HarpalSPannu7ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ ...
(15 ਨਵੰਬਰ 2017)

 

ਪਿਛਲੇ ਦਿਨੀਂ ਇਕ ਤੋਂ ਬਾਦ ਇਕ, ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਦੁਨੀਆਂ ਭਰ ਵਿਚ ਵਸਦੇ ਸਿੱਖ ਸ਼ਰਮਿੰਦੇ ਹੋਏ। ਪਹਿਲੀ ਘਟਨਾ ਵਿਚ ਇਕ ਬਾਲੜੀ ਗੁਰਪੁਰਬ ਦੇ ਦਿਨ ਆਪਣੀ ਬਿਮਾਰ ਮਾਂ ਵਾਸਤੇ ਲੰਗਰ ਵਿੱਚੋਂ ਦਾਲ ਲਿਜਾਂਦੀ ‘ਫੜੀ’ ਗਈ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੱਤਕ ਕੀਤੀ ਅਤੇ ਦਾਲ ਖੋਹੀ। ਦੂਜੀ ਘਟਨਾ ਵਿਚ ਫਤਿਹਗੜ੍ਹ ਸਾਹਿਬ ਮੁੱਖ ਗੁਰਦੁਆਰੇ ਦੇ ਗੇਟ ’ਤੇ ਇਕ ਹੋਰ ਬਾਲੜੀ ਹੱਥਾਂ ਵਿਚ ਫੜਿਆ ਸਾਮਾਨ ਵੇਚਦੀ ‘ਫੜੀ’ ਗਈ, ਚਪੇੜ ਰਸੀਦ ਹੋਇਆ ਅਤੇ ਸੌ ਰੁਪਇਆ ਫੀਸ ਵਸੂਲੀ। ਤੀਜੀ ਘਟਨਾ ਵਿਚ ਹਰਜਿੰਦਰ ਸਿੰਘ ਦਿਲਗੀਰ ਨੂੰ ਪੰਥ ਵਿੱਚੋਂ ਛੇਕਣ ਵਾਸਤੇ ਤਖਤਾਂ ਦੇ ਜਥੇਦਾਰਾਂ ਨੇ ਮੀਟਿੰਗ ਬੁਲਾਈ ਪਰ ਦਿਲਗੀਰ ਨੇ ਕਿਉਂਕਿ ਹਾਈਕੋਰਟ ਵਿਚ ਕੇਸ ਕਰ ਦਿੱਤਾ, ਮਸਲਾ ਜ਼ੇਰੇ ਅਦਾਲਤ ਹੋਣ ਕਾਰਨ ਫੈਸਲਾ ਮੁਲਤਵੀ ਕਰ ਦਿੱਤਾ।

ਦੋਵਾਂ ਬਾਲੜੀਆਂ ਨਾਲ ਜੋ ਵਾਪਰਿਆ, ਉਸ ਕਰਕੇ ਮੈਨੂੰ ਵੀ ਸ਼ਰਮਿੰਦਗੀ ਹੋਈ ਕਿਉਂਕਿ ਮੈਂ ਉਸੇ ਪੰਥ ਦਾ ਹਿੱਸਾ ਹਾਂ ਜਿਸ ਵਿਚ ਇਹ ਕਰਤੂਤਾਂ ਹੋਈਆਂ। ਪਹਿਲੇ ਕੇਸ ਵਿਚ ਥਾਣੇ ਮੁਕੱਦਮਾ ਦਰਜ ਹੋਇਆ। ਦੂਜੇ ਕੇਸ ਵਿਚ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ ਕਿ ਇਹ ਕੰਮ ਠੇਕੇਦਾਰ ਨੇ ਕੀਤਾ ਹੈ। ਖਰੀਦ ਵੇਚ ਦਾ ਠੇਕਾ ਦੇ ਕੇ ਕਮੇਟੀ ਫਰਜ਼ ਤੋਂ ਮੁਕਤ ਹੋ ਚੁੱਕੀ ਹੈ। ਠੇਕੇਦਾਰ ਨੇ ਸੌ ਰੁਪਇਆ ਵਾਪਸ ਕਰ ਦਿੱਤਾ ਤੇ ਖਿਮਾ ਮੰਗ ਲਈ। ਕੋਈ ਬੰਦਾ ਜਾਂ ਸੰਸਥਾ ਆਪਣਾ ਕੰਮ ਕਿਸੇ ਹੋਰ ਨੂੰ ਸੌਂਪ ਸਕਦੇ ਹਨ ਪਰ ਆਪਣੀ ਜ਼ਿੰਮੇਵਾਰੀ ਨਹੀਂ ਸੌਂਪ ਸਕਦੇ। ਠੇਕੇਦਾਰ ਦੀ ਕਰਤੂਤ ਸ਼੍ਰੋਮਣੀ ਕਮੇਟੀ ਜ਼ਿੰਮੇ ਹੈ, ਖਿਮਾ ਕਮੇਟੀ ਨੂੰ ਮੰਗਣੀ ਚਾਹੀਦੀ ਹੈ।

ਪੱਛਮੀ ਦੇਸਾਂ ਵਿਚ ਗੁਰਪੁਰਬ ਮਨਾਉਣ, ਲੰਗਰ ਛਕਣ ਉਪਰੰਤ ਐਲਾਨ ਕੀਤਾ ਜਾਂਦਾ ਹੈ ਕਿ ਵਧਿਆ ਲੰਗਰ ਸੰਗਤ ਲੈ ਜਾਵੇ। ਲੋੜ ਅਨੁਸਾਰ ਕੁਝ ਲੋਕ ਲੈ ਜਾਂਦੇ ਹਨ, ਕੁਝ ਭਲੇ ਲੋਕ ਵਧੀਕ ਲੰਗਰ ਲੈ ਜਾਂਦੇ ਹਨ ਕਿਉਂਕਿ ਗੁਰਦੁਆਰੇ ਨੂੰ ਆਉਂਦੀਆਂ ਸੜਕਾਂ ਦੇ ਚੌਰਾਹਿਆਂ ਉੱਪਰ ਹੱਥ ਵਿਚ ‘ਗੌਡ ਬਲੈਸ ਯੂ (ਰੱਬ ਤੁਹਾਡਾ ਭਲਾ ਕਰੇ)’ ਤਖਤੀਆਂ ਚੁੱਕੀ ਖਲੋਤੇ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਹੈ। ਜਿਹੜੇ ਸਿੱਖ ਅਜਿਹਾ ਕਰਦੇ ਹਨ, ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ਹਲਕੇ ਪੱਧਰ ਦੀਆਂ ਹੁੰਦੀਆਂ ਹਨ, ਸ਼ੰਕਾਵਾਦ ਅਤੇ ਵਿਤੰਡਾਵਾਦ ਵਰਤਾਇਆ ਹੁੰਦਾ ਹੈ, ਤਾਂ ਵੀ ਉਸ ਨੂੰ ਪੰਥ ਵਿੱਚੋਂ ਛੇਕਣ ਦਾ ਜਾਂ ਰਚਨਾਵਾਂ ਉੱਤੇ ਪਾਬੰਦੀ ਲਾਉਣ ਦਾ ਅਧਿਕਾਰ ਤਖਤ ਦੇ ਜਥੇਦਾਰਾ ਨੂੰ ਕਿਵੇਂ ਮਿਲ ਗਿਆ? ਉਸਦੀਆਂ ਲਿਖਤਾਂ ਦੇ ਇਤਰਾਜ਼ ਯੋਗ ਮੁੱਦਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ। ਜੇ ਤਖਤ, ਦੁਨੀਆਂਦਾਰੀ ਦੇ ਜੋੜ-ਤੋੜ ਤੋਂ ਸੁਤੰਤਰ ਹਨ, ਰੂਹਾਨੀ ਹੋਣ ਦਾ ਦਾਅਵਾ ਕਰਦੇ ਹਨ, ਜਥੇਦਾਰ ਹਾਈਕੋਰਟ ਦੇ ਸੰਮਨਾ ਤੋਂ ਕਿਉਂ ਘਬਰਾ ਗਏ?

ਇਕ ਪੁਰਾਣੀ ਘਟਨਾ ਯਾਦ ਆ ਗਈ। ਸੰਗਰੂਰ ਦੇ ਮਹਾਰਾਜਾ ਰਣਬੀਰ ਸਿੰਘ, ਸੰਤ ਅਤਰ ਸਿੰਘ ਪਾਸ ਬੇਨਤੀ ਕਰਨ ਗਏ ਕਿ ਮਹਿਲ ਵਿਚ ਅਖੰਡ ਪਾਠ ਅਤੇ ਕੀਰਤਨ ਹੋਵੇ। ਜਥੇ ਨੇ ਪਾਠ ਕੀਤਾ, ਭੋਗ ਉਪਰੰਤ ਸੰਤ ਕੀਰਤਨ ਕਰਨ ਲੱਗੇ। ਅਚਾਨਕ ਵਿਚਕਾਰੋਂ ਕੀਰਤਨ ਸੰਤੋਖ ਕੇ ਮੱਥਾ ਟੇਕਿਆ ਤੇ ਆਪਣੇ ਕਮਰੇ ਵਿਚ ਚਲੇ ਗਏ। ਸਭ ਨੇ ਅਣਸੁਖਾਵਾਂ ਮਾਹੌਲ ਮਹਿਸੂਸ ਕੀਤਾ। ਮਹਾਰਾਜਾ ਸੰਤ ਜੀ ਦੇ ਕਮਰੇ ਵਿਚ ਗਏ, ਪੁੱਛਿਆ - ਕੋਈ ਅਵੱਗਿਆ ਹੋਈ ਬਾਬਾ ਜੀ? ਸੰਤ ਜੀ ਨੇ ਕਿਹਾ - ਹਾਂ। ਕੀਰਤਨ ਕਰਦਿਆਂ ਅਕਸਰ ਨਜ਼ਰ ਇੱਧਰ ਉੱਧਰ ਜਾਇਆ ਨਹੀਂ ਕਰਦੀ ਪਰ ਮੁੱਖ ਦਰਵਾਜ਼ੇ ਵੱਲ ਦੇਖਿਆ, ਕੋਈ ਸ਼ਰਧਾਲੂ ਕੀਰਤਨ ਸੁਣਨ ਦਾ ਇੱਛੁਕ ਦਰਬਾਨ ਨੇ ਰੋਕਿਆ ਤੇ ਵਾਪਸ ਭੇਜ ਦਿੱਤਾ। ਇਹ ਸਹੀ ਨਹੀਂ ਹੋਇਆ। ਮਹਾਰਾਜ ਗਰੀਬ ਦੀ ਝੌਂਪੜੀ ਵਿਚ ਚਰਨ ਪਾਉਣ ਜਾਂ ਮਹਿਲਾਂ ਵਿਚ, ਉਦੋਂ ਮਹਾਰਾਜ ਮਾਲਕ ਹੁੰਦੇ ਹਨ, ਵਸਨੀਕ ਸੇਵਾਦਾਰ। ਅੱਜ ਮਹਾਰਾਜ ਦੇ ਪ੍ਰਕਾਸ਼ ਦੌਰਾਨ ਵੀ ਮਾਲਕ ਮਹਾਰਾਜਾ ਰਣਬੀਰ ਸਿੰਘ ਰਿਹਾ ਤੇ ਸ਼ਰਧਾਲੂ ਵਾਪਸ ਮੋੜ ਦਿੱਤਾ। ਬੇਅਦਬੀ ਹੋਈ। ਮਹਾਰਾਜੇ ਨੇ ਕਿਹਾ - ਮਨੁੱਖ ਭੁੱਲਣਹਾਰ ਹੁੰਦਾ ਹੈ ਬਾਬਾ ਜੀ, ਇਸ ਦਾ ਉਪਾ ਦੱਸੋ। ਸੰਤ ਜੀ ਨੇ ਕਿਹਾ - ਕੌਣ ਸੀ ਸ਼ਰਧਾਲੂ, ਪਤਾ ਕਰੋ, ਉਸ ਨੂੰ ਸੱਦਾ ਦਿਉ, ਸੰਗਤ ਵਿਚ ਖਿਮਾ ਮੰਗੋ, ਉਹ ਖਿਮਾ ਕਰ ਦਏ ਤਾਂ ਕੀਰਤਨ ਹੋਵੇਗਾ, ਅਰਦਾਸ ਹੋਵੇਗੀ।

ਮੁੜ ਗਿਆ ਸਿੱਖ ਲੱਭ ਕੇ ਲਿਆਂਦਾ ਗਿਆ, ਮਹਾਰਾਜੇ ਨੇ ਖਿਮਾ ਮੰਗੀ, ਦੀਵਾਨ ਦੀ ਸਮਾਪਤੀ ਅਰਦਾਸ ਅਤੇ ਸ਼ੁਕਰਾਨੇ ਨਾਲ ਹੋਈ। ਇਹ ਸਾਖੀ ਇਸ ਕਰਕੇ ਸੁਣਾਉਣੀ ਵਾਜਬ ਲੱਗੀ ਕਿਉਂਕਿ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਸਕੱਤਰ, ਗੁਰੂ ਗ੍ਰੰਥ ਦੇ ਸੇਵਕ ਹੋਣ ਦੀ ਥਾਂ ਹੁਣ ਮਾਲਕ ਹੋ ਗਏ ਹਨ।

*****

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author