RewailSingh7ਵੇਖੋ ਪਟਵਾਰੀ ਬਣਨ ਲੱਗਾ ਬਾਣੀਆ ... ਇੱਕ ਕਰੇਲਾ ...
(16 ਜਨਵਰੀ 2025)

 

ਜ਼ਿੰਦਗੀ ਜੀਉਣ ਲਈ ਬੰਦੇ ਨੂੰ ਸਮੇਂ ਸਮੇਂ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨਇਵੇਂ ਹੀ ਮੇਰੇ ਨਾਲ ਵੀ ਹੋਇਆ। ਇਹ ਵੀ ਮੇਰੇ ਲਈ ਚੰਗਾ ਹੀ ਹੋਇਆ, ਜੋ ਮੈਂ ਦੇਸ਼ ਦੀ ਵੰਡ ਤੋਂ ਬਾਅਦ ਇੱਧਰ ਆਕੇ ਔਖਿਆਂ ਸੌਖਿਆਂ ਦਸਵੀਂ ਪਾਸ ਕਰ ਲਈ। ਪਰ ਮੇਰੇ ਕੰਮ ਪਹਿਲਾਂ ਦੀਆਂ ਪੜ੍ਹੀਆਂ ਉਰਦੂ ਦੀਆਂ ਚਾਰ ਜਮਾਤਾਂ ਬਹੁਤ ਕੰਮ ਆਈਆਂ। ਇਹ ਗਲ ਲਗਭਗ ਸਾਲ 1959-60 ਦੀ ਹੈ, ਜਦੋਂ ਪੰਜਾਬ ਦੀ ਕੈਰੋਂ ਸਰਕਾਰ ਵੇਲੇ ਪਟਵਾਰੀਆਂ ਦੀ ਹੜਤਾਲ ਕਾਰਨ ਨਵੇਂ ਪਟਵਾਰੀ ਭਰਤੀ ਕੀਤੇ ਗਏ ਸਨ। ਉਦੋਂ ਮੈਂਨੂੰ ਦਸਵੀਂ ਪਾਸ ਕੀਤੇ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ ਮੈਨੂੰ ਉਰਦੂ ਲਿਖਣਾ-ਪੜ੍ਹਨਾ ਆਉਂਦਾ ਹੋਣ ਕਰਕੇ ਪਟਵਾਰੀ ਉਮੀਦਵਾਰ ਚੁਣ ਲਿਆ ਗਿਆ ਤੇ ਚਾਰ ਮਹੀਨੇ ਦੇ ਕੋਰਸ ਤੋਂ ਬਾਅਦ ਮੇਰੀ ਨਿਯੁਕਤੀ ਵੀ ਹੋ ਗਈ

ਇਸ ਤੋਂ ਛੇਤੀ ਬਾਅਦ ਹੀ ਹੜਤਾਲੀ ਪਟਵਾਰੀਆਂ ਦੇ ਵਾਪਸ ਆਪਣਿਆਂ ਕੰਮਾਂ ’ਤੇ ਵਾਪਸ ਆਉਣ ਕਰਕੇ ਸਾਡੀ ਛੁੱਟੀ ਹੋ ਗਈ ਤੇ ਸਾਨੂੰ ਆਸਾਮੀ ਖਾਲੀ ਹੋਣ ਤਕ ਇੰਤਜ਼ਾਰ ਕਰਨ ਕਿਹਾ ਗਿਆ।

ਫਿਰ ਇਸੇ ਤਰ੍ਹਾਂ ਨੌਕਰੀ ’ਤੇ ਥੋੜ੍ਹਾ ਥੋੜ੍ਹਾ ਸਮਾਂ ਲੱਗਣ ਤੋਂ ਬਾਅਦ ਇਸ ਬੇਭਰੋਸਗੀ ਵਾਲੀ ਨੌਕਰੀ ਤੋਂ ਤੰਗ ਆ ਕੇ ਮੈਂ ਕੋਈ ਹੋਰ ਕੰਮਕਾਰ ਕਰਨ ਦੀ ਸੋਚ ਵਿਚਾਰ ਕਰ ਕੇ ਕਰਿਆਨੇ ਦੀ ਹੱਟੀ ਖੋਲ੍ਹਣ ਦਾ ਮਨ ਬਣਾ ਲਿਆ

ਮੈਂ ਬਾਪੂ ਦੇ ਮਾਮਿਆਂ ਦੇ ਲਾਗਲੇ ਪਿੰਡ ਦੇ ਤਾਇਆ ਕਾਲਾ ਸਿੰਘ ਤੋਂ ਉਸਦੀ ਦੁਕਾਨ ਕਿਰਾਏ ’ਤੇ ਲਈ ਸੀਉਹ ਪਹਿਲਾਂ ਇਸ ਥਾਂ ਵਿੱਚ ਕਰਿਆਨੇ ਦੀ ਦੁਕਾਨ ਹੀ ਕਰਦਾ ਸੀ ਤੇ ਨਾਲ ਹੀ ਤਾਂਗਾ ਵੀ ਚਲਾਇਆ ਕਰਦਾ ਸੀ। ਦੁਕਾਨ ਦਾ ਸੌਦਾ ਪੱਤਾ ਉਹ ਅਖੀਰਲੇ ਗੇੜੇ ’ਤੇ ਸ਼ਹਿਰੋਂ ਲੈ ਆਇਆ ਕਰਦਾ ਸੀਉਸ ਦੇ ਪਿੱਛੋਂ ਦੁਕਾਨ ਦਾ ਕੰਮ ਉਸ ਦੀ ਘਰ ਵਾਲੀ ਤੇ ਨੂੰਹ ਦੋਵੇਂ ਰਲ਼ ਕੇ ਚਲਾਇਆ ਕਰਦੀਆਂ ਸਨ ਫਿਰ ਪਿੰਡ ਦਾ ਸਰਪੰਚ ਬਣ ਜਾਣ ’ਤੇ ਤਾਇਆ ਕਾਲਾ ਸਿੰਘ ਨੇ ਆਪਣੀ ਦੁਕਾਨ ਬੰਦ ਕਰ ਦਿੱਤੀ ਤੇ ਉਹੀ ਬੰਦ ਦੁਕਾਨ ਮੈਂ ਉਸ ਕੋਲੋਂ 5 ਰੁਪਏ ਮਹੀਨੇ ’ਤੇ ਕਿਰਾਏ ’ਤੇ ਲੈ ਲਈ

ਗੁਰਦਾਸਪੁਰ ਆਪਣੇ ਪੁਰਾਣੇ ਦੁਕਾਨਦਾਰ ਲਾਲਾ ਦੇਸ ਰਾਜ, ਜਿਸ ਦੀ ਦੁਕਾਨ ਤੋਂ ਮੈਂ ਪਹਿਲਾਂ ਘਰ ਲਈ ਸੂਤ ਕਦੇ ਨਕਦ ਤੇ ਕਦੇ ਉਧਾਰ ਲਿਆ ਕਰਦਾ ਸਾਂ, ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹ ਮਖੌਲ ਨਾਲ ਕਹਿਣ ਲੱਗਾ, “ਵਾਹ ਬਈ ਵਾਹ, ਵੇਖੋ ਪਟਵਾਰੀ ਬਣਨ ਲੱਗਾ ਬਾਣੀਆ ... ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ। ਰਾਮ ਭਲੀ ਕਰੇ ...।” ਮੈਂ ਸਭ ਕੁਝ ਸੁਣ ਕੇ ਆਪਣੀ ਮਜਬੂਰੀ ਸਮਝ ਕੇ ਚੁੱਪ ਰਹਿਣਾ ਹੀ ਚੰਗਾ ਸਮਝਿਆ

ਸਸਤੇ ਸਮੇਂ ਸਨ ਉਦੋਂ, ਤਕੜੀ ਵੱਟੇ ਅਤੇ ਸੌਦੇ ਉੱਤੇ ਡੇਢ ਸੌ ਰੁਪਏ ਖਰਚ ਆਇਆ। ਗੁੜ, ਖੰਡ, ਦਾਲਾਂ, ਹਲਦੀ, ਮਿਰਚ ਮਸਾਲੇ, ਲੂਣ ਤੇਲ, ਸਾਬਣ, ਬਣਸਪਤੀ ਘਿਉ, ਮੂੰਗਫਲੀ, ਰਿਉੜੀਆਂ, ਮਖਾਣੇ, ਮਿੱਠੀਆਂ ਗੋਲੀਆਂ ਅਤੇ ਹੋਰ ਬਹੁਤ ਨਿਕ-ਸੁੱਕ ਲਿਆ ਕੇ ਮੈਂ ਦੁਕਾਨ ਸਜ਼ਾ ਲਈ

ਮੇਰੇ ਬਹੁਤੇ ਗਾਹਕ ਪਿੰਡ ਦੇ ਨਾਲ ਲਗਦੀ ਠੱਠੀ ਦੇ ਦਿਹਾੜੀਦਾਰ ਕਾਮੇ ਸਨ, ਜਿਹੜੇ ਨਕਦ ਸੌਦਾ ਲੈਣ ਵਾਲੇ ਘੱਟ ਤੇ ਉਧਾਰ ਲੈਣ ਵਾਲੇ ਬਹੁਤੇ ਹੋਇਆ ਕਰਦੇ ਸਨਇੱਕ ਸੌਦਾ ਲੈਣ ਵਾਲੇ ਜਾਂ ਵਾਲੀ ਦੇ ਨਾਲ ਝੂੰਗੇ ਦੇ ਲਾਲਚ ਕਰਕੇ ਇੱਕ ਜਾਂ ਦੋ ਨਿਆਣੇ ਵੀ ਨਾਲ ਹੋਇਆ ਕਰਦੇ ਸਨ

ਪਿੰਡ ਵਿੱਚ ਇੱਕ ਹੋਰ ਕਰਿਆਨੇ ਦੀ ਪਰਾਣੀ ਦੁਕਾਨ ਬਾਬੂ ਸ਼ਾਹ ਦੀ ਵੀ ਸੀਉਸ ਨੂੰ ਉਧਾਰ ਅਤੇ ਨਕਦ ਦੋਵੇਂ ਵਾਰਾ ਖਾ ਜਾਂਦੇ ਸਨ, ਪਰ ਮੈਨੂੰ ਨਵੀਂ ਦੁਕਾਨ ਹੋਣ ਕਰਕੇ ਦੁਕਾਨ ਚਲਾਉਣ ਲਈ ਸੌਦਾ ਉਧਾਰ ਮਜਬੂਰੀ ਵੱਸ ਦੇਣਾ ਪੈਂਦਾ ਸੀ ਉਧਾਰ ਬਿਨਾਂ ਦੁਕਾਨ ਨਹੀਂ ਚਲਦੀ, ਬੇਸ਼ਕ ਬਹੁਤਿਆਂ ਦੁਕਾਨਦਾਰਾਂ ਨੇ ਦੁਕਾਨ ਤੇ ਇਹ ਲਿਖਿਆ ਵੀ ਹੁੰਦਾ ਹੈ, ਉਧਾਰ ਬਿਲਕੁਲ ਬੰਦ, ਜਾਂ ਅੱਜ ਨਕਦ ਕੱਲ੍ਹ ਉਧਾਰ, ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ। ਇਹ ਸਭ ਲਿਖਣ ਲਿਖਾਉਣ ਦੀਆਂ ਗੱਲਾਂ ਹਨ, ਸਚਾਈ ਤਾਂ ਇਹ ਹੈ ਕਿ ਉਧਾਰ ਬਿਨਾਂ ਨਾ ਗੁਜ਼ਾਰਾ ਗਾਹਕ ਦਾ ਅਤੇ ਨਾ ਦੁਕਾਨਦਾਰ ਦਾ ਹੁੰਦਾ ਹੈ

ਮੇਰੇ ਲਈ ਵੱਡੀ ਮੁਸੀਬਤ ਇਹ ਹੁੰਦੀ ਸੀ ਕਿ ਦੁਕਾਨ ਵਿੱਚ ਕੰਮ ਕਰਦਿਆਂ ਵੱਖ ਵੱਖ ਸੌਦਾ ਦੇਣ ਵੇਲੇ ਕਦੇ ਹਲਦੀ, ਕਦੇ ਤੇਲ, ਕਦੇ ਗੁੜ ਵਗੈਰਾ ਨਾਲ ਹੱਥ ਮੂੰਹ ਤਾਂ ਕਿਤੇ ਰਹੇ, ਝੱਗਾ ਪਜਾਮਾ ਵੀ ਲਿਬੜ ਜਾਇਆ ਕਰਦੇ ਸਨ। ਜਦੋਂ ਸਵੇਰੇ ਦੁਕਾਨ ਤੋਂ ਜਾਣ ਤੋਂ ਪਹਿਲਾਂ ਘਰ ਵਾਲੀ ਮੇਰੇ ਕੱਪੜੇ ਦੇਖ ਲੈਂਦੀ ਤਾਂ ਕਾਹਲੀ ਪੈ ਕੇ ਕਹਿੰਦੀ, “ਦੁਕਾਨ ਪਾ ਕੇ ਤੁਸੀਂ ਇਹ ਕੀ ਜਲੂਸ ਕਢਾ ਲਿਆ ਆਪਣਾ? ਰੋਜ਼ ਦੀ ਸਾਬਣ ਦੀ ਚਾਕੀ, ਸਰਫ ਦਾ ਪੈਕਟ ਵੀ ਦੁਕਾਨ ਤੋਂ ਆਉਂਦੇ ਹੋਏ ਨਾਲ ਲੈ ਆਇਆ ਕਰੋ, ਇਹ ਖਸਮਾਂ ਖਾਣੇ ਕਾਲੇ ਪੀਲੇ ਦਾਗ ਲਾਹੁਣ ਲਈ

ਸਾਡਾ ਘਰ ਪਰਿਵਾਰ ਸਾਂਝਾ ਸੀ। ਮੈਥੋਂ ਛੋਟੇ ਦੋ ਭਰਾ ਫੌਜ ਵਿੱਚ ਸਨ। ਸਾਰੇ ਵਿਆਹੇ ਵਰ੍ਹੇ ਤੇ ਟੱਬਰਦਾਰ ਸਨ। ਕੁੱਲ ਮਿਲਾ ਕੇ ਅੱਠਾਂ ਦੱਸਾਂ ਜੀਆਂ ਦਾ ਪਰਿਵਾਰ ਸੀ। ਘਰ ਵਿੱਚ ਮਾਲ ਡੰਗਰ ਵੀ ਰੱਖਿਆ ਹੋਇਆ ਸੀ

ਬੇਬੇ ਸਖਤ ਸੁਭਾਅ ਵਾਲੀ ਸੀ। ਘਰ ਵਾਲੀ ਗੋਹਾ ਕੂੜਾ ਕਰਨ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਦੀ ਸੀਪੜ੍ਹਾਈ ਦੇ ਨਾਲ ਨਾਲ ਮਾਲ ਡੰਗਰ ਚਾਰਣ ਦਾ ਕੰਮ ਧੀਆਂ ਨੂੰ ਕਰਨਾ ਪੈਂਦਾ ਸੀ। ਮੇਰੀ ਕੈਨੇਡਾ ਰਹਿੰਦੀ ਧੀ ਅਜੇ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਕੰਨਾਂ ਨੂੰ ਹੱਥ ਲਾਉਂਦੀ ਹੈ

ਨਵੀਂ ਨਵੀਂ ਦੁਕਾਨ ਸ਼ੁਰੂ ਕੀਤੀ ਸੀ, ਘਰ ਦਾ ਸੌਦਾ ਸੂਤ ਵੀ ਦੁਕਾਨ ਤੋਂ ਆਉਣ ਲੱਗ ਪਿਆ। ‘ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ’ ਵਾਲੀ ਗੱਲ ਹੋ ਗਈ। ਨਾ ਦੁਕਾਨ ਰੱਖਣ ਜੋਗਾ ਨਾ ਛੱਡਣ ਜੋਗਾ। ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਸਥਿਤੀ ਬਣ ਗਈ

ਉੱਧਰ ਉਧਾਰ ਵਾਲੀ ਕਾਪੀ ਦੇ ਸਫੇ ਵੀ ਦਿਨੋ ਦਿਨ ਕੌੜੀ ਵੇਲ ਵਾਂਗ ਵਧੀ ਜਾ ਰਹੇ ਸਨਲੋਕ ਉਧਾਰ ਹੋਣ ਕਰਕੇ ਮੂੰਹ ਛੁਪਾ ਕੇ ਨਕਦ ਸੌਦਾ ਦੂਸਰੀ ਦੁਕਾਨ ਤੋਂ ਲੈ ਆਉਂਦੇ

ਓੜਕ ਜਿਵੇਂ ਬਾਰ੍ਹੀਂ ਵਰ੍ਹੀਂ ਰੂੜ੍ਹੀ ਦੀ ਵੀ ਸੁਣੀ ਜਾਂਦੀ ਹੈ, ਮੇਰੀ ਵੀ ਸੁਣੀ ਹੀ ਗਈ ਇੱਕ ਦਿਨ ਸ਼ਹਿਰੋਂ ਆਉਂਦਿਆਂ ਮੇਰੀ ਮੁਲਾਕਾਤ ਮੇਰੇ ਇੱਕ ਪੁਰਾਣੇ ਜਾਣਕਾਰ ਨਾਲ ਹੋ ਗਈ, ਜਿਹੜਾ ਅੰਮ੍ਰਿਤਸਰ ਮਹਿਕਮਾ ਨਹਿਰ ਵਿੱਚ ਬਤੌਰ ਇੰਜੀਨੀਅਰ ਲੱਗਾ ਹੋਇਆ ਸੀ। ਉਸ ਨੇ ਦੱਸਿਆ ਕਿ ਮਹਿਕਮਾ ਨਹਿਰ ਦੇ ਲੈਂਡ ਰੀਕਲੇਮੇਸ਼ਨ ਵਿੰਗ ਵਿੱਚ ਪਟਵਾਰੀਆਂ (ਫੀਲਡ ਅਸਿਸਟੈਂਟਾਂ) ਦੀ ਬਹੁਤ ਅਤੇ ਤੁਰੰਤ ਲੋੜ ਹੈ। ਭਲਾ ਹੋਵੇ ਉਸ ਦਾ, ਉਸ ਨੇ ਮੇਰੇ ਕੋਲੋਂ ਲੋੜੀਂਦੇ ਕਾਗਜ਼ ਪੱਤਰ ਲੈ ਕੇ ਦਿਨਾਂ ਵਿੱਚ ਹੀ ਮੇਰੀ ਨਿਯੁਕਤੀ ਕਰਵਾ ਦਿੱਤੀ

ਰੋਜ਼ ਵਾਂਗ ਮੇਰੀ ਛੋਟੀ ਭੈਣ ਦੁਕਾਨ ’ਤੇ ਘਰ ਦਾ ਸੌਦਾ ਲੈਣ ਗਈ ਤਾਂ ਕਹਿਣ ਲੱਗੀ, “ਭਾਅ ਜੀ ਨਾਲੇ ਬਾਈ (ਦਾਦੀ) ਵਾਸਤੇ ਸੁੰਢ ਵੀ ਦਿਉ।” ਅਸੀਂ ਦਾਦੀ ਨੂੰ ਬਾਈ ਕਿਹਾ ਕਰਦੇ ਸਾਂ ਮੈਂ ਉਸੇ ਸ਼ਾਮ ਨੂੰ ਦੁਕਾਨ ਦਾ ਬਚਿਆ ਸਾਰਾ ਸੌਦਾ ਸਮੇਟ ਕੇ ਘਰ ਲੈ ਆਂਦਾ ਤੇ ਕਿਹਾ, “ਆਹ ਲਉ, ਇਹ ਸਭ ਕੁਝ ਘਰ ਹੀ ਵਰਤ ਲਿਉ ... ਤੇ ਨਾਲੇ ਬਾਈ ਵਾਸਤੇ ਸੁੰਢ ਵੀ

ਉੁਧਾਰ ਦੇਣ ਵਾਲਿਆਂ ਨੂੰ ਮੇਰੇ ਦੁਕਾਨ ਬੰਦ ਕਰਨ ਬਾਰੇ ਪਤਾ ਲੱਗ ਚੁੱਕਾ ਸੀ। ਜਿਨ੍ਹਾਂ ਨੂੰ ਮੈਂ ਉਧਾਰ ਦੇ ਪੈਸੇ ਵਾਪਸ ਕਰਨ ਲਈ ਕਿਹਾ, ਬਹੁਤਿਆਂ ਦਾ ਇਹੋ ਜਵਾਬ ਮਿਲਿਆ, “ਹੁਣ ਤਾਂ ਤੂੰ ਪਟਵਾਰੀ ਲੱਗ ਗਿਐਂ, ਹੁਣ ਜਾਹ ਛਿੱਲ ਲਾਹ ਜ਼ਿਮੀਦਾਰਾਂ ਦੀ ... ਸਾਨੂੰ ਗਰੀਬਾਂ ਨੂੰ ਮਾਫ ਕਰ ਦੇ, ਤੈਨੂੰ ਕੀ ਫਰਕ ਪੈਂਦਾ ...।”

ਦੁਕਾਨਦਾਰੀ ਤੋਂ ਖਹਿੜਾ ਛੁਡਾ ਕੇ ਮੈਂ ਉਧਾਰ ਲੈਣ ਵਾਲਿਆਂ ਤੋਂ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਆਖਰ ਜਿਗਰਾ ਕਰਕੇ ਇਸ ਝੰਜਟ ’ਤੇ ਮਿੱਟੀ ਪਾ ਦਿੱਤੀ।

ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ... (ਪ੍ਰੋਫੈਸਰ ਪੂਰਨ ਸਿੰਘ)

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5621)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਰਵੇਲ ਸਿੰਘ

ਰਵੇਲ ਸਿੰਘ

Brampton, Canada.
Email: (
singhrewail91@gmail.com)

More articles from this author