JagjitSLohatbaddi7ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਅਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿੱਚ ਪਰਵਾਸ ਕਰਦਾ ਰਿਹਾ ਹੈ ਉਸ ਨੂੰ ...
(31 ਦਸੰਬਰ 2023)
ਇਸ ਸਮੇਂ ਪਾਠਕ:: 190.


ਭਲੇ ਵੇਲਿਆਂ ਤੋਂ ਹੀ ਮਨੁੱਖ ਘੁਮੱਕੜੀ ਸੋਚ ਦਾ ਰਹਿਬਰ ਰਿਹਾ ਹੈ
ਨਵੀਂਆਂ ਧਰਤੀਆਂ ਦੀ ਖਿੱਚ ਹਮੇਸ਼ਾ ਉਸਦੀ ਕਮਜ਼ੋਰੀ ਬਣੀਦੂਰ ਦੇ ਢੋਲ ਸੁਹਾਵਣੇ ਲੱਗਦੇ ਰਹੇ ਹਨ। ਇਨ੍ਹਾਂ ਦਿਸਹੱਦਿਆਂ ਨੂੰ ਛੂਹਣ ਦੀ ਲਲ੍ਹਕ ਉਸ ਲਈ ਬਿਖਮਤਾ ਅਤੇ ਦੁਸ਼ਵਾਰੀਆਂ ਲੈ ਕੇ ਵੀ ਆਈ ਹੈ, ਪਰ ਮਾਨਵ ਤਾਂ ਮਾਨਵ ਠਹਿਰਿਆਚੁਣੌਤੀ ਦਾ ਸਾਹਮਣਾ ਕਰਨਾ ਤਾਂ ਉਸਦਾ ਧਰਮ ਰਿਹਾ ਹੈ

ਮੁਸੀਬਤੋਂ ਸੇ ਨਿਖਰਤੀ ਹੈ ਸ਼ਖ਼ਸੀਅਤ ਯਾਰੋ,
ਜੋ ਚਟਾਨੋਂ ਸੇ ਨਾ ਉਲਝੇ, ਵੋਹ ਚਸ਼ਮਾ ਕਿਸ ਕਾਮ ਕਾ!

ਆਵਾਜਾਈ ਦੇ ਸਾਧਨਾਂ ਦੀ ਘਾਟ, ਮੌਸਮ ਦੇ ਥਪੇੜਿਆਂ ਦੀ ਕਰੂਰਤਾ, ਆਪਣੀ ਜੰਮਣ ਭੋਏਂ ਤੋਂ ਉੱਜੜਨ ਦਾ ਹੇਰਵਾ ਵੀ ਇਨਸਾਨ ਦੇ ਕਦਮ ਰੋਕ ਨਹੀਂ ਸਕਿਆ। ‘ਖ਼ਾਨਾ-ਬਦੋਸ਼’ ਅਤੇ ‘ਟੱਪਰੀਵਾਸ’ ਜਿਹੀਆਂ ਲੱਗੀਆਂ ਚੇਪੀਆਂ ਵੀ ਉਸ ਨੂੰ ਡੁਲਾ ਨਹੀਂ ਸਕੀਆਂਝੱਖੜ ਝਾਗ ਕੇ ਵੀ ਉਹ ਬਿੱਖੜੇ ਪੈਂਡਿਆਂ ’ਤੇ ਤੁਰਦਾ ਰਿਹਾ ਹੈ

ਕੋਲੰਬਸ ਨੂੰ ਪੰਦਰਵੀਂ ਸਦੀ ਵਿੱਚ ਹਿੰਦੁਸਤਾਨ ਲੱਭਣ ਦਾ ਭੁਸ ਪਿਆਅਮਰੀਕਾ ਜਾ ਪਹੁੰਚਿਆਅੰਗਰੇਜ਼, ਪੁਰਤਗੇਜ਼ੀ, ਫਰਾਂਸੀਸੀ ਨਵੀਂਆਂ ਕਾਲੋਨੀਆਂ ਭਾਲਣ ਤੁਰੇਕਾਰਨ ਕਈ ਹੋ ਸਕਦੇ ਹਨ, ਪਰ ਪਰਵਾਸ ਮਨੁੱਖ ਦੀ ਹੋਣੀ ਰਿਹਾ ਹੈਸੰਤਾਲੀ ਦੇ ਸੰਤਾਪ ਨੇ ਭਰੇ ਭਰਾਏ ਘਰ ਖਾਲ਼ੀ ਕਰਕੇ ਰਫਿਊਜੀ ਬਣਾ ਧਰਿਆਭਾਂ ਭਾਂ ਕਰਦੀਆਂ ਦਹਿਲੀਜ਼ਾਂ ਅਤੇ ਰੰਭਦੇ ਪਸ਼ੂਆਂ ਵੱਲ ਮੁੜ ਕੇ ਝਾਤ ਮਾਰਨ ਦਾ ਜ਼ੇਰਾ ਨਾ ਪਿਆਨਵੀਂ ਧਰਤੀ, ਨਵੇਂ ਲੋਕ! ਇਜ਼ਰਾਈਲ ਨੂੰ ਘਰ ਮਿਲ ਗਿਆ, ਪਰ ਫ਼ਲਸਤੀਨੀ ਅਜੇ ਤਕ ਬੇਘਰ ਹਨ। ਸੀਰੀਆਈ ਸ਼ਰਨਾਰਥੀ ਦਰ ਦਰ ਕੁੰਡੇ ਖੜਕਾ ਰਹੇ ਨੇ ਅਤੇ ਰੋਹਿੰਗੀਆਂ ਦਾ ਕੋਈ ਘਰ, ਕੋਈ ਦੇਸ਼ ਹੀ ਨਹੀਂ ਰਿਹਾਉਦਾਸ ਅਤੇ ਓਦਰੇ ਚਿਹਰਿਆਂ ਦੀ ਕੋਈ ਵਿੱਥਿਆ ਸੁਣਨ ਵਾਲਾ ਹੀ ਨਹੀਂ ਦਿਸਦਾ:

ਨਕਿ ਨਥ ਖਸਮ ਹੱਥ ਕਿਰਤੁ ਧੱਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥

ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਅਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿੱਚ ਪਰਵਾਸ ਕਰਦਾ ਰਿਹਾ ਹੈ ਉਸ ਨੂੰ ਇੱਕ ਥਾਂ ਨਾਲ ਬੱਝਣਾ ਗਵਾਰਾ ਨਹੀਂਕਿਹਾ ਜਾਂਦਾ ਹੈ ਕਿ ਸੁਖ ਸਹੂਲਤਾਂ ਨਾਲ ਭਰੇ ਘਰ ਆਪਣੀ ਹੀ ਤਲਾਸ਼ ਦੇ ਰਾਹ ਵਿੱਚ ਰੋੜਾ ਬਣਦੇ ਹਨ, ਪਰ ਫਿਰ ਵੀ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਊਣਾ ਇੱਕ ਲਲਕਾਰ ਬਣ ਜਾਂਦਾ ਹੈਉਹ ਗਾਹੇ ਬਗਾਹੇ ਐਸ਼ੋ ਅਰਾਮ ਨੂੰ ਛੱਡ ਕੇ ਚੁਣੌਤੀ ਕਬੂਲ ਕਰਨੀ ਲੋਚਦੇ ਹਨ। ਵਾਚਿਆ ਗਿਆ ਹੈ ਕਿ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਦੁਨੀਆਂ ਦੀ ਆਰਥਿਕਤਾ ਸਰਕਾਰਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਆਈ ਹੈਜਿੱਥੋਂ ਵੀ ਇਨ੍ਹਾਂ ਨੂੰ ਆਪਣੇ ਕਾਰੋਬਾਰਾਂ ਲਈ ਸਸਤਾ ਸੌਦਾ ਮਿਲੇਗਾ, ਉਹ ਲੱਭ ਲੈਣਗੇਅਮਰੀਕੀਆਂ ਨੂੰ ਜੇ ਸਸਤੇ ਕੰਪਿਊਟਰ-ਉਪਰੇਟਰ ਅਤੇ ਕੈਨੇਡਾ ਨੂੰ ਘੱਟ ਤਨਖ਼ਾਹ ਵਾਲੇ ਡਰਾਈਵਰ, ਭਾਰਤ ਵਿੱਚੋਂ ਮਿਲਣਗੇ, ਤਾਂ ਪਰਵਾਸ ਵਧੇਗਾ ਹੀਅਰਬ ਮੁਲਕਾਂ ਦੀਆਂ ਕੰਪਨੀਆਂ ਅਥਾਹ ਆਰਥਿਕ ਆਧਾਰ ਰੱਖਣ ਦੇ ਬਾਵਜੂਦ ਸਸਤੀ ਕਿਰਤ ਵੱਲ ਵੇਖਦੀਆਂ ਨੇ ਅਤੇ ਸਾਡੇ ਕਾਮਿਆਂ ਲਈ ਰੁਜ਼ਗਾਰ ਦਾ ਮੱਕਾ ਬਣੀਆਂ ਹੋਈਆਂ ਹਨ।

ਦੇਰ ਸਵੇਰ ਮਨੁੱਖ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦਾ ਰਿਹਾ ਹੈਇਹ ਸਾਡੇ ਵਿਰਸੇ ਦਾ ਅਟੁੱਟ ਅੰਗ ਬਣਿਆ ਹੈਸਾਂਝੇ ਪਰਿਵਾਰ ਨੂੰ ਛੱਡ ਕੇ ਪਿੰਡਾਂ ਤੋਂ ਸ਼ਹਿਰਾਂ ਵਿਚਲਾ ਵਾਸਾ ਇਸੇ ਕੜੀ ਦਾ ਹਿੱਸਾ ਰਿਹਾ ਹੈਜੜ੍ਹਾਂ ਨਾਲ਼ੋਂ ਟੁੱਟਣ ਦਾ ਉਦਰੇਵਾਂ, ਚੀਸ ਜ਼ਰੂਰ ਦਿੰਦਾ ਹੈਆਪਣੇ ਘਰ ਨੂੰ, ਆਪਣੇ ਪੁਰਖਿਆਂ ਨੂੰ ਅਲਵਿਦਾ ਕਹਿਣਾ ਵੀ ਤਾਂ ਆਪਣੀਆਂ ਨੀਂਹਾਂ ਉੱਤੇ ਸੱਟ ਮਾਰਨ ਵਾਂਗ ਲਗਦਾ ਹੈਸਮਾਜਿਕ ਬੰਧਨ ਕਮਜ਼ੋਰ ਪੈਂਦੇ ਹਨ। ਆਪਣਿਆਂ ਤੋਂ ਵਿੱਛੜਨਾ ਸਦਮਾ ਲਗਦਾ ਹੈਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਦੇ ਸਾਬਕਾ ਮੁਖੀ ਡਾਕਟਰ ਪਰਮਜੀਤ ਸਿੰਘ ਰਮਾਣਾ ਦਾ ਮੰਨਣਾ ਹੈ ਕਿ ਪਰਵਾਸ ਦੌਰਾਨ ਜਦੋਂ ਆਪਣੀ ਹੋਂਦ, ਆਪਣੀ ਪਛਾਣ ਨੂੰ ਕੋਈ ਆਂਚ ਨਾ ਆਉਂਦੀ ਲੱਗੇ ਤਾਂ ਮਨੁੱਖ ਬਦੋਬਦੀ ਕਿਸੇ ਧਰੂ ਤਾਰੇ ਦੀ ਖੋਜ ਵਿੱਚ ਨਿਕਲ ਪੈਂਦਾ ਹੈਤੁਹਾਡੀ ਭਾਸ਼ਾ, ਤੁਹਾਡੀ ਕੌਮੀਅਤ, ਤੁਹਾਡਾ ਧਰਮ, ਤੁਹਾਡਾ ਪਹਿਰਾਵਾ, ਅਗਰ ਸੁਰੱਖਿਅਤ ਹੈ, ਤਾਂ ਪਰਾਈ ਧਰਤੀ ਵੀ ਤੁਹਾਨੂੰ ਆਪਣੀ ਮਾਂ ਵਰਗੀ ਲਗਦੀ ਹੈ। ਇਹ ਮੁਮਕਿਨ ਹੈ ਕਿ ਪਹਿਲੀ ਪੀੜ੍ਹੀ ਨੂੰ ਅਜਿਹੇ ਅਰਥਾਂ ਨਾਲ ਸਰੋਕਾਰ ਹੋਵੇ, ਪਰ ਅਗਲੀਆਂ ਪੀੜ੍ਹੀਆਂ ਇਸ ਤਰ੍ਹਾਂ ਦੇ ਵਿਰਸੇ ਦੇ ਪ੍ਰਭਾਵ ਤੋਂ ਦੂਰ ਹੋਣਗੀਆਂਨਵੀਂ ਸੰਸਕ੍ਰਿਤੀ ਉਨ੍ਹਾਂ ਨੂੰ ਮੋਹਿਤ ਕਰੇਗੀ, ਜਿੱਥੇ ਉਹ ਜਾਤ, ਧਰਮ, ਲਿੰਗ ਦੇ ਵਖਰੇਵਿਆਂ ਤੋਂ ਮੁਕਤ ਹੋਣਗੇਇਹ ਧੜਕਦੀ ਜ਼ਿੰਦਗੀ ਦੀ ਨਿਸ਼ਾਨੀ ਵੀ ਹੈ ਅਤੇ ਬ੍ਰਹਿਮੰਡ ਦੇ ਇੱਕ ਵੱਡਾ ਪਰਿਵਾਰ ਹੋਣ ਦੇ ਸੁਪਨੇ ਦੀ ਨਿਆਈਂ ਵੀ

ਪਰਵਾਸ ਅਟੱਲ ਹੈ। ਪਰ ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਨੂੰ ਇਹ ਦੂਹਰੀ ਸੱਟ ਮਾਰਦਾ ਹੈ ਡਾ. ਰਮਾਣਾ ਦੱਸਦੇ ਹਨ ਕਿ ਇੱਕ ਤਾਂ ਅਸੀਂ ਸੂਝਵਾਨ ਦਿਮਾਗਾਂ ਤੋਂ ਵਿਰਵੇ ਹੋ ਜਾਂਦੇ ਹਾਂ, ਦੂਸਰਾ ਉਹੀ ਹੱਥ, ਜੋ 30-35 ਸਾਲ ਕੰਮ ਕਰਨ ਦੇ ਸਮਰੱਥ ਹੁੰਦੇ ਨੇ ਅਤੇ ਜਿਨ੍ਹਾਂ ਨੇ ਵੱਡਾ ਟੈਕਸ ਯੋਗਦਾਨ ਕਰਨਾ ਹੁੰਦਾ ਹੈ, ਉਹ ਆਪਣੇ ਨਵੇਂ ਦੇਸ਼ ਦੀ ਤਰੱਕੀ ਦਾ ਸਬੱਬ ਬਣਦੇ ਹਨ। ਵਿਦੇਸ਼ਾਂ ਦਾ ਲਾਹਾ, ਸਾਡਾ ਕੌਮੀ ਖ਼ਸਾਰਾ ਬਣਦਾ ਹੈਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਇੱਥੇ ਕੋਈ ਸਿਲੀਕਾਨ ਵੈਲੀ, ਹਾਈਟੈੱਕ ਸਿਟੀ, ਆਈ ਟੀ ਹੱਬ ਬਣੀ ਹੀ ਨਹੀਂਵੱਡੀਆਂ ਸਨਅਤਾਂ ਦੀ ਅਣਹੋਂਦ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦਾਗ ਨੇ ਜਵਾਨੀ ਨੂੰ ਪਰਵਾਸ ਵੱਲ ਧੱਕਿਆ ਹੈਉਹ ਘਰੋਂ ਦੂਰ ਦੂਜੇ ਸੂਬਿਆਂ ਵਿੱਚ ਨੌਕਰੀ ਕਰਨ ਦੀ ਥਾਂ ਵਿਦੇਸ਼ਾਂ ਨੂੰ ਤਰਜੀਹ ਦਿੰਦੇ ਹਨ। ‘ਘਰ ਘਰ ਨੌਕਰੀ’ ਦੇ ਝੂਠੇ ਵਾਅਦੇ, ਸੜਕਾਂ ਉੱਤੇ ਰੁਲ਼ਦੇ ਪੜ੍ਹਾਕੂ, ਪੌਣੀ ਸਦੀ ਬਾਅਦ ਵੀ ਕਿਸੇ ਠੋਸ ਸਿੱਖਿਆ ਨੀਤੀ ਦੀ ਅਣਹੋਂਦ, ਸਿਸਟਮ ਦਾ ਮੂੰਹ ਚਿੜਾਉਂਦੇ ਹਨ। ਗੈਂਗਸਟਰ ਕਲਚਰ ਨੇ ਮਾਪਿਆਂ ਵਿੱਚ ਖ਼ੌਫ਼ ਭਰਿਆ ਹੈ ਕੁਝ ਸਾਲ ਪਹਿਲਾਂ ਜੋ ਕਹਿੰਦੇ ਸੀ, “ਨਾ ਮੇਰਾ ਪੁੱਤ! ਆਪਣੇ ਕੋਲ ਕਿਹੜਾ ਕਮੀ ਆ ਕਿਸੇ ਚੀਜ਼ ਦੀ … … ਆਪਣਾ ਤਾਂ ਇੱਥੇ ਹੀ ਕਨੇਡਾ ਆ”, ਆਪਣੇ ਹੱਥੀਂ ਜ਼ਮੀਨਾਂ ਵੇਚ ਕੇ ਲਾਡਲਿਆਂ ਨੂੰ ਜਹਾਜ਼ ਚੜ੍ਹਾ ਰਹੇ ਹਨ। ਸਰਬਜੀਤ ਕੌਰ ਜੱਸ ਇਸ ਗ਼ਮਗੀਨ ਘੜੀ ਨੂੰ ਯਾਦ ਕਰਦੀ ਐ:

ਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ,
ਪੁੱਤਾਂ ਦੇ ਜਹਾਜ਼ ਉੱਡ ਗਏ

ਸਟਡੀ ਵੀਜ਼ਾ ਲੈਣ ਵਿੱਚ ਪੰਜਾਬ ਪਹਿਲਾ ਨੰਬਰ ਲੈ ਗਿਆ ਹੈ! ਬਿਊਰੋ ਆਫ ਇੰਮੀਗਰੇਸ਼ਨ ਦੀ ਰਿਪੋਰਟ ਦੱਸਦੀ ਐ ਕਿ ਪਿਛਲੇ ਪੰਜ ਸਾਲਾਂ ਵਿੱਚ ਦੋ ਲੱਖ ਬਾਹਠ ਹਜ਼ਾਰ ਪਾੜ੍ਹੇ ਪੰਜਾਬ ਛੱਡ ਚੁੱਕੇ ਹਨਰੋਜ਼ਾਨਾ ਇੱਕ ਸੌ ਚਾਲੀ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ‘ਲੈਂਡ’ ਕਰ ਰਹੇ ਹਨ। ਪੱਕੇ ਬਾਸ਼ਿੰਦਿਆਂ ਦੇ ਤੌਰ ’ਤੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ। ਅੰਦਾਜ਼ਨ ਪੰਦਰਾਂ ਲੱਖ ਰੁਪਏ ਇੱਕ ਵਿਦਿਆਰਥੀ ਦੀ ਫੀਸ ਅਤੇ ਹੋਰ ਖ਼ਰਚੇ ਲਗਾਈਏ, ਤਾਂ ਪੰਜ ਸਾਲਾਂ ਵਿੱਚ ਚਾਰ ਹਜ਼ਾਰ ਕਰੋੜ ਸਰਮਾਇਆ ਬਾਹਰ ਉਡਾਰੀ ਮਾਰ ਚੁੱਕਾ ਹੈਹਰ ਵੀਹਵੇਂ ਘਰ ਦਾ ‘ਲਾਲ’ ਵਿਦੇਸ਼ੀਂ ਪਹੁੰਚ ਗਿਆ ਹੈ! ਪੰਜਾਬੀਆਂ ਨੇ ਪਿਛਲੇ ਸੱਤ ਸਾਲਾਂ ਵਿੱਚ 54.36 ਲੱਖ ਪਾਸਪੋਰਟ ਬਣਵਾਏ ਨੇ, ਜਦੋਂ ਕਿ ਇੱਥੇ ਘਰਾਂ ਦੀ ਗਿਣਤੀ 55 ਲੱਖ ਹੈ। ਤਸਵੀਰ ਪਤਾ ਨਹੀਂ ਕੀ ਬਿਆਨ ਕਰਦੀ ਹੈ? ਰੁਝਾਨ ਇੰਨਾ ਵੱਧ ਚੁੱਕਿਆ ਹੈ ਕਿ ਪਹਿਲਾਂ ਗਰੈਜੂਏਸ਼ਨ ਤੋਂ ਬਾਅਦ ਵਿਦੇਸ਼ ਜਾਣ ਦਾ ‘ਟਰੈਂਡ’ ਸੀ, ਹੁਣ ਜਮ੍ਹਾਂ ਦੋ ਤਕ ਆ ਗਿਆ ਹੈ! ਕੀ ਬਣੂ ਦੁਨੀਆਂ ਦਾ, ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ!

ਕਿਸੇ ਨੂੰ ਵਿੱਦਿਅਕ ਯੋਗਤਾ ਪੁੱਛੋ, ਆਈਲੈਟਸ ਦੇ ਬੈਂਡ ਦੱਸਦੇ ਹਨ। ਪੜ੍ਹਾਕੂ ਕੁੜੀਆਂ ਦੀ ਕਦਰ ਪਈ ਹੈ। ਲੜਕੇ ਪਰਿਵਾਰ ਵੱਲੋਂ ਪੂਰਾ ‘ਦਾਜ’ ਦੇ ਕੇ ਕੁੜੀ ਨੂੰ ਬਾਹਰਲੇ ਮੁਲਕ ਪੜ੍ਹਾਈ ਲਈ ਭੇਜਿਆ ਜਾਂਦਾ ਹੈ ਤਾਂ ਕਿ ਉਸਦੇ ਪਿੱਛੇ ਮੁੰਡਾ ਵੀ ਵਿਦੇਸ਼ ‘ਸੈਟਲ’ ਹੋ ਜਾਵੇਇਸ ਵਿੱਚ ਵੀ ਹੁਣ ਬਹੁਤ ਵਾਰੀ ਠੱਗੀਆਂ ਸਾਹਮਣੇ ਆਈਆਂ ਹਨਡਾਲਰਾਂ ਦੀ ਠਣਕ ਨੇ ਰਿਸ਼ਤਿਆਂ ਅਤੇ ਵਾਅਦਿਆਂ ਦਾ ਘਾਣ ਕੀਤਾ ਹੈ‘ਬਾਹਰ’ ਜਾਣ ਦੀ ਤਾਂਘ ਇੰਨਾ ਘਰ ਕਰ ਚੁੱਕੀ ਹੈ ਕਿ ਟਰੈਵਲ ਏਜੰਟਾਂ ਦਾ ਫ਼ਰੇਬ, ਮਾਲਟਾ ਬੋਟ ਕਾਂਡ (1996) ਅਤੇ ਮੈਕਸੀਕੋ ਦੇ ਜੰਗਲ਼ ਵੀ ਭੁਲਾਈ ਬੈਠੇ ਹਾਂ

ਪੰਜਾਬੀਆਂ ਦਾ ਆਪਣੇ ਫ਼ਰਜ਼ੰਦਾਂ ਨੂੰ ਵਿਦੇਸ਼ ਭੇਜਣ ਪਿੱਛੇ ਆਰਥਿਕ ਪੱਖ ਜ਼ਿਆਦਾ ਭਾਰੂ ਹੈਖੇਤੀ ਉੱਤੇ ਵਧਿਆ ਬੋਝ, ਜ਼ਮੀਨਾਂ ਦੇ ਛੋਟੇ ਟੁਕੜੇ, ਸਿਰ ਚੜ੍ਹਿਆ ਕਰਜ਼ਾ ਚਿੰਤਾ ਦੀ ਪੰਡ ਬਣੇ ਹਨ‘ਸੱਪ ਦੇ ਮੂੰਹ ਵਿੱਚ ਕਿਰਲੀ’ ਵਾਲੀ ਗੱਲ ਬਣੀ ਹੋਈ ਹੈਰਾਜਨੀਤੀ ਲਈ ਪੜ੍ਹਾਈ, ਸਿਹਤ ਅਤੇ ਬੇਰੁਜ਼ਗਾਰੀ ਨਾਲ਼ੋਂ ਜ਼ਿਆਦਾ ਤਰਜੀਹੀ ਸ਼ਰਾਬ ਦੇ ਠੇਕੇ, ਮਾਈਨਿੰਗ ਅਤੇ ਮਾਫ਼ੀਆ ਗਰੋਹ ਹਨ, ਜਿਨ੍ਹਾਂ ਦੀ ਪਕੜ ਦਿਨੋ ਦਿਨ ਮਜ਼ਬੂਤ ਹੋ ਰਹੀ ਹੈਭ੍ਰਿਸ਼ਟਾਚਾਰ ਦੇ ਇਸ ਕੁੰਭ ਵਿੱਚ ਚੁੱਭੀਆਂ ਵੱਜ ਰਹੀਆਂ ਹਨ‘ਲੋਕ ਸੇਵਾ’ ਕਰਨ ਵਾਲੇ ਪੰਜ ਪੰਜ ਲੱਖ ਰੁਪਏ ਦੀਆਂ ਪੈਨਸ਼ਨਾਂ ’ਤੇ ਬੁੱਲੇ ਲੁੱਟ ਰਹੇ ਹਨ। ਟੈਕਸ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਜਾਂਦਾ ਹੈਮਲਾਈ ਵਾਲ਼ੀਆਂ ਨੌਕਰੀਆਂ ਵੱਡੇ ਘਰਾਂ ਦੇ ਕਾਕਿਆਂ ਵਾਸਤੇ ਰਾਖਵੀਂਆਂ ਨੇ! ਬੇਰੁਜ਼ਗਾਰ ਸੜਕਾਂ ਉੱਤੇ ਡਾਂਗਾਂ ਖਾਈ ਜਾਂਦੇ ਹਨ। ‘ਮੋਤੀਆਂ ਵਾਲੀ ਸਰਕਾਰ’ ਮਹਿਲਾਂ ਵਿੱਚ ਆਰਾਮ ਫ਼ੁਰਮਾ ਰਹੀ ਹੈ। ‘ਕੌਣ ਸਾਹਿਬ ਨੂੰ ਆਖੇ ਇੰਞ ਨਹੀਂ, ਇੰਞ ਕਰ।’ ਬਦਇੰਤਜਾਮੀ ਦੇ ਹਮਾਮ ਵਿੱਚ ਸਾਰੇ ਨੰਗੇ ਹਨ। ਨਿਰਾਸ਼ਾ ਅਤੇ ਆਪਾ ਧਾਪੀ ਚਾਰੇ ਪਾਸੇ ਪਸਰੀ ਹੋਈ ਹੈ। ਬੁੱਢੇ ਮਾਂ ਪਿਉ ਹੇਰਵਾ ਵੀ ਲਾਈ ਰੱਖਦੇ ਨੇ ਅਤੇ ਮਨਾਂ ਨੂੰ ਧਰਵਾਸਾ ਵੀ ਦਿੰਦੇ ਰਹਿੰਦੇ ਨੇ ਕਿ ਪੁੱਤ ਕਮਾਈ ਕਰਨ ਗਿਆ ਹੋਇਆ ਹੈਜ਼ਿੰਦਗੀ ਦੀ ਢਲਦੀ ਉਦਾਸ ਸ਼ਾਮ ਨੂੰ ਆਸਾਂ ਦਾ ਸਹਾਰਾ ਡਾ. ਸੁਰਜੀਤ ਪਾਤਰ ਦੀ ਕਲਮ ਵੀ ਇਸ ਮੰਦੀ ਹਾਲਤ ਦੀ ਗਵਾਹ ਬਣਦੀ ਐ:

ਜੋ ਵਿਦੇਸ਼ਾਂ ਵਿੱਚ ਰੁਲ਼ਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਸਿਤਮ ਦੀ ਗੱਲ ਤਾਂ ਇਹ ਹੈ ਕਿ ਪਹਿਲੀ ਪੀੜ੍ਹੀ ਨੂੰ ਹੁਣ ਤਕ ਮਿੱਟੀ ਦਾ ਮੋਹ ਖਿੱਚ ਕੇ ਲਿਆਉਂਦਾ ਰਿਹਾ ਹੈ, ਸੱਥਾਂ ਵਿੱਚ ਹਰ ਸਾਲ ਹਾਜ਼ਰੀ ਲਗਦੀ ਰਹੀ ਹੈ। ਦੂਜੀ ਪੀੜ੍ਹੀ ਅੱਧ ਮੰਨੇ ਦਿਲ ਨਾਲ ਅਤੇ ਤੀਜੀ ਪੀੜ੍ਹੀ ਤਾਂ ਮਿੱਟੀ ਦੀ ਧੂੜ ਮੱਥੇ ’ਤੇ ਲਾਉਣ ਤੋਂ ਹੀ ਮੁਨਕਰ ਹੈ! ਪਿੰਡਾਂ ਵਿਚਲੇ ਮਹਿਲਨੁਮਾ ਬੰਗਲੇ ਭੂਤਵਾੜੇ ਬਣੇ ਪਏ ਹਨ। ਸਾਰਾ ਪਿੰਡ ਹੀ ਵਿਕਾਊ ਲਗਦਾ ਹੈਬਜ਼ੁਰਗ ਜੋੜਿਆਂ ਦੀ ਭਾਰੀ ਤਾਦਾਦ ਇੱਥੇ ਰਹਿਣ ਲਈ ਮਜਬੂਰ ਹੈ। ਸਹੂਲਤਾਂ ਅਤੇ ਨੌਕਰਾਂ ਚਾਕਰਾਂ ਦੀ ਕਮੀ ਨਹੀਂ ਪਰ …।

ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖ਼ੈਰ ਏ!

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਧੁੰਮਾਂ ਪਾਈਆਂ ਹਨ। ਨਕਸ਼ੇ ’ਤੇ ਕੋਈ ਕੋਨਾ ਫ਼ਰੋਲ ਲਵੋ, ਪੰਜਾਬੀ ਮਿਲ ਹੀ ਜਾਣਗੇਪੰਜਾਬੀ ਪਰਵਾਸ ਦੀਆਂ ਮੁਸ਼ੱਕਤਾਂ ਨੂੰ ਦਰ ਕਿਨਾਰ ਕਰਕੇ ਓਪਰੀਆਂ ਧਰਤੀਆਂ ਉੱਤੇ ਆਪਣੀਆਂ ਪੈੜਾਂ ਛੱਡਣ ਜਾਣਦੇ ਹਨ। ਵੱਖਰੀ ਸ਼ਾਨ ਅਤੇ ਵੱਖਰੀ ਪਛਾਣ ਦਾ ਸਿੱਕਾ ਚਲਾਇਆ ਹੈਟੀਸੀ ਦੇ ਬੇਰ ਤਕ ਪਹੁੰਚਣ ਦਾ ਤਹੱਈਆ ਰੱਖਦੇ ਨੇ … … ਪਰ ਘਰਾਂ ਨੂੰ ਛੱਡਣ ਦੀ ਚੀਸ ਮਨ ਵਿੱਚ ਹਮੇਸ਼ਾ ਵਸਦੀ ਹੈ। ਹਰਜੀਤ ਹਰਮਨ ਇਨ੍ਹਾਂ ਦੀ ਦੁਖਦੀ ਰੰਗ ਨੂੰ ਜਾਣਦਾ ਹੈ:

ਘਰ ਹੱਸਦਿਆਂ ਵੱਸਦਿਆਂ ਦੇ, ਜਦੋਂ ਹੱਥੀਂ ਬੂਹੇ ਢੋਏ‘
ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ।
ਘਰ ਛੱਡਣੇ ਸੌਖੇ ਨਹੀਂ
, ਜਿਨ੍ਹਾਂ ਨੂੰ ਛੱਡਣ ਵੇਲੇ ਰੋਏ … …

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4584)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)