HarpreetSUppal7ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਸਭ ਕੁਝ ਸੌਖਾ ਮਿਲਿਆ ਹੋਵੇ, ਉਸ ਵਿੱਚ ਦ੍ਰਿੜਤਾ, ਲਗਨ ਅਤੇ ...
(18 ਅਪਰੈਲ 2024)
ਇਸ ਸਮੇਂ ਪਾਠਕ: 275.


ਸੁਖ ਅਤੇ ਦੁੱਖ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹਨ। ਕਹਿਣ ਨੂੰ ਤਾਂ ਭਾਵੇਂ ਇਹ ਦੋ ਸ਼ਬਦ ਹੀ ਹਨ ਪਰ ਇਨਸਾਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਜਦੋਂ ਖੁਸ਼ੀਆਂ ਆਉਂਦੀਆਂ ਹਨ ਤਾਂ ਉਸ ਨੂੰ ਸਾਰਾ ਆਲਾ ਦੁਆਲਾ ਹੀ ਖੁਸ਼ੀਆਂ ਨਾਲ ਭਰਿਆ ਭਰਿਆ ਤੇ ਨੱਚਦਾ ਨਜ਼ਰ ਆਉਂਦਾ ਹੈ। ਪਰ ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਉਸ ਨੂੰ ਲੱਗਦਾ ਹੈ ਕਿ ਸਾਰੇ ਪਾਸੇ ਸੁੰਨ ਪਸਰੀ ਹੋਈ ਹੈ। ਪ੍ਰਾਕਿਰਤੀ ਉਦਾਸ ਹੈ। ਉਹ ਆਪਣੇ ਆਪ ਨੂੰ ਬੇਵੱਸ ਤੇ ਇਕੱਲਾ ਮਹਿਸੂਸ ਕਰਨ ਲੱਗਦਾ ਹੈ। ਉਸ ਨੂੰ ਜਾਪਣ ਲੱਗਦਾ ਹੈ ਕਿ ਜਾਂ ਤਾਂ ਇਹ ਦੁੱਖਾਂ ਦਾ ਦੌਰ ਮੁੱਕ ਜਾਵੇ ਨਹੀਂ ਫਿਰ ਉਸਦੀ ਜੀਵਨ ਲੀਲਾ ਹੀ ਸਮਾਪਤ ਹੋ ਜਾਵੇ। ਮੇਰੇ ਅਜਿਹੇ ਕਈ ਇਨਸਾਨਾਂ ਨਾਲ ਵਾਹ ਪਿਆ ਹੈ ਜਿਹੜੇ ਬਹੁਤ ਹੀ ਉਦਾਸ ਤੇ ਜ਼ਿੰਦਗੀ ਤੋਂ ਟੁੱਟੇ ਹੋਏ ਸਨ। ਪਰ ਜਦੋਂ ਉਹਨਾਂ ਨੂੰ ਜ਼ਿੰਦਗੀ ਦੀ ਸਾਰਥਕਤਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਹਨਾਂ ਨੇ ਲਗਨ ਨਾਲ ਕੰਮ ਕਰਕੇ ਸਮੇਂ ਨੂੰ ਬਦਲ ਦਿੱਤਾ। ਇਸ ਤਰ੍ਹਾਂ ਉਹਨਾਂ ਨੂੰ ਜ਼ਿੰਦਗੀ ਖੂਬਸੂਰਤ ਸੁਖਾਲੀ ਲੱਗਣ ਲੱਗ ਪਈ।

ਪਰ ਅਜੇ ਵੀ ਮੇਰੇ ਕੁਝ ਦੋਸਤ ਜੋ ਦਿਲ ਦੇ ਬਹੁਤ ਨੇੜੇ ਹਨ, ਜਿਨ੍ਹਾਂ ਨੂੰ ਜ਼ਿੰਦਗੀ ਜਿਉਣੀ ਬਹੁਤ ਔਖੀ ਲੱਗ ਰਹੀ ਹੈ। ਮੈਨੂੰ ਵੀ ਸਮੇਂ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਤੋਂ ਨਿਰਾਸ਼ ਹੋਇਆ ਇਨਸਾਨ ਕਈ ਵਾਰੀ ਸਮਝਣ ਲੱਗਦਾ ਹੈ ਕਿ ਉਸ ਕੋਲ ਅਜਿਹਾ ਕੋਈ ਰਾਹ ਨਹੀਂ, ਜਿਸ ਨਾਲ ਉਹ ਇਹਨਾਂ ਵਿੱਚੋਂ ਨਿਕਲ ਸਕੇ। ਉਸ ਨੂੰ ਆਸ ਦੇ ਸਭ ਦਰਵਾਜੇ ਬੰਦ ਨਜ਼ਰ ਆਉਂਦੇ ਹਨ। ਉਸਦਾ ਹੌਸਲਾ ਵੀ ਢੇਰੀ ਹੋ ਜਾਂਦਾ ਹੈ। ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਸਭ ਕੁਝ ਸੌਖਾ ਮਿਲਿਆ ਹੋਵੇ, ਉਸ ਵਿੱਚ ਦ੍ਰਿੜਤਾ, ਲਗਨ ਅਤੇ ਮਿਹਨਤ ਵਰਗੇ ਮਨੁੱਖੀ ਗੁਣ ਪੈਦਾ ਨਹੀਂ ਹੋ ਸਕਦੇ। ਇਸ ਦੇ ਉਲਟ ਜਦੋਂ ਇਨਸਾਨ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆਪਣੇ ਆਪ ਨਾਲ ਅਤੇ ਪ੍ਰਕਿਰਤੀ ਨਾਲ ਸੰਵਾਦ ਰਚਾਉਣਾ ਸ਼ੁਰੂ ਕਰਦਾ ਹੈ। ਇਸੇ ਸੰਵਾਦ ਵਿੱਚੋਂ ਹੀ ਉਸ ਦੀ ਸਮੱਸਿਆ ਦਾ ਹੱਲ ਨਿਕਲਦਾ ਹੈ।

ਕਈ ਵਾਰ ਤਾਂ ਤੁਹਾਡੇ ਨੇੜੇ ਦੇ ਹੀ ਤੁਹਾਡੇ ਲਈ ਚੁਣੌਤੀਆਂ ਹੁੰਦੇ ਹਨ। ਜਦੋਂ ਵੀ ਤੁਹਾਡੇ ਨਾਲ ਕੁਝ ਚੰਗਾ ਜਾਂ ਮਾੜਾ ਵਾਪਰਦਾ ਹੈ ਉਦੋਂ ਹੀ ਉਹ ਲੱਤਾਂ ਖਿੱਚਣ ਲਈ ਸਭ ਤੋਂ ਪਹਿਲੇ ਨੰਬਰ ’ਤੇ ਹੁੰਦੇ ਹਨ। ਉਹ ਕਦੇ ਵੀ ਤੁਹਾਡੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੇ। ਉਹ ਤੁਹਾਡੇ ਨਾਲ ਬਰਾਬਰੀ ਤਾਂ ਨਹੀਂ ਕਰ ਸਕਦੇ ਪਰ ਆਪਣਾ ਸਾਰਾ ਜ਼ੋਰ ਤੁਹਾਡੀ ਬਦਨਾਮੀ ਕਰਨ ਵਿੱਚ ਲਗਾ ਦਿੰਦੇ ਹਨ। ਪਰ ਇਹਨਾਂ ਲੋਕਾਂ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਇਹ ਲੋਕ ਜਿੰਨੀਆਂ ਚਣੌਤੀਆਂ ਸਾਡੇ ਸਾਹਮਣੇ ਲੈ ਕੇ ਆਉਣਗੇ, ਅਸੀਂ ਉੰਨੇ ਹੀ ਮਜ਼ਬੂਤ ਹੋ ਕੇ ਆਪਣੀ ਜ਼ਿੰਦਗੀ ਖੂਬਸੂਰਤ ਬਣਾ ਸਕਦੇ ਹਾਂ। ਜ਼ਰੂਰੀ ਨਹੀਂ ਹਾਰਾਂ ਜਾਂ ਸੱਟਾਂ ਮਨੁੱਖ ਨੂੰ ਤੋੜ ਹੀ ਦੇਣ, ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਮਨੁੱਖ ਨੂੰ ਸੱਟ ਲੱਗਦੀ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਚੱਲ ਰਹੀਆਂ ਉਲਝਣਾਂ ਵਿੱਚੋਂ ਨਿਕਲ ਕੇ ਹੋਰ ਵੀ ਉੱਚੇ ਅਤੇ ਵਧੀਆ ਮੁਕਾਮ ਹਾਸਿਲ ਕਰ ਸਕੇ‌। ਅਸਲ ਵਿੱਚ ਮੁਸ਼ਕਿਲਾਂ ਮਨੁੱਖ ਲਈ ਸਬਕ ਹੁੰਦੀਆਂ ਹਨ। ਸੰਸਾਰ ਦੀਆਂ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਹੋਈਆਂ ਹਨ, ਉਹਨਾਂ ਨੂੰ ਵੀ ਸਭ ਕੁਝ ਆਰਾਮ ਨਾਲ ਨਹੀਂ ਮਿਲਿਆ, ਉਹਨਾਂ ਨੇ ਵੀ ਜ਼ਿੰਦਗੀ ਵਿੱਚ ਹਾਰਾਂ ਅਤੇ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ। ਇਸ ਲਈ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੋਂ ਘਬਰਾਉਣ ਦੀ ਜ਼ਰੂਰਤ ਬਿਲਕੁਲ ਨਹੀਂ, ਇਹ ਤੁਹਾਡੀਆਂ ਤਰੱਕੀਆਂ ਲਈ ਰਾਹ ਵਿੱਚ ਆਈਆਂ ਚੁਣੌਤੀਆਂ ਅਥਵਾ ਰੋੜੇ ਹਨ। ਭਾਵੇਂ ਇਹ ਰੋੜੇ ਪੱਥਰਾਂ ਵਰਗੇ ਹੀ ਕਿਉਂ ਨਾ ਹੋਣ, ਇਹਨਾਂ ਨੂੰ ਮਜ਼ਬੂਤ ਹੋ ਕੇ ਰਾਹ ਵਿੱਚੋਂ ਪਾਸੇ ਕਰਕੇ ਆਪਣੀ ਮੰਜ਼ਿਲ ਵੱਲ ਵਧਦੇ ਰਹੋ। ਇਹਨਾਂ ਰਾਹ ਦੇ ਰੋੜਿਆਂ ਨੂੰ ਆਪਣੇ ਲਈ ਪਰਖ ਦੀ ਘੜੀ ਸਮਝਦੇ ਹੋਏ ਜਿੱਤ ਹਾਸਲ ਕਰੀਏ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੀਏ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4897)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਪ੍ਰੀਤ ਸਿੰਘ ਉੱਪਲ

ਹਰਪ੍ਰੀਤ ਸਿੰਘ ਉੱਪਲ

Phone: (91 -  80540 - 20692)
Email: (sharpreet896@yahoo.in)