“ਵੇਖੀਂ ਪੁੱਤਰ, ਤੈਨੂੰ ਕਿਸਾਨੀ ਕਿਰਤੀਆਂ ਦੀ ਸੇਵਾ ਕਰਨ ਦਾ ਮੌਕਾ ਸਿਲਿਆ ਹੈ, ਕਿਸੇ ਨਾਲ ਜ਼ਿਆਦਤੀ ...”
(29 ਸਤੰਬਰ 2025)
ਕਿਸੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇ ਲਿਖੇ ਅਤੇ ਗਾਏ ਗੀਤ “ਉਮਰਾਂ ’ਚ ਕੀ ਰੱਖਿਐ?” ਨੂੰ ਮੈਂ ਕਾਫੀ ਸਮੇਂ ਤੋਂ ਸੁਣਦਾ ਆ ਰਿਹਾ ਹਾਂ। ਪਰ ਸਚਾਈ ਤਾਂ ਆਪਣੀ ਉਮਰ ਦੇ ਹੰਢਾਏ ਉਮਰ ਦੇ ਹਰ ਦੌਰ ਵਿੱਚੋਂ ਲੰਘਦਿਆਂ ਹੀ ਸਮਝ ਆਈ ਹੈ ਕਿ ਉਮਰਾਂ ਵਿੱਚ, ਬਹੁਤ ਕੁਝ ਰੱਖਿਆ ਹੋਇਆ ਹੈ। ਮੈਂ ਆਪਣੀ ਉਮਰ ਦੇ 87ਵੇਂ ਵਰ੍ਹੇ ਨੂੰ ਪਾਰ ਕਰਕੇ ਅਠਾਸੀਵੇਂ ਵਰ੍ਹੇ ਦਾ ਕੁਝ ਹਿੱਸਾ ਵੀ ਬਿਤਾ ਚੁੱਕਿਆ ਹਾਂ ਅਤੇ ਕਲਮ ਨਾਲ ਸਾਂਝ ਪਾਈ ਪਾਠਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਕੁਝ ਨਾ ਕੁਝ ਲਿਖਦੇ-ਪੜ੍ਹਦੇ ਰਹਿਣ ਲਈ ਕੰਪੀਊਟਰ ਨਾਲ ਸਾਂਝ ਨਜੁਤ ਲੰਮੇ ਸਮੇਂ ਤੋਂ ਪਾਈ ਹੋਈ ਹੈ, ਜੋ ਉਮਰ ਦੇ ਇਸ ਆਖਰੀ ਹਿੱਸੇ ਵਿੱਚ ਵੀ ਬਾਦਸਤੂਰ ਚਲੀ ਆ ਰਹੀ ਹੈ।
ਅਸੀਂ ਦੋਵੇਂ ਜੀਅ ਭਾਵੇਂ ਕਦੇ ਕਦੇ ਢਿੱਲੇ ਮੱਠੇ ਹੋ ਜਾਂਦੇ ਹਾਂ ਪਰ ਥੋੜ੍ਹੀ ਦੇਰ ਵਿੱਚ ਹੀ ਕੁਝ ਇੱਧਰ ਉੱਧਰ ਦਾ ਆਹਰ ਪਾਹਰ ਕਰਕੇ ਅਕਸਰ ਠੀਕ ਹੋ ਜਾਂਦੇ ਹਾਂ। ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ। ਇਹ ਹਰ ਕਿਸੇ ਦੇ ਜੀਵਨ ਪੰਧ ਵਿੱਚ ਆਏ ਹਨ ਅਤੇ ਆਉਂਦੇ ਰਹਿਣਗੇ। ਜਿੱਥੇ ਫੁੱਲ ਹਨ, ਉੱਥੇ ਕੰਡੇ ਵੀ ਹਨ। ਕੰਡਿਆਂ ਨੂੰ ਕੋਈ ਪਾਣੀ ਨਹੀਂ ਪਾਉਂਦਾ, ਫਿਰ ਵੀ ਇਹ ਵਧਦੇ ਹਨ, ਸੁੱਕਦੇ ਮੁਰਝਾਉਂਦੇ ਨਹੀਂ। ਪਰ ਫਿਰ ਵੀ ਫੁੱਲਾਂ ਦੀ ਹੋਂਦ ਵੱਖਰੀ ਹੈ ਅਤੇ ਕੰਡਿਆਂ ਦੀ ਵੱਖਰੀ। ਦੋਵੇਂ ਹੀ ਗੁਲਸ਼ਨ ਦਾ ਹਿੱਸਾ ਬਣੇ ਰਹਿੰਦੇ ਹਨ।
ਇਹ ਜ਼ਰੂਰੀ ਨਹੀਂ ਕਿ ਕਿਸੇ ਨਿਸ਼ਾਨਚੀ ਦਾ ਹਰ ਨਿਸ਼ਾਨਾ ਹਿ ਟਿਕਾਣੇ ਸਿਰ ਲੱਗੇ, ਕਦੇ ਕਦੇ ਜਿੱਤ-ਹਾਰ ਵੀ ਜੀਵਨ ਜਾਚ ਸਿਖਾਉਣ ਵਿੱਚ ਸਹਾਈ ਅਤੇ ਸਬਕਦਾਇਕ ਹੁੰਦੀ ਹੈ। ਇਵੇਂ ਹੀ ਉਮਰ ਦਾ ਬਿਤਾਇਆ ਹਰ ਹਿੱਸਾ ਇੱਕ ਤਜਰਬੇ ਵਾਂਗ ਹੁੰਦਾ ਹੈ। ਉਮਰ ਦਾ ਆਖਰੀ ਹਿੱਸਾ ਤਾਂ ‘ਸੌ ਹੱਥ ਰੱਸਾ, ਸਿਰੇ ਦੀ ਗੰਢ’ ਵਾਂਗ ਹੀ ਸਮਝਣਾ ਚਾਹੀਦਾ ਹੈ।
ਅੱਜ ਉਮਰ ਦੇ ਬਚਪਨ, ਜਵਾਨੀ, ਅਧੇੜ ਅਤੇ ਬਢਾਪੇ ਦੀਆਂ ਕੁਝ ਕੁ ਖੱਟੀਆਂ ਮਿੱਠੀਆਂ ਯਾਦਾਂ, ਜੋ ਮੇਰੀ ਦਾਦੀ, ਮਾਂ ਅਤੇ ਬਾਪੂ ਨਾਲ ਜੁੜੀਆਂ ਹੋਈਆਂ ਹੋਈਆਂ ਹਨ, ਪਾਠਕਾਂ ਨਾਲ ਸਾਂਝੀਆਂ ਕਰਨ ਨੂੰ ਚਿੱਤ ਕੀਤਾ। ਮੈਂ ਦਾਦੀ ਦਾ ਪਿਆਰ ਬਹੁਤ ਮਾਣਿਆ। ਬਚਪਨ ਵਿੱਚ ਦਾਦੀ ਨਾਲ ਗੁਰਦੁਆਰੇ ਜਾਣ ਦਾ ਨੇਮ ਦਾਦੀ ਦੀ ਵੱਡੀ ਦੇਣ ਨੂੰ ਭਲਾਇਆ ਨਹੀਂ ਜਾ ਸਕਦਾ। ਮੈਨੂੰ ਯਾਦ ਹੈ ਜਦੋਂ ਦਾਦੀ ਸਵੇਰੇ ਨੇਮ ਨਾਲ ਕੌਲੀ ਵਿੱਚ ਆਟਾ ਪਾਈ ਜਦੋਂ ਗੁਰਦੁਆਰੇ ਜਾਂਦੀ ਤਾਂ ਉਸਦੀ ਚੁੰਨੀ ਦਾ ਪੱਲਾ ਫੜੀ ਮੈਂ ਵੀ ਨੰਗੇ ਪੈਰੀਂ ਹੀ ਗੁਰਦੁਆਰੇ ਜਾਂਦਾ। ਦਾਦੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਮੇਰਾ ਦਾਦਾ 1914 ਦੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋ ਗਿਆ ਸੀ। ਉਸਦੀ ਪੈਨਸ਼ਨ ਅਤੇ ਜੰਗੀ ਇਨਾਮ ਦਾਦੀ ਨੂੰ ਮਿਲਿਆ।
ਫਿਰ ਬਾਪੂ ਵੀ ਦੂਜੇ ਵਿਸ਼ਵ ਯੁੱਧ ਵਿੱਚ ਫੌਜ ਵਿੱਚ ਥੋੜ੍ਹਾ ਸਮਾਂ ਰਹਿ ਕੇ ਬੋਰਡ ਦੀ ਪੈਨਸ਼ਨ ਲੈ ਕੇ ਘਰ ਆਕੇ ਫਿਰ ਲਾਹੌਰ ਨੇੜੇ ਹਰਬੰਸ ਪੁਰਾ ਵਿਖੇ ਬਤੌਰ ਐੱਮ. ਟੀ. ਡਰਾਈਵਰ ਚਲੇ ਗਏ ਅਤੇ ਥੋੜ੍ਹੇ ਹੀ ਸਮੇਂ ਪਿੱਛੋਂ ਮੇਰੀ ਮਾਂ ਤੇ ਵੱਡੀ ਭੈਣ ਨੂੰ ਵੀ ਉੱਥੇ ਲੈ ਗਏ। ਮੈਨੂੰ ਪੜ੍ਹਾਈ ਕਾਰਨ ਪਿੰਡ ਦਾਦੀ ਕੋਲ ਹੀ ਛੱਡ ਗਏ। ਮੈਂ ਦਾਦੀ ਨਾਲ ਰਹਿਕੇ ਖੁਸ਼ ਸਾਂ, ਛੁੱਟੀਆਂ ਵਿੱਚ ਉਨ੍ਹਾਂ ਕੋਲ ਦਾਦੀ ਨਾਲ ਚਲਾ ਜਾਂਦਾ ਸਾਂ।
ਫਿਰ ਦੇਸ਼ ਦੀ ਵੰਡ ਵੇਲੇ ਬਾਪੂ ਨੌਕਰੀ ਛੱਡ ਕੇ ਘਰ ਆ ਗਿਆ। ਉਦੋਂ ਮੇਰੀ ਉਮਰ ਨੋਂ ਸਾਲ ਦੀ ਸੀ ਅਤੇ ਚੌਥੀ ਜਮਾਤ ਵਿੱਚ ਪੜ੍ਹਦਾ ਸਾਂ।
ਇੱਧਰ ਆ ਕੇ ਕਾਫੀ ਸਮਾਂ ਸਾਡੇ ਪੈਰ ਨਾ ਲੱਗੇ। ਕਈ ਥਾਂਵਾਂ ’ਤੇ ਫਿਰਦੇ ਫਿਰਾਉਂਦੇ ਆਖਰ ਹੁਣ ਵਾਲੇ ਪਿੰਡ ਵਿੱਡ ਵਿੱਚ ਪੱਕੇ ਤੌਰ ’ਤੇ ਸੈਟਲ ਹੋ ਗਏ।
ਦਸਵੀਂ ਪਾਸ ਕਰਕੇ, ਫਿਰ ਪਟਵਾਰ ਦਾ ਕੋਰਸ ਕਰਕੇ ਪਟਵਾਰੀ ਦੀ ਨੌਕਰੀ ਲੱਗਣ ’ਤੇ ਜਦੋਂ ਮੈਂ ਆਪਣੀ ਪਹਿਲੀ ਤਨਖਾਹ ਮਾਂ ਦੀ ਤਲੀ ’ਤੇ ਰੱਖੀ। ਮਾਂ ਤਾਂ ਕਦੋਂ ਦੀ ਇਸ ਦੁਨੀਆ ਤੋਂ ਜਾ ਚੁੱਕੀ ਹੈ, ਉਸ ਦੇ ਬੋਲ ਮੈਨੂੰ ਅਜੇ ਤੀਕ ਯਾਦ ਹਨ, “ਵੇਖੀਂ ਪੁੱਤਰ, ਤੈਨੂੰ ਕਿਸਾਨੀ ਕਿਰਤੀਆਂ ਦੀ ਸੇਵਾ ਕਰਨ ਦਾ ਮੌਕਾ ਸਿਲਿਆ ਹੈ, ਕਿਸੇ ਨਾਲ ਜ਼ਿਆਦਤੀ ਨਾ ਕਰੀਂ। ਹੱਕ ਦੀ ਕਮਾਈ ਹੀ ਲਿਆ ਕੇ ਮੇਰੀ ਤਲੀ ’ਤੇ ਰੱਖੀਂ।” ਮੈਂ ਮਾਂ ਦੀ ਇਸ ਗੱਲ ਨੂੰ ਹਮੇਸ਼ਾ ਪੱਲੇ ਬੰਨ੍ਹੀ ਰੱਖਿਆ।
ਬਾਪੂ ਨੇ ਜ਼ਿੰਦਗੀ ਵਿੱਚ ਬਥੇਰੇ ਪਾਪੜ ਵੇਲੇ ਪਰ ਮੈਨੂੰ ਹੱਲ ਦੀ ਜੰਘੀ ਨਹੀਂ ਫੜਨ ਦਿੱਤੀ, ਪੜ੍ਹਾਈ ਵੱਲ ਲਾਈ ਰੱਖਿਆ। ਮੈਂ ਅੱਜ ਜੋ ਵੀ ਹਾਂ, ਜਿੱਥੇ ਵੀ ਹਾਂ, ਇਸ ਵਿੱਚ ਬਾਪੂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ। ਇਹ ਚਾਅ ਵੀ ਉਸਨੇ ਮੇਰੀ 22 ਵਰ੍ਹੇ ਦੀ ਚੜ੍ਹਦੀ ਉਮਰੇ ਹੀ ਪੂਰਾ ਕਰ ਲਿਆ।
ਦਾਦੀ, ਮਾਂ ਅਤੇ ਬਾਪੂ ਲੰਮੀਆਂ ਉਮਰਾਂ ਹੰਢਾ ਕੇ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਹਨ।
ਮਾਂ ਅਤੇ ਬਾਪੂ ਦਾ ਇਕੱਠਿਆਂ ਇੱਕੋ ਦਿਨ, ਇੱਕੋ ਵੇਲੇ ਸਾਹਾਂ ਦੀ ਪੂੰਜੀ ਮੁਕਾ ਕੇ ਇਸ ਸੰਸਾਰ ਤੋਂ ਵਿਦਾ ਹੋਣਾ ਵੀ ਕਿਸੇ ਚਮਤਕਾਰੀ ਘਟਨਾ ਤੋਂ ਘੱਟ ਨਹੀਂ ਸੀ।
ਮੈਨੂੰ ਆਪਣੇ ਆਪ ’ਤੇ ਸਦਾ ਹੀ ਗਿਲਾ ਰਹੇਗਾ ਕਿ ਮੈਂ ਉਨ੍ਹਾਂ ਦੇ ਤਲਖ ਤਜਰਬਿਆਂ ਤੋਂ ਬਹੁਤ ਕੁਝ ਸਿੱਖ ਕੇ ਉਨ੍ਹਾਂ ਦੀ ਸੇਵਾ ਨਹੀਂ ਕਰ ਸਕਿਆ।
ਅੱਜ ਆਪਣੀ ਨੇਕ ਔਲਾਦ ਸਦਕਾ ਕੈਨੇਡਾ ਦੀ ਧਰਤੀ ’ਤੇ ਬੈਠਾ ਮੈਂ ਸਾਰੇ ਸੁਖ ਸਹੂਲਤਾਂ ਨਾਲ ਜ਼ਿੰਦਗੀ ਦਾ ਆਖਰੀ ਸਫਰ ਕਰ ਰਿਹਾਂ ਹਾਂ। ਇਹ ਸਭ ਉਨ੍ਹਾਂ ਆਦਰ ਯੋਗ ਬਜ਼ੁਰਗਾਂ ਦੇ ਅਸ਼ੀਰਵਾਦਾਂ ਅਤੇ ਪੁਰਾਣੇ ਸੰਸਕਾਰਾਂ ਸਦਕਾ ਹੀ ਹੈ।
ਮੁੱਕਦੀ ਗੱਲ ਕਿ ਜ਼ਿੰਦਗੀ ਵਿੱਚ ਉਮਰ ਦੇ ਹਰ ਪੜਾਂ ਦੇ ਹੰਢਾਏ ਪਲ ਕਈ ਵਾਰ ਜੀਵਨ ਦੇ ਇਤਿਹਾਸ ਦੇ ਪੰਨੇ ਵੀ ਸਬਕ ਬਣ ਕੇ ਕਈਆਂ ਦੀ ਅਗਵਾਈ ਕਰਨ ਯੋਗ ਵੀ ਹੋ ਸਕਦੇ ਹਨ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (