“ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ, ਜੋ ਨੀਂਦ ...”
(15 ਅਕਤੂਬਰ 2025)
“ਇਸ ਤੋਂ ਪਹਿਲਾਂ ਕਿ ਸੁਪਨੇ ਪੂਰੇ ਹੋਣ, ਸੁਪਨੇ ਦੇਖਣੇ ਬਹੁਤ ਜ਼ਰੂਰੀ ਹਨ। ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ, ਜੋ ਨੀਂਦ ਉਡਾ ਕੇ ਲੈ ਜਾਂਦੇ ਹਨ।...” ਇਹ ਸ਼ਬਦ ਭਾਰਤ ਮਾਤਾ ਦੇ ਸਪੂਤ, ਲੋਕਾਂ ਦੇ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਡਾ. ਏ.ਪੀ.ਜੇ. (ਅਵੁਲ ਪਾਕਿਰ ਜੈਨੁਲਬਦੀਨ) ਅਬਦੁਲ ਕਲਾਮ ਦੇ ਹਨ। ਅਵੁਲ ਉਹਨਾਂ ਦੇ ਪੜਦਾਦਾ, ਪਾਕਿਰ ਦਾਦਾ ਅਤੇ ਜੈਨੁਲਬਦੀਨ ਉਹਨਾਂ ਦੇ ਪਿਤਾ ਦਾ ਨਾਮ ਸੀ। ਅਬਦੁਲ ਕਲਾਮ ਸਾਹਿਬ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਵਿੱਚ ਪਿਤਾ ਜੈਨੁਲਬਦੀਨ ਅਤੇ ਮਾਤਾ ਆਸ਼ਿਆਮਾ ਦੇ ਗ੍ਰਹਿ ਵਿਖੇ ਹੋਇਆ। ਕਲਾਮ ਸਾਹਿਬ ਦੇ ਪਿਤਾ ਮੱਛੀ ਫੜਨ ਵਾਲਿਆਂ ਅਤੇ ਯਾਤਰਾ ਕਰਨ ਵਾਲਿਆਂ ਲਈ ਕਿਸ਼ਤੀ ਚਲਾਇਆ ਕਰਦੇ ਸਨ, ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ। ਅਬਦੁਲ ਕਲਾਮ ਸਾਹਿਬ ਦੇ ਪਿਤਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਜਲਾਲੁਦੀਨ ਜੋ ਬਾਅਦ ਵਿੱਚ ਉਹਨਾਂ ਦੇ ਜੀਜਾ ਬਣੇ, ਸਾਇੰਸ ਅਤੇ ਤਕਨਾਲੋਜੀ ਦੀ ਸਮਝ ਰੱਖਦੇ ਸਨ। ਕਲਾਮ ਕਈ ਕਈ ਘੰਟੇ ਜਲਾਲੁਦੀਨ ਨਾਲ ਵਿਗਿਆਨ ਸਬੰਧੀ ਸਵਾਲ ਜਵਾਬ ਕਰਦੇ ਰਹਿੰਦੇ। ਗ਼ੁਰਬਤ ਭਰੀ ਜ਼ਿੰਦਗੀ ਹਢਾਉਣ ਦੇ ਬਾਵਜੂਦ ਵੀ ਕਲਾਮ ਦੇ ਸੁਪਨੇ ਕਮਜ਼ੋਰ ਨਹੀਂ ਸਗੋਂ ਦ੍ਰਿੜ੍ਹ ਸਨ। ਉਹ ਪਾਇਲਟ ਬਣਨਾ ਚਾਹੁੰਦੇ ਸਨ, ਪਾਇਲਟ ਤਾਂ ਉਹ ਨਾ ਬਣੇ ਸਕੇ ਪ੍ਰੰਤੂ ਦੇਸ਼ ਦੀ ਰੱਖਿਆ ਪ੍ਰਣਾਲੀ ਅਤੇ ਪ੍ਰਮਾਣੂ ਊਰਜਾ ਦੇ ਖ਼ੇਤਰ ਨੂੰ ਮਜ਼ਬੂਤ ਕਰਨ ਵਿੱਚ ਜੋ ਉਹਨਾਂ ਨੇ ਕਰ ਵਿਖਾਇਆ, ਉਹ ਸ਼ਾਇਦ ਕੋਈ ਹੋਰ ਨਾ ਕਰ ਸਕਦਾ।
ਤਾਮਿਲਨਾਡੂ ਦੇ ਹੀ ਰਾਮਨਾਥਾਪੁਰਮ ਤੋਂ ਆਪਣੀ ਸਕੂਲੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਅਬਦੁਲ ਕਲਾਮ ਨੇ 1954 ਵਿੱਚ ਸੇਂਟ ਜੋਸਫ ਕਾਲਜ ਤਿਰੂਚਿਰਾਪੱਲੀ ਤੋਂ ਭੌਤਿਕ ਵਿਗਿਆਨ ਵਿੱਚ ਗਰੇਜੂਏਸ਼ਨ ਕੀਤੀ। ਬੀ ਐੱਸ ਸੀ ਭੌਤਿਕ ਵਿਗਿਆਨ ਕਰਨ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਵਿਸ਼ਾ ਭੌਤਿਕ ਵਿਗਿਆਨ ਨਹੀਂ ਸਗੋਂ ਇੰਜਨੀਅਰਿੰਗ ਹੈ, ਜੋ ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰ ਸਕਦੀ ਹੈ। ਉਹਨਾਂ ਨੇ ਐਰੋਸਪੇਸ ਇੰਜਨੀਅਰਰਿੰਗ ਦੀ ਪੜ੍ਹਾਈ ਲਈ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਜਾਣ ਦਾ ਫੈਸਲਾ ਕੀਤਾ। ਉਹਨਾਂ ਦੀ ਦਾਖ਼ਲਾ ਫੀਸ ਇੱਕ ਹਜ਼ਾਰ ਰੁਪਏ ਦੇ ਕਰੀਬ ਸੀ, ਜਿਸਦਾ ਪ੍ਰਬੰਧ ਕਰਨਾ ਮੁਸ਼ਿਕਲਾਂ ਭਰਪੂਰ ਸੀ ਪ੍ਰੰਤੂ ਆਪਣੇ ਭਰਾ ਦੀ ਖੁਸ਼ੀ ਅਤੇ ਉਸਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਜੌਹਰਾ (ਉਹਨਾਂ ਦੀ ਭੈਣ) ਨੇ ਆਪਣੇ ਕੰਗਨ ਤਕ ਵੇਚ ਦਿੱਤੇ। ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਪੜ੍ਹਾਈ ਕਰਨ ਉਪਰੰਤ ਅਬਦੁਲ ਕਲਾਮ ਨੇ ਨੌਕਰੀ ਲਈ ਦੋ ਅਰਜ਼ੀਆਂ ਦਿੱਤੀਆਂ। ਪਹਿਲੀ ਏਅਰ ਫੋਰਸ ਵਿੱਚ ਅਤੇ ਦੂਜੀ ਰੱਖਿਆ ਮੰਤਰਾਲੇ ਵਿੱਚ। ਏਅਰ ਫੋਰਸ ਵਿੱਚ ਅਬਦੁਲ ਕਲਾਮ ਸਾਹਿਬ ਦਾ ਨੌਂਵਾਂ ਸਥਾਨ ਆਇਆ ਜਦਕਿ ਅਸਾਮੀਆਂ ਅੱਠ ਸਨ, ਇਸ ਤਰ੍ਹਾਂ ਉਹਨਾਂ ਦਾ ਏਅਰ ਫੋਰਸ ਵਿੱਚ ਜਾ ਕੇ ਉਡਾਣ ਭਰਨ ਦਾ ਸੁਪਨਾ ਅਧੂਰਾ ਰਹਿ ਗਿਆ। ਉਹਨਾਂ ਨੇ ਰੱਖਿਆ ਮੰਤਰਾਲੇ ਦੀ ਚੋਣ ਕਰਕੇ ਦੇਸ਼ ਨੂੰ ਰੱਖਿਆ ਖੇਤਰ ਵਿੱਚ ਮਜ਼ਬੂਤ ਕੀਤਾ। ਰੱਖਿਆ ਮੰਤਰਾਲੇ ਅਤੇ ਖੋਜ ਸੰਸਥਾਨ (DRDO) ਵਿੱਚ ਧਰਤੀ ਤੋਂ ਧਰਤੀ, ਧਰਤੀ ਤੋਂ ਅਕਾਸ਼ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦਾ ਨਿਰਮਾਣ ਕੀਤਾ, ਜਿਨ੍ਹਾਂ ਵਿੱਚ ਨਾਗ, ਤ੍ਰਿਸ਼ੂਲ, ਅਕਾਸ਼ ਅਤੇ ਪ੍ਰਿਥਵੀ ਸ਼ਾਮਲ ਹਨ।
ਅਬਦੁਲ ਕਲਾਮ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਮਾਤਾ ਪਿਤਾ, ਭੈਣ ਜੌਹਰਾ ਅਤੇ ਜਲਾਲੁਦੀਨ ਤੋਂ ਬਾਅਦ ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਉਹ ਸਨ ਡਾ. ਵਿਕਰਮ ਸਾਰਾਭਾਈ, ਪ੍ਰੋ. ਸਤੀਸ਼ ਧਵਨ ਅਤੇ ਡਾ. ਬ੍ਰਹਮ ਪ੍ਰਕਾਸ਼। ਡਾ. ਸ਼ਤੀਸ਼ ਧਵਨ ਅਤੇ ਵਿਕਰਮ ਸਾਰਾਭਾਈ ਦੀ ਅਗਵਾਈ ਵਿੱਚ ਡਾ. ਕਲਾਮ ਨੇ ਦੇਸ਼ ਦੇ ਆਪਣੇ ਸੈਟੇਲਾਈਟ ਲਾਂਚ ਵਹੀਕਲ ਦਾ ਨਿਰਮਾਣ ਕੀਤਾ, ਜਿਸਦੀ ਮਦਦ ਨਾਲ 1980 ਵਿੱਚ ਰੋਹਿਣੀ ਉਪਗ੍ਰਹਿ ਸਥਾਪਿਤ ਕੀਤਾ ਗਿਆ।
ਅਬਦੁਲ ਕਲਾਮ ਸਾਹਿਬ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ। ਉਹ ਕਦੇ ਰਾਜਨੀਤੀ ਕਰਨਗੇ, ਅਜਿਹੀ ਉਹਨਾਂ ਦੀ ਕੋਈ ਸੋਚ ਨਹੀਂ ਸੀ। ਇੱਕ ਐਰੋਸਪੇਸ ਇੰਜਨੀਅਰਰਿੰਗ ਦੇ ਵਿਦਿਆਰਥੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਨਾਲ ਵੀ ਨਿਵਾਜ਼ੇ ਜਾਣਗੇ। ਸਰਬ ਪਾਰਟੀ ਮੀਟਿੰਗ ਤੋਂ ਬਾਅਦ ਸਹਿਮਤੀ ਨਾਲ ਡਾਕਟਰ ਕਲਾਮ ਨੂੰ 25 ਜੁਲਾਈ 2002 ਨੂੰ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਗਈ। ਉਹ ਆਪਣੇ ਅਹੁਦੇ ਤਕ 25 ਜੁਲਾਈ 2007 ਤਕ ਰਹੇ। ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿਣ ਦੌਰਾਨ ਵੀ ਲਿਖਣ ਪੜ੍ਹਨ ਦਾ ਕੰਮ ਜਾਰੀ ਰੱਖਿਆ। ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ। ਅਜੋਕੇ ਸਮੇਂ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੇ ਪੜ੍ਹਨ ਲਈ ਪੈਸੇ ਦੇ ਨਾਲ ਨਾਲ ਮਾਪਿਆਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕਲਾਮ ਸਾਹਿਬ ਕੋਲ ਨਾ ਤਾਂ ਜ਼ਿਆਦਾ ਪੂੰਜੀ ਸੀ ਅਤੇ ਨਾ ਹੀ ਉਹਨਾਂ ਦੇ ਮਾਤਾ ਪਿਤਾ ਜ਼ਿਆਦਾ ਪੜ੍ਹੇ ਲਿਖੇ ਸਨ। ਸੁਪਨਿਆਂ ਦੀ ਉਡਾਣ ਨਿਰੰਤਰ ਮਿਹਨਤ ਅਤੇ ਸੰਘਰਸ਼ ਮੰਗਦੀ ਹੈ, ਜਿਸਦਾ ਕੋਈ ਸੌਖਾ ਰਾਹ ਨਹੀਂ ਹੈ।
ਡਾਕਟਰ ਅਬਦੁਲ ਕਲਾਮ ਦੁਆਰਾ ਦਿੱਤੇ ਭਾਸ਼ਣ ਅਤੇ ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਅੱਜ ਵੀ ਨੌਜਵਾਨਾਂ ਨੂੰ ਅੱਗੇ ਵਧਣ ਲਈ ਰਾਹ ਦਸੇਰਾ ਬਣੀਆਂ ਹੋਈਆਂ ਹਨ। ਉਨ੍ਹਾਂ ਦੀਆਂ ਪ੍ਰਸਿੱਧ ਅਤੇ ਜ਼ਿਆਦਾ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ Wings of Fire (1999), Ignited Minds (2002), India 2020-A vision for the new millinum (1998), Inspiring Thought (2007), ਅਤੇ Turning Point (2012) ਸ਼ਾਮਲ ਹਨ।
ਧਰਮ ਨਿਰਪੱਖਤਾ ਦੀ ਝਲਕ ਅਬਦੁਲ ਕਲਾਮ ਸਾਹਿਬ ਦੇ ਕਿਰਦਾਰ ਵਿੱਚ ਝਲਕਦੀ ਸੀ। ਆਪਣੇ ਭਾਸ਼ਣ ਦੌਰਾਨ ਉਹ ਗੀਤਾ ਅਤੇ ਕੁਰਾਨ ਦੋਵਾਂ ਦੀ ਗੱਲ ਕਰਦੇ ਸਨ। ਉਹ ਗੀਤਾ ਅਤੇ ਕੁਰਾਨ ਦੋਵੇਂ ਪੜ੍ਹਦੇ ਸਨ।
ਕਲਾਮ ਸਾਹਿਬ ਨੂੰ ਦੇਸ਼ ਦੀ ਰੱਖਿਆ ਪ੍ਰਣਾਲੀ, ਪਰਮਾਣੂ ਊਰਜਾ ਅਤੇ ਪੁਲਾੜ ਦੇ ਖ਼ੇਤਰ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਲਈ ਦੇਸ਼ ਅਤੇ ਵਿਦੇਸ਼ ਦੀਆਂ ਤੀਹ ਤੋਂ ਵੱਧ ਯੂਨੀਵਰਸਿਟੀਆਂ ਵੱਲੋਂ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਗਿਆ। ਡਾਕਟਰ ਕਲਾਮ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਪਦਮ ਭੂਸ਼ਣ (1981), ਪਦਮ ਵਿਭੂਸ਼ਣ1990) ਅਤੇ ਦੇਸ਼ ਦੇ ਸਰਵ ਉੱਚ ਸਨਮਾਨ ਭਾਰਤ ਰਤਨ ਨਾਲ 1997 ਵਿੱਚ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 1998 ਵਿੱਚ ਸਾਵਰਕਰ ਅਤੇ 2000 ਵਿੱਚ ਰਾਮਾਨੁਜਨ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।
ਡਾਕਟਰ ਕਲਾਮ ਨੇ ਤਮਾਮ ਉਮਰ ਵਿਆਹ ਨਹੀਂ ਕਰਵਾਇਆ। ਉਹ ਬਚਪਨ ਤੋਂ ਸਾਦਗੀ ਭਰੀ ਜ਼ਿੰਦਗੀ ਦੇ ਮੁਰੀਦ ਸਨ। ਰਾਸ਼ਟਰਪਤੀ ਰਹਿੰਦੇ ਹੋਏ ਵੀ ਉਹਨਾਂ ਨੇ ਆਪਣੇ ਕਿਸੇ ਸਕੇ ਸਬੰਧੀ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਤੋਂ ਬਚਾਈ ਰੱਖਿਆ। ਸੇਵਾਮੁਕਤੀ ਤੋਂ ਬਾਅਦ ਉਹ ਆਪਣੀ ਪੈਨਸ਼ਨ ਪਿੰਡ ਦੀ ਪੰਚਾਇਤ ਨੂੰ ਭੇਜਦੇ ਰਹੇ।
ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਕਲਾਮ ਸਾਹਿਬ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸ਼ਿਲਾਂਗ ਵਿੱਚ ਵਿਜ਼ਟਿੰਗ ਪ੍ਰੋਫੈਸਰ, ਅੰਨਾ ਯੂਨੀਵਰਸਿਟੀ ਚੇੱਨਈ ਵਿੱਚ ਆਨਰੇਰੀ ਪ੍ਰੋਫੈਸਰ, ਸਤੰਬਰ 2007 ਵਿੱਚ ਤਿਰੂਵਨੰਤਪੁਰਮ ਵਿੱਚ ਬਣੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਵਾਇਸ ਚਾਂਸਲਰ ਰਹੇ। ਉਹ ਆਪਣੇ ਦੇਸ਼ ਦੇ ਲੋਕਾਂ ਅਤੇ ਇਸਦੀ ਧਰਤੀ ਨਾਲ ਬਹੁਤ ਮੁਹੱਬਤ ਕਰਦੇ ਸਨ। ਆਪਣੀਆਂ ਤਕਰੀਰਾਂ ਦੌਰਾਨ ਉਹ ਧਰਤੀ, ਵਾਤਾਵਰਣ ਅਤੇ ਪੌਣ-ਪਾਣੀ ਬਚਾਉਣ ਦੀ ਗੱਲ ਕਰਦੇ ਸਨ।
27 ਜੁਲਾਈ 2015 ਨੂੰ ਵੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸ਼ਿਲਾਂਗ (ਮੇਘਾਲਿਆ) ਦੀ ਕਨਵੋਕੇਸ਼ਨ ਮੌਕੇ ਸਟੇਜ ’ਤੇ ਕਲਾਮ ਸਾਹਿਬ ਧਰਤੀ ਨੂੰ ਬਚਾਉਣ ਦੀ ਹੀ ਗੱਲ ਕਰ ਰਹੇ ਸਨ ਕਿ ਅਚਾਨਕ ਉਹ ਸਟੇਜ ’ਤੇ ਡਿਗ ਪਏ ਅਤੇ ਲੱਖਾਂ ਚਾਹੁਣ ਵਾਲਿਆਂ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ। ਉਸ ਦਿਨ ਭਾਰਤ ਦੇਸ਼ ਦੇ ਲੋਕਾਂ ਦੀਆਂ ਅੱਖਾਂ ਹੀ ਨਹੀਂ, ਪੂਰੀ ਦੁਨੀਆਂ ਦੀਆਂ ਅੱਖਾਂ ਨਮ ਹੋਈਆਂ। ਧਰਤੀ ਅਤੇ ਅਸਮਾਨ ਵੀ ਰੋਏ ਆਪਣੇ ਪੁੱਤਰ ਦੇ ਵਿਛੜਨ ’ਤੇ। ਗ਼ੁਰਬਤ ਭਰੀ ਜ਼ਿੰਦਗੀ ਤੋਂ ਉੱਠ ਦੇਸ਼ ਰਾਸ਼ਟਰਪਤੀ ਪਦ ਤਕ ਪਹੁੰਚਣ ਵਾਲੇ ਕਲਾਮ ਸਾਹਿਬ ਦੀ ਜ਼ਿੰਦਗੀ ਦੀ ਗਾਥਾ ਨੌਜਵਾਨ ਨੂੰ ਹਿੰਮਤ, ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (