“ਇਨ੍ਹਾਂ ਪਾਵਨ ਧਾਗਿਆਂ ਦੀਆਂ ਗੰਢਾਂ ਮਜ਼ਬੂਤ ਕਰੀਏ, ਕਿਉਂਕਿ ਗ਼ਮਗੀਨ ਪਲਾਂ ਵਿੱਚ ...”
(20 ਅਕਤੂਬਰ 2025)
ਮਨੁੱਖੀ ਰਿਸ਼ਤੇ ਸਾਹਾਂ ਦਾ ਅਟੁੱਟ ਬੰਧਨ ਹੁੰਦੇ ਹਨ, ਸੁੱਚੇ ਮੋਤੀਆਂ ਦੀ ਲੜੀ ਵਰਗੇ, ਪਾਕ ਪਵਿੱਤਰਤਾ ਦੀ ਉੱਚੀ ਉਪਾਧੀ, ਰੂਹਾਨੀ ਮੋਹ ਦੀਆਂ ਤੰਦਾਂ, ਵਲਵਲਿਆਂ ਦੀ ਦੀਪਮਾਲਾ, ਭਾਵਨਾਤਮਕ ਸੰਬੰਧਾਂ ਦੀ ਰੰਗਲੀ ਤਸਵੀਰ। ਇਹ ਰਿਸ਼ਤਿਆਂ ਦੀ ਸੁੱਚਮਤਾ ਹੀ ਹੈ ਕਿ ਕੋਈ ਦੂਸਰਾ ਅਸਤਿੱਤਵ ਵੀ ਆਪਣਾ ਜਾਪਦਾ ਹੈ। ਕਿਸੇ ਹੋਰ ਦੀ ਮੌਜੂਦਗੀ ਆਪਣੇ ਸਿਰ ਉੱਪਰ ਤਣੀ ਛੱਤ ਭਾਸਦੀ ਹੈ। ਕਿਸੇ ਦੀ ਰਹਿਨੁਮਾਈ, ਡਰ-ਭੈ ਤੋਂ ਮੁਕਤੀ ਦਾ ਜ਼ਰੀਆ ਬਣਦੀ ਹੈ। ਦਿਲ ਆਪ ਮੁਹਾਰੇ ਉਸ ਰਿਸ਼ਤੇ ਦੀ ਡੋਰੀ ਨਾਲ ਬੱਝ ਜਾਂਦਾ ਹੈ। ਦੁਨੀਆਂ ਰਹਿਣ ਲਈ, ਜਿਊਣ ਲਈ ਖ਼ੂਬਸੂਰਤ ਜੰਨਤ ਲਗਦੀ ਹੈ। ਮਨੁੱਖੀ ਰਿਸ਼ਤਿਆਂ ਦੀ ਇਹ ਲੜੀ ਸਾਰੇ ਬ੍ਰਹਿਮੰਡ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ। ਰੂਹ-ਅਫਜ਼ੇ ਦੀ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਰਿਸ਼ਤਿਆਂ ਦੇ ਨਿੱਘ ਵਿੱਚ। ਪਰਿਵਾਰਕ ਨਾਤਿਆਂ ਦਾ ਇਹ ਤਲਿੱਸਮ ਹੀ ਇਨਸਾਨ ਨੂੰ ਦੂਸਰੇ ਜੀਵਾਂ ਨਾਲੋਂ ਉੱਚੀ ਕਸਵੱਟੀ ’ਤੇ ਰੱਖਦਾ ਹੈ, ਉਸ ਨੂੰ ਸੱਭਿਆ ਹੋਣ ਦਾ ਪ੍ਰਮਾਣ ਪੱਤਰ ਪ੍ਰਦਾਨ ਕਰਦਾ ਹੈ।
ਮੁੱਢ ਕਦੀਮਾਂ ਤੋਂ ਹੀ ਮਾਨਵ ਰਿਸ਼ਤੇ ਸਿਰਜਣ ਵਿੱਚ ਜੁਟਿਆ ਰਿਹਾ ਹੈ। ਰੱਬੀ ਕਹਿਰ, ਬਦਬਖ਼ਤੀਆਂ, ਜੰਗਲੀ ਜੀਵਾਂ ਦਾ ਖ਼ੌਫ ਸਾਡੇ ਪੁਰਖਿਆਂ ਨੂੰ ਡਰਾਉਂਦਾ ਰਿਹਾ ਹੈ। ਇਕੱਲਾ ਇਕਹਿਰਾ ਹੋਣ ਦਾ ਸਦਮਾ ਉਨ੍ਹਾਂ ਨੂੰ ਟੁੰਬਦਾ ਰਹਿੰਦਾ ਸੀ। ਰੋਜ਼ੀ ਰੋਟੀ ਦੀ ਭਾਲ, ਮੌਸਮ ਦੀ ਬੇਵਫ਼ਾਈ, ਆਪਣੇ ਤੋਂ ਡਾਢਿਆਂ ਨਾਲ ਮੱਥਾ ਲੱਗਣ ਦਾ ਅਹਿਸਾਸ ਉਨ੍ਹਾਂ ਨੂੰ ਰਿਸ਼ਤਿਆਂ ਦੀ ਤਲਾਸ਼ ਵੱਲ ਲੈ ਤੁਰਿਆ। ਝੁੰਡਾਂ ਵਿੱਚ ਵਿਚਰਦੇ ਪਸ਼ੂਆਂ, ਪੰਛੀਆਂ ਨੇ ਉਨ੍ਹਾਂ ਨੂੰ ਜ਼ਰੂਰ ‘ਆਪਣੇਪਣ’ ਦਾ ਪਾਠ ਪੜ੍ਹਾਇਆ ਹੋਵੇਗਾ। ਇਹੀ ਕਾਰਨ ਸੀ ਕਿ ਉਹ ਵੀ ਇੱਕਾ ਦੁੱਕਾ ਮੇਲ-ਜੋਲ ਤੋਂ ਅੱਗੇ ਵਧ ਵੱਡੀ ਖ਼ਲਕਤ ਨਾਲ ਜੁੜ ਗਿਆ। ਪਹਿਲਾਂ ਪਹਿਲ ਜੋ ਵੀ ਇਨਸਾਨ ਉਸਦੇ ਸੰਪਰਕ ਵਿੱਚ ਆਏ, ਉਹ ਹੀ ਉਸਦੇ ਮੁਢਲੇ ਰਿਸ਼ਤੇਦਾਰ ਹੋ ਨਿੱਬੜੇ। ਸਾਂਝੇ ਟੀਚੇ ਦੀ ਪ੍ਰਾਪਤੀ ਲਈ ਇਹ ਸੱਜੀਆਂ ਖੱਬੀਆਂ ਬਾਹਾਂ ਬਣੇ। ਸਮੇਂ ਦੇ ਬਦਲਾਅ ਨਾਲ ਅੱਜ ਇੱਕੀਵੀਂ ਸਦੀ ਵਿੱਚ ਦੁਨੀਆਂ ਸੁੰਗੜ ਗਈ ਹੈ ਅਤੇ ਮਨੁੱਖ ਸੱਤ ਸਮੁੰਦਰੋਂ ਪਾਰ ਨਵੇਂ ਰਿਸ਼ਤੇ ਗੰਢ ਰਿਹਾ ਹੈ। ਆਪਸੀ ਮਿਲਾਪ ਦੀਆਂ ਇਹ ਕੜੀਆਂ ਇੰਨੀਆਂ ਮਜ਼ਬੂਤ ਹੋ ਗਈਆਂ ਹਨ ਕਿ ਇਨ੍ਹਾਂ ਨੇ ਰੰਗ, ਨਸਲ, ਧਰਮ ਅਤੇ ਧਰਤੀ ਦਾ ਭੇਦ ਮਿਟਾ ਦਿੱਤਾ ਹੈ। ਮਨੁੱਖੀ ਸਰੋਕਾਰ ਕੰਡਿਆਲੀਆਂ ਤਾਰਾਂ ਟੱਪ ਕੇ ਮਾਨਵਤਾ ਦੀ ਸੱਤਰੰਗੀ ਪੀਂਘ ਦਾ ਭੁਲੇਖਾ ਪਾਉਂਦੇ ਹਨ।
ਵਿਸ਼ਵੀਕਰਣ ਵਿੱਚ ਰਿਸ਼ਤੇ ਨਾਤਿਆਂ ਦਾ ਘੇਰਾ ਇੰਨਾ ਵਿਸ਼ਾਲ ਹੋਣ ਦੇ ਬਾਵਜੂਦ ਵੀ ਅੱਜ ਤਿੜਕਣ ਕਿਉਂ ਹੈ? ਰਿਸ਼ਤਿਆਂ ਦੀ ਟੁੱਟ-ਭੱਜ ਵਿੱਚ ਮਨੁੱਖ ਦਾ ਪਰਸਪਰ ਵਿਰੋਧੀ ਰਵਈਆ ਕੀ ਦਰਸਾਉਂਦਾ ਹੈ? ਇੱਕੋ ਪੇਟੋਂ ਜੰਮੇ ਵੱਖਰੇ ਪਾੜਿਆਂ ਵਿੱਚ ਕਿਉਂ ਖੜ੍ਹੇ ਨੇ? ਮੋਹ ਦੀਆਂ ਤੰਦਾਂ ਦੇ ਧਾਗੇ ਐਨੇ ਕੱਚੇ ਕਿਵੇਂ ਹੋ ਗਏ? ਮਨੁੱਖੀ ਮਨ ਵਿਚਲਾ ਵਿਰੋਧਾਭਾਸ ਅਤੇ ਉਲਝਣ ਦੀ ਤਸਵੀਰ ਵੀ ਕੁਝ ਘੁਸਮੁਸਾ ਜਿਹਾ ਦ੍ਰਿਸ਼ ਪੇਸ਼ ਕਰਦੀ ਹੈ:
ਆਦਮੀ, ਭੀੜ ਤੋਂ ਬਿਨਾਂ
ਜਿਉਂ ਨਹੀਂ ਸਕਦਾ।
ਆਦਮੀ, ਭੀੜ ਵਿੱਚ ਰਲ ਕੇ
ਮਰ ਜਾਂਦਾ ਹੈ।
ਆਦਮੀ, ਅਨੋਖੀ ਤਰ੍ਹਾਂ ਦਾ
ਇਕੱਲਾ ਹੈ।
ਪੰਜਾਬ ਪ੍ਰਾਹੁਣਚਾਰੀ ਦੀ ਮਿਸਾਲ ਰਿਹਾ ਹੈ। ਸਿਆਣੇ ਦੱਸਦੇ ਨੇ ਕਿ ਇੱਕ ਘਰ ਦਾ ਪ੍ਰਾਹੁਣਾ ਸਾਰੇ ਪਿੰਡ ਦਾ ਸਾਂਝਾ ਮਹਿਮਾਨ ਹੁੰਦਾ ਸੀ। ਘਰ ਕੱਚੇ ਸਨ, ਪਰ ਮਨ ਸੱਚੇ ਸਨ। ਧੀ ਧਿਆਣੀ ਪੂਰੇ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ। ਗਲੀ ਮੁਹੱਲੇ ਆਇਆ ਅਜਨਬੀ ਵੀ ਅਪਣੱਤ ਮਹਿਸੂਸ ਕਰਦਾ ਸੀ। ਮੰਗਤੇ ਦੀ ਝੋਲੀ ਖ਼ੈਰ ਪਾਉਣੀ, ਭੁੱਖੇ ਨੂੰ ਰੋਟੀ, ਪੰਛੀਆਂ ਨੂੰ ਚੋਗਾ ਅਤੇ ਕੁੱਤਿਆਂ ਬਿੱਲੀਆਂ ਨੂੰ ਬੁਰਕੀ ਪਾਉਣ ਨੂੰ ਚੰਗਾ ਕਾਰਜ ਸਮਝਿਆ ਜਾਂਦਾ ਸੀ। ਘਰਾਂ ਦੇ ਦਰਵਾਜ਼ੇ ਲੋੜਵੰਦਾਂ ਨੂੰ ‘ਜੀ ਆਇਆਂ’ ਕਹਿਣ ਲਈ ਹਮੇਸ਼ਾ ਖੁੱਲ੍ਹੇ ਮਿਲਦੇ ਸਨ। ਵਡੇਰਿਆਂ ਦੀ ਅਸੀਸ ਹੁੰਦੀ ‘ਤੱਤੇ ਪਾਣੀਆਂ ਨਾਲ ਘਰ ਨੀ ਫੂਕ ਹੁੰਦੇ ਚੰਨ! ਹਰੇਕ ਜੀਅ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ।’ ਓਪਰੀਆਂ ਰੂਹਾਂ ਵੀ ਕਿਸੇ ਅਣਜਾਣ ਰਿਸ਼ਤੇ ਦੇ ਨਿੱਘ ਨਾਲ ਲਬਰੇਜ਼ ਹੁੰਦੀਆਂ ਸਨ।
ਅਚਾਨਕ ਆਈ ਕਿਹੜੀ ਹਨੇਰੀ ਨੇ ਰਿਸ਼ਤੇ ਤਾਸ਼ ਦੇ ਪੱਤਿਆਂ ਵਾਂਗ ਖਿੰਡਾ ਦਿੱਤੇ? ਬਲਦੇਵ ਸਿੰਘ ਸੜਕਨਾਮਾ ਲਿਖਦਾ ਹੈ: “ਜਦੋਂ ਹਵਾ ਰੁਮਕਦੀ ਹੈ ਤਾਂ ਨਿੰਮ ਦੇ ਪੱਤੇ ਵੀ ਹਿੱਲਦੇ ਹਨ ਤੇ ਕੋਈ ਕੋਈ ਪੀਲਾ ਹੋਇਆ ਪੱਤਾ ਹੇਠਾਂ ਡਿਗਦਾ ਹੈ। ਸਾਰੇ ਰਿਸ਼ਤੇ ਵੀ ਇਵੇਂ ਹੌਲੀ ਹੌਲੀ ਝੜਦੇ ਜਾ ਰਹੇ ਹਨ। ਕਿੱਧਰ ਗਈਆਂ ਉਹ ਭਾਵਨਾਵਾਂ, ਉਹ ਨਜ਼ਦੀਕੀਆਂ? ਹਰ ਤਰ੍ਹਾਂ ਦੇ ਦੁੱਖਾਂ ਸੁੱਖਾਂ ਵਿੱਚੋਂ ਵੀ ਆਪਣਾ ਰਾਹ ਬਣਾ ਲੈਣ ਦਾ ਹੌਸਲਾ। ਹਰ ਇੱਕ ਦੁੱਖ ਨੂੰ ਝੱਲ ਲੈਣਾ ਤੇ ਫਿਰ ਆਪਣੇ ਕੰਮਾਂ ਵਿੱਚ, ਆਪਣੇ ਰੁਜ਼ਗਾਰ ਵਿੱਚ ਰੁੱਝ ਜਾਣਾ...।”
ਪੱਥਰ ਯੁਗ ਤੋਂ ਬਿਜਲਈ ਯੁਗ ਤਕ ਆਏ ਤਬਦੀਲੀਆਂ ਦੇ ਹੜ੍ਹ ਨੇ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਛੱਡਿਆ ਹੂ। ਮਨੁੱਖੀ ਮਨ ਦੀ ਲਾਲਸਾ ਅਰਸ਼ਾਂ ਦੀ ਉਡਾਰੀ ਮਾਰਦੀ ਹੈ। ਰਾਤੋ ਰਾਤ ਅਮੀਰ ਬਣਨ ਦੇ ਸੁਪਨਿਆਂ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਤੰਗੀਆਂ ਤੁਰਸ਼ੀਆਂ ਨੇ ਰਿਸ਼ਤਿਆਂ ਨੂੰ ਝੰਜੋੜ ਦਿੱਤਾ ਹੈ। ਸਾਂਝੇ ਪਰਿਵਾਰ ਖੇਰੂੰ ਖੇਰੂੰ ਹੋ ਰਹੇ ਹਨ। ਨਵੇਂ ਦਿਸਹੱਦਿਆਂ ਦੀ ਭਟਕਣ ਨੇ ਸਦੀਆਂ ਪੁਰਾਣੀ ਪਰੰਪਰਾ ਨੂੰ ਇਤਿਹਾਸ ਦਾ ਪੰਨਾ ਬਣਾ ਧਰਿਆ ਹੈ। ਮਨਾਂ ਵਿਚਲੀ ਹਉਮੈਂ ਅਤੇ ਆਪਣਿਆਂ ਤੋਂ ਅੱਗੇ ਲੰਘਣ ਦੀ ਹੋੜ ਨੇ ਰਿਸ਼ਤਿਆਂ ਨੂੰ ਗੰਧਲਾ ਕਰ ਦਿੱਤਾ ਹੈ। ਘਰਾਂ ਦੀਆਂ ਦੀਵਾਰਾਂ ’ਤੇ ਆਉ ਭਗਤ ਦੀ ਜਗ੍ਹਾ ‘ਕੁੱਤਿਆਂ ਤੋਂ ਬਚੋ’ ਦੀਆਂ ਫੱਟੀਆਂ ਲਟਕਦੀਆਂ ਮਿਲਦੀਆਂ ਹਨ। ਘਰਾਂ ਅੰਦਰ ਲੱਗੇ ਕੈਮਰੇ ਤੈਅ ਕਰਦੇ ਨੇ ਕਿ ਮਹਿਮਾਨ ਨਾਲ ਕੀ ਸਲੂਕ ਕਰਨਾ ਹੈ।
ਬਜ਼ੁਰਗ ਬੇ-ਲੋੜੇ ਹੋ ਗਏ ਹਨ। ਬੋਝ ਲੱਗਣ ਲੱਗੇ ਹਨ। ‘ਆਊਟਡੇਟਡ’ ਦੀ ਤਖ਼ਤੀ ਉਨ੍ਹਾਂ ਦੇ ਗਲੀਂ ਪਾਈ ਗਈ ਹੈ। ਨਵੀਂ ਪੀੜ੍ਹੀ ਤੋਂ ਸਿਆਣਾ ਹੁਣ ਕੋਈ ਨਹੀਂ। ਬਿਰਧ ਆਸ਼ਰਮ ਪਣਪ ਰਹੇ ਹਨ। ਖੁਸ਼ੀਆਂ ਦੇ ਮੌਕੇ, ਦਿਖਾਵੇ ਲਈ ਫਲ ਫਰੂਟ ਅਤੇ ਸਜਾਵਟੀ ਪੇਸ਼ਕਾਰੀਆਂ ਦਾ ਤਾਣਾ ਬੁਣਿਆ ਜਾਂਦਾ ਹੈ, ਪਰ ਵਡੇਰੇ ਘਰ ਦੀ ਕਿਸੇ ਨੁੱਕਰੇ ਲੇਟੇ ਹੋਏ ਬੋਲਾਂ ਦੀ ਸਾਂਝ ਨੂੰ ਸਹਿਕਦੇ ਹਨ। ਦੋ ਪਲ ਦੀ ਗੁਫਤਗੂ ਵਿੱਚ ਵੀ ਬੱਚਿਆਂ ਦੀ ‘ਬਿਜ਼ੀ ਲਾਈਫ’ ਅਤੇ ‘ਪ੍ਰਾਈਵੇਸੀ’ ਆੜ੍ਹੇ ਆ ਜਾਂਦੀ ਹੈ। ਬਚਪਨ ਵਿੱਚ ਜਿਨ੍ਹਾਂ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ, ਮੋਢਿਆਂ ’ਤੇ ਬਿਠਾ ਕੇ ਮੇਲੇ ਦਿਖਾਏ ਸਨ, ਜਿਨ੍ਹਾਂ ਲਈ ਮਹਿਲ ਮਾੜੀਆਂ ਦੇ ਸੁਪਨੇ ਸਿਰਜੇ ਸਨ, ਉਹ ਕਿਵੇਂ ਮੂੰਹ ਫਿਰ ਲੈਂਦੇ ਨੇ? ਤਾ-ਉਮਰ ਝੱਖੜ ਝਾਗ ਕੇ, ਆਪਣੀਆਂ ਖਾਹਿਸ਼ਾਂ ਨੂੰ ਦਬਾ ਕੇ ਜਿਨ੍ਹਾਂ ਬੱਚਿਆਂ ਵਾਸਤੇ ਆਪਣੇ ਟਾਕੀਆਂ ਲੱਗੇ ਲੀੜਿਆਂ ਨੂੰ ਜੱਗ ਜ਼ਾਹਰ ਨਹੀਂ ਹੋਣ ਦਿੱਤਾ, ਜਵਾਨ ਹੁੰਦਿਆਂ ਹੀ ਉਨ੍ਹਾਂ ਅੰਦਰ ਕਿਹੜਾ ਰਾਵਣ ਆ ਪ੍ਰਗਟ ਹੁੰਦਾ ਹੈ ਕਿ ਉਹ ਸਿਰਜੇ ਸੁਪਨਿਆਂ ਨੂੰ ਲੱਤ ਮਾਰ ਕੇ ਰੇਤ ਦੇ ਘਰ ਦੀ ਤਰ੍ਹਾਂ ਢਾਹ ਦਿੰਦੇ ਹਨ। ਬਾਹਰੋਂ ‘ਸਭ ਅੱਛਾ’ ਹੋਣ ਦਾ ਸੰਕੇਤ ਹੁੰਦਾ ਹੈ, ਪਰ ਮਨਾਂ ਅੰਦਰਲੀ ਸਿਉਂਕ ਖੋਖ਼ਲਾ ਕਰੀ ਜਾਂਦੀ ਹੈ। ਰਿਸ਼ਤਿਆਂ ਦੇ ਚੁਬਾਰੇ, ਕਬਰਾਂ ਵਿੱਚ ਬਦਲ ਜਾਂਦੇ ਹਨ। ਕਹਿੰਦੇ ਹਨ, ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ। ‘ਨਸ਼ੇੜੀ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ’ ਅਖ਼ਬਾਰਾਂ ਦੀ ਸੁਰਖ਼ੀ ਬਣੀ ਹੈ!
ਪਤੀ ਪਤਨੀ ਦੀ ਹਉਮੈਂ ਨੇ ਵੀ ਯੁਗ ਪਲਟਾਊ ਕਾਰਜ ਕੀਤਾ ਹੈ। ਸੱਤ ਜਨਮਾਂ ਤਕ ਸਾਥ ਨਿਭਾਉਣ ਦੀਆਂ ਕਸਮਾਂ ਬੱਦਲੀ ਧੂੰਆਂ ਬਣ ਗਈਆਂ ਹਨ। ਅਗਨੀ ਦੁਆਲੇ ਮੰਤਰਾਂ ਦੀਆਂ ਉਚਾਰੀਆਂ ਧੁਨਾਂ ਵਿਚਕਾਰ ਲਏ ਫੇਰੇ ਫਿੱਟ ਲਾਹਣਤਾਂ ਪਾਉਣੋ ਹਟ ਗਏ ਹਨ। ਸਿਆਣਿਆਂ ਦੀ ਸਲਾਹ ‘ਪੇਕੇ ਘਰ ਪਤੀ ਨੂੰ ਨਰਾਜ਼ ਕਰ ਕੇ ਨਹੀਂ ਆਉਣਾ’, “ਸਹੁਰਿਆਂ ਨਾਲ ਬੋਲ ਕੁਬੋਲ ਕਰ ਕੇ ਨਹੀਂ ਆਉਣਾ’ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਨਵੀਂ ਸਿੱਖਿਆ ‘ਜਕਣਾ ਨੀ, ਮੋਬਾਇਲ ਦੀ ਘੰਟੀ ਮਾਰਨੀ ਹੈ ਤੇ ਅਸੀਂ ਖੜ੍ਹੇ ਹੋਵਾਂਗੇ’ ਰਿਸ਼ਤਿਆਂ ਦਾ ਮੂੰਹ ਚਿੜਾਉਂਦੀ ਹਨ। ਔਰਤ ਦੀ ਪੜ੍ਹਾਈ ਲਿਖਾਈ ਉਸਦੀ ਸੁਤੰਤਰਤਾ ਵੱਲ ਵਧਦਾ ਕਦਮ ਹੁੰਦਾ ਹੈ। ਇੱਥੇ ਹੀ ਮਰਦ ਦੀ ਹਉਮੈਂ ’ਤੇ ਸੱਟ ਵੱਜਦੀ ਹੈ। ‘ਪੈਰ ਦੀ ਜੁੱਤੀ’ ਵਾਲੀ ਸੋਚ ਮਸਲੀ ਗਈ ਲਗਦੀ ਹੈ। ਰਿਸ਼ਤੇ ਤਰੇੜੇ ਜਾਂਦੇ ਹਨ। ਵਿਸ਼ਵਾਸ ਦੀ ਘਾਟ, ਮਨ ਮਰਜ਼ੀ ਦਾ ਪ੍ਰੇਮ ਵਿਆਹ ਕਦੇ ਨਾ ਕਦੇ ਅੰਦਰਲੇ ਮਨ ਨੂੰ ਸੱਟ ਮਾਰਦੇ ਹਨ। ਵਿਆਹ ਤੋਂ ਬਾਹਰਲੇ ਸੰਬੰਧ ਚਿੰਗਾੜੀ ਨੂੰ ਹਵਾ ਦਿੰਦੇ ਹਨ। ਟੀ ਵੀ ਸੀਰੀਅਲਾਂ ਨੇ ਕਿਸੇ ‘ਤੀਸਰੇ’ ਦੀ ਸ਼ਮੂਲੀਅਤ ਨੂੰ ਘਰ ਘਰ ਦੀ ਕਹਾਣੀ ਬਣਾਇਆ ਹੋਇਆ ਹੈ। ਤਲਾਕ ਫੈਸ਼ਨ ਬਣ ਗਿਆ ਹੈ। ‘ਜਾਗਰੂਕਤਾ’ ਇੱਥੋਂ ਤਕ ਵਧ ਚੁੱਕੀ ਹੈ ਕਿ ਸਾਲਾਂ ਬੱਧੀ ਵਿਆਹ ਬੰਧਨ ਵਿੱਚ ਇਕੱਠੇ ਰਹਿਣ ਪਿੱਛੋਂ ‘ਵਿਚਾਰਾਂ ਦਾ ਨਾ ਮਿਲਣਾ’ ਅਜੋਕੇ ਜੀਵਨ ਦੀ ਨਿਸ਼ਾਨੀ ਹੈ। ਨਵੀਂ ਤ੍ਰਾਸਦੀ ‘ਲਿਵ-ਇਨ-ਰਿਲੇਸ਼ਨਸ਼ਿੱਪ’ ਬਣ ਗਈ ਹੈ। ਧਾਰਮਿਕ ਗ੍ਰੰਥਾਂ ਨਾਲ ਬੱਝੇ ਸਮਾਜ ਵਿੱਚ ਇਸ ਤਰ੍ਹਾਂ ਦੀ ਬਲਾਅ ਕੀ ਗੁਲ ਖਿਲਾਉਂਦੀ ਹੈ, ਸਭ ਦੇ ਸਾਹਮਣੇ ਹੈ।
ਸ਼ਾਹਾਨਾ ਜੀਵਨ, ਮੌਜ ਮਸਤੀ, ਅਮੀਰ ਕਲੱਬ, ਜੂਏਖ਼ਾਨਿਆਂ ਨੇ ਰਿਸ਼ਤਿਆਂ ਦੀ ਮਹਿਕ ਘਟਾ ਕੇ ਕਾਗ਼ਜ਼ੀ ਫੁੱਲਾਂ ਵਿੱਚ ਵਾਧਾ ਕੀਤਾ ਹੈ। ਮਨਾਂ ਵਿੱਚ ਭਰੀ ਵਿਹੁ ਨੇ ਰਿਸ਼ਤਿਆਂ ਵਿਚਲੀ ਮਿਠਾਸ ਨੂੰ ਖਟਾਸ ਵਿੱਚ ਬਦਲ ਦਿੱਤਾ ਹੈ। ਸ਼ਾਇਰ ਤ੍ਰੈਲੋਚਨ ਲੋਚੀ ਸਮਿਆਂ ਤੇ ਝੋਰਾ ਕਰਦਾ ਹੈ:
ਸ਼ਹਿਰ ਵਿੱਚੋਂ ਨਾਗਾਂ ਨੇ ਤਾਂ
ਭੱਜਣਾ ਹੀ ਸੀ
ਬੰਦਿਆਂ ਵਿੱਚ
ਜ਼ਹਿਰ ਦੀ ਬਹੁਤਾਤ ਸੀ।
ਉੱਠ ਕੇ ਬੂਹਾ
ਕਿਸੇ ਨਾ ਖੋਲ੍ਹਿਆ
ਮੁੜ ਗਈ ਦਰਵਾਜਿਉਂ
ਪ੍ਰਭਾਤ ਸੀ।
ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਗੰਢ ਵੀ ਸਰਕਦੀ ਜਾ ਰਹੀ ਹੈ। ਪਿਤਾ ਪੁਰਖੀ ਜਾਇਦਾਦਾਂ ਦੀ ਵੰਡ ਨੇ ਗੁੱਟ ’ਤੇ ਬੰਨ੍ਹੀ ਰੱਖੜੀ ਦਾ ਚੇਤਾ ਵਿਸਾਰ ਦਿੱਤਾ ਹੈ ਅਤੇ ਠਾਣਿਆਂ ਕਚਹਿਰੀਆਂ ਵਿੱਚ ਚੱਲਦੇ ਮੁਕੱਦਮਿਆਂ ਨੇ ਅੱਖ ਦੀ ਸ਼ਰਮ ਨੂੰ ਗਾਇਬ ਕਰ ਛੱਡਿਆ ਹੈ। ਆਰਥਿਕ ਸੌੜਾਂ ਸਮਾਜਿਕ ਬੰਧਨਾਂ ਉੱਤੇ ਭਾਰੂ ਪੈਣ ਲੱਗ ਪਈਆਂ ਹਨ। “ਭੈਣਾਂ ਵਰਗਾ ਸਾਕ ਨਾ ਕੋਈ, ਰੁੱਸ ਕੇ ਨਾ ਬਹਿਜੀਂ ਵੀਰਿਆ” ਅਰਥਾਂ ਤੋਂ ਸੱਖਣਾ ਹੋ ਗਿਆ ਹੈ। ਕਿੱਥੇ ਗਈਆਂ ਸੌਹਾਂ ਅਤੇ ਸੁਗੰਧਾਂ? ਭਾਈ, ਭਾਈ ਤੋਂ ਨਾਬਰ ਹੋਇਆ ਹੈ। ਵੱਟਾਂ ਬਣਾਈ ਬੈਠੇ ਹਨ। ਕਿੱਥੇ ਗਏ ਕੁਲਵੰਤ ਸਿੰਘ ਵਿਰਕ ਦੇ ‘ਲਾਲ’ ਤੇ ‘ਦਿਆਲ?’ ਧੀਰ ਦੇ ਕਪੂਰ ਸਿੰਹੁ ਤੇ ਦਰਬਾਰਾ ਕਿੱਧਰ ਅਲੋਪ ਹੋ ਗਏ? ਦੁਸ਼ਮਣੀਆਂ ਪੁਗਾ ਕੇ ਵੀ ਜਿਨ੍ਹਾਂ ਨੇ ਪਾਕ ਰਿਸ਼ਤਿਆਂ ਦਾ ਦਾਮਨ ਨਹੀਂ ਛੱਡਿਆ। ਅੱਜ ਆਮ ਕਹਾਵਤ ਹੈ ਕਿ ਹਜ਼ਾਰਾਂ ਰਿਸ਼ਤੇਦਾਰਾਂ ਨਾਲੋਂ ਇੱਕ ਸੱਚਾ ਦੋਸਤ ਸੁਹਿਰਦ ਹੁੰਦਾ ਹੈ। ਕਈ ਵਾਰੀ ਉਮਰਾਂ ਤੋੜੀ ਸਾਥ ਨਿਭਾਅ ਜਾਂਦੇ ਨੇ ਇਹ ਅਜਨਬੀ, ਜਿੱਥੇ ਸਾੜਾ, ਈਰਖਾ ਅਤੇ ਤੰਗ ਦਿਲੀ ਦਸਤਕ ਨਹੀਂ ਦਿੰਦੀ।
ਅਮਾਨਵੀ ਇਲੈਕਟਰੌਨਿਕ ਯੰਤਰਾਂ ਨੇ ਜਿੱਥੇ ਅਣਜਾਣ ਰਿਸ਼ਤਿਆਂ ਨੂੰ ਨੇੜੇ ਲਿਆਂਦਾ ਹੈ, ਉੱਥੇ ਜੜ੍ਹਾਂ ’ਤੇ ਸੱਟ ਵੀ ਮਾਰੀ ਹੈ। ਤਾਹਨੇ, ਮਿਹਣੇ, ਗਾਲੀ ਗਲੋਚ ਅੱਜ ਕੱਲ੍ਹ ਮੋਬਾਇਲ ਦੀ ‘ਸਟੇਟਸ’ ਦੱਸਦੀ ਹੈ। ਮਨਾਂ ਵਿਚਲਾ ਖਲਾਅ ਰਿਸ਼ਤੇ ਦੀ ਪਵਿੱਤਰਤਾ ਭੁਲਾ ਖਟਾਸ ਨੂੰ ਜੱਗ ਜ਼ਾਹਰ ਕਰ ਦਿੰਦਾ ਹੈ, ਜਿਸਦੇ ਫੱਟ ਭਰਨੇ ਮੁਸ਼ਕਿਲ ਹੋ ਜਾਂਦੇ ਹਨ। ਸੋਸ਼ਲ ਮੀਡੀਆ ਦੀਆਂ ‘ਲਾਈਕਸ’ ਅਤੇ ‘ਡਿਸਲਾਈਕਸ’ ਨਿਰਧਾਰਿਤ ਕਰਦੀਆਂ ਹਨ ਕਿ ਨਿੱਘ ਕਿੰਨਾ ਹੈ? ਇੱਕ ਖਾਂਦੇ ਪੀਂਦੇ ਪਰਿਵਾਰ ਦਾ ਮੰਗਣੀ ਰਿਸ਼ਤਾ ਇਸ ਕਰ ਕੇ ਭੁਰ ਗਿਆ ਕਿ ਮੰਗੇਤਰ ਲੜਕੇ ਨੇ ਆਪਣੀ ਹੋਣ ਵਾਲੀ ਪਤਨੀ ਦੇ ਭਰਾ ਦੀ ‘ਪੋਸਟ’ ਨੂੰ ‘ਹਿੱਪ ਹਿੱਪ ਹੁਰਰੇ’ ਨਹੀਂ ਸੀ ਕੀਤਾ। ਸ਼ਿਕਾਇਤ ਸੀ ਕਿ ਅੱਜ ਮੇਰੇ ਭਰਾ ਦੀ ਫੇਸਬੁੱਕ ਪੋਸਟ ਲਾਈਕ ਕਰਨ ਦਾ ਵਿਹਲ ਨਹੀਂ ਤਾਂ ਕੱਲ੍ਹ ਨੂੰ ਮੇਰੇ ਲਈ ਕਿੱਥੋਂ ਸਮਾਂ ਮਿਲੇਗਾ?
ਖ਼ੈਰ ਪ੍ਰਮਾਤਮਾ ਸੁਮੱਤ ਬਖ਼ਸ਼ੇ! ਇਨ੍ਹਾਂ ਪਾਵਨ ਧਾਗਿਆਂ ਦੀਆਂ ਗੰਢਾਂ ਮਜ਼ਬੂਤ ਕਰੀਏ, ਕਿਉਂਕਿ ਗ਼ਮਗੀਨ ਪਲਾਂ ਵਿੱਚ ਤੁਹਾਡੀ ਆਵਾਜ਼ ਤੁਹਾਡੇ ‘ਆਪਣਿਆਂ’ ਨੇ ਹੀ ਸੁਣਨੀ ਹੈ। ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਦਿਲ ਕਿਸੇ ਹੋਰ ਵਜੂਦ ਵਿੱਚ ਵੀ ਧੜਕਦੈ!!
ਅਜੋਕੇ ਪ੍ਰਸੰਗ ਵਿੱਚ:
ਦਿਲੋਂ ਤਾਂ ਪਹਿਲਾਂ ਹੀ, ਕਿਹੜਾ ਕੋਈ
ਨੇੜੇ ਕਿਸੇ ਦੇ ਸੀ,
ਕਰੋਨਾ ਨੇ ਤਾਂ
ਬੱਸ ਸਾਨੂੰ
ਸਾਡਾ ਸੱਚ ਹੀ ਦਿਖਾਇਆ ਏ। ... (ਸੰਜੀਵ ਅਨੰਦ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (