“ਜੇ ਤਾਂ ਸਾਇੰਸ ਪੜ੍ਹਨੀ ਏਂ ਤਾਂ ਠੀਕ ਆ, ਵਰਨਾ ਚੁੱਕ ਆਪਣਾ ਬੈਗ ’ਤੇ ਚੱਲ ਕੇ ਆਪਣੇ ਬਾਪ ਨਾਲ ਵਾਹੀ ਕਰਵਾ ...”
(10 ਜੁਲਾਈ 2024)
ਇਸ ਸਮੇਂ ਪਾਠਕ: 475.
ਜੂਨ 1971 ਦੀ ਤਿੱਖੜ ਦੁਪਹਿਰ। ਕਣਕ ਦੇ ਵੱਢ ਵਿੱਚ ਰੂੜI ਪਾਉਣ ਦਾ ਸਮਾਂ। ਬਾਪ ਨਾਲ ਗੱਡੇ ’ਤੇ ਰੂੜ੍ਹੀ ਪਵਾ ਰਿਹਾ ਸਾਂ ਤਾਂ ਮੇਰੇ ਜਮਾਤੀ ਨੇ ਆ ਕੇ ਦੱਸਿਆ ਕਿ ਮੈਂ ਤਾਂ ਪ੍ਰੈੱਪ ਵਿੱਚੋਂ ਪਾਸ ਹੋ ਗਿਆ ਹਾਂ ਪਰ ਤੂੰ ਫੇਲ੍ਹ ਹੋ ਗਿਆ ਏਂ।
ਦਰਅਸਲ ਦਸਵੀਂ ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਣ ’ਤੇ ਨਵੇਂ ਐੱਮ ਏ ਪਾਸ ਗਵਾਂਢੀ ਸ. ਜਰਨੈਲ ਸਿੰਘ ਭੰਡਾਲ ਨੇ ਸਾਨੂੰ ਪੱਤੀ ਦੇ ਤਿੰਨ ਜਮਾਤੀਆਂ, ਬਲਵੰਤ ਸਿੰਘ, ਰਣਜੀਤ ਸਿੰਘ ਤੇ ਮੈਂਨੂੰ ਰਣਧੀਰ ਕਾਲਜ, ਕਪੂਰਥਲਾ ਵਿੱਚ ਨਾਨ-ਮੈਡੀਕਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸਦਾ ਸੋਚਣਾ ਸੀ ਕਿ ਸਾਇੰਸ ਪੜ੍ਹਕੇ, ਚੰਗੀਆਂ ਵਿੱਦਿਅਕ ਪ੍ਰਾਪਤੀਆਂ ਨਾਲ ਇਹ ਚੰਗਾ ਭਵਿੱਖ ਉਸਾਰ ਤੇ ਮਾਣ ਸਕਣਗੇ।
ਪਿੰਡ ਦੇ ਜਵਾਕਾਂ ਦਾ ਨਵਾਂ ਨਵਾਂ ਕਾਲਜ ਵਿੱਚ ਦਾਖਲ ਹੋਣਾ ਤੇ ਨਵੇਂ ਮਾਹੌਲ ਨੂੰ ਦੇਖ ਕੇ ਅਚੰਭਤ ਹੋਣਾ ਜ਼ਰੂਰੀ ਸੀ। ਪੜ੍ਹਨ ਦਾ ਚਾਅ ਤਾਂ ਸੀ ਪਰ ਸਾਇੰਸ ਦੀ ਸਮੁੱਚੀ ਪੜ੍ਹਾਈ ਅੰਗਰੇਜ਼ੀ ਮੀਡੀਅਮ ਵਿੱਚ ਹੋਣ ਕਾਰਨ ਸਾਡੇ ਕੁਝ ਵੀ ਸਮਝ ਨਾ ਆਉਂਦਾ ਅਤੇ ਕੋਰੇ ਹੀ ਕਾਲਜ ਤੋਂ ਪਰਤ ਆਉਂਦੇ। ਪੜ੍ਹਾਈ ਦਾ ਫਿਕਰ ਕਰਨ ਦੀ ਬਜਾਏ ਅਸੀਂ ਸਾਇੰਸ ਦੀ ਪੜ੍ਹਾਈ ਤੋਂ ਬਚਣ ਦੀ ਤਰਕੀਬਾਂ ਸੋਚਣ ਲੱਗ ਪਏ। ਮਨ ਵਿੱਚ ਆਉਂਦਾ ਕਿ ਆਰਟਸ ਪੜ੍ਹਨ ਵਾਲੇ ਕਿੰਨੀ ਬੇਫ਼ਿਕਰੀ ਅਤੇ ਅਨੰਦ ਨਾਲ ਕਾਲਜੀੲਟ ਬਣਕੇ ਮੌਜਾਂ ਲੁੱਟਦੇ ਹਨ। ਦਰਅਸਲ ਮਨ ਜਦੋਂ ਢੇਰੀ ਢਾਹ ਲਵੇ ਤੇ ਬਚਾ ਵਿੱਚ ਆ ਜਾਵੇ ਤਾਂ ਚੁਣੌਤੀ ਦਾ ਮੁਕਾਬਲਾ ਕਰਨ ਦੀ ਬਿਰਤੀ ਹੀ ਮਰ ਜਾਂਦੀ ਹੈ, ਫਿਰ ਪੱਲੇ ਵਿੱਚ ਬਹਾਨੇ ਹੀ ਹੁੰਦੇ ਹਨ। ਅਜਿਹਾ ਕੁਝ ਹੀ ਸਾਡੇ ਨਾਲ ਹੋਇਆ ਅਤੇ ਕਿਸੇ ਨੂੰ ਦੱਸੇ ਬਗੈਰ ਅਸੀਂ ਤਿੰਨਾਂ ਨੇ ਹੀ ਸਾਇੰਸ ਛੱਡ ਕੇ ਆਰਟਸ ਦੇ ਮਜ਼ਬੂਨ ਪੜ੍ਹਣੇ ਸ਼ੁਰੂ ਕਰ ਦਿੱਤੇ। ਮਾਪੇ ਕੋਰੇ ਅਣਪੜ੍ਹ ਸਨ। ਉਹਨਾਂ ਵਾਸਤੇ ਵਿਸ਼ਿਆਂ ਦਾ ਕੋਈ ਮਤਲਬ ਹੀ ਨਹੀਂ ਸੀ। ਉਹ ਤਾਂ ਇਸ ਗੱਲੋਂ ਹੀ ਖੁਸ਼ ਸਨ ਕਿ ਸਾਡੇ ਬੱਚੇ ਕਾਲਜ ਵਿੱਚ ਪੜ੍ਹਦੇ ਹਨ।
ਪੰਦਰਾਂ ਕੁ ਦਿਨ ਆਟਰਟਸ ਪੜ੍ਹਦਿਆਂ ਹੋ ਗਏ ਤਾਂ ਮੇਰੇ ਮਾਮਾ ਜੀ, ਹੈਡਮਾਸਟਰ ਪਿਆਰਾ ਸਿੰਘ ਖੇੜਾ ਮੇਰੀ ਪੜ੍ਹਾਈ ਬਾਰੇ ਜਾਨਣ ਲਈ ਕਾਲਜ ਆ ਗਏ। ਉਹਨਾਂ ਨੇ ਕਾਲਜ ਦੇ ਕਲਰਕ ਹੀਰਾ ਲਾਲ ਰਾਹੀਂ ਮੈਂਨੂੰ ਕਲਾਜ ਕੰਨਟੀਨ ਵਿੱਚ ਲੱਭ ਲਿਆ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਸਾਇੰਸ ਛੱਡ ਕੇ ਆਰਟਸ ਦੇ ਮਜ਼ਮੂਨ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ ਤਾਂ ਉਹਨਾਂ ਦੀ ਪਹਿਲੀ ਪ੍ਰਤੀਕਰਮ ਰੂਪੀ ਚੇਤਵਾਨੀ ਸੀ, “ਜੇ ਤਾਂ ਸਾਇੰਸ ਪੜ੍ਹਨੀ ਏਂ ਤਾਂ ਠੀਕ ਆ, ਵਰਨਾ ਚੁੱਕ ਆਪਣਾ ਬੈਗ ’ਤੇ ਚੱਲ ਕੇ ਆਪਣੇ ਬਾਪ ਨਾਲ ਵਾਹੀ ਕਰਵਾ।”
ਵੱਡਿਆਂ ਨੂੰ ਜਵਾਬ ਦੇਣ ਤਾਂ ਮਤਲਬ ਹੀ ਨਹੀਂ ਸੀ ਅਤੇ ਮੈਂ ਮੁੜ ਕੇ ਸਾਇੰਸ ਪੜ੍ਹਨ ਦੀ ਹਾਮੀ ਭਰ ਦਿੱਤੀ, ਜਦੋਂ ਕਿ ਕਲਾਸਾਂ ਲੱਗਦੀਆਂ ਨੂੰ ਮਹੀਨਾ ਕੁ ਹੋ ਚੁੱਕਾ ਸੀ। ਮੈਂ ਤਾਂ ਸਾਇੰਸ ਦੀਆਂ ਪੁਸਤਕਾਂ ਵਾਪਸ ਕਰਕੇ ਆਰਟਸ ਦੀਆਂ ਲੈ ਲਈਆਂ ਸਨ ਤੇ ਆਪਣਾ ਰੋਲ ਨੰਬਰ ਵੀ ਬਦਲ ਲਿਆ ਸੀ। ਮਾਨਸਿਕ ਦੁਚਿੱਤੀ ਅਤੇ ਮਜ਼ਮੂਨ ਦੀ ਅਦਲਾ-ਬਦਲੀ ਵਿੱਚ ਹੀ ਮਹੀਨੇ ਤੋਂ ਜ਼ਿਆਦਾ ਸਮਾਂ ਲੰਘ ਗਿਆ। ਫਿਰ ਉਹੀ ਅੰਗਰੇਜ਼ੀ ਮੀਡੀਅਮ, ਔਖੀ ਪੜ੍ਹਾਈ ਅਤੇ ਪਹਿਲੀਆਂ ਕਲਾਸਾਂ ਮਿਸ ਹੋਣ ਕਾਰਨ ਅਗਲੇਰੇ ਚੈੱਪਟਰਾਂ ਦਾ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਤੇ ਸਲਾਨਾ ਇਮਤਿਹਾਨ ਵਿੱਚ ਮੈਂ ਪ੍ਰੈੱਪ ਵਿੱਚੋਂ ਫੈਲ੍ਹ ਹੋ ਗਿਆ।
ਜਦੋਂ ਰੂੜੀ ਪਾਉਂਦਿਆਂ ਬਾਪ ਨੂੰ ਫੇਲ੍ਹ ਹੋਣ ਦਾ ਪਤਾ ਲੱਗਾ ਤਾਂ ਉਹ ਬਹੁਤ ਉਦਾਸ ਹੋ ਗਏ। ਉਹਨਾਂ ਦੀਆਂ ਅੱਖਾਂ ਵਿੱਚ ਆਈ ਨਮੀ ਵਿੱਚੋਂ ਉਹਨਾਂ ਵੱਲੋਂ ਸਿਰਜੇ ਹੋਏ ਸੁਪਨੇ ਦੇ ਤਿੜਕਣ ਨੂੰ ਮੈਂ ਮਹਿਸੂਸ ਕੀਤਾ ਅਤੇ ਸ਼ਰਮਿੰਦੇ ਹੋ ਕੇ ਨੀਵੀਂ ਪਾ ਲਈ। ਦੁੱਖ ਹੋਇਆ ਕਿ ਬਾਪ ਦੀ ਮਿਹਨਤ ਅਤੇ ਉਹਨਾਂ ਦੀਆਂ ਆਸ਼ਾਵਾਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਮੈਂ ਹੀ ਕਸੂਰਵਾਰ ਹਾਂ। ਪਰ ਬਾਪ ਨੇ ਹੌਸਲਾ ਦਿੰਦਿਆਂ ਕਿਹਾ, “ਕੋਈ ਨਾ, ਹੁਣ ਹੋਰ ਮਿਹਨਤ ਕਰੀਂ, ਅਗਲੇ ਸਾਲ ਆਪੇ ਹੀ ਪਾਸ ਹੋ ਜਾਵੇਂਗਾ।”
ਉਸ ਪਲ ਮੈਂ ਮਨ ਵਿੱਚ ਬਾਪ ਦੀਆਂ ਅੱਖਾਂ ਵਿੱਚ ਜੰਮ ਚੁੱਕੇ ਅੱਥਰੂਆਂ ਦੀ ਕਸਮ ਖਾਧੀ ਕਿ ਹੁਣ ਬਾਪ ਦੇ ਦੀਦਿਆਂ ਵਿੱਚ ਨਿਰਾਸ਼ਾ ਦੇ ਨਹੀਂ, ਸਗੋਂ ਖੁਸ਼ੀ ਦੇ ਹੰਝੂ ਦੇਖਣ ਲਈ ਖੁਦ ਨੂੰ ਅਰਪਿਤ ਕਰਾਂਗਾ। ਇਹ ਮੂਕ ਪਰ ਪੱਕਾ ਵਾਅਦਾ ਸੀ, ਆਪਣੇ ਆਪ ਨਾਲ, ਆਪਣੇ ਅੰਤਰੀਵ ਨਾਲ ਅਤੇ ਸਧਾਰਨ ਬਾਪ ਦੇ ਮਾਣ ਨੂੰ ਕਾਇਮ ਰੱਖਣ ਦਾ। ਸੋਚਿਆ, ਇਹਨਾਂ ਬੇਸ਼ਕੀਮਤੀ ਪਰ ਜੰਮੇ ਹੰਝੂਆਂ ਦਾ ਮੁੱਲ ਮੋੜ ਕੇ ਹੀ ਸਾਹ ਲਵਾਂਗਾ।
ਦਰਅਸਲ ਮੇਰਾ ਫੇਲ੍ਹ ਹੋਣਾ ਹੀ ਮੈਂਨੂੰ ਮੇਰੀਆਂ ਕੰਮਜ਼ੋਰੀਆਂ ਦੇ ਰੂਬਰੂ ਕਰਕੇ ਇਹਨਾਂ ਨੂੰ ਤਾਕਤ ਬਣਾਉਣ ਦਾ ਵੱਲ ਸਿਖਾ ਗਿਆ। ਪਹਿਲੀ ਮੁਸ਼ਕਿਲ ਸੀ ਅੰਗਰੇਜ਼ੀ ਮੀਡੀਅਮ। ਪਹਿਲਾਂ ਪਹਿਲ ਪਿੰਡਾਂ ਦੇ ਪੜ੍ਹਿਆਂ ਨੂੰ ਸ਼ਹਿਰਾਂ ਵਿੱਚ ਪੜ੍ਹਿਆਂ ਨਾਲੋਂ ਅੰਗਰੇਜ਼ੀ ਸਮਝਣੀ ਤੇ ਬੋਲਣੀ ਔਖੀ ਲਗਦੀ ਹੈ। ਇਸ ਔਕੜ ਤੋਂ ਰਾਹਤ ਪਾਉਣ ਲਈ ਮੈਂ ਇੱਕ ਦਿਨ ਪਹਿਲਾਂ ਹੀ ਉਹਨਾਂ ਚੈੱਪਟਰਾਂ ਨੂੰ ਘਰ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਹੜੇ ਅਗਲੇ ਦਿਨ ਪ੍ਰੋਫੈਸਰ ਨੇ ਪੜ੍ਹਾਉਣੇ ਹੁੰਦੇ ਸਨ। ਇਸ ਨਾਲ ਮੈਂਨੂੰ ਸਾਇੰਸ ਸਮਝਣ ਵਿੱਚ ਅਸਾਨੀ ਹੋ ਗਈ। ਤਾਂ ਹੀ ਮੈਂ ਆਪਣੇ ਅਧਿਆਪਨ ਦੌਰਾਨ, ਨਵੇਂ ਵਿਦਿਆਰਥੀਆਂ ਲਈ, ਪਹਿਲੇ ਕੁਝ ਦਿਨ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਫਿਜ਼ਿਕਸ ਪੜ੍ਹਾਉਣ ਦੀ ਆਦਤ ਬਣਾ ਲਈ। ਇਸ ਨਾਲ ਪਿੰਡ ਤੋਂ ਦਸਵੀਂ ਕਰਕੇ ਆਇਆਂ ਲਈ ਸਾਇੰਸ ਨੂੰ ਸਮਝਣਾ ਬਹੁਤ ਆਸਾਨ ਹੋ ਜਾਂਦਾ ਸੀ।
ਸਾਇੰਸ ਦੀਆਂ ਕਲਾਸਾਂ ਵਿੱਚ ਪਿੰਡਾਂ ਦੇ ਬੱਚੇ ਘੱਟ ਹੁੰਦੇ ਸਨ ਜਦੋਂ ਕਿ ਸ਼ਹਿਰਾਂ ਦੇ ਚੰਗੇ ਸਕੂਲਾਂ ਤੋਂ ਪੜ੍ਹ ਕੇ ਆਏ ਬੱਚੇ ਹੁੰਦੇ ਸਨ। ਸ਼ਹਿਰੀ ਵਿਦਿਆਰਥੀਆਂ (ਕੁਝ ਕੁ ਪ੍ਰੋਫੈਸਰਾਂ) ਦੀ ਇਹ ਬਿਰਤੀ ਹੁੰਦੀ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਘੱਟ ਅਹਿਮੀਅਤ ਦਿੱਤੀ ਜਾਵੇ ਅਤੇ ਉਹ ਸਾਇੰਸ ਹੀ ਛੱਡ ਜਾਣ। ਫੇਲ੍ਹ ਹੋਣ ਦੀ ਹੀਣ-ਭਾਵਨਾ ਵਿੱਚੋਂ ਉੱਭਰਨ ਲਈ ਮੈਂ ਪੜ੍ਹਾਈ ਵੱਲ ਪੂਰਨ ਅਰਪਿਤ ਹੋ ਗਿਆ ਅਤੇ ਕੁਝ ਚੰਗੇਰਾ ਕਰ ਗੁਜ਼ਰਨ ਦੀ ਤਮੰਨਾ ਹਰ ਵੇਲੇ ਮਨ ਵਿੱਚ ਤਾਰੀ ਰਹਿੰਦੀ। ਚੰਗੇ ਨੰਬਰ ਆਉਣ ਨਾਲ ਅਧਿਆਪਕਾਂ ਦੀਆਂ ਨਜ਼ਰਾਂ ਵਿੱਚ ਵੀ ਚੰਗਾ ਵਿਦਿਆਰਥੀ ਸਮਝਿਆ ਜਾਣ ਲੱਗਾ। ਮੈਂ ਅਧਿਆਪਨ ਦੌਰਾਨ ਦੇਖਿਆ ਕਿ ਪਿੰਡਾਂ ਦੇ ਬੱਚੇ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੇ, ਜ਼ਰਾ ਕੁ ਪ੍ਰੇਰਨਾ ਨਾਲ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਨੇ। ਮੇਰਾ ਇੱਕ ਵਿਦਿਆਰਥੀ ਅਮਨਪ੍ਰੀਤ ਸਿੰਘ ਨਵਾਂ ਨਵਾਂ ਪ੍ਰੈੱਪ ਵਿੱਚ ਦਾਖਲ ਹੋਇਆ। ਸਾਥੀਆਂ ਨੇ ਪੁੱਛਿਆ ਕਿ ਉਸਨੇ ਕੀ ਬਣਨਾ ਹੈ? ਉਸਨੇ ਕਿਹਾ ਕਿ ਮੈਂ ਸੀ.ਐੱਮ.ਓ ਬਣਨਾ ਹੈ। ਮਖ਼ੌਲ ਵਜੋਂ ਜਮਾਤੀਆਂ ਵਿੱਚ ਉਸਦਾ ਨਾਮ ਹੀ ਸੀ.ਐੱਮ.ਓ ਮਸ਼ਹੂਰ ਹੋ ਗਿਆ ਅਤੇ ਹਰੇਕ ਇਸ ਨਾਮ ਨਾਲ ਬੁਲਾ ਕੇ ਉਸਦੀ ਖਿੱਲੀ ਉਡਾਉਂਦਾ। ਪਰ ਉਸਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਹ ਹੁਣ ਉੱਚਕੋਟੀ ਦਾ ਡਾਕਟਰ ਹੈ ਅਤੇ ਉਸਦਾ ਭਰਾ ਵੀ ਡਾਕਟਰ ਹੈ। ਅੱਜ ਕੱਲ੍ਹ ਸੁਲਤਾਨਪੁਰ ਲੋਧੀ ਵਿੱਚ ਉਸਦਾ ਆਪਣਾ ਹਸਪਤਾਲ ਹੈ।
ਕਾਲਜ ਵਿੱਚ ਆਰਟਸ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਨੂੰ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ। ਅਕਸਰ ਹੀ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾਕੂ, ਕਿਤਾਬੀ ਕੀੜੇ, ਮੋਟੀਆਂ ਐਨਕਾਂ ਵਾਲੇ ਜਾਂ ਹੋਰ ਅਜਿਹੇ ਨਾਂਵਾਂ ਨਾਲ ਪੁਕਾਰ ਨੇ ਉਹਨਾਂ ਦਾ ਮੌਜੂ ਉਡਾਇਆ ਜਾਂਦਾ। ਇਸ ਤੋਂ ਬਚਣ ਲਈ ਮੈਂ ਹੁਣ ਖੁਦ ਨੂੰ ਅਜਿਹੇ ਸਾਥੀਆਂ ਤੋਂ ਦੂਰ ਰਹਿਣ ਅਤੇ ਸਾਇੰਸ ਦੇ ਜਮਾਤੀਆਂ ਨਾਲ ਸਾਂਝ ਪੈਦਾ ਕਰਨ ਅਤੇ ਇੱਕ ਦੂਜੇ ਕੋਲੋਂ ਸਿੱਖਣ ਅਤੇ ਸਿਖਾਉਣ ਦੀ ਬਿਰਤੀ ਬਣਾ ਲਈ। ਇਸ ਨਾਲ ਬਾਹਰੋਂ ਮਿਲਣ ਵਾਲੇ ਨਕਾਰਾਤਮਿਕ ਵਿਚਾਰ ਅਤੇ ਹੀਣ ਭਾਵਨਾਵਾਂ ਨਾਲ ਭਰੀਆਂ ਗੱਲਾਂ ਤੋਂ ਕਿਨਾਰਾਕਸ਼ੀ ਹੋ ਗਈ। ਮੈਂ ਆਪਣੇ ਟੀਚੇ ਪ੍ਰਤੀ ਹੋਰ ਸਮਰਪਿਤ ਹੋ ਗਿਆ ਅਤੇ ਸਿਰਫ਼ ਪੜ੍ਹਾਈ ਹੀ ਇੱਕੋ ਇੱਕ ਜ਼ਿੰਦਗੀ ਦਾ ਲਕਸ਼ ਬਣ ਗਿਆ।
ਅੱਜ ਜਦੋਂ ਮੈਂ ਪਿਛਲਝਾਤੀ ਮਾਰਦਾ ਹਾਂ ਤਾਂ ਪ੍ਰੋਫੈਸਰਾਂ ਦਾ ਇੱਕ ਵਤੀਰਾ ਬਹੁਤ ਖਟਕਦਾ ਹੈ ਕਿ ਉਹ ਸਿਰਫ਼ ਕਿਤਾਬੀ ਗਿਆਨ ਅਤੇ ਸਿਲੇਬਸ ਮੁਕਾਉਣ ਤੀਕ ਹੀ ਖੁਦ ਨੂੰ ਸੀਮਤ ਰੱਖਦੇ ਹਨ। ਵਿਦਿਆਰਥੀਆਂ ਨੂੰ ਪ੍ਰੇਰਤ ਕਰਨ, ਉਤਸ਼ਾਹ ਵਧਾਉਣ ਜਾਂ ਚੰਗੇ ਮਨੁੱਖ ਬਣਨ ਲਈ ਨਜ਼ਰੀਆ ਪੈਦਾ ਕਰਨ ਵੱਲ ਕੋਈ ਧਿਆਨ ਨਹੀਂ ਸੀ ਹੁੰਦਾ ਜਦੋਂ ਕਿ ਪੜ੍ਹਾਈ ਦੇ ਨਾਲ ਨਾਲ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਮਰੀਕਾ ਵਿੱਚ ਪੜ੍ਹਾਉਣ ਦੌਰਾਨ ਦੇਖਿਆ ਕਿ ਇਹ ਵਰਤਾਰਾ ਵਿਦੇਸ਼ਾਂ ਦੇ ਅਧਿਅਪਕਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਤੀਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਉਹ ਤਾਂ ਰੋਲ ਮਾਡਲ ਹੁੰਦਾ ਹੈ। ਇੱਕ ਗਾਈਡ, ਮਾਪਾ-ਰੂਪ, ਸਲਾਹਕਾਰ, ਜੀਵਨ ਦੀਆਂ ਕਦਰਾਂ ਕੀਮਤਾਂ ਦਾ ਪਹਿਰੇਦਾਰ, ਬੱਚਿਆਂ ਦੇ ਮਨਾਂ ਵਿੱਚ ਸੁਪਨਿਆਂ ਦਾ ਸਿਰਜਣਹਾਰ ਅਤੇ ਇਹਨਾਂ ਦੀ ਪੂਰਤੀ ਲਈ ਮਾਰਗ-ਦਰਸ਼ਕ। ਵਿਦਿਆਰਥੀਆਂ ਦੀਆਂ ਕਮੀਆਂ ਨੂੰ ਉਹਨਾਂ ਦੀ ਤਾਕਤ ਬਣਾਉਣ ਦਾ ਗੁਰ-ਮੰਤਰ ਸਮਝਾਉਣ ਵਾਲਾ ਅਤੇ ਉਹਨਾਂ ਨੂੰ ਉਹਨਾਂ ਦੀ ਤਾਕਤ, ਹਿੰਮਤ ਅਤੇ ਸਿਰੜ ਦਾ ਗਿਆਨ ਕਰਵਾਉਣ ਵਾਲਾ। ਉਸਦੀ ਪ੍ਰਤੀਬੱਧਤਾ ਵਿੱਚ ਸ਼ਾਮਲ ਹੁੰਦਾ ਹੈ ਕਿ ਵਿਦਿਆਰਥੀਆਂ ਦੇ ਮਨਾਂ ਅੰਦਰ ਪੂਰਨ ਸਮਰੱਥਾ ਨਾਲ ਸੁਪਨਿਆਂ ਦਾ ਸੂਰਜ ਉਗਾਉਣਾ।
ਉਸ ਸਮੇਂ ਮੇਰੀ ਨਕਾਮੀ ਜਾਂ ਫੇਲ੍ਹ ਹੋਣ ਦਾ ਪ੍ਰਮੁੱਖ ਕਾਰਨ ਸੀ ਮੇਰੀ ਦੁਚਿੱਤੀ। ਕਦੇ ਅੰਗਰੇਜ਼ੀ ਮੀਡੀਅਮ ਦਾ ਬਹਾਨਾ, ਕਦੇ ਸਾਇੰਸ ਲੈ ਲੈਣਾ, ਫਿਰ ਛੱਡ ਦੇਣਾ ਅਤੇ ਫਿਰ ਲੈ ਲੈਣਾ। ਦੁਚਿੱਤੀ ਵਿੱਚ ਪੈਰ ਕਿਹੜੇ ਰਾਹ ਵੱਲ ਵਧਣ। ਸੋਚ ਕਿਹੜੀ ਸਾਧਨਾਂ ਨੂੰ ਅਪਣਾਵੇ। ਸਭ ਤੋਂ ਆਤਮਘਾਤੀ ਹੁੰਦਾ ਹੈ ਬੰਦੇ ਦਾ ਚੌਰਾਹੇ ਵਿੱਚ ਖੜ੍ਹੇ ਰਹਿਣਾ। ਰਾਹਾਂ ਅਤੇ ਮੰਜ਼ਲਾਂ ਨੂੰ ਹੀ ਕੋਸੀ ਜਾਣਾ। ਮੰਜ਼ਲਾਂ ਦਾ ਨਾ ਮਿਥਣਾ ਅਤੇ ਪੈਰਾਂ ਵਿੱਚ ਸਫ਼ਰ ਉਗਾਉਣ ਤੋਂ ਆਨਾਕਾਨੀ ਕਰਨੀ। ਬੰਦੇ ਵਿੱਚ ਅਸੀਮ ਸਮਰੱਥਾ ਹੁੰਦੀ ਹੈ ਅਤੇ ਕੁਝ ਵੀ ਅਸੰਭਵ ਨਹੀਂ, ਬਸ਼ਰਤੇ ਉਸ ਨੂੰ ਆਪਣੇ ਆਪ ਦਾ ਗਿਆਨ ਹੋਵੇ, ਦੀਦਿਆਂ ਵਿੱਚ ਸੁਪਨੇ ਹੋਣ ਅਤੇ ਇਹਨਾਂ ਦੀ ਪ੍ਰਾਪਤੀ ਲਈ ਉੱਦਮ ਕਰਨ ਅਤੇ ਸਿਰੜ-ਸਾਧਨਾ ਦਾ ਤਹੱਈਆ ਕਰ ਲਿਆ ਜਾਵੇ। ਫੇਲ੍ਹ ਹੋਣ ਨੇ ਹੀ ਸਿਖਾਇਆ ਕਿ ਸੈ ਮਨਾ! ਦੁਚਿੱਤੀ ਛੱਡ। ਸਿਰਫ਼ ਇੱਕ ਸੇਧ ਵਿੱਚ ਤੁਰ ਕੇ ਹੀ ਆਪਣੇ ਪੈਰਾਂ ਨੂੰ ਪੈੜਾਂ ਅਤੇ ਰਾਹਾਂ ਨੂੰ ਮੰਜ਼ਲਾਂ ਦਾ ਸਿਰਨਾਵਾਂ ਦਿੱਤਾ ਜਾ ਸਕਦਾ ਹੈ।
ਬਾਪ ਦੀ ਅੱਖ ਵਿੱਚ ਆਏ ਹੰਝੂਆਂ ਦਾ ਜੰਮ ਜਾਣਾ, ਮੇਰੀ ਜ਼ਿੰਦਗੀ ਨੂੰ ਬਦਲਣ ਲਈ ਵਰਦਾਨ ਸਾਬਤ ਹੋਇਆ, ਮੇਰੀ ਸੁੱਤੀ ਹੋਈ ਕਾਇਆ ਨੂੰ ਜਗਾ ਗਿਆ। ਮੈਂ ਖੁਦ ਨੂੰ ਖੁਦ ’ਤੇ ਵਿਸ਼ਵਾਸ ਕਰਨ ਦਾ ਵੱਲ ਸਿਖਾਇਆ, ਮਿਹਨਤ ਦੀ ਭੱਠੀ ਵਿੱਚ ਝੁਲਸਣ ਲਈ ਖੁਦ ਨੂੰ ਤਿਆਰ ਕੀਤਾ ਅਤੇ ਰਾਤਾਂ ਦੀ ਨੀਂਦ ਹੰਘਾਲਣ ਲਈ ਮਾਨਸਿਕ ਤੌਰ ’ਤੇ ਤਿਆਰ ਹੋਇਆ। ਕਿਸੇ ਵੀ ਪ੍ਰਾਪਤੀ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਹੈ ਵਿਅਕਤੀ ਦਾ ਮਾਨਸਿਕ ਤੌਰ ’ਤੇ ਖੁਦ ਨੂੰ ਮਜ਼ਬੂਤ ਕਰਨਾ, ਆਸ਼ੇ ਦੀ ਪੂਰਤੀ ਪ੍ਰਤੀ ਪ੍ਰਤੀਬੱਧਤਾ। ਫਿਰ ਸਰੀਰਕ ਰੂਪ ਵਿੱਚ ਬੰਦਾ ਆਪ ਹੀ ਤਿਆਰ ਹੋ ਜਾਂਦਾ ਹੈ। ਤਰਕੀਬਾਂ ਹੀ ਤਰਜੀਹਾਂ ਬਣਦੀਆਂ ਹਨ ਅਤੇ ਇਹਨਾਂ ਵਿੱਚੋਂ ਹੀ ਤਕਦੀਰ ਦੀ ਤਰਤੀਬ ਨਿੱਖਰਦੀ ਹੈ।
ਫੇਲ੍ਹ ਹੋਣਾ ਉਹ ਹੁੰਦਾ ਹੈ ਜਦੋਂ ਤੁਸੀਂ ਮਨ ਵਿੱਚ ਫੇਲ੍ਹ ਹੋਣਾ ਮੰਨਕੇ ਨਿਰਾਸ਼ਤਾ ਵਿੱਚ ਡੁੱਬ ਜਾਂਦੇ ਹੋ। ਇਸ ਨੂੰ ਕਬੂਲ ਕਰਦੇ ਹੋ ਅਤੇ ਹਥਿਆਰ ਸੁੱਟ ਦਿੰਦੇ ਹੋ। ਇਸਦੇ ਉਲਟ, ਫੇਲ੍ਹ ਹੋਣ ਦੇ ਕਾਰਨਾਂ ਨੂੰ ਸਮਝਣਾ ਅਤੇ ਇਹਨਾਂ ਵਿੱਚੋਂ ਖੁਦ ਨੂੰ ਉਭਾਰਨਾ ਹੀ ਅਸਫ਼ਲਤਾ ਨੂੰ ਸਫ਼ਲਤਾ ਵਿੱਚ ਬਦਲਣ ਦਾ ਮੀਰੀ ਗੁਣ ਹੈ। ਇਸ ਤੋਂ ਵਿਰਵੇ ਲੋਕ ਹੀ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਰਹਿੰਦੇ ਹਨ। ਵਿਅਕਤੀ ਨੂੰ ਪ੍ਰੇਰਨਾ ਮਿਲਦੀ ਰਹੇ ਅਤੇ ਹੌਸਲਾ ਅਫ਼ਜਾਈ ਹੁੰਦੀ ਰਹੇ ਤਾਂ ਕੋਈ ਵੀ ਮੰਜ਼ਲ ਨਾ-ਮੁਮਕਿਨ ਨਹੀਂ ਹੁੰਦੀ। ਕ੍ਰਿਸ਼ਮੇ ਮਨੁੱਖ ਹੀ ਕਰਦੇ ਹਨ ਅਤੇ ਇਹ ਕ੍ਰਿਸ਼ਮੇ ਸਿਰਫ਼ ਮਨੁੱਖੀ ਬਿਰਤੀ ਅਤੇ ਮਾਨਸਿਕਤਾ ਵਿੱਚੋਂ ਹੀ ਉੱਗਦੇ ਨੇ।
‘ਕੇਰਾਂ ਜੰਗਾਂ ਵਿੱਚ ਲੜਨ ਵਾਲਾ ਹਾਥੀ ਚਿੱਕੜ ਵਿੱਚ ਫਸ ਗਿਆ ਅਤੇ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਹੋਰ ਡੂੰਘਾ ਚਿੱਕੜ ਵਿੱਚ ਖੁੱਭਦਾ ਜਾ ਰਿਹਾ ਸੀ। ਰਾਜਾ ਤੇ ਅਹਿਲਕਾਰ ਇਹ ਸਭ ਕੁਝ ਦੇਖ ਕੇ ਬਹੁਤ ਫਿਕਰਮੰਦ ਹੋ ਰਹੇ ਸਨ। ਇੰਨੇ ਚਿਰ ਨੂੰ ਮਹਾਤਮਾ ਬੁੱਧ ਉਸ ਰਾਹੇ ਜਾ ਰਹੇ ਸਨ ਅਤੇ ਉਹ ਭੀੜ ਦੇਖਕੇ ਰੁਕ ਗਏ। ਰਾਜੇ ਨੇ ਮਹਾਤਮਾ ਬੁੱਧ ਕੋਲੋਂ ਹਾਥੀ ਨੂੰ ਬਾਹਰ ਕੱਢਣ ਦਾ ਉਪਾਅ ਪੁੱਛਿਆ। ਮਹਾਤਮਾ ਬੁੱਧ ਨੇ ਹਾਥੀ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਹਾਥੀ ਜੰਗ ਵਿੱਚ ਸਭ ਤੋਂ ਅੱਗੇ ਹੁੰਦਾ ਹੈ। ਮਹਾਤਮਾ ਬੁੱਧ ਨੇ ਕਿਹਾ ਕਿ ਇਸਦੇ ਆਲੇ-ਦੁਆਲੇ ਜੰਗ ਦੇ ਢੋਲ-ਨਗਾਰੇ ਵਜਾਓ। ਰਾਜਾ ਹੈਰਾਨ ਹੋਇਆ ਪਰ ਬੁੱਧ ਦੀ ਸਲਾਹ ਮੰਨ ਕੇ ਢੋਲ-ਨਗਾਰੇ ਵਜਾਉਣ ਦਾ ਹੁਕਮ ਦਿੱਤਾ। ਜੰਗ ਦੌਰਾਨ ਵੱਜਣ ਵਾਲੇ ਢੋਲ-ਨਗਾਰਿਆਂ ਦਾ ਸ਼ੋਰ ਸੁਣ ਕੇ ਹਾਥੀ ਨੇ ਇੰਨਾ ਜ਼ੋਰ ਲਾਇਆ ਕਿ ਉਹ ਚਿੱਕੜ ਵਿੱਚੋਂ ਬਾਹਰ ਆ ਗਿਆ। ਮਹਾਤਮਾ ਬੁੱਧ ਨੇ ਸਮਝਾਇਆ ਕਿ ਲੋੜ ਸਿਰਫ਼ ਤਾਕਤ ਤੇ ਸਮਰੱਥਾ ਨੂੰ ਕੇਂਦਰਤ ਕਰਨ ਦੀ ਹੁੰਦੀ ਏ, ਢੋਲ-ਨਗਾਰੇ ਸੁਣ ਕੇ ਹਾਥੀ ਨੇ ਆਪਣੀ ਸਮੁੱਚੀ ਤਾਕਤ ਕੇਂਦਰਤ ਕੀਤੀ ਤੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਬੰਦਿਆਂ ਵਾਂਗ ਜਾਨਵਰਾਂ ਵਿੱਚ ਵੀ ਅਥਾਹ ਸ਼ਕਤੀ ਹੁੰਦੀ ਹੈ। ਸਿਰਫ਼ ਇਸ ਨੂੰ ਕੇਂਦਰਤ ਕਰਨ ਅਤੇ ਸਮੁੱਚ ਵਿੱਚ ਸਹੀ ਪਾਸੇ ਲਗਾਉਣ ਦੀ ਚਾਹਨਾ ਅਤੇ ਮਨਚਾਹੇ ਸਿੱਟੇ ਪ੍ਰਾਪਤ ਕਰਨ ਦੀ ਲੋਚਾ ਮਨ ਵਿੱਚ ਹੋਣੀ ਚਾਹੀਦੀ ਹੈ। ਕੁਝ ਅਜਿਹਾ ਹੀ ਮੇਰੇ ਨਾਲ ਵਾਪਰਿਆ। ਧਿਆਨ ਨੂੰ ਕੇਂਦਰਤ ਕਰਕੇ ਔਖੀ ਜਾਪਦੀ ਸਾਇੰਸ ਦੀ ਪੜ੍ਹਾਈ ਨੂੰ ਮੈਂ ਸੁਖਾਲਾ ਕਰ ਸਕਿਆ। ਸਾਰੀ ਉਮਰ ਫਿਜ਼ਿਕਸ ਪੜ੍ਹਾਈ ਅਤੇ ਇਸ ਨੂੰ ਕਿੱਤਾ ਨਹੀਂ ਸਗੋਂ ਸ਼ੌਕ ਸਮਝ ਕੇ ਇਸ ਵਿੱਚੋਂ ਮਾਨਸਿਕ ਅਤੇ ਅੰਤਰੀਵੀ ਆਨੰਦ ਪ੍ਰਾਪਤ ਕੀਤਾ ਅਤੇ ਅਜੇ ਤੀਕ ਵੀ ਕਰ ਰਿਹਾਂ। ਤਾਂ ਹੀ ਅਮਰੀਕਾ ਦੀ ਯੂਨੀਵਰਸਿਟੀ ਦੇ ਫਿਜ਼ਿਕਸ ਡਿਪਾਰਟਮੈਂਟ ਦੇ ਚੇਅਰ ਡਾ. ਪੈਟਰੂ ਐੱਸ ਫੋਡਰ ਦਾ ਇਹ ਕਹਿਣਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪ੍ਰੋਫੈਸਰ ਤੇਰੇ ਵਰਗੇ ਹੀ ਹੋਣ। ਇਹ ਮਾਣ ਮੇਰਾ ਨਹੀਂ, ਸਗੋਂ ਮੇਰੇ ਬਾਪ ਦਾ ਹੈ ਜਿਸਨੇ ਫੇਲ੍ਹ ਹੋਣ ਤੋਂ ਬਾਅਦ ਮੈਂਨੂੰ ਸਾਇੰਸ ਦੀ ਪੜ੍ਹਾਈ ਜਾਰੀ ਰੱਖਣ ਲਈ ਹੱਲਾਸ਼ੇਰੀ ਦਿੱਤੀ ਸੀ।
ਫੇਲ੍ਹ ਹੋਣ ਤੋਂ ਬਾਅਦ ਬਾਪ ਦੀ ਦਿੱਤੀ ਹੋਈ ਹੌਸਲਾ ਅਫ਼ਜ਼ਾਈ ਦਾ ਕੇਹਾ ਕਮਾਲ ਸੀ ਕਿ ਇਸ ਤੋਂ ਬਾਅਦ ਸਾਇੰਸ ਨੂੰ ਪੜ੍ਹਨਾ ਇੱਕ ਜਨੂੰਨ ਬਣ ਗਿਆ। ਜਦੋਂ ਤੁਸੀਂ ਕਿਸੇ ਵੀ ਮਜ਼ਮੂਨ ਨੂੰ ਮਜਬੂਰੀ ਦੀ ਬਜਾਏ ਸ਼ੌਕ ਵਜੋਂ ਪੜ੍ਹਦੇ ਹੋ ਤਾਂ ਤੁਹਾਡੇ ਮਨ ਵਿੱਚ ਲਗਨ ਅਤੇ ਉਤਸ਼ਾਹ ਹੁੰਦਾ ਹੈ। ਕੁਝ ਵੀ ਔਖਾ ਜਾਂ ਉਕਾਊ ਨਹੀਂ ਲਗਦਾ। ਤੁਹਾਨੂੰ ਜਾਪਣ ਲਗਦਾ ਕਿ ਇਹ ਤਾਂ ਬਹੁਤ ਅਸਾਨ ਸੀ, ਮੈਂ ਤਾਂ ਐਂਵੇਂ ਇਸ ਤੋਂ ਡਰਦਾ ਰਿਹਾ।
ਫੇਲ੍ਹ ਹੋਣ ਦਾ ਵਰਦਾਨ ਜਾਂ ਬਰਕਤ ਇਸ ਲਈ ਸਮਝੀ ਜਾ ਸਕਦੀ ਹੈ ਕਿ ਇਸ ਤੋਂ ਬਾਅਦ ਫਿਜ਼ਿਕਸ ਦੀ ਐੱਮ.ਐੱਸ.ਸੀ ਤਕ ਦੀ ਸਮੁੱਚੀ ਪੜ੍ਹਾਈ ਮੈਂ ਮੈਰਿਟ ਸਕਾਲਰਸ਼ਿੱਪ ਲੈ ਕੇ ਕੀਤੀ। ਭਾਵੇਂ ਕਿ ਮੇਰੇ ਬਾਪ ਲਈ ਇਹੀ ਮਾਣ ਵਾਲੀ ਗੱਲ ਸੀ ਕਿ ਉਸਦਾ ਪੁੱਤ ਸੋਲਾਂ ਜਮਾਤਾਂ ਪੜ੍ਹ ਗਿਆ ਹੈ। ਬਾਪ ਲਈ ਇਹ ਤਸੱਲੀ ਵਾਲੀ ਗੱਲ ਸੀ ਕਿ ਉਸਦੇ ਪੁੱਤ ਦੇ ਜਮਾਤੀ ਪ੍ਰੈੱਪ ਵਿੱਚ ਪਾਸ ਹੋ ਕੇ ਕੋਈ ਵੀ ਸੋਲਾਂ ਜਮਾਤਾਂ ਨਹੀਂ ਕਰ ਸਕੇ ਜਦੋਂ ਉਸਦਾ ਬੇਟਾ ਫੇਲ੍ਹ ਹੋ ਕੇ ਵੀ ਸੋਲਾਂ ਜਮਾਤਾਂ ਕਰ ਗਿਆ।
ਇਸ ਤੋਂ ਬਾਅਦ ਪੀਐੱਚਡੀ ਕਰਨਾ, ਮੇਰੀ ਖੁਦ ਨੂੰ ਪਾਈ ਉਸ ਕਸਮ ਦਾ ਪੂਰਾ ਕਰਨਾ ਸੀ ਜਿਹੜੀ ਮੈਂ ਪ੍ਰੈੱਪ ਵਿੱਚ ਫੇਲ੍ਹ ਹੋਣ ਤੋਂ ਬਾਅਦ ਖੁਦ ਨਾਲ ਪਾਈ ਸੀ। ਪੀਐੱਚਡੀ ਦੀ ਇੰਟਰਵਿਊ ਦੌਰਾਨ ਜਦੋਂ ਐਗਜ਼ਾਮੀਨਰ ਨੇ ਮੈਂਨੂੰ ਪੁੱਛਿਆ ਕਿ ਤੂੰ ਸਰਕਾਰੀ ਕਾਲਜ ਵਿੱਚ ਪੜ੍ਹਾਉਂਦਾ ਏਂ, ਟਿਊਸ਼ਨਾਂ ਪੜ੍ਹਾ ਕੇ ਬਹੁਤ ਪੈਸੇ ਕਮਾ ਸਕਦਾ ਸੀ। ਫਿਰ ਪੰਜ ਸਾਲ ਪੀਐੱਚਡੀ ਕਰਨ ’ਤੇ ਕਿਉਂ ਗਵਾਏ? ਉਹ ਵੀ ਨੌਕਰੀ ਕਰਨ ਦੇ ਨਾਲ-ਨਾਲ, ਬਿਨਾਂ ਛੁੱਟੀ ਲਿਆਂ? ਮੇਰਾ ਸਨਿੱਰ ਉੱਤਰ ਸੀ ਕਿ ਇਹ ਪੰਜ ਸਾਲ ਵਿਅਰਥ ਨਹੀਂ ਗਵਾਏ, ਇਹ ਤਾਂ ਬਾਪ ਦੀ ਅੱਖ ਵਿੱਚ ਜੰਮ ਚੁੱਕੇ ਅੱਥਰੂਆਂ ਦਾ ਭਾਰ ਘਟਾਉਣ ਲਈ ਨਿਮਰ ਯਤਨ ਹੈ ਤਾਂ ਕਿ ਬਾਪ ਨੂੰ ਇਹ ਮਾਣ ਹੋਵੇ ਕਿ ਉਸਦਾ ਪੁੱਤ ਪ੍ਰੈੱਪ ਵਿੱਚੋਂ ਫੇਲ੍ਹ ਹੋ ਕੇ ਵੀ ਸਾਇੰਸ ਦੀ ਸਿਖਰਲੀ ਡਿਗਰੀ ਵੀ ਹਾਸਲ ਕਰ ਸਕਦਾ ਹੈ। ਮੇਰੀ ਇਹ ਸਦਾ ਇੱਛਾ ਰਹੀ ਕਿ ਹੱਲ ਵਾਹੁਣ ਵਾਲੇ ਬਾਪ ਦੀ ਕਿਰਤ-ਕਮਾਈ, ਹੌਸਲਾ-ਅਫ਼ਜ਼ਾਈ ਅਤੇ ਫੱਕਰਤਾਈ ਨੂੰ ਪੀਐੱਚਡੀ ਦੀ ਡਿਗਰੀ ਅਰਪਿੱਤ ਕਰ ਸਕਾਂ। ਆਪਣੇ ਬਾਪ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂ। ਬਾਪ ਦੀਆਂ ਦੀਆਂ ਅੱਖਾਂ ਵਿੱਚ ਸ਼ਰਫ਼ (ਗੌਰਵ) ਦਾ ਰੰਗ ਭਰ ਸਕਾਂ, ਜਿਹਨਾਂ ਵਿੱਚ ਕਦੇ ਮੇਰੇ ਫੇਲ੍ਹ ਹੋਣ ਨੇ ਨਿਰਾਸ਼ਾ ਤਰੌਂਕੀ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5122)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.