RewailSingh7“ਇਹੀ ਹਾਲ ਉਸ ਵਰਗੇ ਹੋਰ ਕਈ ਵਿਦੇਸ਼ੀ ਕਾਮਿਆਂ ਦਾ ਵੀ ਹੈ ...”
(28 ਅਗਸਤ 2016)

 

ਸੁਮੱਧਰ ਜਿਹੇ ਕੱਦ ਦਾ ਰੰਗੀਨ ਮਿਜ਼ਾਜ ਅਤੇ ਮਨ ਮੌਜੀ ਸੁਭਾ ਦਾ ਮਾਲਕ ਹੈ ਸੁਖਰਾਜ ਬਰਾੜ, ਜਿਸ ਦੇ ਬੁਲ੍ਹਾਂ ਤੇ ਗੱਲ ਕਰਦਿਆਂ ਹਰ ਵਕਤ ਇੱਕ ਮਿੱਠੀ ਜਿਹੀ ਮੁਸਕਰਾਹਟ ਹੁੰਦੀ ਹੈ। ਉਸ ਨੂੰ ਪਿਆਰ ਨਾਲ ਉਸ ਦੇ ਸਾਥੀ ਸੁੱਖਾ ਕਹਿਕੇ ਵੀ ਬਲਾਉਂਦੇ ਹਨ। ਪਰ ਸੁਖਰਾਜ ਬਰਾੜ ਖੁੱਲ੍ਹੇ ਡੁੱਲ੍ਹੇ ਸੁਭਾ ਦਾ ਹੋਣ ਕਰਕੇ ਅਤੇ ਮਿਲਾਪੜਾ ਸੁਭਾ ਦਾ ਹੋਣ ਕਰਕੇ ਹਰ ਮਿਲਣ ਵਾਲੇ ਤੇ ਝੱਟ ਹੀ ਆਪਣੀ ਗੂੜ੍ਹੀ ਛਾਪ ਛੱਡ ਜਾਂਦਾ ਹੈ। ਉਹ ਵਿਦੇਸ਼ੀ ਕਾਮਾ ਅਤੇ ਬਹੁ ਵਿਸ਼ਿਆਂ ’ਤੇ ਲਿਖਣ ਵਾਲਾ ਕਵੀ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ ਦਾ ਉਹ ਸ਼ਿੰਗਾਰ ਹੈ। ਆਮ ਤੌਰ ’ਤੇ ਮਹਿਫਲ ਨੂੰ ਗਰਮਾਉਣ ਲਈ ਉਸ ਦਾ ਸੱਭ ਤੋਂ ਪਹਿਲਾਂ ਸਟੇਜ ਤੇ ਲਿਆਉਣਾ ਜ਼ਰੂਰੀ ਹੋ ਜਾਂਦਾ ਹੈ। ਆਪਣੇ ਸੁਭਾ ਵਾਂਗ ਉਹ ਆਪਣੀਆਂ ਨਵੀਆਂ ਲਿਖੀਆਂ ਕਵਿਤਾਵਾਂ ਸੁਣਾਉਣ ਵਿੱਚ ਢਿੱਲ ਨਹੀਂ ਕਰਦਾ। ਮਹਿਫਲ ਵਿੱਚ ਯਾਰਾਂ ਦੋਸਤਾਂ ਵਿੱਚ ਬੈਠਿਆਂ ਵੀ ਉਹ ਨਿਵੇਕਲੇ ਰੰਗ ਦੀਆਂ ਕਵਿਤਾਵਾਂ ਸੁਣਾ ਕੇ ਸਾਥੀਆਂ ਨੂੰ ਖੁਸ਼ ਕਰਨ ਦੀ ਪੂਰੀ ਵਾਹ ਲਾ ਦਿੰਦਾ ਹੈਮਾਝੇ ਦੇ ਕਿਰਸਾਣੀ ਕਿਤੇ ਨਾਲ ਜੁੜੇ ਪਰਿਵਾਰ ਵਿੱਚ ਜੰਮੇ ਪਲੇ ਇਸ ਕਵੀ ਦੀਆਂ ਕਿਰਸਾਣੀ ਨਾਲ ਜੁੜੀਆਂ ਯਾਦਾਂ ਅਤੇ ਮਿਹਨਤਾਂ ਮੁਸ਼ੱਕਤਾਂ ਦਾ ਵਰਨਣ ਵੀ ਉਸ ਦੀਆਂ ਕਵਿਤਾਵਾਂ ਵਿੱਚ ਆਮ ਹੀ ਵੇਖਣ ਨੂੰ ਮਿਲਦਾ ਹੈ ਅਤੇ ਪੰਜਾਬ ਦੀ ਮਿੱਟੀ ਦੀ ਮਹਿਕ ਦਾ ਵੀ। ਉਸ ਨੇ ਪੇਂਡੂ ਮਾਹੌਲ ਨੂੰ ਮਾਣਿਆ ਹੈ ਅਤੇ ਰਾਜਿੰਦਰਾ ਕਾਲਿਜ ਪਟਿਆਲਾ ਦੇ ਵਿਦਿਆਰਥੀ ਹੋਣ ਦੇ ਉਸ ਨੇ ਕਈ ਸੁਨਹਿਰੀ ਪਲ ਵੀ ਆਪਣੀਆਂ ਯਾਦਾਂ ਵਿੱਚ ਸੰਭਾਲ ਰੱਖੇ ਹਨ

“ਦਾਣੇ” ਕਾਵਿ ਸੰਗ੍ਰਹਿ ਉਸ ਦਾ ਪਲੇਠੀ ਦਾ ਛਿਆਨਵੇਂ ਪੰਨਿਆਂ ਦਾ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਕੁੱਲ ਚੁਰਾਸੀ ਕਵਿਤਾਵਾਂ ਹਨ। ਜਿਸ ਦੇ ਮੁਖ ਬੰਦ ਵਜੋਂ ਲਿਖੇ ਕੁਝ ਸਾਹਿਤ ਸੁਰ ਸੰਗਮ ਦੇ ਸਾਥੀਆਂ ਦੇ ਲਿਖੇ ਮੁੱਖ ਬੰਦਾਂ ਦੇ ਇਲਾਵਾ, ਪੰਜਾਬੀ ਸਾਹਿਤ ਜਗਤ ਦੇ ਉੱਘੇ ਲੇਖਕ ਕਵੀ ਅਤੇ ਨਾਵਲਕਾਰ ਸ਼ਿਵ ਚਰਨ ਜੱਗੀ ਕੁੱਸਾ ਦੇ ਲਿਖੇ ਅਨਮੋਲ ਅੱਖਰਾਂ ਦਾ ਮਾਣ ਵੀ ਉਸ ਨੂੰ ਪ੍ਰਾਪਤ ਹੈ। ਇਸ ਦੇ ਇਲਾਵਾ ਉਹ ਇੱਕ ਹੋਰ ਕੰਮ ਵਿੱਚ ਵੀ ਬਾਜ਼ੀ ਮਾਰ ਗਿਆ ਹੈ, ਉਸ ਦੇ ਇਸ ਪਲੇਠੇ ਕਾਵਿ ਸੰਗ੍ਰਹਿ ਦੇ ਕੁੱਝ ਗੀਤ ਵੀ ਰੀਕਰਡ ਹੋ ਚੁਕੇ ਹਨ।

ਇਸ ਕਾਵਿ ਸੰਗ੍ਰਹਿ ਦਾ ਸੁੰਦਰ ਟਾਈਟਲ, ਗੁਰਮੀਤ “ਧੀਮਾਨ” ਦਾ ਤਿਆਰ ਕੀਤਾ ਹੋਇਆ ਹੈ। ਛਾਪਕ ਅਰਨਾ ਪ੍ਰਟਿੰਗ ਪ੍ਰੈੱਸ ਸੋਲੋ ਸਨਜ਼, ਪਟਿਆਲਾ ਹਨ। ਸ਼ਬਦ ਜੜਤ ਐੱਚ ਐੱਸ ਕੰਪਿਊਟਰਜ਼ ਨਾਭਾ ਵਾਲੇ ਹਨ, ਅਤੇ ਪ੍ਰਕਾਸ਼ਕ ਪ੍ਰੀਤ ਪਬਲੀਕੇਸ਼ਨ ਨਾਭਾ ਵਾਲੇ। ਪੁਸਤਕ ਦੇ ਟਾਈਟਲ ਦੇ ਪਿਛਲੇ ਸਫੇ ’ਤੇ ਉਸ ਦੀ ਫੋਟੋ ਨਾਲ ਉਸ ਬਾਰੇ ਕੁਝ ਲਿਖਿਆ ਹੋਇਆ ਸੁਰਿੰਦਰ ਜੀਤ ਚੌਹਾਨ ਦਾ ਹੈ। ਇਹ ਪੁਸਤਕ ਉਸ ਨੇ ਆਪਣੇ ਪਿਆਰੀ ਮਾਂ ਅੰਗ੍ਰੇਜ਼ ਕੌਰ ਅਤੇ ਆਪਣੀ ਸਪੁੱਤਰੀ ਸੁਖਮਨ ਦੀਪ ਕੌਰ ਨੂੰ ਸਮਰਪਿਤ ਕੀਤੀ ਹੈ।

ਉਸ ਦੀਆਂ ਕਵਿਤਾਵਾਂ ਬਹੁ ਰੰਗੀ ਕਵਿਤਾਵਾਂ ਹਨ, ਬੇਸ਼ੱਕ ਉਸ ਨੇ ਆਪਣੇ ਇਸ ਕਾਵਿ ਸੰਗ੍ਰਹਿ ਦੇ ਪਹਿਲੇ ਅਤੇ ਦੂਜੇ ਸਫੇ ’ਤੇ ਉਸ ਨੇ ਰਚਨਾਵਾਂ ਨੂੰ ਗੀਤ, ਗਜ਼ਲ ਅਤੇ ਕਵਿਤਾਵਾਂ ਲਿਖਿਆ ਹੈ ਪਰ ਉਸ ਦੀਆਂ ਰਚਨਾਵਾਂ ਵਿੱਚ ਗੀਤ, ਗਜ਼ਲ ਜਾਂ ਕਵਿਤਾ ਦਾ ਵੇਰਵਾ ਨਹੀਂ ਦਿੱਤਾ, ਇਸ ਬਾਰੇ ਤਾਂ ਉਹ ਆਪ ਹੀ ਜਾਣਦਾ ਹੋਵੇਗਾ। ਫਿਰ ਵੀ ਉਸਦੀਆਂ ਰਚਨਾਵਾਂ ਵਿੱਚ ਕਿਤੇ ਕਿਤੇ ਗੀਤ ਜਾਂ ਗਜ਼ਲ ਹੋਣ ਦਾ ਭਰਮ ਭੁਲੇਖਾ ਜ਼ਰੂਰ ਪੈਂਦਾ ਹੈ। ਆਪਣੀ ਕਵਿਤਾ ਵਿੱਚ ਉਹ ਕਈ ਥਾਈਂ ਅੰਗ੍ਰੇਜ਼ੀ ਦੇ ਅੱਖਰ ਵੀ ਵਰਤਣ ਤੋਂ ਝਿਜਕਦਾ ਨਹੀਂ। ਉਹ ਆਪਣੇ ਸੁਭਾ ਵਾਂਗ ਪੰਜਾਬੀ ਭਾਸ਼ਾ ਵਿੱਚ ਅੰਗ੍ਰੇਜ਼ੀ ਭਾਸ਼ਾ ਨੂੰ ਵੀ ਕਲਾਵੇ ਵਿੱਚ ਲੈਣ ਦਾ ਯਤਨ ਵੀ ਕਰਦਾ ਹੈ। ਜਿਵੇਂ ਟੂਕ ਮਾਤਰ ਉਸ ਦੀ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ “ਕਣਕ ਦੇ ਦਾਣੇ” ਵਿੱਚ ਆਕਸੀਜਨ, ਸਟਾਕ, ਸਟਾਟ ਜਿਸ ਵਿੱਚ ਉਹ ਬੜੇ ਸੁੰਦਰ ਢੰਗ ਨਾਲ ਕਣਕ ਦੇ ਦਾਣਿਆਂ ਦੀ ਪੂਰੀ ਕਹਾਣੀ ਨੂੰ ਬੜੇ ਹੀ ਵਿਲੱਖਣ ਢੰਗ ਨਾਲ ਕਵਿਤਾ ਵਿੱਚ ਢਾਲਿਆ ਹੈ।

ਹੱਥਲੇ ਕਾਵਿ ਸੰਗ੍ਰਹਿ ਵਿੱਚ ਉਹਦੀਆਂ ਬਹੁਤੀਆਂ ਰਚਨਾਵਾਂ ਬੜੀ ਬੇਬਾਕੀ ਨਾਲ ਮਾਂ ਦਾ ਮੋਹ, ਪੱਤਝੜਾਂ ਦੀ ਰੁੱਤੇ ਕਿਸੇ ਝੜੇ ਹੋ ਹੋਏ ਪੱਤੇ ਨੂੰ ਮੁਖਾਤਿਬ ਹੋਣਾ ਹੈ, ਕਿਤੇ ਦੇਸ਼ਾਂ ਦੀ ਵੰਡ ਕਾਰਣ ਸਰਹੱਦੀ ਤਾਰਾਂ ਤੋਂ ਪਾਰ ਵਸਦੇ ਲੋਕਾਂ ਨਾਲ ਸਾਂਝ ਭਰੇ ਰਿਸ਼ਤਿਆਂ ਦੀ ਗੱਲ ਕਰਦਾ ਹੈ।

ਉਸ ਦੀ ਕਵਿਤਾ ਇੱਕ ਤੇ ਇੱਕ ਦੋ ਗਿਆਰਾਂ ਦਾ ਇੱਕ ਬੰਦ ਵੇਖੋ:

ਸੜਨਾ ਭੁੱਜਣਾ ਕਿਸੇ ਦੀ ਆਦਤ ਹੈ ਫਿਤਰਤ,
ਦਿਲ ਖੁਸ਼ ਦਿਨ ਕੱਟਣੇ ਵਿੱਚ ਬਹਾਰਾਂ ਹੁੰਦੇ।

ਉਸ ਦੀ ਇੱਕ ਕਵਿਤਾ ਖਰੀਆਂ ਗੱਲਾਂ ਵਿੱਚ ਉਹ ਪੰਜਾਬ ਦੀ ਤ੍ਰਾਸਦੀ ਨੂੰ ਕਿਵੇਂ ਦਰਸਾਉਂਦਾ ਹੈ ਵੇਖੋ:

ਮੁੱਕਿਆ ਪਾਣੀ ਖੂਹਾਂ ’ਚੋਂ,
ਮੁੱਕਿਆ ਦੇਸੀ ਘਿਓ ਪੰਜਾਬੋਂ।

ਪਿੰਡ ਵੰਡ ’ਤੇ ਧੜਿਆਂ ਨੇ,
ਨੌਕਰ ਬਣਿਆ ਪਿਓ ਨਵਾਬੋਂ,

ਧੰਨ ਕੁਰ ਮੁੱਕ ਗਈ ਸਿਵਿਆਂ ’ਚ,
ਮੋਗੇ ਪਿੰਕੀ ਬਣੀ ਗੁਲਾਬੋ,

ਮੁੰਡੇ ਗਿੱਝ ਗਏ ਚਿੱਟੇ ਤੇ,
ਨਹੀਂ ਸਰਦਾ ਹੁਣ ਬਿਨਾਂ ਸ਼ਰਾਬੋਂ।

ਉਸ ਦੀ ਕਵਿਤਾ “ਸੋਚ” ਪੜ੍ਹਨਯੋਗ ਕਵਿਤਾ ਹੈ, ਜਿਸ ਰਾਹੀਂ ਉਹ ਅਕਾਲ ਤਖਤ ਦੇ ਕੱਠਪੁਤਲੀ ਵਰਗੇ ਜੱਥੇਦਾਰਾਂ ਅਤੇ ਨਕਲੀ ਸਾਧਾਂ, ਦੇਸ਼ ਦੇ ਕਿਸੇ ਜਨਤਾ ਦਾ ਮਾਲ ਹੜੱਪਣ ਵਾਲੇ ਨੇਤਾਵਾਂ ’ਤੇ ਕਟਾਖਸ਼ ਵੀ ਕਰਦਾ ਹੈ। ਪ੍ਰਵਾਸ ਵਿਚ ਰਹਿਕੇ ਉਸ ਨੂੰ ਕਿਸੇ ਪੰਜਾਬੀ ਕਾਮੇ ਦੀ ਹਾਲਤ ਸਤਾਉਂਦੀ ਹੈ, ਕਦੇ ਪ੍ਰਦੇਸ ਵਿਚ ਆ ਕੇ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਨਾਲ ਘਰਾਂ ਦੀ ਸਾਂਝੀ ਜਾਇਦਾਦ ਦੀ ਵੰਡ ਦੀ ਹੁੰਦੀ ਧੱਕੇ ਸ਼ਾਹੀ ਡੰਗਦੀ ਹੈ।

ਉਸ ਦੀ ਇਸ ਕਾਵਿ ਸੰਗਿਹ ਦੀ ਕਵਿਤਾ ਤਾਂ ਸਮੁੱਚੀ ਹੀ ਪਾਠਕਾਂ ਨਾਲ ਸਾਂਝੀ ਕਰਨ ਨੂੰ ਜੀ ਕਰਦਾ ਹੈ;

ਭਈਏ:

ਯੂ ਪੀ ਵਿੱਚ ਨੇ ਇੱਕਲੇ ਭਈਏ,
ਹੁਣ ਪੰਜਾਬੋਂ ਚੱਲੇ ਭਈਏ।
ਕੁਝ ਯੋਰਪ ਨੇ ਚੱਲੇ ਭਈਏ,
ਕੁਝ ਅਰਬਾਂ ਨੇ ਠੱਲ੍ਹੇ ਭਈਏ।
ਕੁਝ ਆਪਣੀ ਮਰਜ਼ੀ ਨਾਲ ਆਏ,
ਕੁਝ ਮਾਪਿਆਂ ਨੇ ਘੱਲੇ ਭਈਏ।

ਨਾ ਇਹ ਧੋਤੀ ਲਾਂਗੜ ਲਾਉਂਦੇ,
ਪਾਵਣ ਮੁੰਦੀਆਂ ਛੱਲੇ ਭਈਏ।
ਕੰਮ ਖੇਤ ਦਾ ਲੈ ਕੇ ਠੇਕਾ,
ਲੱਗ ਪਏ ਇੱਕੋ ਹੱਲੇ ਭਈਏ।

ਵਿਰਸਾ ਅਤੇ ਧਰਮ ਗੁਆ ਕੇ,
ਪੈ ਗਏ ਗੋਰਿਆਂ ਪੱਲੇ ਭਈਏ।

ਉਸ ਦੀ ਕਵਿਤਾ ਦਾ ਇੱਕ ਅਜਿਹਾ ਹੋਰ ਰੰਗ ਵੇਖੋ:

ਕੌੜਾ ਸੱਚ:

ਅੜ ਗਏ ਜਾਂ ਝੜ ਗਏ,
ਪਤਾ ਨਹੀਂ ਕਿੱਥੇ ਆਣ ਖੜ੍ਹ ਗਏ।

ਰੁਜ਼ਗਾਰ ਖਾਤਰ ਵਿੱਚ ਪ੍ਰਦੇਸਾਂ,
ਮਿੱਟੀ ਚੋਂ ਨਿਕਲੇ ਗੋਹੇ ਵਿਚ ਵੜ ਗਏ।

ਵਿਹਲੜ ਅਤੇ ਪਾਖੰਡੀ ਸਾਧਾਂ ਅਤੇ ਠੱਗ ਬਾਬਿਆਂ ਨੂੰ ਉਹ ਆੜ੍ਹੇ ਹੱਥੀਂ ਲੈਂਦਾ ਹੈ। ਉਹ ਜੋ ਕੁੱਝ ਵੀ ਲਿਖਦਾ ਅਤੇ ਕਹਿੰਦਾ ਹੈ, ਉਹ ਫਰਜ਼ੋ ਫਰਜ਼ੀ ਨਹੀਂ ਲਿਖਦਾ। ਉਸ ਨੇ ਪ੍ਰਦੇਸ ਆਉਣ ਖਾਤਰ ਕਈ ਘਰੋਗੀ ਮਜਬੂਰੀਆਂ ਨੂੰ ਵੇਖ ਕੇ ਹੀ ਵਿਦੇਸ਼ ਦਾ ਰੁਖ ਕੀਤਾ ਹੈ। ਇਹੀ ਹਾਲ ਉਸ ਵਰਗੇ ਹੋਰ ਕਈ ਵਿਦੇਸ਼ੀ ਕਾਮਿਆਂ ਦਾ ਵੀ ਹੈ। ਉਸ ਬਾਰੇ ਹੋਰ ਜਾਨਣ ਲਈ ਉਸ ਦੀ ਹੱਥਲੀ ਪੁਸਤਕ “ਦਾਣੇ” ਪੜ੍ਹਨੀ ਵੀ ਜ਼ਰੂਰੀ ਹੈ

ਬੇਸ਼ੱਕ ਉਸ ਦੀ ਲੇਖਣੀ ਵਿੱਚ ਕੁਝ ਤਕਨੀਕੀ ਘਾਟ ਕਿਤੇ ਕਿਤੇ ਰੜਕਦੀ ਹੈ ਪਰ ਉਹ ਆਪਣੀ ਗੱਲ ਕਰਨ ਵਿੱਚ ਪੂਰਾ ਸਫਲ ਅਤੇ ਬੇਲਿਹਾਜ਼ ਹੋ ਕੇ ਪਾਠਕ ਨੂੰ ਟੁੰਬਦਾ ਅਤੇ ਪਿਆਰ ਨਾਲ ਝੰਜੋੜਦਾ ਵੀ ਚੰਗਾ ਲਗਦਾ ਹੈ। ਇਹੀ ਉਸ ਦੀ ਕਵਿਤਾ ਦੀ ਵਿਸ਼ੇਸ਼ਤਾ ਹੈ। ਉਹ ਸਿਰੜੀ ਹੈ ਅਤੇ ਆਪਣੀ ਧੁਨ ਦਾ ਪੱਕਾ ਵੀ ਹੈ ਤਕਨੀਕੀ ਪੱਖੋਂ ਕਵਿਤਾ ਲਿਖਣ ਲਈ ਹੁਣ ਉਹ ਪਿੰਗਲ ਨੂੰ ਵੀ ਪੜ੍ਹਨ ਅਤੇ ਸਮਝਣ ਦਾ ਯਤਨ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਉਹ ਪੰਜਾਬੀ ਮਾਂ ਬੋਲੀ ਦੇ ਸਾਹਿਤ ਖੇਤਰ ਵਿੱਚ ਹੋਰ ਸੁਚੇਤ ਹੋ ਕੇ ਲਿਖਣ ਵਿੱਚ ਸਫਲ ਹੋਵੇਗਾ।

 

*****

(408)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author