“ਆਪਣੇ ਸੇਵਾ ਕਾਲ ਸਮੇਂ ਅਤੇ ਇਸ ਤੋਂ ਬਾਅਦ ਵੀ ਮੈਂ ਬਹੁਤੀ ਜਾਇਦਾਦ ਜਾਂ ਪ੍ਰਾਪਰਟੀ ਨਹੀਂ ...”
(12 ਅਕਤੂਬਰ 2025)
ਪੁਰਾਣੀ ਕਹਾਵਤ ਹੈ ਕਿ ਜਵਾਈ ਜਵਾਂਹ (ਤਾਰੇ ਮੀਰੇ) ਦੀ ਛਾਂ ਹੁੰਦੇ ਹਨ ਇਨ੍ਹਾਂ ਦੀ ਛਾਂ ਕੋਈ ਨਹੀਂ ਬੈਠ ਸਕਦਾ ਕਿਉਂਜੋ ਤਾਰੇ ਮੀਰੇ ਦਾ ਬੂਟਾ ਬਹੁਤ ਛੋਟਾ ਅਤੇ ਰੇਤਲੀ ਜ਼ਮੀਨ ਵਿੱਚ ਹੁੰਦਾ ਹੈ ਅਤੇ ਇਹ ਗਰਮ ਰੇਤ ਵਿੱਚ ਤੇ ਧੁੱਪ ਵਿੱਚ ਹੀ ਪਲਦਾ ਪਸਰਦਾ ਹੈ।
ਉਪਰੋਕਤ ਕਹਾਵਤ ਮੇਰੇ ਤਿੰਨਾਂ ਜਵਾਈਆਂ ’ਤੇ ਨਹੀਂ ਢੁਕਦੀ। ਸਭ ਤੋਂ ਵੱਡਾ ਖੁਸ਼ ਦਿਲ, ਮਿਲਣਸਾਰ, ਰੱਜੇ ਸੁਭਾਅ ਵਾਲਾ, ਮੌਜੀ, ਮਖੌਲੀ ਅਤੇ ਖਾਣ ਪੀਣ ਦਾ ਸ਼ੌਕੀਨ ਹੈ, ਪਰ ਮੇਰੇ ਕੋਲੋਂ ਉਸਨੇ ਇਸ ਤਰ੍ਹਾਂ ਦਾ ਕਦੇ ਨਹੀਂ ਝਾਕਿਆ ਹੈ। ਉਸਦੀ ਟਿੱਚਰ ਬਾਜ਼ੀ ਤੋਂ ਬਚਣਾ ਤਾਂ ਕਿਸੇ ਦਾ ਵੀ ਮੁਸ਼ਕਿਲ ਹੈ ਪਰ ਉਸ ਕੋਲ ਕੁਝ ਪਲ ਬੈਠ ਕੇ ਮਨ ਖੁਸ਼ ਹੋ ਜਾਂਦਾ ਹੈ। ਉਸ ਨੂੰ ਹਾਸਿਆਂ ਦਾ ਪਟਾਰਾ ਕਹਿਣਾ ਕੋਈ ਅੱਤ ਕਥਨੀ ਨਹੀਂ ਹੋਵੇਗੀ। ਉਹ ਜਦੋਂ ਵੀ ਆਉਂਦਾ ਹੈ, ਸਾਰੇ ਘਰ ਵਿੱਚ ਰੌਣਕਾਂ ਲਾਈ ਰੱਖਦਾ ਹੈ। ਹੁਣ ਇੱਥੇ ਆ ਕੇ ਉਸਦੀਆਂ ਗੱਲਾਂ ਕਰਕੇ ਉਹ ਬਹੁਤ ਯਾਦ ਆਉਂਦਾ ਹੈ।
ਵਿਚਕਾਰਲਾ ਜਵਾਈ ਸਾਬਕਾ ਫੌਜੀ ਅਤੇ ਧਾਰਮਿਕ ਸੁਭਾਅ ਵਾਲਾ ਤੇ ਰੱਖ ਰਖਾ ਵਿੱਚ ਨਿਪੁੰਨ ਅਤੇ ਆਪਣੀ ਜ਼ਿੰਮੇਵਾਰੀ ਸਮਝਣ ਵਾਲਾ ਅਤੇ ਸਾਊ ਸੁਭਾ ਦਾ ਹੈ। ਇਸੇ ਕਾਰਕੇ ਹੀ ਮੈਂ ਇੱਥੇ ਬਰੈਂਪਟਨ ਆਉਣ ਵੇਲੇ ਘਰ ਦੀ, ਪੈਨਸ਼ਨ ਦੀ, ਜ਼ਮੀਨ ਦੀ ਤੇ ਹੋਰ ਸਾਰੀਆਂ ਜ਼ਿੰਮੇਵਾਰੀਆਂ ਉਸ ’ਤੇ ਹੀ ਛੱਡ ਆਇਆਂ ਹਾਂ, ਜਿਨ੍ਹਾਂ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ।
ਇੱਕ ਸਭਨਾਂ ਤੋਂ ਛੋਟੇ ਥਾਂ, ਜਿਹੜਾ ਇੱਥੇ ਰਹਿ ਰਿਹਾ ਹੈ, ਜਿਸਦਾ ਪਿਛੋਕੜ ਇੱਕ ਵਾਹਵਾ ਪੜ੍ਹੇ ਲਿਖੇ ਅਤੇ ਉੱਚੇ ਅਹੁਦਿਆਂ ਵਾਲੇ ਪਰਿਵਾਰ ਨਾਲ ਹੈ, ਜਿਹੜਾ ਬਹੁਤ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਬਹੁਤ ਠੰਢੇ ਮਿੱਠੇ ਅਤੇ ਨਿਮਰ ਸੁਭਾਅ ਦਾ ਅਤੇ ਹਰ ਕਿਸੇ ਦੇ ਕੰਮ ਆਉਣ ਵਾਲਾ ਹੈ।
ਮੈਨੂੰ ਲਿਖਣ ਪੜ੍ਹਨ ਦੀ ਲਤ ਹੈ, ਜਿਸ ਨੂੰ ਚੰਗੀ ਕਹਿ ਲਓ ਜਾਂ ਮਾੜੀ, ਜੋ ਇਸ ਲਹਿੰਦੀ ਵਰੇਸੇ ਵੀ ਖਹਿੜਾ ਨਹੀਂ ਛੱਡਦੀ, ਪਰ ਮੇਰੇ ਲਈ ਤਾਂ ਇਹ ਮਨ ਨੂੰ ਰੁਝੇਵੇਂ ਵਿੱਚ ਲਾਈ ਰੱਖਣ ਦਾ ਚੰਗਾ ਸਾਧਨ ਹੈ, ਜੇ ਕੰਪਿਊਟਰ ਸਾਥ ਦਿੰਦਾ ਰਹੇ ਤਾਂ। ਕੁਝ ਦਿਨਾਂ ਤੋਂ ਮੇਰਾ ਇਹ ਹੱਥ ਠੋਕਾ ਖਰਾਬ ਹੋਣ ਕਰਕੇ ਮੇਰੇ ਇਸ ਕੰਮ ਵਿੱਚ ਵੱਡੀ ਰੁਕਾਵਟ ਖੜ੍ਹੀ ਹੋ ਗਈ, ਜਿਸਦਾ ਕੋਈ ਹੱਲ ਲੱਭਣ ਵਿੱਚ ਇਸ ਜਵਾਈ ਦਾ ਵੱਡਾ ਯੋਗਦਾਨ ਹੈ। ਹੋਰ ਵੀ ਸਾਡੀ ਖਬਰ ਸੁਰਤ ਲੈਣ ਲਈ ਲਈ ਉਹ ਆਪਣੇ ਰੁਝੇਵਿਆਂ ਵਿੱਚੋਂ ਉਚੇਚਾ ਸਮਾਂ ਜ਼ਰੂਰ ਕੱਢ ਲੈਂਦਾ ਹੈ।
ਆਪਣੇ ਸੇਵਾ ਕਾਲ ਸਮੇਂ ਅਤੇ ਇਸ ਤੋਂ ਬਾਅਦ ਵੀ ਮੈਂ ਬਹੁਤੀ ਜਾਇਦਾਦ ਜਾਂ ਪ੍ਰਾਪਰਟੀ ਨਹੀਂ ਬਣਾਈ, ਹਾਲਾਂਕਿ ਮੈਂ ਮਾਲ ਮਹਿਕਮੇ ਅਤੇ ਇਹੋ ਜਿਹੇ ਹੋਰ ਵੀ ਮਹਿਕਮਿਆਂ ਵਿੱਚ ਲਗਭਗ 33-34 ਸਾਲ ਕੰਮ ਕੀਤਾ। ਇਸਦਾ ਫਲ ਸਰੂਪ ਮੇਰੀ ਪੈਨਸ਼ਨ ਹੀ ਮੇਰੀ ਪ੍ਰਾਪਤੀ ਹੈ, ਜਿਸ ਨੂੰ ਮਾਣ ਸਤਿਕਾਰ ਸਮਝ ਕੇ ਖੁਸ਼ੀ ਮਹਿਸੂਸ ਕਰਦਾ ਹਾਂ।
ਇੱਕ ਹੋਰ ਵੱਡੀ ਗੱਲ ਜੋ ਮੈਂ ਆਪਣੇ ਇਨ੍ਹਾਂ ਤਿੰਨਾਂ ਜਵਾਈਆਂ ਬਾਰੇ ਕਹਿਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਜੋ ਮੇਰੀ ਥੋੜ੍ਹੀ ਬਹੁਤ ਚੱਲ ਜਾਂ ਅਚੱਲ ਜਇਦਾਦ ਹੈ, ਉਸ ਉੱਤੇ ਇਨ੍ਹਾਂ ਨੇ ਕਦੇ ਝਾਕ ਨਹੀਂ ਰੱਖੀ। ਤਿੰਨਾਂ ਦੇ ਮਾਪੇ ਭਾਵੇਂ ਆਪੋ ਆਪਣੀ ਵਾਰੀ ਨਾਲ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਚੁੱਕੇ ਹਨ ਪਰ ਇਹ ਮਾਪਿਆਂ ਵਾਲਾ ਮੋਹ ਪਿਆਰ ਸਾਥੋਂ ਲੈ ਦੇ ਰਹੇ ਹਨ।
ਸਿਆਣੇ ਐਵੇਂ ਨਹੀਂ ਕਹਿੰਦੇ ਕਿ ਜਵਾਈ, ਧੀਆਂ ਦੇ ਕੇ ਪੁੱਤ ਸਹੇੜੀਦੇ ਹਨ।
ਧੀਆਂ ਰੱਬ ਰਜਾਈਆਂ ਜੇ ਸੁੱਘੜ ਮਿਲਣ ਜਵਾਈ,
ਔਕੜ ਵੇਲੇ ਬਹੁੜਦੇ, ਜਦੋਂ ਕੋਈ ਮੁਸ਼ਕਿਲ ਆਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (