸ਼ੱਦਦ ਦਾ ਜ਼ਿਕਰ ਵੀ ਹੈ ਜੋ ਵੇਦਾਂਤੀ ਜੀ ਹੀ ਨਹੀਂ ਸਗੋਂ ਜ਼ਿਆਦਾਤਰ ਸਿੱਖਾਂ ਨੇ ਇਸ ਤੋਂ ਵੀ ਜ਼ਿਆਦਾ ਕਰੂਰ ਰੂਪ ਵਿੱਚ ਹੰਢਾਇਆ। ਪਰ ਸਿੱਖ ਕੌਮ ਦਾ ਕੇਹਾ ਦੁਖਾਂਤ ਹੈ! ਕਿ ਅਜਿਹੇ ਤਸ਼ੱਦਦਾਂ ਤੋਂ ਬਾਅਦ ਵੀ ਕੌਮ ਦੇ ਹੱਥ ਕੁਝ ਨਹੀਂ ਆਇਆ ਕਿਉਂਕਿ ਵਿਕਾਊ ਲੀਡਰ ਤਾਂ ਕੌਮਾਂ ਵੀ ਵੇਚ ਜਾਂਦੇ ਨੇ।
ਇਸ ਕਿਤਾਬ ਦੇ ਅੰਤ ਵਿੱਚ ਦਿੱਤੀਆਂ ਇਨ੍ਹਾਂ ਸ਼ਖਸੀਅਤ ਦੀਆਂ ਤਸਵੀਰਾਂ ਰਾਹੀਂ ਪਾਠਕ ਇਨ੍ਹਾਂ ਦੇ ਦਰਸ਼ਨਾਂ ਵਿੱਚੋਂ ਇਨ੍ਹਾਂ ਦੇ ਅੰਤਰੀਵ ਨੂੰ ਹੋਰ ਨੇੜਿਉਂ ਜਾਣ ਸਕੇਗਾ।
ਰੂਹ-ਭਿੱਜੀਆਂ ਜੀਵਨੀਆਂ ਵਿੱਚ ਉਦੇ ਹੁੰਦੀਆਂ ਰੌਸ਼ਨ ਕਿਰਨਾਂ ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਸੰਗੀਤ, ਬਾਣੀ ਦੀ ਕਥਾ, ਇਤਿਹਾਸ, ਮਿਥਿਹਾਸ, ਮਰਯਾਦਾਵਾਂ ਅਤੇ ਵੱਖ-ਵੱਖ ਟਕਸਾਲਾਂ ਤੇ ਡੇਰਿਆਂ ਬਾਰੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉੱਥੇ ਇਹ ਕਿਤਾਬ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਦੇ ਨਾਮ ਕਰਨ ਦਾ ਸੁਯੋਗ ਉਪਰਾਲਾ ਵੀ ਹੈ। ਪਾਂਧੀ ਜੀ ਵਿਅਕਤੀ ਵਿਸ਼ੇਸ਼ ਦਾ ਜਲੌ ਵਿਅਕਤੀਤਵ, ਕੀਰਤਨ ਅਦਾ, ਕਥਾ-ਅੰਦਾਜ਼, ਸੇਵਾ-ਭਾਵਨਾ ਜਾਂ ਸਮਾਜਿਕ ਸਰੋਕਾਰਾਂ ਨੂੰ ਚਿਤਰਨ ਵਿੱਚ ਕਮਾਲ ਕਰਦਾ ਹੈ।
ਪਾਂਧੀ ਜੀ ਦੀ ਕਲਮ ਨੂੰ ਸਲਾਮ। ਆਸ ਹੈ ਕਿ ਇਹ ਕਿਤਾਬ ਪੰਜਾਬੀ ਪਾਠਕਾਂ ਦੀ ਰੂਹਾਨੀ ਭੁੱਖ ਨੂੰ ਪੂਰਨ ਵਿੱਚ ਨਿੱਗਰ ਯੋਗਦਾਨ ਪਾਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4994)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)