“ਕਈ ਵਾਰ ਚਾਹ ਪਚਾਉਣੀ ਔਖੀ ਵੀ ਹੋ ਜਾਂਦੀ ਹੈ। ਪੁੱਡਾ ਦਫਤਰ, ਵੱਡੇ ਬਾਊ ਸ਼ਰਮਾ ਜੀ ...”
(21 ਦਸੰਬਰ 2025)
ਸਿਆਣੇ ਆਖਦੇ ਨੇ, ਵੈਲ ਤਾਂ ਚਾਹ ਦਾ ਵੀ ਮਾੜਾ ਹੁੰਦਾ ਹੈ। ਕਈਆਂ ਦਾ ਮੱਤ ਹੈ ਕਿ ਚਾਹ ਵਿੱਚ ਕੋਈ ਨਸ਼ਾ ਹੁੰਦਾ ਹੈ। ਖ਼ੈਰ ਮੈਨੂੰ ਇਸ ਵਿੱਚ ਕੋਈ ਸਚਾਈ ਨਹੀਂ ਲਗਦੀ ਕਿਉਂਕਿ ਪੂਰਾ ਜੱਗ ਭਰ ਕੇ ਪੀਣ ਪਿੱਛੋਂ ਵੀ ਮੈਂ ਕਦੇ ‘ਆਊਟ’ ਨਹੀਂ ਹੋਇਆ। ਜੇ ਬਾਹਲੀ ਤਫਸੀਲ ਨਾਲ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਿਸੇ ਫੁੱਫੜ ਤੋਂ ਪੁੱਛ ਲੈਣਾ ਜੀਹਨੂੰ ਰਾਤ ਨੂੰ ਭਾਵੇਂ ਪੂਰਾ ‘ਟੱਲੀ’ ਕਰ ਕੇ ਪਲੰਘ ’ਤੇ ਲਿਟਾਇਆ ਹੋਵੇ, ਪਰ ਸਵੇਰੇ ਜਾਗਣ ਤੋਂ ਪਹਿਲਾਂ ਉਹਦੇ ਸਿਰਹਾਣੇ ਚਾਹ ਦੀ ਭਰੀ ਗੜਵੀ ਜਾਂ ਕੰਗਣੀ ਵਾਲਾ ਗਲਾਸ ਨਾ ਰੱਖਿਆ ਹੋਵੇ। ਦੇਖੋ, ਕਿਵੇਂ ਚੰਗਿਆੜੇ ਕੱਢਦੈ ਫਿਰ!
ਪੰਜਾਬੀ ਅਤੇ ਚਾਹ ਤਾਂ ਜਿਊਂਦੇ ਹੀ ਇੱਕ ਦੂਜੇ ਦੇ ਸਿਰ ’ਤੇ ਹਨ। ਪਤੀਲਾ ਚੱਤੇ ਪਹਿਰ ਚੁੱਲ੍ਹੇ ’ਤੇ ਚੜ੍ਹਿਆ ਰਹਿੰਦਾ ਹੈ। ਸੁੱਖ ਨਾਲ ਚਾਹ ਪਾਣੀ ਤੋਂ ਬਿਨਾਂ ਕੋਈ ਮਹਿਮਾਨ ਕਿਉਂ ਮੁੜੇ? “ਸਾਊ! ਘਰ ਨਹੀਂ ਫੂਕਦੇ ਹੁੰਦੇ ਤੱਤੇ ਪਾਣੀਆਂ ਨਾਲ।” ਪੁਰਾਣੇ ਬਾਬੇ ਗੋਰਿਆਂ ਨੂੰ ਅਜੇ ਵੀ ਚੰਗੀਆਂ ਰਹੁ-ਰੀਤਾਂ ਦੇਣ ਕਰ ਕੇ ਯਾਦ ਕਰਦੇ ਹਨ, ਪਰ ਨਵੀਂ ਪਨੀਰੀ ਉਨ੍ਹਾਂ ਨੂੰ ਭੰਡਦੀ ਨਹੀਂ ਥੱਕਦੀ। ਅਖੇ: ਅੰਗਰੇਜ਼ ਚਲੇ ਗਏ, ਸਾਨੂੰ ਕੀ ਦੇ ਗਏ, ਇੱਕ ਭੈੜੀ ਜਿਹੀ ਨਿਸ਼ਾਨੀ ਸਾਨੂੰ ‘ਟੀ’ ਦੇ ਗਏ।
ਕੋਈ ਕੁਛ ਕਹੇ, ਪਰ ਚਾਹ ਦੀ ਫੱਬਤ ਹੈ ਅਨੋਖੀ! ਇਸਤੋਂ ਬਿਨਾਂ ਤਾਂ ਅੱਖ ਨਹੀਂ ਖੁੱਲ੍ਹਦੀ। ਜਪਾਨ ਦੇ ਸ਼ਾਇਰ ਅਤੇ ਫਿਲਾਸਫਰ ਕਾਕੂਜ਼ੋ ਓਕਾਕੁਰਾ ਨੂੰ ਚਾਹ ਦਾ ਅਜਿਹਾ ਭੁਸ ਪਿਆ ਕਿ ਉਹਨੇ ਚਾਹ ਉੱਤੇ ਕਿਤਾਬ ਲਿਖ ਧਰੀ ‘ਬੁੱਕ ਆਫ ਟੀ।’ ਚਾਹ ਦੇ ਵੀ ਕਈ ਰੂਪ ਹੁੰਦੇ ਹਨ। ਬਹੁਤੀ ਸੇਵਾ ਕਰਨੀ ਹੋਵੇ ਤਾਂ ਦੁੱਧ ਪੱਤੀ, ਨਹੀਂ ਤਾਂ ਮੁੱਛ ਮਰੋੜ: ਦੁੱਧ ਮਿੱਠਾ ਰੋਕ ਕੇ, ਚਾਹ ਪੱਤੀ ਠੋਕ ਕੇ! ਨਾਮਧਾਰੀ ਵੈਸੇ ਜ਼ਿਆਦਾ ‘ਚਾਹਟਾ’ ਹੀ ਛਕਦੇ ਹਨ। ਪੜ੍ਹੇ ਲਿਖਿਆਂ ਵਿੱਚ ‘ਡਿੱਪ ਟੀ’ ਦਾ ਵਾਹਵਾ ਰਿਵਾਜ਼ ਹੈ। ਪਰ ਬੰਦੇ ਨੂੰ ਕਈ ਵਾਰ ਭਸੂੜੀ ਜਿਹੀ ਪੈ ਜਾਂਦੀ ਹੈ ਕਿ ਇਸਦੀ ਗੁਥਲੀ ਜਿਹੀ ਤੋਂ ਛੁਟਕਾਰਾ ਕਿਵੇਂ ਪਾਈਏ? ਨਹੀਂ ਤਾਂ ਥੋੜ੍ਹੀ ਜਿਹੀ ਭੁੱਲ ਪੂਰਾ ਨੱਕ ਲਬੇੜ ਧਰਦੀ ਹੈ।
ਤਕਰੀਬਨ ਚਾਰ ਦਹਾਕੇ ਬੀਤਣ ’ਤੇ ਵੀ ਮੈਨੂੰ ਅਨਾਰਦਾਣਾ ਚੌਕ ਵਾਲੀ ਚਾਹ ਦਾ ਸੁਆਦ ਯਾਦ ਹੈ, ਜਿਵੇਂ ਹਾਲੇ ਕੱਲ੍ਹ ਹੀ ਪੀ ਕੇ ਆਇਆ ਹੋਵਾਂ। ਪੰਜਾਬੀ ਯੂਨੀਵਰਸਿਟੀ ਤੋਂ ਬੱਸ ਫੜਕੇ ਕੋਤਵਾਲੀ ਚੌਕ, ਅਦਾਲਤ ਬਜ਼ਾਰ ਗਾਹੁੰਦੇ-ਗਾਹੁੰਦੇ ਮਲਹੋਤਰਾ ਸਵੀਟ ਕਾਰਨਰ ’ਤੇ ਪਹੁੰਚ ਜਾਣਾ। ਜਲੇਬੀਆਂ ਪਕੌੜੇ ਉੱਥੋਂ ਛਕਣੇ, ਪਰ ਚਾਹ ਦੀਆਂ ਚੁਸਕੀਆਂ ਦਾ ਸੁਆਦ ਸਾਹਮਣੇ ਖੜ੍ਹੀ ਰੇਹੜੀ ਤੋਂ ਹੀ ਆਉਂਦਾ। ਘਸਿਆ ਜਿਹਾ ਫੱਟਾ ਲੱਗਿਆ ਹੁੰਦਾ, “ਸਾਡੇ ਉਹੀ ਪੁਰਾਣੇ ਰੇਟ ਚਾਹ ਦੇ।” ਚੁਆਨੀ ਵਿੱਚ ਹੱਥ ਦਾ ਗਲਾਸ ਭਰ ਕੇ, ਪੀ ਕੇ ਤਸੱਲੀ ਹੋ ਜਾਂਦੀ ਸੀ। ਹੁਣ ਕਿੱਥੇ ਉਹ ਚਾਹ ਤੇ ਚਾਹਾਂ ਪੀਣ ਵਾਲੇ!
ਭਾਅ ਜੀ ਜਸਮੇਰ ਸਿੰਘ ਢੱਟ ਦਾ ਬੁਲਾਵਾ ਆਇਆ, “ਆ ਜੋ ਚਾਹ ਦਾ ਪਿਆਲਾ ਸਾਂਝਾ ਕਰੀਏ।” ਚਾਹ ਦੀ ਤਲਬ ਵੀ ਬੜੀ ਸੀ ਉਸ ਦਿਨ। ਪਹੁੰਚਣ ਸਾਰ ਭੈਣ ਜੀ ਡਾ. ਦਵਿੰਦਰ ਕੌਰ ਨੇ ਡਰਾਈ ਫਰੂਟ ਅਤੇ ਜੂਸ ਦੇ ਭਰੇ ਗਲਾਸ ਮੋਹਰੇ ਧਰ ਦਿੱਤੇ। ਅਜੇ ਗੱਲਾਂ ਸ਼ੁਰੂ ਹੀ ਹੋਈਆਂ ਸਨ ਤਾਂ ਕਈ ਤਰ੍ਹਾਂ ਦੇ ਫਲਾਂ ਨਾਲ ਟਰੇਅ ਸਜ ਕੇ ਹਾਜ਼ਰ ਹੋ ਗਈ। ਦਿਨ ਥੋੜ੍ਹਾ ਜਿਹਾ ਢਲਿਆ ਤਾਂ ਸਿੱਧੇ ਖਾਣੇ ਦੀ ਮੇਜ਼ ’ਤੇ ਬੈਠਣ ਦਾ ਹੁਕਮ ਹੋ ਗਿਆ। ਡਿਨਰ ਤਿਆਰ ਸੀ। ਬਥੇਰੀ ਨਾਂਹ-ਨੁੱਕਰ ਕੀਤੀ ਪਰ…। “ਓ ਮੇਰਿਆ ਰੱਬਾ, ਇੰਨਾ ਕੁਝ ਕਿਵੇਂ ਹਜ਼ਮ ਕਰਾਂਗੇ?” ਖ਼ੈਰ, ਔਖੇ ਸੌਖੇ ਕਹਿਣਾ ਮੰਨਿਆ। ਢਿੱਡ ਵਿੱਚ ਉਂਗਲ ਨਾ ਖੁੱਭੇ। ਸੱਚੀ ਹੀ, ਨਾਨਕ ਸਿੰਘ ਦੀ ਕਹਾਣੀ ‘ਭੂਆ’ ਯਾਦ ਕਰਾ ਦਿੱਤੀ। ਡਿਗਦੇ ਢਹਿੰਦੇ ਵਿਦਾਈ ਲੈਣ ਲੱਗੇ ਤਾਂ ਢੱਟ ਸਾਹਿਬ ਬੋਲੇ, “ਰੁਕ ਜੋ, ਚਾਹ ਪੀ ਕੇ ਜਾਇਓ, …ਫੇਰ ਕਹੋਗੇ, ਘਰ ਆਇਆਂ ਨੂੰ ਚਾਹ ਵੀ ਨਹੀਂ ਪੁੱਛੀ।” ਸਾਨੂੰ ਕੋਈ ਜਵਾਬ ਨਾ ਅਹੁੜੇ!
ਚਾਹ-ਪਾਣੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਖਾਸ ਕਰਕੇ ਦਫਤਰੀ ਮਹਿਕਮੇ ਦਾ। ‘ਚਾਹ-ਪਾਣੀ’ ਤੋਂ ਬਿਨਾਂ ਕੋਈ ਸੇਵਾ ਉੱਤਮ ਨਹੀਂ ਸਮਝੀ ਜਾਂਦੀ। ‘ਜਿੱਥੇ ਚਾਹ, ਉੱਥੇ ਰਾਹ।’ ਚਾਹ-ਪਾਣੀ ਦਾ ਨਸ਼ਾ ਹੀ ਹੈਨਾ ਹੁੰਦਾ ਹੈ ਕਿ ਕੰਮ ਭੱਜਣ ਲਗਦੇ ਹਨ। ਸਾਡੇ ਮੁੱਖ ਮੰਤਰੀ ਸਾਹਿਬ ਦਾ ਟੋਟਕਾ: “ਨੇਤਾ ਜੀ ਨੇ ਦੌਰੇ ’ਤੇ ਆਉਣਾ ਹੁੰਦੈ, ਪੁਲੀਸ ਵਾਲਿਆਂ ਨੂੰ ਡੰਡੇ ਫੜਾ ਕੇ ਸੜਕਾਂ ’ਤੇ ਖੜ੍ਹਾ ਦਿੰਦੇ ਨੇ। ਸਾਰਾ ਦਿਨ ਵਿਚਾਰੇ ਭੁੱਖੇ-ਤਿਹਾਏ ਦੇਖਦੇ ਰਹਿੰਦੇ ਨੇ। ਆਥਤੇ ਪਤਾ ਲੱਗਦੈ, ਮੰਤਰੀ ਜੀ ਤਾਂ ਹਵਾਈ ਜਹਾਜ਼ ਵਿੱਚੋਂ ਟਾਟਾ ਕਰ ਕੇ ਨਿਕਲ ਗਏ। ਨਾ ਮੁਲਾਜ਼ਮਾਂ ਲਈ ਚਾਹ ਦਾ ਪ੍ਰਬੰਧ, ਨਾ ਪਾਣੀ ਦਾ। ਜੇ ਪੁਲੀਸ ਆਪਣੇ ਚਾਹ-ਪਾਣੀ ਦਾ ਇੰਤਜ਼ਾਮ ਆਪ ਕਰਦੀ ਹੈ ਤਾਂ ਲੋਕ ਕਹਿੰਦੇ ਨੇ, “ਪੁਲੀਸ ਪੈਸੇ ਖਾਂਦੀ ਆ…।” ਹੈ ਨਾ ਲੋਹੜਾ?
ਕਈ ਵਾਰ ਚਾਹ ਪਚਾਉਣੀ ਔਖੀ ਵੀ ਹੋ ਜਾਂਦੀ ਹੈ। ਪੁੱਡਾ ਦਫਤਰ, ਵੱਡੇ ਬਾਊ ਸ਼ਰਮਾ ਜੀ ਦਫਤਰੀ ਸਿੰਘਾਸਣ ’ਤੇ ਬਿਰਾਜਮਾਨ, ਲੱਤ ’ਤੇ ਲੱਤ ਧਰੀ ਹੋਈ। ਅਖੇ, ਚਾਹ-ਪਾਣੀ ਤੋਂ ਬਿਨਾਂ ਤਾਂ ਉਬਾਸੀਆਂ ਆਉਂਦੀਆਂ ਰਹਿੰਦੀਆਂ। ਵਿਜੀਲੈਂਸ ਵਾਲਿਆਂ ਨੇ ‘ਪਾਣੀ’ ਦੇ ਛਿੱਟੇ ਮੂੰਹ ’ਤੇ ਮਾਰੇ ਤੇ ਸੁਸਤੀ ਲਾਹ ਦਿੱਤੀ! ਬਾਊ ਜੀ ਵਾੜ ਵਿੱਚ ਫਸੇ ਬਿੱਲੇ ਵਾਂਗ ਝਾਕਣ। ਓਦਣ ਪਤਾ ਲੱਗਿਆ ਕਿ ਚਾਹ ਵੀ ਕਦੇ ਕਦੇ ‘ਆਊਟ’ ਕਰ ਦਿੰਦੀ ਹੈ। ਐਵੇਂ ਨਹੀਂ ਨਿਹੰਗ ਸਿੰਘ ਇਹਨੂੰ ‘ਢਿੱਡ ਫੂਕਣੀ’ ਕਹਿੰਦੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (