HarpalSPannu7ਤਿਆਰੀ ਨਾ ਬਿਆਰੀਮੈਂ ਕਿਹਾ- ਮੈਂ ਕਿਉਂ ਬੈਠਾਂ? ...
(14 ਦਸੰਬਰ 2016)

 

ਅਦਬ ਮਾਇਨੇ ਸਤਿਕਾਰ, ਸ਼ਿਸ਼ਟਾਚਾਰ, ਸਲੀਕਾ, ਨੈਤਿਕ ਕਦਰਾਂ ਵਾਲਾ ਸਾਹਿਤ। ਇਸਦਾ ਵਿਰੋਧੀ ਲਫਜ਼ ਬੇਅਦਬ ਹੈ। ਗ਼ੈਰ ਅਦਬ ਮਾਇਨੇ ਰਸਮ-ਮੁਕਤ ਮੰਨ ਲਵੋ, ਇਨਫਾਰਮਲ। ਗੈਰ ਰਸਮੀ ਇਸ ਕਰਕੇ ਕਿਉਂਕਿ ਇਹ ਸਰਕਾਰੀ ਰਿਪੋਰਟ ਨਹੀਂ।

ਡਾ. ਹਰਜੋਧ ਸਿੰਘ ਦੀ ਨਵੀਂ ਨਵੀਂ ਚੇਅਰ ਅਧੀਨ ਇਹ ਪਹਿਲੀ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਸ਼ਵ ਪੰਜਾਬੀ ਕਾਨਫਰੰਸ 7, 8, 9 ਦਸੰਬਰ ਨੂੰ ਸਿਰੇ ਚੜ੍ਹੀ। ਡਾ. ਐੱਸ. ਪੀ. ਸਿੰਘ, ਡਾ. ਸਵਰਾਜਬੀਰ, ਡਾ. ਰਵੇਲ ਸਿੰਘ ਅਤੇ ਡਾ. ਜਸਪਾਲ ਸਿੰਘ ਦੇ ਪ੍ਰਧਾਨਗੀ ਮੰਡਲ ਅਧੀਨ ਉਦਘਾਟਨੀ ਸੈਸ਼ਨ ਸ਼ੁਰੂ ਹੋਇਆ। ਸਾਇੰਸ ਆਡੀਟੋਰੀਅਮ ਦਾ ਵੱਡਾ ਹਾਲ ਖਚਾਖਚ ਭਰਿਆ। ਪਤਾ ਲੱਗਾ ਕਿ 2500 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ।

ਇਸ ਪਿੱਛੋਂ ਤਿੰਨ ਦਿਨ ਇੱਕੋ ਵਕਤ ਵੱਖ ਵੱਖ ਥਾਵਾਂ ’ਤੇ ਪੰਜ ਪੰਜ ਅਕਾਦਮਿਕ ਸੈਮੀਨਾਰ ਆਯੋਜਤ ਕੀਤੇ ਗਏ। ਪੇਪਰ ਲੇਖਕਾਂ ਅਤੇ ਸਰੋਤਿਆਂ ਵਿਚ ਜੋਸ਼ ਅੰਤ ਤੱਕ ਬਰਕਰਾਰ ਰਿਹਾ। ਵਿਚਕਾਰਲੇ ਦਿਨ ਮੈਂ ਦਸ ਕੁ ਵਜੇ ਪਤਾ ਕਰਨ ਗਿਆ ਕਿ ਕਿਸ ਕਿਸ ਹਾਲ ਵਿਚ ਕੀ ਕੀ ਕਾਰਵਾਈ ਵਿਚਾਰ ਅਧੀਨ ਹੈ ਤਾਂ ਕਿ ਮਨਚਾਹੀ ਥਾਂ ਬੈਠਾਂ, ਸੁਣਾ। ਪ੍ਰੇਸ਼ਾਨ ਗੁਰਨੈਬ ਸਿੰਘ ਅਤੇ ਹਰਜੋਧ ਸਿੰਘ ਦੇ ਚਿਹਰੇ ਮੈਨੂੰ ਦੇਖਦਿਆਂ ਖਿੜ ਗਏ, ਕਿਹਾ- ਪੰਨੂ ਸਾਹਿਬ, ਜਿਸ ਨੇ ਪ੍ਰਧਾਨਗੀ ਕਰਨੀ ਸੀ ਉਹ ਵਿਦਵਾਨ ਡਾਢੀ ਗਾੜ੍ਹੀ ਧੁੰਦ ਕਾਰਨ ਨਹੀਂ ਆਇਆ, ਤੁਸੀਂ ਸਟੇਜ ਦੇ ਉੱਪਰ ਚਲੋ। ਤਿਆਰੀ ਨਾ ਬਿਆਰੀ, ਮੈਂ ਕਿਹਾ- ਮੈਂ ਕਿਉਂ ਬੈਠਾਂ? ਇੱਕ ਨੇ ਬਾਹੋਂ ਫੜ ਕੇ ਘਸੀਟਿਆ, ਦੂਜੇ ਨੇ ਪਿੱਛੋਂ ਧੱਕਾ ਲਾਇਆ, ਇਹ ਟ੍ਰੈਕਟਰ ਬਿਨਾ ਸਟਾਰਟ ਹੋਇਆਂ ਉੱਪਰ ਚੜ੍ਹ ਗਿਆ।

ਇਕ ਗੱਲ ਸਦਕਾ ਬੜਾ ਮਜ਼ਾ ਆਇਆ। ਐਤਕੀਂ ਕਾਨਫਰੰਸ ਦਾ ਮਜ਼ਮੂਨ ਪੰਜਾਬੀ ਵਾਰਤਕ ਸੀ। ਇਹੋ ਜਿਹੇ ਵੱਡੇ ਇਕੱਠਾਂ ਵਿਚ ਸੁਰਜੀਤ ਪਾਤਰ ਅਤੇ ਕੁਲਵੰਤ ਗਰੇਵਾਲ ਵਰਗੇ ਸ਼ਾਇਰ ਮੰਚ ਉੱਪਰ ਉੱਚੀ ਥਾਂ ਸੁਸ਼ੋਭਿਤ ਹੋਇਆ ਕਰਦੇ ਤੇ ਮੇਰੇ ਵਰਗੇ ਘੁਮੱਕੜ, ਸਰੋਤਿਆਂ ਵਿਚ ਬੈਠ ਕੇ ਤਾੜੀਆਂ ਮਾਰਦੇ। ਐਤਕੀਂ ਮੈਂ ਉੱਪਰ ਤੇ ਤਾੜੀਆਂ ਮਾਰਨ ਲਈ ਅਜ਼ੀਮ ਸ਼ਾਇਰ ਹੇਠਾਂ ਸਰੋਤਿਆਂ ਵਿਚ। ਸੌ ਦਿਨ ਚੋਰ ਦੇ ਇਕ ਦਿਨ ਸਾਧ ਦਾ। ਸਾਧ ਪ੍ਰਵਚਨ ਕਰਨਗੇ ਚੋਰ ਤਾੜੀਆਂ ਮਾਰਨ। ਕਵੀਆਂ ਨੂੰ ਚੋਰ ਮੈਂ ਨਹੀਂ ਕਹਿੰਦਾ, ਸੱਤ ਸਦੀਆਂ ਪਹਿਲਾਂ ਹਾਫਿਜ਼ ਸ਼ੀਰਾਜ਼ੀ ਨੇ ਕਿਹਾ ਸੀ - ਤੁਹਾਡੇ ਦਿਲਾਂ ਵਿੱਚੋਂ ਤੁਹਾਡੇ ਖਿਆਲ ਚੋਰੀ ਕਰਕੇ, ਰੰਗ-ਬਰੰਗੇ ਲਿਬਾਸ ਪਹਿਨਾ ਕੇ ਮਹਿੰਗੇ ਭਾਅ ਤੁਹਾਡੇ ਕੋਲ ਵੇਚ ਵੇਚ ਮੈਂ ਸਾਰੀ ਉਮਰ ਖੱਟੀ-ਕਮਾਈ ਕੀਤੀ। ਮੇਰੇ ਖਿਲਾਫ਼ ਤੁਸੀਂ ਥਾਣੇ ਵਿਚ ਰਪਟ ਨਹੀਂ ਲਿਖਵਾਈ, ਕਿੰਨੇ ਮਿਹਰਬਾਨ ਹੋ ਤੁਸੀਂ ਭਾਈਓ!

ਸੈਸ਼ਨ ਵਿਚ ਪੜ੍ਹੇ ਪਰਚੇ ਸੁਣਨ ਪਿੱਛੋਂ ਪ੍ਰਧਾਨਗੀ ਭਾਸ਼ਣ ਦੌਰਾਨ ਮੈਂ ਕਿਹਾ- ਪ੍ਰਧਾਨਗੀ ਮੰਡਲ ਵਿਚ ਬਿਠਾਉਣ ਲਈ ਮੈਂ ਵਿਭਾਗ ਦਾ ਨਹੀਂ, ਰੱਬ ਦਾ ਸ਼ੁਕਰਾਨਾ ਕਰਦਾ ਹਾਂ ਜਿਸਨੇ ਸਵੇਰ ਤੋਂ ਏਨੀ ਸੰਘਣੀ ਧੁੰਦ ਵਰਤਾ ਰੱਖੀ ਹੈ ਕਿ ਅਸਲੀ ਵਿਦਵਾਨ ਨਹੀਂ ਆਇਆ, ਨਕਲੀ ਨੇ ਕੰਮ ਚਲਾਇਆ। ਉਂਝ ਸਾਰਾ ਸਮਾਂ ਡਰਦਾ ਮੈਂ ਜ਼ਰੂਰ ਰਿਹਾ ਕਿ ਜੇ ਅਸਲੀ ਆ ਗਿਆ ਤਾਂ ਨਕਲੀ ਨੂੰ ਚਲਦਾ ਕਰ ਦਏਗਾ। ਸਰੋਤਿਆਂ ਨੂੰ ਪੁਰਾਣੀ ਗੱਲ ਸੁਣਾਈ। ਯੂਨੀਵਰਸਿਟੀ ਗੇਟ ਉੱਪਰ ਸ਼ਹਿਰ ਜਾਣ ਲਈ ਬੱਸ ਦੀ ਉਡੀਕ ਵਿੱਚ ਖਲੋਤਾ ਸਾਂ ਕਿ ਪ੍ਰੋ. ਹਰਬੰਸ ਸਿੰਘ (ਕਰਤਾ ਸਿੱਖ ਵਿਸ਼ਵਕੋਸ਼) ਦੀ ਕਾਰ ਨੇੜੇ ਆ ਕੇ ਰੁਕੀਪਿੱਛੇ ਸਰਦਾਰਨੀ ਅਤੇ ਸਰਦਾਰ, ਅੱਗੇ ਡਰਾਈਵਰ ਅਤੇ ਪੀ.ਏ. ਸੰਤੋਸ਼ਮੈਨੂੰ ਪੁੱਛਿਆ- ਸ਼ਹਿਰ ਜਾਣਾ ਹੈ ਪੰਨੂ ਸਾਹਿਬ? ਮੈਂ ਹਾਂ ਵਿਚ ਸਿਰ ਹਿਲਾਇਆ। ਬੋਲੇ- ਸੰਤੋਸ਼ ਜੀ, ਤੁਸੀਂ ਉੱਤਰੋ। ਸੰਤੋਸ਼ ਉੱਤਰ ਗਿਆ। ਮੈਨੂੰ ਕਿਹਾ- ਤੁਸੀਂ ਬੈਠੋ। ਸ਼ਹਿਰ ਚੱਲੇ ਹਾਂ। ਮੈਂ ਕਿਹਾ- ਨਾ ਜੀ, ਮੈਂ ਤਾਂ ਨੀ ਇਸ ਗੱਡੀ ਵਿਚ ਬੈਠਣਾ। ਵੀਹ ਗਜ਼ ਅੱਗੇ ਕਿਸੇ ਹੋਰ ਪ੍ਰੇਮੀ ਨੂੰ ਦੇਖੋਗੇ, ਮੈਨੂੰ ਉਤਾਰ ਕੇ ਉਸ ਨੂੰ ਬਿਠਾ ਲਉਗੇਮੈਂ ਨੀ ਤੁਹਾਡੇ ਨਾਲ ਜਾਣਾ। ਭਰੋਸਾ ਨਹੀਂ ਕਿ ਸਵਾਰੀ ਤੋੜ ਪੁਚਾ ਦਏਗੀ ਕਿ ਨਾ, ਫਿਰ ਖਤਰਾ ਕਾਸ ਲਈ ਮੁੱਲ ਲੈਣਾ? ਉਦੋਂ ਮੈਂ ਰਿਸਰਚ ਸਕਾਲਰ ਸਾਂ।

ਨਰਿੰਦਰ ਕਪੂਰ ਨੇ ਅਗਲੇ ਸੈਸ਼ਨ ਵਿਚ ਆਪਣੀ ਵਾਰਤਾਕਾਰੀ ਅਤੇ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ ਕਿਹਾ- ਨਾ ਮੈਂ ਆਪਣੀ ਕਿਸੇ ਕਿਤਾਬ ਦਾ ਮੁਖਬੰਧ ਕਿਸੇ ਤੋਂ ਲਿਖਵਾਇਆ, ਨਾ ਆਪਣੀ ਫੋਟੋ ਲਾਈ। ਹੌਲੀ ਦੇ ਕੇ ਮੈਨੂੰ ਨਾਗਸੈਨ ਨੇ ਕਿਹਾ- ਜੇ ਕਪੂਰ ਵਰਗੀ ਸ਼ਕਲ ਮੇਰੀ ਹੁੰਦੀ ਮੈਂ ਕਿਹੜਾ ਫੋਟੋ ਛਪਵਾਉਂਦਾ? ਫੋਟੋ ਦੀ ਗੱਲ ਦੂਰ, ਮੈਂ ਤਾਂ ਮੂੰਹ ਵੀ ਨਾ ਦਿਖਾਉਂਦਾ। ਕਪੂਰ ਦੀਆਂ ਗੱਲਾਂ ਸਰੋਤਿਆਂ ਨੇ ਉੰਨੀਆਂ ਹੀ ਪਸੰਦ ਕੀਤੀਆਂ ਜਿੰਨੀਆਂ ਉਨ੍ਹਾਂ ਦੀਆਂ ਲਿਖਤਾਂ ਨੂੰ ਪਸੰਦ ਕਰਦੇ ਹਨ। ਬੇਕਨ ਅਤੇ ਐਮਰਸਨ ਨੂੰ ਯਾਦ ਕੀਤਾ।

ਜਲੌਰ ਸਿੰਘ ਖੀਵਾ ਨੇ ਨਿੰਦਰ ਘੁਗਿਆਣਵੀਂ ਦੀ ਵਾਰਤਕ ਪੂਰੀ ਸਰਾਹੀ। ਨਿੰਦਰ ਨੇ ਸਾਹਮਣੇ ਬੈਠ ਕੇ ਆਪਣਾ ਮੰਗਲਾਚਰਨ ਪ੍ਰਸੰਨਤਾ ਨਾਲ ਸੁਣਿਆ। ਵਾਰਤਕ ਨਿੰਦਰ ਵੀ ਲਿਖਦਾ ਹੈ ਮੈਂ ਵੀ ਲਿਖੀ। ਉਹ ਪੀਲੂ ਵਾਂਗ ਲਿਖਦੈ, ਇਕ ਦਮ ਸ਼ੁਰੂ ਤੇ ਤੁਰਤ ਫੁਰਤ ਖਤਮ। ਆਤਿਸ਼ਬਾਜ਼ੀ ਦੀ ਹਵਾਈ ਵਾਂਗ। ਮੈਂ ਵਾਰਿਸਸ਼ਾਹ ਵਾਂਗ ਸਮਾਨ ਇਕੱਠਾ ਕਰਦਾ ਰਹਿੰਨਾ ਮਹੀਨਿਆਂ ਤੱਕ। ਇਕ ਲੇਖ ਵਾਸਤੇ ਔਸਤ ਦਰਜਣ ਕਿਤਾਬਾਂ। ਮੇਰੀ ਲਿਖਤ ਵਿਚ ਵਧੀਕ ਗਲਤੀਆਂ ਹੋਣ ਦਾ ਕਾਰਨ ਇਹੋ ਹੈ। ਮੈਨੂੰ ਖੁਦ ਉੱਪਰ ਭਰੋਸਾ ਨਹੀਂ। ਨਿੰਦਰ ਦੇ ਸਾਈਕਲ ਅੱਗੇ ਨਾ ਡੰਡਾ ਨਾ ਪਿੱਛੇ ਕੈਰੀਅਰ, ਨਾ ਮਡਗਾਡ, ਨਾ ਬਰੇਕ। ਪਤਾ ਨਹੀਂ ਕਿਸ ਵਿਚ ਜਾ ਵੱਜੇ, ਵਕੀਲ ਵਿਚ ਕਿ ਜੱਜ ਵਿਚ, ਗਾਇਕ ਵਿਚ ਕਿ ਸਾਜ਼ਿੰਦੇ ਵਿਚ!

ਮਿਹਰਬਾਨ ਪ੍ਰਬੰਧਕਾਂ ਨੇ ਸਵੇਰ ਵੇਲੇ ਤਾਂ ਮੇਰੇ ਨਾਲ ਕੰਮ ਚਲਾਇਆ ਸੀ ਪਰ ਸ਼ਾਮ ਦੇ ਸੈਸ਼ਨ ਵਿਚ ਵਿਧੀਵਤ ਮਾਣਤਾਣ ਕੀਤਾ। ਸਵੇਰ ਵਾਲਾ ਗੁੱਸਾ ਉੱਡ ਗਿਆ। ਡਾ. ਨਵਲ ਕਿਸ਼ੋਰ ਦੀਪਤੀ ਅਤੇ ਪ੍ਰਿੰ. ਸਰਵਣ ਸਿੰਘ ਇਸ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ। ਦੋਵਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ, ਆਪਣੀਆਂ ਲਿਖਤਾਂ ਨਾਲ ਸਾਂਝ ਪੁਆਈ। ਪ੍ਰਿੰਸੀਪਲ ਸਾਹਿਬ ਨੇ ਵਾਰਤਕ ਦੀਆਂ ਕਿਸਮਾਂ ਦੱਸੀਆਂ, ਕਿਵੇਂ ਸ਼ਬਦ ਚੁਣੀਦੇ ਹਨ ਕਿਵੇਂ ਵਾਕ ਵਿਚ ਬੀੜੀਦੇ ਹਨ, ਸੁਣਕੇ ਸਾਰੇ ਦੰਗ ਰਹਿ ਗਏ। ਇਸ ਪੱਖੋਂ ਮੈਂ ਪੂਰਾ ਜਾਹਲ ਹਾਂ। ਮੈਨੂੰ ਸ਼ਬਦ ਸ਼ਕਤੀਆਂ ਅਤੇ ਨਾਦਬੇਦ ਦਾ ਭੋਰਾ ਗਿਆਨ ਨਹੀਂ। ਆਦਮੀ ਨੂੰ ਪ੍ਰਿੰਸੀਪਲ ਆਫ਼ ਫਲਾਈਟ ਦਾ ਪਤਾ ਹੈ ਜਿਸ ਸਦਕਾ ਉਸਨੇ ਜਹਾਜ਼ ਬਣਾ ਕੇ ਸਵਾਰੀ ਕੀਤੀ ਪਰ ਆਪ ਨਹੀਂ ਉਡ ਸਕਦਾ। ਚਿੜੀ ਨੂੰ ਪ੍ਰਿੰਸੀਪਲ ਆਫ਼ ਫਲਾਈਟ ਦਾ ਕੋਈ ਪਤਾ ਨਹੀਂ ਪਰ ਉੱਡੀ ਫਿਰਦੀ ਹੈ।

ਪ੍ਰਿੰ. ਸਰਵਣ ਸਿੰਘ ਪ੍ਰਧਾਨਗੀ ਭਾਸ਼ਣ ਕਰਕੇ ਬੈਠੇ ਤਾਂ ਮੰਚ ਸੰਚਾਲਕ ਮੈਡਮ ਸੁਮਨਪ੍ਰੀਤ ਨੇ ਕੋਈ ਮਾਮੂਲੀ ਟਿੱਪਣੀ ਕਰ ਦਿੱਤੀ। ਜਵਾਬ ਦੇਣ ਵਾਸਤੇ ਸਰਵਣ ਸਿੰਘ ਡਾਇਸ ਅੱਗੇ ਆ ਖਲੋਤੇ ਤੇ ਜਵਾਬ ਦਿੱਤਾ। ਜਵਾਬ ਸੁਣਕੇ ਮੈਡਮ ਨੇ ਕੋਈ ਹੋਰ ਟਿੱਪਣੀ ਕਰ ਦਿੱਤੀ, ਪ੍ਰਿੰਸੀਪਲ ਸਾਹਿਬ ਫਿਰ ਖੜ੍ਹੇ ਹੋ ਗਏ। ਅਸੀਂ ਸਾਰੇ ਜਣੇ ਡਰ ਗਏ, ਕਬੱਡੀ ਦਾ ਮੈਚ ਸ਼ੁਰੂ ਹੋ ਗਿਆ, ਹੁਣ ਦੇਰ ਤਕ ਚੱਲੇਗਾ। ਇਸ ਪ੍ਰਥਾਇ ਮੈਂ ਸਰੋਤਿਆਂ ਨੂੰ ਆਪਣੀ ਕਥਾ ਸੁਣਾ ਦਿੱਤੀ। ਅੰਮ੍ਰਿਤਸਰੋਂ ਆ ਰਿਹਾ ਸਾਂ, ਕਾਰ ਟੋਲ ਪਲਾਜ਼ਾ ’ਤੇ ਲਾਈਨ ਵਿਚ ਲਾ ਦਿੱਤੀ। ਮੇਰੇ ਤੋਂ ਅਗਲੇ ਕਾਰ ਸਵਾਰ ਨੇ ਪਰਚੀ ਤਾਂ ਕਟਵਾ ਲਈ ਪਰ ਕਿਸੇ ਥਾਂ ਦਾ ਰਸਤਾ ਪੁੱਛਣ ਲੱਗ ਪਿਆ। ਕਾਊਂਟਰ ਵਾਲਾ ਮੁੰਡਾ ਸਮਝਾਈ ਜਾਏ ਪਰ ਉਸ ਨੂੰ ਸਮਝ ਨਾ ਆਏ। ਕਾਰਾਂ ਦੇ ਹਾਰਨ ਵਜਣ ਲੱਗੇ। ਮੈਨੂੰ ਕ੍ਰੋਧ ਆ ਗਿਆ। ਮੇਰੀ ਵਾਰੀ ਆਈ ਤਾਂ ਮੈਂ ਕੈਸ਼ੀਅਰ ਨੂੰ ਕਿਹਾ- ਤੇਰਾ ਕੰਮ ਕੇਵਲ ਪਰਚੀਆਂ ਕੱਟਣਾ ਹੈ। ਤੂੰ ਗੱਲਾਂ ਕਿਉਂ ਕਰਨ ਲੱਗ ਜਾਨੈ? ਉਹ ਬੋਲਿਆ- ਜੀ ਹੁਣ ਤੁਸੀਂ ਗੱਲਾਂ ਕਰਨ ਲੱਗ ਪਏ। ਦੱਸੋ, ਤੁਹਾਨੂੰ ਕਿਵੇਂ ਚੁੱਪ ਕਰਾਵਾਂ?

ਡਾ. ਦੀਪਤੀ ਕਿੱਤੇ ਵਜੋਂ ਮਾਹਿਰ ਸਰਜਨ ਹਨ। ਉਨ੍ਹਾਂ ਦੱਸਿਆ- ਮੈਨੂੰ ਜਦੋਂ ਸਰਕਾਰੀ ਨੌਕਰੀ ਮਿਲੀ, ਉਸ ਵਿਚ ਸ਼ਰਤ ਸੀ ਕਿ ਦਸਵੀਂ ਪੱਧਰ ਦੀ ਪੰਜਾਬੀ ਪਾਸ ਕਰੋ। ਮੈਂ ਕਿਸੇ ਦੋਸਤ ਦੇ ਘਰ ਗਿਆ, ਉੱਥੇ ਐੱਮ.ਏ. ਪੰਜਾਬੀ ਦਾ ਸਿਲੇਬਸ ਅਤੇ ਕਿਤਾਬਾਂ ਦੇਖੀਆਂ। ਮੈਂ ਸੋਚਿਆ- ਕਹਾਣੀਆਂ ਕਵਿਤਾਵਾਂ ਪੜ੍ਹ ਕੇ ਹੋ ਸਕਦੀ ਹੈ ਤਾਂ ਐਮ.ਏ. ਦੇ ਕਾਗਜ਼ ਨਾ ਭਰ ਦਿਆਂ? ਭਰ ਦਿੱਤੇ। ਇਮਤਿਹਾਨ ਦੇ ਦਿੱਤਾ। ਯੂਨੀਵਰਸਿਟੀ ਵਿੱਚੋਂ ਫਸਟ ਆਇਆ।

ਦੀਪਤੀ ਦੀ ਗੱਲ ਸੁਣੀ, ਮੈਨੂੰ ਹੱਡਬੀਤੀ ਯਾਦ ਆਈ। ਮੇਰੇ ਦੋ ਛੋਕਰੇ, ਦੋਵੇਂ ਬੀ.ਟੈੱਕ. ਕਰ ਰਹੇ ਸਨ। ਇਕ ਰਾਤ ਗੁਸਲਖਾਨੇ ਜਾਣ ਲਈ ਮੈਂ ਉੱਠਿਆ, ਦੋਵੇਂ ਪੜ੍ਹ ਰਹੇ ਸਨ। ਮੈਂ ਕਿਹਾ- ਅੱਧੀ ਰਾਤ ਹੋ ਗਈ ਐ, ਹੁਣ ਸੌਂ ਜਾਉ। ਉਹ ਬੋਲੇ- ਅਸੀਂ ਕੋਈ ਪੰਜਾਬੀ ਦੀ ਐੱਮ.ਏ. ਨੀ ਕਰਨ ਲੱਗੇ ਬਈ ਸੁੱਤੇ ਪਿਆਂ ਹੋ ਜਾਊਗੀ। ਸਾਨੂੰ ਸਾਡਾ ਕੰਮ ਕਰਨ ਦਿਉ।

ਹਰਿਭਜਨ ਬਾਜਵਾ ਹਮੇਸ਼ਾ ਵਾਂਗ ਆਪਣੀ ਫੋਟੋ-ਗੱਨ ਚੁੱਕੀ ਸਾਹਿਤਕ ਕਿਲੇ ਦੀ ਪਰਿਕਰਮਾ ਕਰਦਾ ਰਿਹਾ। ਜਿੰਨੀ ਮਿਹਨਤ ਅਤੇ ਆਪਸੀ ਮਿਲਵਰਤਣ ਨਾਲ ਕਾਨਫਰੰਸ ਸਿਰੇ ਚੜ੍ਹਾਈ, ਪੰਜਾਬੀ ਸਾਹਿਤ ਅਧਿਐਨ ਵਿਭਾਗ ਨੂੰ ਸ਼ਾਬਾਸ਼।

*****

(529)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author