HarpalSPannu7ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆਉਨ੍ਹਾਂ ਦਾ ਵੀ ਸਵਾਲ ਇਹੋ! ...
(7 ਮਈ 2017)

 

JulioRibeiro2(ਜੂਲੀਓ ਰਿਬੇਰੋ (Julio Ribeiro) ਅੱਸੀਵਿਆਂ ਵਿਚ ਪੰਜਾਬ ਪੁਲਸ ਦਾ ਡੀ.ਜੀ.ਪੀ. ਰਿਹਾ। ਇਸ ਤੋਂ ਪਹਿਲਾਂ ਉਹ ਬੰਬਈ ਅਤੇ ਗੁਜਰਾਤ ਦਾ ਡੀ.ਜੀ.ਪੀ. ਰਿਹਾ। ਰਿਟਾਇਰ ਹੋ ਕੇ ਉਸ ਨੇ ਰੋਮਾਨੀਆਂ ਦੇ ਰਾਜਦੂਤ ਵਜੋਂ ਡਿਊਟੀ ਨਿਭਾਈ। ਉਸ ਦੀ ਕਿਤਾਬ ‘ਬੁਲਿਟ ਫਾਰ ਬੁਲਿਟ’ ਬਾਰੇ ਮੈਂ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾ ਦਿੱਤਾ ਸੀ। ਹੁਣ ਵੀ ਗਾਹੇ ਬਗਾਹੇ ਉਹ ਪੁਰਾਣੇ ਦਿਨਾਂ ਬਾਰੇ ਆਪਣੀ ਟਿੱਪਣੀ ਦਿੰਦਾ ਰਹਿੰਦਾ ਹੈ। ਉਸ ਦੀ ਲਿਖਤ ਅੰਗਰੇਜ਼ੀ ਵਿਚ ਛਪੀ ਪੜ੍ਹੀ ਤਾਂ ਇਸ ਦਾ ਤਰਜਮਾ ਕਰਨ ਦਾ ਮਨ ਇਸ ਲਈ ਕੀਤਾ ਕਿ ਸਟੇਟ ਦੇ ਨਿਸ਼ਕਾਮ ਸੇਵਕ ਜੇ ਘੱਟ ਗਿਣਤੀ ਕੌਮ ਵਿੱਚੋਂ ਹਨ, ਉਹ ਕੀ ਸੋਚਦੇ ਹਨ। - ਅਨੁਵਾਦਕ)

ਬਹੁਤਾ ਲੰਮਾ ਅਰਸਾ ਨਹੀਂ ਹੋਇਆ, ਤੀਹ ਕੁ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਪੰਜਾਬ ਵਿਚ ਖਾੜਕੂਆਂ ਵਿਰੁੱਧ ਲੜਨ ਲਈ ਇਕ ਈਸਾਈ ਦੀ ਚੋਣ ਕੀਤੀ। ਇਸ ਨੂੰ ਉਹ ਵੱਖਵਾਦੀਆਂ ਵਿਰੁੱਧ ਜੰਗ ਕਿਹਾ ਕਰਦਾ ਸੀ। ਮੈਂ ਉਦੋਂ ਕੇਂਦਰੀ ਗ੍ਰਹਿ ਮੰਤ੍ਰਾਲੇ ਵਿਚ ਸਕੱਤਰ ਸਾਂ। ਸਕੱਤਰ ਦੀ ਪਦਵੀ ਡੀ.ਜੀ.ਪੀ. ਦੀ ਆਸਾਮੀ ਤੋਂ ਸੀਨੀਅਰ ਹੁੰਦੀ ਹੈ। ਇਉਂ ਸਮਝੋ ਕਿ ਮੈਨੂੰ ਡਿਮੋਟ ਕਰਕੇ ਪੰਜਾਬ ਭੇਜਿਆ ਗਿਆ। ਇਹ ਬੇਨਤੀ ਕਿਉਂਕਿ ਪ੍ਰਧਾਨ ਮੰਤਰੀ ਦੀ ਨਿੱਜੀ ਸੀ, ਇਸ ਕਰਕੇ ਮੈਂ ਨਾਂਹ ਨਾ ਕੀਤੀ।

ਉਦੋਂ ਦੇ ਹੋਮ ਸਕੱਤਰ ਰਾਮ ਪ੍ਰਧਾਨ ਅਤੇ ਮੇਰੇ ਮਿੱਤਰ ਬੀ.ਡੀ. ਦੇਸ਼ਮੁਖ ਮਹਾਂਰਾਸ਼ਟਰ ਦੇ ਚੀਫ ਸਕੱਤਰ ਸਨ, ਦੋਵੇਂ ਨਰਾਜ਼ ਹੋਏ ਤੇ ਮੈਨੂੰ ਪੁੱਛਿਆ- ਤੂੰ ਹਾਂ ਕੀਤੀ ਹੀ ਕਿਉਂ? ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆ, ਉਨ੍ਹਾਂ ਦਾ ਵੀ ਸਵਾਲ ਇਹੋ! ਕੇਂਦਰੀ ਮੰਤਰੀ ਅਰਜਨ ਸਿੰਘ ਜਹਾਜ਼ ਵਿਚ ਮੈਨੂੰ ਪੰਜਾਬ ਛੱਡਣ ਵਾਸਤੇ ਆਪ ਆਇਆ ਸੀ, ਉਸ ਨੇ ਰਸਤੇ ਵਿਚ ਕਿਹਾ- ਕੱਲ੍ਹ ਨੂੰ ਜਦੋਂ ਤੁਹਾਡੀ ਨਿਯੁਕਤੀ ਦਾ ਐਲਾਨ ਹੋਏਗਾ, ਪੰਜਾਬ ਦੇ ਹਿੰਦੂ ਸੁਖ ਦਾ ਸਾਹ ਲੈਣਗੇ, ਖੁਸ਼ ਹੋਣਗੇ। ਮੈਂ ਸੋਚਿਆ ਹਿੰਦੂਆਂ ਵਿਚ ਆਰ.ਐੱਸ.ਐੱਸ. ਦੇ ਵਰਕਰ ਵੀ ਹੋਣਗੇ ਜਿਨ੍ਹਾਂ ਨੂੰ ਖਾੜਕੂਆਂ ਨੇ ਖੂੰਜੇ ਵਿਚ ਤੁੰਨ ਦਿੱਤਾ ਸੀ।

ਇਕ ਸਵੇਰ ਪਰੇਡ ਕਰਦੇ ਹੋਏ 25 ਆਰ.ਐੱਸ.ਐੱਸ. ਵਰਕਰ ਖਾੜਕੂਆਂ ਨੇ ਗੋਲੀਆਂ ਨਾਲ ਭੁੰਨ ਦਿੱਤੇ। ਪੰਜਾਬ ਦੇ ਗਵਰਨਰ ਐੱਸ.ਐੱਸ. ਰੇਅ ਨਾਲ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨੂੰ ਧਰਵਾਸ ਦੇਣ ਮੈਂ ਵੀ ਗਿਆ। ਗਵਰਨਰ ਬਾਰ੍ਹਾਂ ਘਰਾਂ ਵਿਚ ਗਿਆ ਮੈਂ ਤੇਰ੍ਹਾਂ ਵਿਚ। ਗਵਰਨਰ ਦਾ ਅਨੁਭਵ ਮੈਥੋਂ ਵੱਖਰਾ ਸੀ। ਉਸ ਨੂੰ ਫਿੱਟ ਲਾਹਣਤਾਂ ਪਈਆਂ, ਗਾਲੀ ਗਲੋਚ ਹੋਈ। ਮੈਨੂੰ ਠਰ੍ਹੰਮੇ ਨਾਲ ਮਿਲੇ।

ਅੱਜ ਮੈਂ 86 ਸਾਲਾਂ ਦਾ ਹੋ ਗਿਆ ਹਾਂ, ਮੈਂ ਖੌਫਜ਼ਦਾ ਹਾਂ, ਜਿਸ ਦੀ ਦੇਸ ਨੂੰ ਹੁਣ ਕੋਈ ਲੋੜ ਨਹੀਂ, ਆਪਣੇ ਮੁਲਕ ਵਿਚ ਅਜਨਬੀ ਹਾਂ। ਭਾਰਤੀ ਨਾਗਰਿਕਾਂ ਦਾ ਉਹੋ ਹਿੱਸਾ, ਜਿਸ ਨੂੰ ਮੈਂ ਸਖ਼ਤ ਖਤਰੇ ਵਿੱਚੋਂ ਬਾਹਰ ਕੱਢਿਆ, ਹੁਣ ਮੇਰੀ ਆਲੋਚਨਾ ਕਰ ਰਿਹਾ ਹੈ ਕਿਉਂਕਿ ਮੇਰਾ ਧਰਮ ਹੋਰ ਹੈ, ਉਨ੍ਹਾਂ ਦਾ ਹੋਰ। ਹੁਣ ਮੈਂ ਭਾਰਤੀ ਨਹੀਂ ਰਿਹਾ, ਘੱਟੋ ਘੱਟ ਹਿੰਦੂ ਰਾਸ਼ਟਰ ਦੇ ਮੁਦਈਆਂ ਲਈ ਤਾਂ ਬਿਲਕੁਲ ਨਹੀਂ।

ਇਹ ਸੁਤੇ ਸਿੱਧ ਹੋ ਗਿਆ ਕਿ ਕੋਈ ਸੋਚੀ ਸਮਝੀ ਵਿਉਂਤ ਹੈ ਕਿ ਕਿਸੇ ਅਮਨ ਪਸੰਦ ਘੱਟ ਗਿਣਤੀ ਨੂੰ ਨਰਿੰਦਰ ਮੋਦੀ ਦੀ ਬੀਜੇਪੀ ਸਰਕਾਰ ਬਣਨ ਬਾਅਦ ਹਮਲਿਆਂ ਦਾ ਨਿਸ਼ਾਨਾ ਬਣਾ ਲਿਆ ਜਾਵੇ? ਉਨ੍ਹਾਂ ਇਕ ਨਾਹਰਾ ਘੜ ਲਿਆ ਹੈ - ਘਰ ਵਾਪਸੀ। ਕ੍ਰਿਸਮਿਸ ਦੇ ਦਿਨ ਦਿੱਲੀ ਵਿਚ ਉਨ੍ਹਾਂ ਨੇ ਈਸਾਈ ਚਰਚਾਂ ਅਤੇ ਸਕੂਲਾਂ ਉੱਪਰ ਹਮਲੇ ਕਰਕੇ “ਸ਼ਾਨਦਾਰ ਪ੍ਰਸ਼ਾਸਨ ਦਿਵਸ” ਮਨਾਇਆ। ਅਮਨ ਪਸੰਦ ਈਸਾਈਆਂ ਨੂੰ ਘਿਰ ਜਾਣ ਦਾ ਅਹਿਸਾਸ ਹੋ ਗਿਆ ਹੈ।

ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਈਸਾਈਆਂ ਨੇ ਮਿਹਨਤ ਕੀਤੀ ਤੇ ਉੱਚੇ ਮਰਾਤਬੇ ਹਾਸਲ ਕੀਤੇ। ਪਾਰਸੀਆਂ ਜਿੰਨੀ ਤਰੱਕੀ ਤਾਂ ਨਹੀਂ ਕਹਿ ਸਕਦੇ ਫਿਰ ਵੀ ਚੜ੍ਹਤ ਵਿਚ ਦਿਸਦੇ ਜ਼ਰੂਰ ਹਨ। ਈਸਾਈਆਂ ਨੇ ਵਿੱਦਿਆ ਵਲ ਵਿਸ਼ੇਸ਼ ਧਿਆਨ ਦਿੱਤਾ। ਬਹੁਤ ਸਾਰੇ ਸਕੂਲ, ਕਾਲਜ ਅਤੇ ਇਨ੍ਹਾਂ ਨਾਲ ਸੰਬੰਧਤ ਸੰਸਥਾਵਾਂ ਵਿਚ ਈਸਾਈਆਂ ਨੇ ਖੂਬ ਕੁਸ਼ਲਤਾ ਦਿਖਾਈ। ਈਸਾਈ ਅਧਿਆਪਕਾਂ ਪਾਸੋਂ ਗੈਰ ਈਸਾਈ ਵਿਦਿਆਰਥੀਆਂ ਨੇ ਸ਼ਾਨਦਾਰ ਵਿੱਦਿਆ ਪ੍ਰਾਪਤ ਕੀਤੀ। ਇਨ੍ਹਾਂ ਦੇ ਸਕੂਲਾਂ ਕਾਲਜਾਂ ਵਿਚ ਦਾਖਲਾ ਮੁਸ਼ਕਲ ਨਾਲ ਮਿਲਦਾ ਹੈ। ਕੱਟੜ ਹਿੰਦੂ ਆਪਣੇ ਬੱਚੇ ਈਸਾਈ ਵਿਦਿਆਲਿਆਂ ਵਿਚ ਪੜ੍ਹਾ ਕੇ ਈਸਾਈ ਅਧਿਆਪਕਾਂ ਦੀ ਲਿਆਕਤ ਦਾ ਲਾਹਾ ਲੈਂਦੇ ਹਨ। ਮੈਨੂੰ ਨਹੀਂ ਲਗਦਾ ਈਸਾਈ ਸਕੂਲ ਵਿਚ ਪੜ੍ਹਕੇ ਕੋਈ ਹਿੰਦੂ ਬੱਚਾ ਈਸਾਈ ਹੋਇਆ ਹੋਵੇ। ਕਾਫੀਆਂ ਨੇ ਉੱਚੀਆਂ ਈਸਾਈ ਕਦਰਾਂ ਕੀਮਤਾਂ ਜ਼ਰੂਰ ਸਿੱਖੀਆਂ ਤੇ ਫਰਜ਼ੀ ਧਰਮ ਨਿਰਪੇਖ ਵੀ ਬਣੇ।

ਈਸਾਈਆਂ ਦੇ ਧਰਮੀ ਮੱਠਾਂ ਨੇ ਹਸਪਤਾਲ, ਨਰਸਿੰਗ ਹੋਮ ਅਤੇ ਕੈਂਸਰ ਪੀੜਤਾਂ ਲਈ ਸੁਖ-ਆਰਾਮਘਰ ਬਣਾਏ ਜਿਨ੍ਹਾਂ ਵਿਚ ਅਨਪੜ੍ਹ ਈਸਾਈ ਸੇਵਕ ਸੇਵਾ ਕਰਨੀ ਪੁੰਨ ਸਮਝਦੇ ਹਨ। ਇਨ੍ਹਾਂ ਈਸਾਈ ਨਿਸ਼ਕਾਮ ਸੇਵਕਾਂ ਨੂੰ ਕੀ ਇਸ ਡਰੋਂ ਆਪਣੀ ਸੇਵਾ ਬੰਦ ਕਰ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਨੇਕੀ ਵਲ ਦੇਖ ਕੇ ਕੋਈ ਹਿੰਦੂ ਈਸਾਈ ਨਾ ਹੋ ਜਾਵੇ? ਦੁਖੀਆਂ ਦਾ ਦਰਦ ਵੰਡਾਉਣ ਦਾ ਹੱਕ ਕੀ ਕੇਵਲ ਹਿੰਦੂਆਂ ਨੂੰ ਹੈ?

ਭਾਰਤੀ ਥਲ ਸੈਨਾ ਦਾ ਚੀਫ ਈਸਾਈ ਰਿਹਾ। ਨੇਵੀ ਅਤੇ ਏਅਰ ਫੋਰਸ ਦੇ ਚੀਫ ਤਾਂ ਕਈ ਵਾਰ ਈਸਾਈ ਬਣੇ। ਦੇਸ ਦੀਆਂ ਸੈਨਾਵਾਂ ਵਿਚ ਅਨੇਕ ਈਸਾਈ ਮਰਦ ਔਰਤਾਂ ਵਰਦੀਧਾਰੀ ਹਨ। ਸੰਘ ਪਰਿਵਾਰ ਦੇ ਸਿਰ ਫਿਰੇ ਲੀਡਰ ਹਿੰਦੂ ਰਾਸ਼ਟਰ ਦੀ ਸਥਾਪਨਾ ਵਾਸਤੇ ਈਸਾਈਆਂ ਨੂੰ ਗੈਰ ਭਾਰਤੀ ਕਿਵੇਂ ਐਲਾਨ ਸਕਦੇ ਹਨ?

ਇਨ੍ਹਾਂ ਅੱਤਵਾਦੀਆਂ ਦੇ ਹੌਸਲੇ ਹੱਦ ਟੱਪ ਗਏ ਹਨ। ਘ੍ਰਿਣਾ ਅਤੇ ਬੇਵਿਸ਼ਵਾਸੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕੁੱਲ ਵਸੋਂ ਵਿੱਚੋਂ ਈਸਾਈ ਭਾਰਤ ਵਿਚ ਕੇਵਲ ਦੋ ਪ੍ਰਤੀਸ਼ਤ ਹਨ ਜਿਨ੍ਹਾਂ ਉੱਤੇ ਵਿਉਂਤਬੰਦ ਹਿੰਸਕ ਹਮਲੇ ਹੋ ਰਹੇ ਹਨ। ਬਾਦ ਵਿਚ ਇਹੋ ਅੱਤਵਾਦੀ ਜੇ ਮੁਸਲਮਾਨਾਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਆਏ, ਜੋ ਕਿ ਸੰਭਵ ਲਗਦਾ ਹੈ, ਤਦ ਖੌਫਨਾਕ ਨਤੀਜੇ ਹੋਣਗੇ।

ਮੈਂ ਸੁੱਖ ਦਾ ਸਾਹ ਲਿਆ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਵਿਖੇ ਈਸਾਈ ਸਕਲ ਦੇ ਇਕ ਸਮਾਗਮ ਵਿਚ ਭਾਸ਼ਣ ਦੇ ਕੇ ਆਇਆ। ਪਰ ਉਸ ਪਿੱਛੋਂ ਮੋਹਨ ਭਾਗਵਤ ਨੇ ਨਿਰਵਿਵਾਦਿਤ ਪ੍ਰਸਿੱਧ ਸੰਤ ਮਦਰ ਟੇਰੇਸਾ ਵਿਰੁੱਧ ਆਪਣੀ ਭੜਾਸ ਕੱਢੀ। ਮੈਨੂੰ ਲੱਗਾ ਜਿਵੇਂ ਮੈਂ ਮੁੜ ਹਿੱਟ ਲਿਸਟ ਉੱਤੇ ਆ ਗਿਆ ਹੋਵਾਂ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਮੀਨਾਕਸ਼ੀ ਲੇਖੀ ਵਰਗੇ ਬੀਜੇਪੀ ਲੀਡਰਾਂ ਨੇ ਆਪਣੇ ਚੀਫ ਮੋਹਨ ਭਾਗਵਤ ਦੇ ਖਿਆਲਾਂ ਦੀ ਹਮਾਇਤ ਕੀਤੀ।

ਮੈਂ ਕੀ ਕਰਾਂ? ਆਪਣੇ ਵਿਚ ਮੁੜ ਆਤਮ ਵਿਸ਼ਵਾਸ ਕਾਇਮ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਇਸੇ ਦੇਸ ਵਿਚ ਜੰਮਿਆ ਮੈਂ। ਪੰਜ ਹਜ਼ਾਰ ਸਾਲ ਜਾਂ ਉਸ ਤੋਂ ਵੀ ਪਹਿਲਾਂ ਮੇਰੇ ਪੁਰਖੇ ਇੱਥੋਂ ਦੇ ਹੀ ਬਾਸ਼ਿੰਦੇ ਸਨ। ਮੇਰਾ ਡੀ.ਐਨ.ਏ ਟੈਸਟ ਕਰਕੇ ਪਰਖੋ, ਯਕੀਨਨ ਇਹ ਮੋਹਨ ਭਾਗਵਤ ਨਾਲੋਂ ਵੱਖਰਾ ਨਹੀਂ ਨਿਕਲੇਗਾ। ਦੇਸ ਦੇ ਰੱਖਿਆ ਮੰਤਰੀ ਦਾ ਡੀ.ਐਨ.ਏ. ਵੀ ਸਾਡੇ ਨਾਲ ਮਿਲਦਾ ਹੈ ਕਿਉਂਕਿ ਸਾਡੇ ਵਡੇਰੇ ਸੰਤ ਪਰਸੂਰਾਮ ਨਾਲ ਗੋਆ ਵਿਚ ਆ ਕੇ ਉੱਤਰੇ ਸਨ। ਮੈਨੂੰ ਲਗਦਾ ਹੈ ਇਸ ਕੁਰਸੀਨਾਮੇ ਵਿਚ ਸਾਡਾ ਸਭ ਦਾ ਪ੍ਰਾਚੀਨ ਵਡੇਰਾ ਇੱਕੋ ਹੈ। ਇਤਿਹਾਸ ਵਿਚ ਇਹ ਘਟਨਾ ਘਟ ਗਈ ਕਿ ਸਾਡੇ ਵਿੱਚੋਂ ਕੁਝ ਈਸਾਈ ਹੋ ਗਏ, ਕੁਝ ਨਹੀਂ ਹੋਏ। ਇਹ ਕਿਉਂ ਤੇ ਕਿਵੇਂ ਹੋਇਆ ਸੀ, ਮੈਨੂੰ ਪਤਾ ਨਹੀਂ, ਨਾ ਕਦੀ ਪਤਾ ਲੱਗ ਸਕੇਗਾ।

ਇਨ੍ਹਾਂ ਟਿਮਟਿਮਾਉਂਦੇ ਸਾਲਾਂ ਦੌਰਾਨ ਜਿਸ ਚੀਜ਼ ਨੇ ਮੈਨੂੰ ਧਰਵਾਸ ਦਿੱਤਾ ਉਹ ਇਹ ਕਿ ਬਹੁਗਿਣਤੀ ਹਿੰਦੂ ਵਰਗ ਵਿਚ ਅਜੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਯਾਦ ਹੈ ਕਿ ਮੈਂ ਆਪਣੀ ਮਾਤ ਭੂਮੀ ਦੇ ਭਲੇ ਹਿਤ ਕੁਝ ਕੀਤਾ ਸੀ। ਬੰਬੇ ਮਦਰਜ਼ ਐਂਡ ਚਿਲਡਰਨ ਸੋਸਾਇਟੀ ਨੇ ਪੂਨੇ ਜ਼ਿਲ੍ਹੇ ਦਾ ਇਕ ਪਿੰਡ ਰਾਜਗੁਰੂ ਗੋਦ ਲਿਆ ਹੈ। ਮੈਨੂੰ ਉੱਥੇ ਇਕ ਸਮਾਰੋਹ ਵਿਚ ਜਾਣ ਦਾ ਸੱਦਾ ਮਿਲਿਆ। ਰਸਤੇ ਵਿਚ ਲੋਨਾਵਲਾ ਕਸਬੇ ਵਿਚ ਮੈਂ ਚਾਹ ਪਾਣੀ ਪੀਣ, ਇਡਲੀ ਖਾਣ ਲਈ ਰੁਕਿਆ। ਮੈਥੋਂ ਅਗਲੇ ਮੇਜ਼ ਦੁਆਲੇ ਬੈਠੇ ਅਧਖੜ ਉਮਰ ਦੇ ਮਰਾਠਿਆਂ ਨੇ ਮੈਨੂੰ ਪਛਾਣ ਲਿਆ ਮੈਨੂੰ ਨਮਸਕਾਰ ਕਰਨ, ਹਾਲਚਾਲ ਪੁੱਛਣ, ਮੇਰੇ ਲਾਗੇ ਆ ਗਏ। ਇਕ ਬ੍ਰਾਹਮਣ ਪਤੀ ਪਤਨੀ ਜੋੜਾ ਕੁਵੈਤ ਤੋਂ ਪਰਤਿਆ ਸੀ, ਉਨ੍ਹਾਂ ਨੇ ਮੈਨੂੰ ਪੁੱਛਿਆ- ਤੁਸੀਂ ਉਹੋ ਹੋ ਨਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ? ਮੇਰੇ ਨਾਲ ਫੋਟੋਆਂ ਖਿਚਵਾਈਆਂ।

ਮੈਂ ਡੂੰਘਾ ਹਉਕਾ ਲਿਆ, ਸਾਰੀ ਉਲਝਣ, ਤਣਾਉ ਖਤਮ। ਅਜਿਹੇ ਆਮ ਹਿੰਦੂ ਵੀ ਹਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਪਰ ਰਿਟਾਇਰਮੈਂਟ ਤੋਂ 25 ਸਾਲ ਬਾਦ ਵੀ ਮੈਨੂੰ ਨਿੱਘ ਨਾਲ ਮਿਲ ਰਹੇ ਹਨ, ਦੋਸਤੀ ਕਰਨ ਦੇ ਇੱਛੁਕ ਹਨ ਭਾਵੇਂ ਕਿ ਉਨ੍ਹਾਂ ਦਾ ਨਿਜੀ ਫਾਇਦਾ ਮੈਂ ਕੋਈ ਨਹੀਂ ਕੀਤਾ। ਕੱਟੜ ਪੰਥੀਆਂ ਤੋਂ ਗੁਮਰਾਹ ਹੋ ਕੇ ਨਫਰਤ ਦੀ, ਹਿੰਸਾ ਦੀ ਵਿਚਾਰਧਾਰਾ ਤੋਂ ਆਮ ਹਿੰਦੂ ਮਰਦ ਔਰਤਾਂ ਪ੍ਰਭਾਵਿਤ ਨਹੀਂ ਹੋਣਗੇ, ਮੇਰੀ ਕਾਮਨਾ ਹੈ।

*****

(693)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author