“ਇੱਕ ਵਾਰ ਕੋਸ਼ਿਸ਼ ਕੀਤੀ ਸੀ ਹਿੰਦੁਸਤਾਨ ਦੀ ਰਾਹਦਾਰੀ ਲੈਣ ਦੀ … ਐਨੇ ਨੂੰ ਸਰਹੱਦ ’ਤੇ ਗੜਬੜੀ ਦਾ ਸਮਾਚਾਰ …”
(10 ਜੂਨ 2024)
ਇਸ ਸਮੇਂ ਪਾਠਕ: 430.
ਧੁੱਪ ਕੁਝ ਮੱਠੀ ਹੋਣ ਲੱਗੀ ਸੀ। ਪਰਛਾਂਵੇਂ ਢਲਣ ਦੇ ਆਹਰ ਵਿੱਚ ਸਨ। ਹਲਕੀ ਜਿਹੀ ਪੌਣ ਅਤੇ ਅਸਮਾਨ ਉੱਤੇ ਛਾਈਆਂ ਨਿੱਕੀਆਂ ਨਿੱਕੀਆਂ ਬਦਲੋਟੀਆਂ ਨਾਲ ਮੌਸਮ ਸੁਹਾਵਣਾ ਹੋ ਗਿਆ ਸੀ। ਮੈਂ ਪੋਤਰੀ ਨੂੰ ਉਂਗਲ ਲਾ ਕੇ ਪਾਰਕ ਵੱਲ ਤੁਰ ਪਿਆ, ਜਿੱਥੇ ਕਿੰਨੇ ਸਾਰੇ ਬੱਚੇ, ਬਜ਼ੁਰਗ ਤਿਰਕਾਲਾਂ ਦਾ ਲੁਤਫ਼ ਲੈਣ ਲਈ ਪਹੁੰਚੇ ਹੁੰਦੇ ਸਨ। ਬਾਲਪਣ ਝੂਲੇ ਝੂਲਦਾ, ਖ਼ਰਗੋਸਾਂ ਮਗਰ ਭੱਜਦਾ ਅਤੇ ਲੋਟਪੋਟਣੀਆਂ ਲਾਉਣ ਵਿੱਚ ਮਸਤ ਰਹਿੰਦਾ। ਨਾਲ ਆਏ ਵਡੇਰੇ ਬੈਂਚਾਂ ’ਤੇ ਬੈਠੇ ਬੀਤੇ ਨੂੰ ਫਰੋਲ਼ਦੇ, ਹਮ-ਉਮਰ ਸੰਗੀ ਸਾਥੀਆਂ ਦੀ ਉਡੀਕ ਹੁੰਦੀ, ਬਾਤ ਹੁੰਗਾਰਾ ਮੰਗਦੀ।
ਅੱਜ ਚਹਿਲ ਪਹਿਲ ਕੁਝ ਜ਼ਿਆਦਾ ਹੀ ਸੀ। ਸਾਹਮਣੇ ਵਾਲੇ ਬੈਂਚ ਤੋਂ ਆਵਾਜ਼ ਆਈ, “ਅਸਲਾਮਾ ਲੈਕੁਮ, ਸਰਦਾਰ ਜੀ”
ਮੈਂ ਦੇਖਿਆ, ਚਿਹਰਾ ਨਵਾਂ ਸੀ। ਚਿੱਟਾ ਦੁੱਧ ਕੁੜਤਾ ਪਜਾਮਾ, ਸਿਰ ’ਤੇ ਜਾਲੀਦਾਰ ਸਫੈਦ ਟੋਪੀ, ਗੋਰਾ ਨਿਛੋਹ ਰੰਗ, ਲੰਮੀ ਖੁੱਲ੍ਹੀ ਦਾੜ੍ਹੀ, ਅੱਖਾਂ ਵਿੱਚ ਚਮਕ!
“ਸਭ ਖੈਰੀਅਤ ਏ ਨਾ … ਆ ਜਾਓ ਇੱਧਰ …”
ਜਿਵੇਂ ਚਿਰਾਂ ਦਾ ਜਾਣਕਾਰ ਹੋਵੇ। ਮੈਨੂੰ ਕੋਈ ਮੁਹੱਬਤੀ ਰੂਹ ਜਾਪੀ।
“ਕਿਹੜੇ ਮੁਲਕੋਂ ਆਏ ਓ?” ਮੈਂ ਬੈਠਦਿਆਂ ਗੱਲ ਤੋਰੀ।
“ਮੈਂ ਜ਼ਮੀਲ ਅਹਿਮਦ … ਪਿੰਡੀ ਤੋਂ। ਦੋ ਦਿਨ ਪਹਿਲਾਂ ਈ ਕਨੇਡਾ ਆਇਆ ਵਾਂ … ਧੀ ਜੁਆਈ ਇੱਥੋਂ ਦੇ ਬਾਸ਼ਿੰਦੇ ਨੇ … ਦੋਹਤਾ ਦੋਹਤੀ ਜ਼ਿੱਦ ਪਏ ਕਰਦੇ ਸਨ ਕਿ ਝੂਲਿਆਂ ਵਾਲੇ ਮੈਦਾਨ ਵਿੱਚ ਖੇਡਣ ਜਾਣਾ ਹੈ।” ਉਹ ਕਿੰਨਾ ਕੁਝ ਇੱਕੋ ਸਾਹੇ ਕਹਿ ਗਿਆ।
“ਤੇ ਤੁਸੀਂ?” ਪਲ ਭਰ ਦੀ ਚੁੱਪ ਮਗਰੋਂ ਉਸ ਸਵਾਲ ਕੀਤਾ।
“ਮੈਂ ਮਾਲੇਰਕੋਟਲਾ, ਚੜ੍ਹਦੇ ਪੰਜਾਬ ਤੋਂ …।” ਮੇਰਾ ਸੰਖੇਪ ਜਿਹਾ ਜਵਾਬ ਸੀ।
“ਹਲਾ! ਫਿਰ ਤਾਂ ਆਪਾਂ ਗਰਾਂਈਂ ਹੋਏ … ਖਾਸ ਸ਼ਹਿਰ ਤੋਂ ਜਾਂ ਨੇੜਲੇ ਕਿਸੇ ਪਿੰਡ ਤੋਂ?” ਉਸਦੀ ਉਤਸੁਕਤਾ ਵਧ ਰਹੀ ਸੀ।
“ਪਿੰਡ ਲੋਹਟਬੱਦੀ … ਮਾਲੇਰਕੋਟਲੇ ਤੋਂ ਪੰਦਰਾਂ ਕੁ ਮੀਲ।” ਉਸਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ, ਕਿਸੇ ਅਪਣੱਤ ਨਾਲ। ਉਹ ਉੱਠਿਆ ਤੇ ਮੈਨੂੰ ਜੱਫੀ ਵਿੱਚ ਘੁੱਟ ਲਿਆ।
“ਆਹ, ਚਹੁੰ ਕੋਹਾਂ ਦੀ ਤੇ ਵਾਟ ਏ ਮਾਲੇਰਕੋਟਲਾ … ਲੋਟ੍ਹ ਬੱਧੀ ਤੋਂ … “
ਮੈਂ ਅਚੰਭਿਤ ਹੋ ਕੇ ਪੁੱਛਿਆ, “ਤੁਹਾਨੂੰ ਤੇ ਇਲਾਕੇ ਦੀ ਪੂਰੀ ਵਾਕਫੀਅਤ ਲਗਦੀ ਏ?”
“ਏਸੇ ਕਰ ਕੇ ਤਾਂ ਮੈਂ ਤੁਹਾਨੂੰ ਗਰਾਂਈਂ ਕਿਹਾ, ਬਾਦਸ਼ਾਹੋ! ਮੇਰਾ ਜਨਮ ਵੀ ਲੋਟ੍ਹ ਬੱਧੀ ਦਾ ਐ।”
ਮੇਰੀ ਹੈਰਾਨੀ ਵਧ ਰਹੀ ਸੀ।
“ਵੰਡ ਵੇਲੇ ਮੇਰੀ ਉਮਰ ਪੰਜ ਛੇ ਵਰ੍ਹਿਆਂ ਦੀ ਹੋਣੀ ਆ। ਛੋਟੀ ਭੈਣ ਫ਼ਰਜਾਨਾ ਮਸਾਂ ਤਿੰਨਾਂ ਕੁ ਸਾਲਾਂ ਦੀ ਸੀ। ਜਿੰਨਾ ਕੁ ਮੈਨੂੰ ਯਾਦ ਏ, ਸਾਡੀ ਹਵੇਲੀ ਗਰਾਂ ਦੇ ਮਰਕਜ਼ ਵਿੱਚ ਉੱਚੀ ਥਾਂ ’ਤੇ ਬਣੀ ਹੋਈ ਸੀ … ਚੌਧਰੀ ਪਰਵੇਜ਼ ਬਖ਼ਸ਼ ਸੀ ਮੇਰੇ ਵਾਲਿਦ ਦਾ ਨਾਂ।”
ਮੈਂ ਸਾਹ ਰੋਕੀ ਸੁਣ ਰਿਹਾ ਸੀ। “ਓਹ ਰੱਬਾ! ਇਹ ਤਾਂ ਸਾਡਾ ਸਾਂਝੀ ਕੰਧ ਵਾਲਾ ਗੁਆਂਢੀ ਐ।” ਕਿੰਨਾ ਇਤਫ਼ਾਕ ਏ ਇਹ! ਉਦਾਸੀ ਦੇ ਆਲਮ ਵਿੱਚ ਮੇਰੇ ਪਿਤਾ ਜੀ ਅਕਸਰ ਇਸ ਪਰਿਵਾਰ ਬਾਰੇ ਜ਼ਿਕਰ ਕਰਿਆ ਕਰਦੇ ਸਨ। ਇਹ ਹੋਣੀ ਉਨ੍ਹਾਂ ਨਾਲ ਵੀ ਵਾਪਰੀ ਸੀ, ਜਦੋਂ ਉਹ ਤਾਇਆ ਜੀ ਨਾਲ ਦੂਜੀ ਵਿਸ਼ਵ ਜੰਗ ਤੋਂ ਬਾਅਦ ਬਰਮਾ ਵਿਚਲੇ ਭਰੇ ਭਰਾਏ ਘਰ ਛੱਡ ਕੇ ਆਪਣੇ ਪਿੰਡ ਬਹੁੜੇ ਸਨ। ਖ਼ੈਰ, ਮੇਰਾ ਜਨਮ ਤਾਂ ਹੱਲਿਆਂ ਤੋਂ ਗਿਆਰਾਂ ਵਰ੍ਹੇ ਮਗਰੋਂ ਹੋਇਆ ਸੀ। ਉਜਾੜੇ ਦਾ ਉਹ ਦਰਦਨਾਕ ਮੰਜ਼ਰ ਵਡੇਰਿਆਂ ਤੋਂ ਜ਼ੁਬਾਨੀ ਸੁਣਿਆ ਸੀ। ਪਰ ਜ਼ਿਹਨ ਵਿੱਚ ਉਸ ਹਵੇਲੀ ਦੀ ਕੁਝ ਕੁ ਯਾਦ ਅਜੇ ਵੀ ਤਾਜ਼ਾ ਹੈ।
“ਹਾਂ ਜੀ, ਤੁਹਾਡੀ ਉਸ ਹਵੇਲੀ ਵਿੱਚ ਹੁਣ ਓਧਰੋਂ ਮੁਲਤਾਨ ਤੋਂ ਆਇਆ ਭਾਈਆ ਸੁਰਜਣ ਸਿੰਘ ਹੁਰਾਂ ਦਾ ਪਰਿਵਾਰ ਰਹਿੰਦਾ ਹੈ … ਹਵੇਲੀ ਦੀ ਸਵਾਤ ਅਜੇ ਮਹਿਫੂਜ਼ ਐ, ਪਰ ਪਾਣੀ ਵਾਲੀ ਖੂਹੀ ਨੂੰ ਉਨ੍ਹਾਂ ਪੂਰ ਦਿੱਤਾ ਏ …।” ਮੈਂ ਉਸ ਨੂੰ ਅੱਠ ਦਹਾਕੇ ਪਿੱਛੇ ਲੈ ਗਿਆ।
ਕਿਸੇ ਗਹਿਰੇ ਵਿਯੋਗ ਵਿੱਚ ਡੁੱਬ ਗਿਆ ਸੀ ਜ਼ਮੀਲ ਅਹਿਮਦ! ਕੁਝ ਬੋਲਣਾ ਚਾਹੁੰਦਾ ਸੀ, ਪਰ ਲਫ਼ਜ਼ ਬਾਹਰ ਨਹੀਂ ਸੀ ਆ ਰਹੇ। ਕਿੰਨਾ ਚਿਰ ਚੁੱਪ ਛਾਈ ਰਹੀ।
“ਬੜੇ ਭਿਆਨਕ ਦਿਨ ਸਨ ਉਹ … ਅੱਲ੍ਹਾ ਮਿਹਰ ਕਰੇ … ਯਾਦ ਕਰ ਕੇ ਕਲੇਜਾ ਮੂੰਹ ਨੂੰ ਆਉਂਦੈ … ਜਿਨ੍ਹਾਂ ਨਾਲ ਰੋਟੀ ਦੀ ਸਾਂਝ ਸੀ, ਕਿਵੇਂ ਵਹਿਸ਼ੀ ਬਣ ਗਏ। ਰੌਲਾ ਪੈਣ ’ਤੇ ਮੈਂ, ਅੱਬੂ ਅਤੇ ਅੰਮੀ ਇੱਧਰ ਵਾਹਗਿਓਂ ਪਾਰ ਆ ਗਏ ਸਾਂ … ਮੇਰੇ ਚੱਚਾ ਜਾਨ ਖੁਦਾ ਬਖ਼ਸ਼ ਆਪਣੇ ਪਰਿਵਾਰ ਅਤੇ ਛੋਟੀ ਫ਼ਰਜਾਨਾ ਨੂੰ ਨਾਲ ਲੈ ਕੇ ਭਾਈਚਾਰੇ ਕੋਲ ਮਾਲੇਰਕੋਟਲੇ ਚਲੇ ਗਏ ਸਨ, ਮਤੇ ਮਾਸੂਮ ਸਾਡੇ ਨਾਲ ਰਸਤੇ ਵਿੱਚ ਹੀ ਫ਼ੌਤ ਹੋ ਜਾਵੇ …।” ਡੂੰਘਾ ਸਾਹ ਲੈ ਕੇ ਉਸ ਗੱਲ ਪੂਰੀ ਕੀਤੀ।
ਘਟਨਾਵਾਂ ਪਰਤ ਦਰ ਪਰਤ ਖੁੱਲ੍ਹ ਰਹੀਆਂ ਸਨ। ਵਿੱਛੜ ਗਿਆਂ ਦਾ ਸੰਤਾਪ ਅਜੇ ਵੀ ਮਨਾਂ ਦੇ ਕੋਨਿਆਂ ਵਿੱਚ ਘਰ ਕਰੀ ਬੈਠਾ ਸੀ।
“ਹੁਣ ਕਿੱਥੇ ਐ ਫ਼ਰਜਾਨਾ? … ਕਦੇ ਗੇੜਾ ਮਾਰਿਆ?” ਮੈਂ ਅਗਲਾ ਸਵਾਲ ਕੀਤਾ।
“ਚਾਚਾ ਚਾਚੀ ਤਾਂ ਹੁਣ ਅੱਲ੍ਹਾ ਨੂੰ ਪਿਆਰੇ ਹੋ ਗਏ ਨੇ। ਆਪਣੇ ਬੈਠੇ ਬੈਠੇ ਫ਼ਰਜਾਨਾ ਦੇ ਹੱਥ ਪੀਲ਼ੇ ਕਰ ਗਏ ਸਨ … ਅੱਜ ਕੱਲ੍ਹ ਉਸਦਾ ਕੋਈ ਥਹੁ-ਪਤਾ ਨਹੀਂ … ਜਿਉਂਦੀ ਵੀ ਆ ਕਿ …।” ਮੈਂ ਜ਼ਮੀਲ ਦੇ ਮੂੰਹ ’ਤੇ ਹੱਥ ਰੱਖ ਦਿੱਤਾ।
“ਇੱਕ ਵਾਰ ਕੋਸ਼ਿਸ਼ ਕੀਤੀ ਸੀ ਹਿੰਦੁਸਤਾਨ ਦੀ ਰਾਹਦਾਰੀ ਲੈਣ ਦੀ … ਐਨੇ ਨੂੰ ਸਰਹੱਦ ’ਤੇ ਗੜਬੜੀ ਦਾ ਸਮਾਚਾਰ ਆ ਗਿਆ … ਕਾਗਜ਼ ਥਾਏਂ ਰੁਕ ਗਏ। ਦੁਨੀਆਂ ਦੀਆਂ ਨਜ਼ਰਾਂ ਵਿੱਚ ਆਪਾਂ ਇੱਕ ਦੂਜੇ ਦੇ ਦੁਸ਼ਮਣ ਹਾਂ, ਪਰ ਅੱਲ੍ਹਾ ਤਾਲਾ ਦੀ ਕਸਮ! ਕੀ ਮੈਂ ਆਪਣੀ ਜਨਮ ਭੋਏਂ ਦਾ ਦੋਖੀ ਹੋਣ ਦਾ ਸੋਚ ਸਕਨਾ ਵਾਂ? … ਦੋਜ਼ਖ ਵਿੱਚ ਵੀ ਜਗ੍ਹਾ ਨਹੀਂ ਮਿਲੇਗੀ …।” ਉਸ ਛਾਤੀ ਦੇ ਖੱਬੇ ਪਾਸੇ ਹੱਥ ਰੱਖਿਆ ਹੋਇਆ ਸੀ।
“ਤੁਸੀਂ ਫਿਰ ਤੋਂ ਆਓ, ਸਾਡੇ ਮਹਿਮਾਨ ਬਣਕੇ … ਲੋਟ੍ਹ ਬੱਧੀ ਅਤੇ ਹਵੇਲੀ ਤੁਹਾਨੂੰ ਯਾਦ ਕਰ ਰਹੇ ਨੇ … ਆਪਾਂ ਫ਼ਰਜਾਨਾ ਦੀ ਖੈਰੀਅਤ ਵੀ ਜਾਣ ਲਵਾਂਗੇ।” ਮੈਂ ਉਸਦੀ ਨਿਰਾਸ਼ਾ ਦੂਰ ਕਰਨ ਲਈ ਕਿਹਾ।
“ਭਾਈ ਜਾਨ! ਹੁਣ ਤਾਂ ਅਖੀਰਲੀਆਂ ਘੜੀਆਂ ਗਿਣ ਰਿਹਾ ਵਾਂ … ’ਕੱਲੀ ਜਾਨ … ਅੱਠ ਦਹਾਕੇ ਪਾਰ ਕਰ ਲਏ ਹੈਨ … ਪਤਾ ਨੀ ਕਦੋਂ ਬੁਲਾਵਾ ਆ ਜਾਵੇ।” ਉਸ ਠੰਢਾ ਹਉਕਾ ਭਰਿਆ।
“ਖੁਦਾ ਤੁਹਾਡੀ ਉਮਰ ਲੰਮੀ ਕਰੇ ਅਤੇ ਤੁਸੀਂ ਫ਼ਰਜਾਨਾ ਨੂੰ ਫਿਰ ਤੋਂ ਮਿਲ ਸਕੋ … ਮੇਰੀ ਇਹੋ ਅਰਜੋਈ ਐ।”
ਉਸਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ।
“ਜੇ ਹੋ ਸਕੇ, ਮੇਰਾ ਇੱਕ ਕੰਮ ਕਰਨਾ … ਜਦੋਂ ਵੀ ਮਾਲੇਰਕੋਟਲੇ ਵੱਲ ਫੇਰੀ ਪਾਓ ਤਾਂ ਫ਼ਰਜਾਨਾ ਦਾ ਪਤਾ ਲਗਾ ਕੇ ਉਸਦੀ ਖੈਰੀਅਤ
ਦੱਸਣਾ … ਮੇਰੀ ਆਤਮਾ ਨੂੰ ਸਕੂਨ ਮਿਲੇਗਾ।”
ਸੂਰਜ ਦੀ ਟਿੱਕੀ ਫਿੱਕੀ ਪੈ ਗਈ ਸੀ।
“ਮੇਰਾ ਨਮਾਜ਼ ਦਾ ਵਕਤ ਹੋ ਗਿਆ … ਹੱਛਾ, ਖੁਦਾ ਹਾਫਿਜ਼ …।” ਅੱਖਾਂ ਵਿੱਚੋਂ ਉਮਡਦੇ ਹੰਝੂ ਉਸਦੀ ਲੰਮੀ ਸਫ਼ੈਦ ਦਾੜ੍ਹੀ ਨੂੰ ਧੋ ਰਹੇ ਸਨ।
ਮੈਂ ਕਿੰਨੀ ਦੇਰ ਦੂਰ ਤਕ ਜਾਂਦੇ ਉਸ ਫ਼ਰਿਸ਼ਤਿਆਂ ਵਰਗੇ ਮਨੁੱਖ ਨੂੰ ਨਿਹਾਰਦਾ ਰਿਹਾ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5040)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)